Posted On:
04 NOV 2026 8:06PM by PIB Chandigarh
ਕਾਸ਼ੀ ਤਮਿਲ ਸੰਗਮਮ 5.0 (ਕੇਟੀਐੱਸ 5.0) ਦੀਆਂ ਤਿਆਰੀਆਂ ਅਤੇ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਦੀ ਸਮੀਖਿਆ ਲਈ 3 ਨਵੰਬਰ, 2026 ਨੂੰ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਵਾਰਾਣਸੀ ਵਿਖੇ ਇੱਕ ਉੱਚ ਪੱਧਰੀ ਬੈਠਕ ਦਾ ਆਯੋਜਨ ਕੀਤਾ ਗਿਆ। ਉੱਚ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀਮਤੀ ਦੀਪਤੀ ਗੌੜ ਮੁਖਰਜੀ ਨੇ ਬੈਠਕ ਦੀ ਪ੍ਰਧਾਨਗੀ ਕੀਤੀ।

ਬੈਠਕ ਵਿੱਚ ਬੀਐੱਚਯੂ ਦੇ ਵਾਈਸ ਚਾਂਸਲਰ ਪ੍ਰੋ. ਅਜੀਤ ਕੁਮਾਰ ਚਤੁਰਵੇਦੀ; ਉੱਤਰ ਪ੍ਰਦੇਸ਼ ਸਰਕਾਰ ਦੇ ਐਡੀਸ਼ਨਲ ਚੀਫ ਸੈਕਟਰੀ (ਉੱਚ ਸਿੱਖਿਆ) ਸ਼੍ਰੀ ਅਮਿਤ ਕੁਮਾਰ ਘੋਸ਼; ਕੇਂਦਰੀ ਸਿੱਖਿਆ ਮੰਤਰਾਲੇ, ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਬੀਐੱਚਯੂ ਅਤੇ ਭਾਰਤੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਹੋਰ ਮੁੱਖ ਹਿਤਧਾਰਕਾਂ ਨੇ ਹਿੱਸਾ ਲਿਆ।
ਬੈਠਕ ਦੌਰਾਨ ਅੰਤਰ ਵਿਭਾਗੀ ਅਤੇ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਤਾਲਮੇਲ; ਆਈਆਰਸੀਟੀਸੀ ਦੁਆਰਾ ਸਮਰਪਿਤ ਰੇਲ ਟ੍ਰਾਂਸਪੋਰਟ ਵਿਵਸਥਾ ਅਤੇ ਹੋਰ ਲੌਜਿਸਟਿਕਸ; ਬੁਨਿਆਦੀ ਢਾਂਚਾਗਤ ਸਹੂਲਤਾਂ; ਪ੍ਰਦਰਸ਼ਨੀਆਂ; ਸੈਰ-ਸਪਾਟਾ, ਕੇਟੀਐੱਸ 5.0 ਦੇ ਤਹਿਤ ਆਯੋਜਿਤ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਆਦਿ ਬਾਰੇ ਚਰਚਾ ਕੀਤੀ ਗਈ। ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਸੰਚਾਲਨ ਸਬੰਧੀ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਨਮੋ ਘਾਟ ਸਮੇਤ ਆਯੋਜਨ ਸਥਾਨਾਂ ਦੇ ਅੰਦਰ ਅਤੇ ਬਾਹਰ ਦਾ ਦੌਰਾ ਵੀ ਕੀਤਾ।
ਕੇਟੀਐੱਸ ਦਾ 5ਵਾਂ ਐਡੀਸ਼ਨ 28 ਨਵੰਬਰ ਤੋਂ 12 ਦਸੰਬਰ, 2026 ਤੱਕ ‘ਤਿਰੂੱਕੁਰਲ ਪਯਿਲਵੋਮ-ਤਿਰੂੱਕੁਰਲ ਅਭਿਆਸ ਕਰੇਂ’ ਵਿਸ਼ੇ ‘ਤੇ ਆਯੋਜਿਤ ਕੀਤਾ ਜਾਣਾ ਨਿਰਧਾਰਿਤ ਹੈ। ਕੇਟੀਐੱਸ 5.0 ਦਾ ਉਦੇਸ਼ ਸ਼ਾਸਤਰੀ ਤਮਿਲ ਗ੍ਰੰਥ ਤਿਰੂੱਕੁਰਲ ਦੇ ਸਦੀਵੀ ਨੈਤਿਕ ਅਤੇ ਚਰਿੱਤਰ ਸਬੰਧੀ-ਗਿਆਨ ਨੂੰ ਦੇਸ਼ ਭਰ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਨੇੜੇ ਲਿਆਉਣਾ ਹੈ।

ਇਸ ਪ੍ਰੋਗਰਾਮ ਦੇ ਤਹਿਤ, ਤਮਿਲ ਨਾਡੂ ਤੋਂ ਲਗਭਗ 1400 ਭਾਗੀਦਾਰ, ਜਿਨ੍ਹਾਂ ਨੂੰ ਲਗਭਗ 200 ਵਿਅਕਤੀਆਂ ਦੇ ਸੱਤ ਸਮੂਹਾਂ ਵਿੱਚ ਇਕੱਠਾ ਕੀਤਾ ਜਾਵੇਗਾ, ਅੱਠ ਦਿਨਾਂ ਯਾਤਰਾਂ ਕਰਨਗੇ, ਜਿਸ ਵਿੱਚ ਚਾਰ ਦਿਨਾਂ ਦੀ ਯਾਤਰਾ ਅਤੇ ਚਾਰ ਦਿਨ੍ਹਾਂ ਦਾ ਸੈਰ-ਸਪਾਟਾ ਅਤੇ ਯੋਜਨਾਬੱਧ ਪ੍ਰੋਗਰਾਮ ਸ਼ਾਮਲ ਹੋਣਗੇ। ਯਾਤਰਾ ਪ੍ਰੋਗਰਾਮ ਵਿੱਚ ਵਾਰਾਣਸੀ, ਪ੍ਰਯਾਗਰਾਜ ਅਤੇ ਅਯੋਧਿਆ ਦਾ ਦੌਰਾ ਸ਼ਾਮਲ ਹੋਵੇਗਾ, ਜਿਸ ਵਿੱਚ ਸੱਭਿਆਚਾਰਕ, ਅਕਾਦਮਿਕ, ਵਿਸ਼ਾ-ਵਿਸ਼ੇਸ਼ ਅਤੇ ਅਧਿਆਤਮਿਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਤਮਿਲ ਨਾਡੂ ਦੇ 50 ਅਧਿਆਪਕ ਵੀ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਕੇਟੀਐੱਸ 5.0 ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਤਿਰੂੱਕੁਰਲ ਪੜਾਉਣਗੇ।
ਕੇਟੀਐੱਸ 5.0 ਲਈ ਵੈੱਬ ਪੋਰਟਲ ਅਤੇ ਪ੍ਰਤੀਨਿਧੀਆਂ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦਾ ਉਦਘਾਟਨ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ 22 ਅਕਤੂਬਰ, 2026 ਨੂੰ ਕੀਤਾ ਸੀ।
ਵਿਦਿਆਰਥੀਆਂ ਦਰਮਿਆਨ ਤਿਰੂੱਕੁਰਲ ਦੀ ਵਿਆਪਕ ਸਮਝ ਨੂੰ ਹੁਲਾਰਾ ਦੇਣ ਲਈ ਦੇਸ਼ ਭਰ ਦੇ 1000 ਉੱਚ ਸਿੱਖਿਆ ਸੰਸਥਾਨਾਂ (ਐੱਚਈਆਈ) ਰਾਹੀਂ ਇੱਕ ਰਾਸ਼ਟਰਵਿਆਪੀ ਵਿਦਿਆਰਥੀ ਸ਼ਮੂਲੀਅਤ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਪਹਿਲਕਦਮੀ ਵਿੱਚ ਤਿਰੂੱਕੁਰਲ ਦੀਆਂ ਸਿੱਖਿਆਵਾਂ ਅਤੇ ਕਦਰਾਂ-ਕੀਮਤਾਂ ਦੇ ਵਿਆਪਕ ਪ੍ਰਸਾਰ ਲਈ ਯੋਜਨਾਬੱਧ ਅਧਿਐਨ, ਖੋਜ ਅਤੇ ਕੈਂਪਸ-ਅਧਾਰਿਤ ਗਤੀਵਿਧੀਆਂ ਸ਼ਾਮਲ ਹੋਣਗੀਆਂ। ਇਸ ਦਾ ਵੇਰਵਾ www.kts.cict.in ‘ਤੇ ਉਪਲਬਧ ਹੈ।
ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ (ਸੀਆਈਸੀਟੀ), ਚੇੱਨਈ, ਡਿਜੀਟਲ ਪਹੁੰਚ, ਪ੍ਰਕਾਸ਼ਨਾਂ ਅਤੇ ਸੰਸਥਾਗਤ ਸ਼ਮੂਲੀਅਤ ਦੀ ਅਗਵਾਈ ਕਰ ਰਿਹਾ ਹੈ, ਜਦਕਿ ਆਈਆਈਟੀ ਮਦਰਾਸ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਲੜੀਵਾਰ ਤਮਿਲ ਨਾਡੂ ਅਤੇ ਕਾਸ਼ੀ ਲਈ ਨੋਡਲ ਤਾਲਮੇਲ-ਸੰਸਥਾਨਾਂ ਦੇ ਰੂਪ ਵਿੱਚ ਕੰਮ ਕਰ ਰਹੇ ਹਨ।
******
ਆਰਆਰਟੀਐੱਨ/ਸ਼ੀਨਮ ਜੈਨ