ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਅਪੀਡਾ ਨੇ ਕੁੱਲੂ ਤੋਂ ਦੁਬਈ ਤੱਕ 1.3 ਮੀਟ੍ਰਿਕ ਟਨ ਸਿੰਦੂਰੀ ਅਨਾਰ ਦੇ ਨਿਰਯਾਤ ਵਿੱਚ ਮਦਦ ਕੀਤੀ


ਨਿਰਯਾਤ ਪਹਿਲ ਤੋਂ ਭੁੰਤਰ ਐੱਫਪੀਓ ਨਾਲ ਜੁੜੇ 600 ਕਿਸਾਨ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੁੜੇ

Posted On: 03 NOV 2026 4:42PM by PIB Chandigarh

ਕੇਂਦਰ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਤਹਿਤ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਨਿਰਯਾਤ ਵਿਕਾਸ ਅਥਾਰਿਟੀ –ਅਪੀਡਾ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਸੁਯੰਕਤ ਅਰਬ ਅਮੀਰਾਤ ਦੇ ਦੁਬਈ ਤੱਕ 1.3 ਮੀਟ੍ਰਿਕ ਟਨ ਸਿੰਦੂਰੀ ਅਨਾਰ ਦੇ ਨਿਰਯਾਤ ਵਿੱਚ ਮਦਦ ਕੀਤੀ ਹੈ।

ਇਸ ਖੇਪ ਵਿੱਚ ਦੋ-ਦੋ ਕਿਲੋ ਦੇ 650 ਡੱਬੇ ਸ਼ਾਮਲ ਹਨ। ਇਸ ਦਾ ਨਿਰਯਾਤ ਉੱਤਰ ਪ੍ਰਦੇਸ਼ ਦੀ ਕੰਪਨੀ ਅਮਾਮਾ ਐਕਪੋਰਟਸ ਨੇ ਕੀਤਾ ਹੈ। ਇਸ ਪਹਿਲ ਨਾਲ ਸਥਾਨਕ ਕਿਸਾਨਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਨਿਰਯਾਤਕਾਂ ਨਾਲ ਜੋੜਿਆ ਗਿਆ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਦੇ ਬਾਗਵਾਨੀ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਾਉਣ ਦੇ ਮੌਕੇ ਮਿਲੇ ਹਨ। ਅਨਾਰ ਸਿੱਧੇ ਸਥਾਨਕ ਕਿਸਾਨਾਂ ਅਤੇ ਭੁੰਤਰ ਕਿਸਾਨ ਉਤਪਾਦਕ ਸੰਗਠਨ ਤੋਂ ਖਰੀਦੇ ਗਏ ਹਨ। ਇਸ ਸੰਗਠਨ ਦੁਆਰਾ ਲਗਭਗ 600 ਕਿਸਾਨ ਜੁੜੇ ਹਨ। ਕੁੱਲੂ ਜ਼ਿਲ੍ਹਾ ਬਾਗਵਾਨੀ ਪ੍ਰਸ਼ਾਸਨ ਨੇ ਖਰੀਦ ਅਤੇ ਤਾਲਮੇਲ ਵਿੱਚ ਸਹਿਯੋਗ ਕੀਤਾ।

ਮਾਚਲ ਪ੍ਰਦੇਸ਼ ਵਿੱਚ ਭਗਵਾ ਅਤੇ ਕੰਧਾਰੀ ਦੇ ਨਾਲ ਸਿੰਦੂਰੀ ਅਨਾਰ ਵੀ ਉਗਾਏ ਜਾਂਦੇ ਹਨ। ਆਪਣੀ ਆਕਰਸ਼ਕ ਲਾਲ ਰੰਗ ਦੀ ਚਮੜੀ, ਰਸੀਲੇ ਦਾਨਿਆਂ ਅਤੇ ਖੱਟੇ-ਮਿੱਠੇ ਸੁਆਦ ਲਈ ਪਛਾਣੇ ਜਾਣ ਵਾਲੇ ਇਹ ਅਨਾਰ ਤਾਜੇ ਫਲ ਦੇ ਰੂਪ ਵਿੱਚ ਖਾਣ ਅਤੇ ਨਿਰਯਾਤ ਲਈ ਢੁਕਵੇਂ ਹਨ।

ਇਹ ਪਹਿਲਕਦਮੀ ਕਿਸਾਨਾਂ ਦੇ ਸਿੱਧੇ ਉਤਪਾਦਾਂ ਦੀ ਖਰੀਦ ਅਤੇ ਕਿਸਾਨ ਉਤਪਾਦਕ ਸੰਗਠਨਾਂ ਦੀ ਸਮੂਹਿਕ ਭਾਗੀਦਾਰੀ ਰਾਹੀਂ ਬਜ਼ਾਰ ਨਾਲ ਉਨ੍ਹਾਂ ਦੇ ਜੁੜਾਅ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੈ। ਇਸ ਨਿਰਯਾਤ ਨਾਲ ਕਿਸਾਨਾਂ ਨੂੰ ਘਰੇਲੂ ਬਜ਼ਾਰ ਦੀਆਂ ਕੀਮਤਾਂ ਦੀ ਤੁਲਨਾ ਵਿੱਚ 50 ਫੀਸਦੀ ਵੱਧ ਕੀਮਤਾਂ ਪ੍ਰਾਪਤ ਹੋਈਆਂ ਹਨ। ਇਸ ਤਰ੍ਹਾਂ ਦੇ ਨਿਰਯਾਤ ਸਬੰਧੀ ਕਿਸਾਨਾਂ ਨੂੰ ਮਾਰਕੀਟਿੰਗ ਦੇ ਵਾਧੂ ਮੌਕੇ ਉਪਲਬਧ ਕਰਵਾਉਣ, ਗੁਣਵੱਤਾਪੂਰਨ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਖੇਤੀਬਾੜੀ ਨਿਰਯਾਤ ਵਿੱਚ ਕਿਸਾਨ ਉਤਪਾਦਕ ਸੰਗਠਨਾਂ ਦੀ ਭਾਈਵਾਲੀ ਵਧਾਉਣ ਵਿੱਚ ਮਦਦ ਕਰ ਸਕਦੇ ਹਨ।

ਵਿੱਤੀ ਵਰ੍ਹੇ 2025-26 ਦੌਰਾਨ ਭਾਰਤ ਨੇ ਅਪੀਡਾ ਅਧੀਨ ਆਉਣ ਵਾਲੇ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਦਾ ਲਗਭਗ 2 ਅਰਬ 59 ਕਰੋੜ ਡਾਲਰ ਦਾ ਨਿਰਯਾਤ ਸੰਯੁਕਤ ਅਰਬ ਅਮੀਰਾਤ ਨੂੰ ਕੀਤਾ। ਇਸ ਦੀ ਕੁੱਲ ਮਾਤਰਾ ਲਗਭਗ 38 ਲੱਖ 10 ਹਜ਼ਾਰ ਮੀਟ੍ਰਿਕ ਟਨ ਰਹੀ। ਖਰੀਦਦਾਰਾਂ ਦੀ ਮੰਗ, ਗੁਣਵੱਤਾ, ਸਬੰਧੀ ਲੋੜਾਂ ਅਤੇ ਆਯਾਤ ਨਿਯਮਾਂ ਦੇ ਅਧਾਰ ‘ਤੇ ਹਿਮਾਚਲ ਪ੍ਰਦੇਸ਼ ਦੇ ਬਾਗਵਾਨੀ ਉਤਪਾਦਾਂ ਲਈ ਵੀ ਇਸ ਬਜ਼ਾਰ ਵਿੱਚ ਮੌਕੇ ਉਪਲਬਧ ਹਨ।

ਅਪੀਡਾ ਦੇ ਚੇਅਰਮੈਨ ਅਭਿਸ਼ੇਕ ਦੇਵ ਨੇ ਅਨਾਰ ਦੀ ਇਸ ਖੇਪ ਨੂੰ ਰਵਾਨਾ ਕੀਤਾ। ਇਸ ਮੌਕੇ ‘ਤੇ ਅਪੀਡਾ ਦੇ ਅਧਿਕਾਰੀ, ਬਾਗਵਾਨੀ ਵਿਭਾਗ ਦੇ ਪ੍ਰਤੀਨਿਧੀ, ਨਿਰਯਾਤਕ, ਕਿਸਾਨ ਉਤਪਾਦਕ ਸੰਗਠਨ ਅਤੇ ਕਿਸਾਨ ਮੌਜੂਦ ਸਨ। ਪ੍ਰੋਗਰਾਮ ਵਿੱਚ ਖੇਤਰੀ ਬਾਗਵਾਨੀ ਉਤਪਾਦਾਂ ਦੇ ਨਿਰਯਾਤ ਦੇ ਮੌਕੇ ਵਿਕਸਿਤ ਕਰਨ ਲਈ ਕਿਸਾਨਾਂ, ਉਤਪਾਦਕ ਸੰਗਠਨਾਂ, ਨਿਰਯਾਤਕਾਂ ਅਤੇ ਸਰਕਾਰੀ ਏਜੰਸੀਆਂ ਦਰਮਿਆਨ ਤਾਲਮੇਲ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ। 

ਕੁੱਲੂ ਤੋਂ ਦੁਬਈ ਤੱਕ ਅਨਾਰ ਦਾ ਨਿਰਯਾਤ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਨਿਰਯਾਤ ਵਿੱਚ ਸੇਬ ਤੋਂ ਇਲਾਵਾ ਹੋਰ ਉਤਪਾਦਾਂ ਨੂੰ ਸ਼ਾਮਲ ਕਰਨ ਦੇ ਯਤਨਾਂ ਨੂੰ ਹੁਲਾਰਾ ਦੇਵੇਗਾ। ਰਾਜ ਵਿੱਚ ਅਨਾਰ, ਜਾਪਾਨੀ ਫਲ, ਗੁਠਲੀ ਵਾਲੇ ਫਲਾਂ, ਜੂਸ ਅਤੇ ਖਾਣ ਲਈ ਤਿਆਰ ਉਤਪਾਦਾਂ ਦੇ ਵਿਦੇਸ਼ੀ ਬਜ਼ਾਰਾਂ ਵਿੱਚ ਨਿਰਯਾਤ ਦੀਆਂ ਵੀ ਸੰਭਾਵਨਾਵਾਂ ਹਨ। ਗੁਣਵੱਤਾ ਪ੍ਰਬੰਧਨ, ਬਜ਼ਾਰ ਨਾਲ ਜੁੜਾਅ ਅਤੇ ਨਿਰਯਾਤ ਸਬੰਧੀ ਨਿਯਮਾਂ ਦੇ ਪਾਲਣ ‘ਤੇ ਲਗਾਤਾਰ ਧਿਆਨ ਦੇ ਕੇ ਸਥਾਨਕ ਕਿਸਾਨਾਂ ਦੇ ਲਈ ਮੌਕੇ ਵਧਾਏ ਜਾ ਸਕਦੇ ਹਨ ਅਤੇ ਅੰਤਰਰਾਸ਼ਟਰੀ ਖੇਤੀਬਾੜੀ ਵਪਾਰ ਵਿੱਚ ਰਾਜ ਦੀ ਭਾਈਵਾਲੀ ਮਜ਼ਬੂਤ ਹੋ ਸਕਦੀ ਹੈ।

ਅਪੀਡਾ ਆਪਣੀਆਂ ਨਿਰਯਾਤ ਸਬੰਧੀ ਪਹਿਲਕਦਮੀਆਂ ਰਾਹੀਂ ਭਾਰਤੀ ਨਿਰਯਾਤਕਾਂ, ਕਿਸਾਨਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਬਣਾਉਣ ਅਤੇ ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਦੀ ਆਲਮੀ ਪਹੁੰਚ ਵਧਾਉਣ ਵਿੱਚ ਨਿਰੰਤਰ ਸਹਿਯੋਗ ਦੇ ਰਿਹਾ ਹੈ। 

 

*********

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ/ਏਕੇ


(Release ID: 2332153) ਵਿਜ਼ੀਟਰ ਕਾਊਂਟਰ : 4