ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਭਾਰਤ ਦੇ ਅਧਿਆਤਮਿਕ ਪੁਨਰ-ਜਾਗਰਣ, ਸਮਾਜਿਕ ਤਬਦੀਲੀ ਅਤੇ ਰਾਸ਼ਟਰ ਨਿਰਮਾਣ ਵਿੱਚ ਗਾਇਤ੍ਰੀ ਪਰਿਵਾਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ


ਮਾਤਾ ਭਗਵਤੀ ਦੇਵੀ ਜੀ ਦਾ ਤਪ, ਦਿਆਲਤਾ ਅਤੇ ਸੇਵਾ ਨਾਲ ਭਰਪੂਰ ਜੀਵਨ ਮਹਿਲਾ ਸਸ਼ਕਤੀਕਰਣ ਅਤੇ ਸਮਾਜਿਕ ਸੁਧਾਰ ਦੇ ਇੱਕ ਪਰਿਵਰਤਨਕਾਰੀ ਅੰਦੋਲਨ ਦੀ ਪ੍ਰੇਰਣਾ ਬਣਿਆ: ਲੋਕ ਸਭਾ ਸਪੀਕਰ

ਅਧਿਆਤਮਿਕ ਜਾਗਰਣ, ਮੁੱਲ-ਅਧਾਰਿਤ ਸਿੱਖਿਆ ਅਤੇ ਚਰਿੱਤਰ ਨਿਰਮਾਣ ਰਾਹੀਂ ਅਖੰਡ ਜੋਤੀ ਨਿਰੰਤਰ ਲੋਕਾਂ ਦੇ ਜੀਵਨ ਨੂੰ ਰੌਸ਼ਨ ਕਰ ਰਹੀ ਹੈ: ਸ਼੍ਰੀ ਓਮ ਬਿਰਲਾ

ਲੋਕ ਸਭਾ ਸਪੀਕਰ ਨੇ ਨਵੀਂ ਦਿੱਲੀ ਵਿੱਚ ਗਾਇਤ੍ਰੀ ਪਰਿਵਾਰ ਦੁਆਰਾ ਆਯੋਜਿਤ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ

Posted On: 31 OCT 2026 1:32PM by PIB Chandigarh

ਨਵੀਂ ਦਿੱਲੀ, 31 ਅਕਤੂਬਰ, 2026: ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਸ਼ਤਾਬਦੀ ਸਮਾਰੋਹ 2026 ਦੇ ਮੌਕੇ 'ਤੇ ਅਧਿਆਤਮਿਕ ਜੋਤਿਸ਼ ਆਚਾਰਿਆ ਸ਼੍ਰੀਰਾਮ ਸ਼ਰਮਾ ਜੀ ਅਤੇ ਮਾਤਾ ਭਗਵਤੀ ਦੇਵੀ ਜੀ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਸ਼ਟਰ ਦੀ ਅਧਿਆਤਮਿਕ ਚੇਤਨਾ ਨੂੰ ਜਗਾਉਣ, ਸਮਾਜਿਕ ਪਰਿਵਰਤਨ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ਤਾਬਦੀ ਸਮਾਰੋਹ ਸਿਰਫ਼ ਅਤੀਤ ਨੂੰ ਯਾਦ ਕਰਨ ਦਾ ਮੌਕਾ ਨਹੀਂ ਹੈ, ਸਗੋਂ ਇੱਕ ਅਜਿਹੀ ਰਚਨਾਤਮਕ ਕ੍ਰਾਂਤੀ ਦਾ ਜਸ਼ਨ ਹੈ ਜਿਸ ਨੇ ਦੇਸ਼ ਭਰ ਦੇ ਅਣਗਿਣਤ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਂਦੀ ਹੈ।

ਨਵੀਂ ਦਿੱਲੀ ਵਿੱਚ ਗਾਇਤ੍ਰੀ ਪਰਿਵਾਰ ਦੁਆਰਾ ਆਯੋਜਿਤ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਆਚਾਰਿਆ ਸ਼੍ਰੀਰਾਮ ਸ਼ਰਮਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਆਚਾਰਿਆ ਜੀ ਨੇ ਅਖੰਡ ਜੋਤੀ ਰਾਹੀਂ ਦੇਸ਼ ਭਰ ਵਿੱਚ ਅਧਿਆਤਮਿਕ ਚੇਤਨਾ ਦੀ ਰੌਸ਼ਨੀ ਫੈਲਾਈ ਹੈ ਅਤੇ ਲੋਕਾਂ ਨੂੰ ਵਿਅਕਤੀਗਤ ਵਿਕਾਸ, ਪਰਿਵਾਰਕ ਵਿਕਾਸ, ਸਮਾਜਿਕ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੇ ਆਦਰਸ਼ਾਂ ਨਾਲ ਪ੍ਰੇਰਿਤ ਕੀਤਾ। ਉਨ੍ਹਾਂ ਦਾ ਪ੍ਰੇਰਨਾਦਾਇਕ ਸੰਕਲਪ, "ਅਸੀਂ ਬਦਲਾਂਗੇ, ਯੁੱਗ ਬਦਲੇਗਾ," ਦੇਸ਼ ਅਤੇ ਦੁਨੀਆ ਭਰ ਦੇ ਲੋਕਾਂ ਲਈ ਇੱਕ ਮੂਲ ਮੰਤਰ ਬਣ ਗਿਆ। ਗਾਇਤ੍ਰੀ ਮੰਤਰ ਅਤੇ ਯੱਗ ਰਾਹੀਂ, ਆਚਾਰਿਆ ਜੀ ਨੇ ਲੋਕਾਂ ਨੂੰ ਅਧਿਆਤਮਿਕ ਚੇਤਨਾ ਨਾਲ ਜੋੜਿਆ ਅਤੇ ਅੰਦਰੂਨੀ ਸ਼ੁੱਧਤਾ ਅਤੇ ਅਧਿਆਤਮਿਕ ਜਾਗ੍ਰਿਤੀ ਦਾ ਮਾਗਰ ਪੱਧਰਾ ਕੀਤਾ। 

ਗਾਇਤ੍ਰੀ ਪਰਿਵਾਰ ਨਾਲ ਆਪਣੇ ਨਿਜੀ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਉਨ੍ਹਾਂ ਨੇ ਦੂਰ-ਦੁਰਾਡੇ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਆਚਾਰਿਆ ਜੀ ਦੇ ਅਧਿਆਤਮਿਕ ਦਰਸ਼ਨ ਦਾ ਪਰਿਵਰਤਨਸ਼ੀਲ ਪ੍ਰਭਾਵ ਦੇਖਿਆ ਹੈ। ਇਸ ਦਰਸ਼ਨ ਨੇ ਮੁਸ਼ਕਲ ਹਾਲਤਾਂ, ਅੰਧਵਿਸ਼ਵਾਸਾਂ ਅਤੇ ਨੁਕਸਾਨਦੇਹ ਸਮਾਜਿਕ ਬੁਰਾਈਆਂ ਤੋਂ ਉੱਪਰ ਉੱਠਣ ਵਿੱਚ ਲੋਕਾਂ ਦਾ ਮਾਰਗਦਰਸ਼ਨ ਕੀਤਾ। ਇਸ ਅੰਦੋਲਨ ਨੇ ਨਾ ਸਿਰਫ਼ ਲੋਕਾਂ ਦੇ ਸਮਾਜਿਕ ਜੀਵਨ ਨੂੰ ਬਦਲਿਆ, ਸਗੋਂ ਉਨ੍ਹਾਂ ਦੇ ਸ਼ਖਸੀਅਤ ਵਿਕਾਸ, ਚਰਿੱਤਰ ਨਿਰਮਾਣ ਅਤੇ ਸਮਾਜ ਅਤੇ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ।

ਮਾਤਾ ਭਗਵਤੀ ਦੇਵੀ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਲੋਕ ਸਭਾ ਸਪੀਕਰ ਨੇ ਉਨ੍ਹਾਂ ਦੇ ਮਾਤ੍ਰਿਤਵ, ਦਇਆ, ਤਪੱਸਿਆ, ਸਮਰਪਣ ਅਤੇ ਸੇਵਾ ਨਾਲ ਭਰਪੂਰ ਅਸਧਾਰਨ ਜੀਵਨ 'ਤੇ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਮਾਤਾ ਜੀ ਦਾ ਯੋਗਦਾਨ ਸਿਰਫ਼ ਅਧਿਆਤਮਿਕ ਜਾਗ੍ਰਿਤੀ ਤੱਕ ਸੀਮਿਤ ਨਹੀਂ ਸੀ; ਸਗੋਂ, ਉਨ੍ਹਾਂ ਨੇ ਸਮਾਜਿਕ ਤਬਦੀਲੀ ਅਤੇ ਮਹਿਲਾ ਸਸ਼ਕਤੀਕਰਣ ਦੇ ਇੱਕ ਮਹੱਤਵਪੂਰਨ ਅੰਦੋਲਨ ਦੀ ਅਗਵਾਈ ਕੀਤੀ। ਇਹ ਉਹ ਸਮਾਂ ਸੀ ਜਦੋਂ ਦੇਸ਼ ਭਰ ਦੀਆਂ ਮਹਿਲਾਵਾਂ ਕਈ ਸਮਾਜਿਕ ਚੁਣੌਤੀਆਂ ਅਤੇ ਬੁਰਾਈਆਂ ਦਾ ਸਾਹਮਣਾ ਕਰ ਰਹੀਆਂ ਸਨ। ਸ਼੍ਰੀ ਬਿਰਲਾ ਨੇ ਕਿਹਾ ਕਿ ਮਾਤਾ ਜੀ ਨੇ ਮਹਿਲਾਵਾਂ ਨੂੰ ਸਿੱਖਿਆ ਪ੍ਰਾਪਤ ਕਰਨ, ਆਤਮ-ਵਿਸ਼ਵਾਸ ਵਿਕਸਿਤ ਕਰਨ ਅਤੇ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ। 

ਉਨ੍ਹਾਂ ਦਾ ਜੀਵਨ ਅਤੇ ਸਿੱਖਿਆਵਾਂ ਇਸ ਤੱਥ ਦਾ ਪ੍ਰਮਾਣ ਹਨ ਕਿ ਪਰਿਵਾਰ ਵਿੱਚ ਇੱਕ ਮਹਿਲਾ ਦੀ ਸ਼ਖਸੀਅਤ ਦਾ ਵਿਕਾਸ ਪੂਰੇ ਪਰਿਵਾਰ ਅਤੇ ਸਮਾਜ ਦੀ ਤਰੱਕੀ ਦੀ ਨੀਂਹ ਬਣਾਉਂਦਾ ਹੈ। ਉਨ੍ਹਾਂ ਦੇ ਮਾਤ੍ਰਿਤਵ ਅਤੇ ਪਿਆਰ ਭਰੀ ਅਗਵਾਈ ਨੇ ਅਣਗਿਣਤ ਮਹਿਲਾਵਾਂ ਦੇ ਜੀਵਨ ਨੂੰ ਬਦਲ ਦਿੱਤਾ ਅਤੇ ਉਨ੍ਹਾਂ ਦੇ ਸਮਾਜਿਕ ਅਤੇ ਅਧਿਆਤਮਿਕ ਸਸ਼ਕਤੀਕਰਣ ਨੂੰ ਨਵੀਂ ਗਤੀ ਪ੍ਰਦਾਨ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਮਹਿਲਾ ਸਸ਼ਕਤੀਕਰਣ ਦਾ ਇਹ ਦ੍ਰਿਸ਼ਟੀਕੋਣ ਅੱਜ ਦੇਸ਼ ਵਿੱਚ ਚੱਲ ਰਹੀਆਂ ਵੱਖ-ਵੱਖ ਪਹਿਲਕਦਮੀਆਂ ਵਿੱਚ ਝਲਕਦਾ ਹੈ। ਅਧਿਆਤਮਿਕ ਚੇਤਨਾ ਅਤੇ ਭਾਰਤੀ ਕਦਰਾਂ-ਕੀਮਤਾਂ 'ਤੇ ਅਧਾਰਿਤ ਵਾਤਾਵਰਣ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਨ, ਪਰਿਵਾਰਾਂ ਨੂੰ ਮਜ਼ਬੂਤ ​​ਬਣਾਉਣ ਅਤੇ ਇੱਕ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸ਼੍ਰੀ ਬਿਰਲਾ ਨੇ ਭਾਰਤੀ ਅਧਿਆਤਮਿਕ ਵਿਰਾਸਤ, ਸੱਭਿਆਚਾਰਕ ਗਿਆਨ ਅਤੇ ਮੁੱਲ-ਅਧਾਰਿਤ ਦਰਸ਼ਨ ਨੂੰ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਲਈ ਗਾਇਤ੍ਰੀ ਪਰਿਵਾਰ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੰਗਠਨ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਕਾਰਜਾਂ ਰਾਹੀਂ ਸਮਕਾਲੀ ਜ਼ਰੂਰਤਾਂ ਦੇ ਅਨੁਸਾਰ ਵਿਅਕਤੀ ਵਿਕਾਸ, ਪਰਿਵਾਰ ਵਿਕਾਸ ਅਤੇ ਸਮਾਜਿਕ ਵਿਕਾਸ ਦੇ ਆਦਰਸ਼ਾਂ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਅਧਿਆਤਮਿਕਤਾ, ਸੱਭਿਆਚਾਰ ਅਤੇ ਭਾਰਤੀ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿੱਖਿਆ ਪ੍ਰਤੀ ਸੰਸਥਾ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ।

ਆਚਾਰਿਆ ਜੀ ਦੁਆਰਾ ਸਥਾਪਿਤ ਯੂਨੀਵਰਸਿਟੀ ਦਾ ਜ਼ਿਕਰ ਕਰਦੇ ਹੋਏ ਲੋਕ ਸਭਾ ਸਪੀਕਰ ਨੇ ਕਿਹਾ ਕਿ ਸਿੱਖਿਆ ਦੇ ਸ਼ੁਰੂਆਤੀ ਪੜਾਅ ਦੁਆਰਾ ਹੀ ਉੱਥੇ ਅਧਿਆਤਮਿਕਤਾ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਚਰਿੱਤਰ ਨਿਰਮਾਣ ‘ਤੇ ਦਿੱਤੇ ਜਾਣ ਵਾਲਾ ਜ਼ੋਰ ਸ਼ਲਾਘਾਯੋਗ ਹੈ। ਉਨ੍ਹਾਂ ਨੇ ਮੁੱਲ-ਅਧਾਰਿਤ ਸਿੱਖਿਆ, ਨਾਰੀ ਜਾਗ੍ਰਿਤੀ (ਚੇਤਨਾ) ਅਤੇ ਸਸ਼ਕਤੀਕਰਣ ਅਤੇ ਸਮਾਜਿਕ ਸੁਧਾਰ ਦੇ ਖੇਤਰ ਵਿੱਚ ਸੰਸਥਾ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡਾ. ਚਿਨਮਯ ਪਾਂਡਯਾ ਜੀ ਦੀ ਵੀ ਸ਼ਲਾਘਾ ਕੀਤੀ, ਜੋ ਕਿ ਭਾਰਤੀ ਅਧਿਆਤਮਿਕ ਪਰੰਪਰਾਵਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਨੂੰ ਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੇ ਨਵੇਂ ਪਰਿਵਰਤਨਾਂ ਨਾਲ ਵੀ ਜਾਣੂ ਕਰਵਾ ਰਹੇ ਹਨ। ਸਮਕਾਲੀ ਵਿਸ਼ਵ ਵਿੱਚ ਅਧਿਆਤਮਿਕਤਾ ਦੀ ਪ੍ਰਾਸੰਗਿਕਤਾ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਅੱਜ ਜਦੋਂ ਕਈ ਦੇਸ਼ਾਂ ਵਿੱਚ ਲੋਕ ਤਣਾਅ ਅਤੇ ਉਦਾਸੀ ਦਾ ਸਾਹਮਣਾ ਕਰ ਰਹੇ ਹਨ, ਤਾਂ ਆਤਮਿਕ ਸ਼ਾਂਤੀ, ਅਧਿਆਤਮਿਕ ਸ਼ਕਤੀ ਅਤੇ ਉਦੇਸ਼ਪੂਰਨ ਜੀਵਨ ਦਾ ਸੰਦੇਸ਼ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗਾਇਤ੍ਰੀ ਪਰਿਵਾਰ ਦਾ ਅਧਿਆਤਮਿਕ ਕੇਂਦਰ ਲੋਕਾਂ ਨੂੰ ਮਾਨਸਿਕ ਸ਼ਾਂਤੀ, ਆਤਮਵਿਸ਼ਵਾਸ, ਸੰਕਲਪ ਸ਼ਕਤੀ ਅਤੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਕੰਮ ਕਰ ਰਿਹਾ ਹੈ। ਸ਼੍ਰੀ ਬਿਰਲਾ ਨੇ ਗਾਇਤ੍ਰੀ ਪਰਿਵਾਰ ਨੂੰ ਸੱਦਾ ਦਿੱਤਾ ਕਿ ਉਹ ਅਖੰਡ ਜੋਤੀ ਦੀ ਰੌਸ਼ਨੀ ਨੂੰ ਪਿੰਡ-ਪਿੰਡ ਅਤੇ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦਾ ਕੰਮ ਨਿਰੰਤਰ ਜਾਰੀ ਰੱਖੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਅਭਿਆਨ ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਹੈ, ਜਦੋਂ ਤੱਕ ਸਮਾਜ ਦੇ ਅੰਤਿਮ ਵਿਅਕਤੀ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਨਾ ਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅਧਿਆਤਮਿਕਤਾ, ਧਰਮ, ਸੱਭਿਆਚਾਰ, ਚਰਿੱਤਰ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦੇ ਆਦਰਸ਼ ਇਸ ਯਤਨ ਦੇ ਕੇਂਦਰ ਵਿੱਚ ਬਣੇ ਰਹਿਣੇ ਚਾਹੀਦੇ ਹਨ।

 

ਗਾਇਤ੍ਰੀ ਪਰਿਵਾਰ ਦੇ ਨਿਰੰਤਰ ਯੋਗਦਾਨ ‘ਤੇ ਭਰੋਸਾ ਪ੍ਰਗਟਾਉਂਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਆਚਾਰਿਆ ਸ਼੍ਰੀਰਾਮ ਸ਼ਰਮਾ ਜੀ ਅਤੇ ਮਾਤਾ ਭਗਵਤੀ ਦੇਵੀ ਜੀ ਦੁਆਰਾ ਜਾਗ੍ਰਿਤ ਅਧਿਆਤਮਿਕ ਊਰਜਾ ਅਤੇ ਚੇਤਨਾ ਇਸੇ ਤਰ੍ਹਾਂ ਜਨਤਕ-ਜੀਵਨ ਨੂੰ ਰੌਸ਼ਨ ਕਰਦੀ ਰਹੇਗੀ ਅਤੇ ਇੱਕ ਸਦਭਾਵਨਾ, ਜਾਗਰੂਕ ਅਤੇ ਵਿਕਸਿਤ ਸਮਾਜ ਦੀ ਨੀਂਹ ਨੂੰ ਮਜ਼ਬੂਤ ਕਰਦੀ ਰਹੇਗੀ।

***********

ਏਐੱਮ/ਏਕੇ


(Release ID: 2331010) ਵਿਜ਼ੀਟਰ ਕਾਊਂਟਰ : 6