Posted On:
30 OCT 2026 6:41PM by PIB Chandigarh
ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਨੇ ਅੱਜ ਨਵੀਂ ਦਿੱਲੀ ਦੇ ਡਾਕ ਭਵਨ ਵਿਖੇ ਬ੍ਰੇਸਟ ਕੈਂਸਰ ਜਾਗਰੂਕਤਾ ਨੂੰ ਸਮਰਪਿਤ ਦੋ ਯਾਦਗਾਰੀ ਡਾਕ ਟਿਕਟਾਂ ਵਾਲੀ ਇੱਕ ਵਿਸ਼ੇਸ਼ ਸੋਵੀਨਰ ਸ਼ੀਟ ਜਾਰੀ ਕੀਤੀ। ਇਹ ਰਿਲੀਜ਼ ਡਾਕ ਸੇਵਾਵਾਂ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਮਨੀਸ਼ਾ ਸਿਨਹਾ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਪੁਣਿਆ ਸਲੀਲਾ ਸ੍ਰੀਵਾਸਤਵ, ਹੋਰ ਸੀਨੀਅਰ ਪਤਵੰਤਿਆਂ ਅਤੇ ਦੋਵਾਂ ਮੰਤਰਾਲਿਆਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੀ। ਇਹ ਪਹਿਲ ਜਨਤਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਮਹੱਤਵਪੂਰਨ ਰਾਸ਼ਟਰੀ ਸਿਹਤ ਤਰਜੀਹਾਂ ਦਾ ਸਮਰਥਨ ਕਰਨ ਵਿੱਚ ਡਾਕ ਟਿਕਟਾਂ ਸੰਗ੍ਰਹਿ ਦੀ ਭੂਮਿਕਾ ਨੂੰ ਉਜਾਗਰ ਕਰਦੀ ਹੈ।

ਡਾਕ ਸੇਵਾਵਾਂ ਦੇ ਡਾਇਰੈਕਟਰ ਜਨਰਲ ਸ਼੍ਰੀਮਤੀ ਮਨੀਸ਼ਾ ਸਿਨਹਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਪੁਣਿਆ ਸਲੀਲਾ ਸ੍ਰੀਵਾਸਤਵ, ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ, ਡਾਕ ਭਵਨ ਵਿਖੇ ਬ੍ਰੇਸਟ ਕੈਂਸਰ ਜਾਗਰੂਕਤਾ 'ਤੇ ਯਾਦਗਾਰੀ ਡਾਕ ਟਿਕਟ ਸਾਂਝੇ ਤੌਰ 'ਤੇ ਜਾਰੀ ਕਰਦੇ ਹੋਏ।
ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀਮਤੀ ਮਨੀਸ਼ਾ ਸਿਨਹਾ ਨੇ ਜ਼ੋਰ ਦੇ ਕੇ ਕਿਹਾ ਕਿ ਯਾਦਗਾਰੀ ਡਾਕ ਟਿਕਟ ਦੇਸ਼ ਦੀਆਂ ਤਰਜੀਹਾਂ ਨੂੰ ਦਰਸਾਉਣ ਅਤੇ ਭੂਗੋਲਿਕ ਸੀਮਾਵਾਂ ਤੋਂ ਵੱਖ ਜਾਗਰੂਕਤਾ ਫੈਲਾਉਣ ਲਈ ਇੱਕ ਮਹੱਤਵਪੂਰਨ ਮਾਧਿਅਮ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਬ੍ਰੇਸਟ ਕੈਂਸਰ ਨਾਲ ਲੜਨ ਲਈ ਨਿਯਮਿਤ ਜਾਂਚ ਅਤੇ ਜਲਦੀ ਪਤਾ ਲਗਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਪਰਿਵਾਰਾਂ ਨੂੰ ਸਮੇਂ ਸਿਰ ਡਾਕਟਰੀ ਸਲਾਹ ਲੈਣ ਵਿੱਚ ਔਰਤਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਲਾਜ ਅਧੀਨ ਔਰਤਾਂ ਲਈ ਸ਼ਮੂਲੀਅਤ, ਉਤਸ਼ਾਹ ਅਤੇ ਭਾਵਨਾਤਮਕ ਸਹਾਇਤਾ ਦੇ ਇੱਕ ਅਰਥਪੂਰਨ ਮਾਧਿਅਮ ਵਜੋਂ ਪੋਸਟਕਾਰਡਾਂ ਦੀ ਸੰਭਾਵਨਾ ਨੂੰ ਵੀ ਰੇਖਾਂਕਿਤ ਕੀਤਾ।
ਸ਼੍ਰੀਮਤੀ ਪੁਣਿਆ ਸਲੀਲਾ ਸ੍ਰੀਵਾਸਤਵ ਨੇ ਡਾਕ ਵਿਭਾਗ ਦੀ ਤਾਰੀਫ਼ ਕੀਤੀ ਕਿ ਉਹ ਡਾਕ ਟਿਕਟਾਂ ਰਾਹੀਂ ਔਰਤਾਂ ਦੀ ਸਿਹਤ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰ ਰਹੇ ਹਨ। ਰੋਕਥਾਮ ਸਿਹਤ ਸੰਭਾਲ 'ਤੇ ਸਰਕਾਰ ਦੇ ਧਿਆਨ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬ੍ਰੇਸਟ, ਮੂੰਹ ਅਤੇ ਬੱਚੇਦਾਨੀ ਦੇ ਕੈਂਸਰ ਲਈ ਨਿਯਮਿਤ ਜਾਂਚ ਰਾਸ਼ਟਰੀ ਸਿਹਤ ਸੰਭਾਲ ਪ੍ਰੋਗਰਾਮ ਦਾ ਇੱਕ ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਜਾਗਰੂਕਤਾ ਨੂੰ ਮਜ਼ਬੂਤ ਕਰਨ ਅਤੇ ਔਰਤਾਂ ਨੂੰ ਜਲਦੀ ਪਤਾ ਲਗਾਉਣ ਲਈ ਨਿਯਮਿਤ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ।

ਬ੍ਰੇਸਟ ਕੈਂਸਰ ਜਾਗਰੂਕਤਾ 'ਤੇ ਵਿਸ਼ੇਸ਼ ਯਾਦਗਾਰੀ ਡਾਕ ਟਿਕਟ
ਭਾਰਤ ਵਿੱਚ ਔਰਤਾਂ ਵਿੱਚ ਬ੍ਰੇਸਟ ਕੈਂਸਰ ਸਭ ਤੋਂ ਆਮ ਕੈਂਸਰ ਹੈ, ਜਿਸ ਵਿੱਚ ਹਰ ਸਾਲ ਲਗਭਗ ਦੋ ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ। ਭਾਰਤ ਸਰਕਾਰ ਨੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ ਦੇ ਤਹਿਤ ਆਬਾਦੀ-ਅਧਾਰਿਤ ਸਕ੍ਰੀਨਿੰਗ ਅਤੇ ਸ਼ੁਰੂਆਤੀ ਖੋਜ ਪਹਿਲਕਦਮੀਆਂ ਨੂੰ ਮਜ਼ਬੂਤ ਕੀਤਾ ਹੈ। ਸਕ੍ਰੀਨਿੰਗ ਸੇਵਾਵਾਂ ਆਯੁਸ਼ਮਾਨ ਅਰੋਗਿਆ ਮੰਦਿਰਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਰੈਫਰਲ ਸਹੂਲਤਾਂ ਅਤੇ ਇਲਾਜ ਜ਼ਿਲ੍ਹਾ ਅਤੇ ਤੀਜੇ ਦਰਜੇ ਦੇ ਦੇਖਭਾਲ ਹਸਪਤਾਲਾਂ ਰਾਹੀਂ ਉਪਲਬਧ ਹਨ।
ਵੱਖਰੇ ਤੌਰ 'ਤੇ, ਡਾਕ ਵਿਭਾਗ ਨੇ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ, ਡਾਕ ਭਵਨ ਵਿਖੇ ਬ੍ਰੇਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਸੈਸ਼ਨਾਂ ਦੇ ਨਾਲ- ਨਾਲ ਬੇਸਿਕ ਲਾਈਫ ਸਪੋਰਟ (BLS) ਅਤੇ ਕਾਰਡੀਓਪਲਮੋਨਰੀ ਰੀਸਸੀਟੇਸ਼ਨ (CPR) 'ਤੇ ਇੰਟਰਐਕਟਿਵ ਸੈਸ਼ਨਾਂ ਦਾ ਆਯੋਜਨ ਕੀਤਾ, ਜਿਸ ਨਾਲ ਰੋਕਥਾਮ ਸਿਹਤ ਸੰਭਾਲ ਜਾਗਰੂਕਤਾ ਅਤੇ ਜ਼ਰੂਰੀ ਜੀਵਨ-ਰੱਖਿਅਕ ਤਕਨੀਕਾਂ ਦੇ ਗਿਆਨ ਨੂੰ ਉਤਸ਼ਾਹਿਤ ਕੀਤਾ ਗਿਆ।
ਇਹ ਵਿਸ਼ੇਸ਼ ਸੋਵੀਨਿਰ ਸ਼ੀਟ ਪੂਰੇ ਭਾਰਤ ਵਿੱਚ ਫਿਲੇਟਲੀ ਬਿਊਰੋਸ (Philately Bureau) ਅਤੇ ਈ-ਪੋਸਟ ਆਫਿਸ ਪੋਰਟਲ ਰਾਹੀਂ ਵਿਕਰੀ ਲਈ ਉਪਲਬਧ ਹੈ।
https://www.epostoffice.gov.in/
**********
ਏਐੱਮਕੇ/ਐਨਏ /ਏਕੇ