Posted On:
30 OCT 2026 11:05AM by PIB Chandigarh
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਦੇਸ਼ ਵਿੱਚ ਗੈਰ ਕਾਨੂੰਨੀ ਸਿੰਥੈਟਿਕ ਡਰਗੱਸ ਬਣਾਉਣ ਦੇ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਦੇ ਪਿੰਡ ਵਿੱਚ ਨਸ਼ੀਲੇ ਪਦਾਰਥ ਬਣਾਉਣ ਵਾਲੀ ਇੱਕ ਵੱਡੀ ਗੁਪਤ ਪ੍ਰਯੋਗਸ਼ਾਲਾ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ ਲਗਭਗ 1100 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ ਉਨ੍ਹਾਂ ਨੂੰ ਬਣਾਉਣ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ (ਪ੍ਰੀਕਰਸਰ ਕੈਮੀਕਲਜ਼) ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਨਿਰਮਾਣ ਉਪਕਰਣ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਡੀਆਰਆਈ ਅਧਿਕਾਰੀਆਂ ਦੀ ਇੱਕ ਵੱਡੀ ਟੀਮ ਨੇ ਪੁਖਤਾ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਉੱਤਰ ਪ੍ਰਦੇਸ਼ ਏਟੀਐੱਸ ਦੀ ਸਹਾਇਤਾ ਨਾਲ 29 ਅਕਤੂਬਰ, 2026 ਸਵੇਰੇ ਇੱਕ ਸ਼ੱਕੀ ਥਾਂ ‘ਤੇ ਸਾਂਝਾ ਅਭਿਆਨ ਚਲਾਇਆ।
ਤਲਾਸ਼ੀ ਦੌਰਾਨ ਉੱਥੇ ਸਿੰਥੈਟਿਕ ਡਰੱਗਸ ਬਣਾਉਣ ਦੀ ਇੱਕ ਪੂਰੀ ਤਰ੍ਹਾਂ ਨਾਲ ਤਿਆਰ ਅਤੇ ਸੰਚਾਲਿਤ ਪ੍ਰਯੋਗਸ਼ਾਲਾ ਮਿਲੀ। ਇਸ ਦੌਰਾਨ ਲਗਭਗ 184 ਕਿਲੋਗ੍ਰਾਮ ਅੰਸ਼ਿਕ ਤੌਰ ‘ਤੇ ਤਿਆਰ ਡਰੱਗਸ, ਲਗਭਗ 582 ਕਿਲੋਗ੍ਰਾਮ ਕੱਚੇ ਰਸਾਇਣ ਅਤੇ ਨਸ਼ੀਲੇ ਪਦਾਰਥ ਬਣਾਉਣ ਵਿੱਚ ਵਰਤੇ ਜਾਣ ਵਾਲੇ ਉਪਕਰਣ ਜ਼ਬਤ ਕੀਤੇ ਗਏ।


ਕਾਰਵਾਈ ਵਿੱਚ ਦੋਸ਼ੀਆਂ ਦੇ ਘਰਾਂ ਦੀ ਤਲਾਸ਼ੀ ਲੈਣ ‘ਤੇ ਲਗਭਗ 15.4 ਕਿਲੋਗ੍ਰਾਮ ਤਿਆਰ ਮੈਥਾਕੁਆਲੋਨ (methaqualone) ਬਰਾਮਦ ਹੋਇਆ। ਇਸ ਦੇ ਨਾਲ ਹੀ ਲਗਭਗ 153 ਕਿਲੋਗ੍ਰਾਮ ਰਸਾਇਣ ਅਤੇ ਨਿਰਮਾਣ ਪ੍ਰਕਿਰਿਆ ਵਿੱਚ ਇਸਤੇਮਾਲ ਹੋਣ ਵਾਲੀ ਇੱਕ ਮਸ਼ੀਨ ਵੀ ਮਿਲੀ। ਇੱਕ ਹੋਰ ਦੋਸ਼ੀ ਦੇ ਟਿਕਾਣੇ ਦੀ ਤਲਾਸ਼ੀ ਲੈਣ ‘ਤੇ ਲਗਭਗ 168 ਕਿਲੋਗ੍ਰਾਮ ਕੱਚੇ ਰਸਾਇਣ ਦੀ ਇੱਕ ਹੋਰ ਵੱਡੀ ਖੇਪ ਜ਼ਬਤ ਕੀਤੀ ਗਈ। ਇਸ ਗੁਪਤ ਨਿਰਮਾਣ ਇਕਾਈ ਨਾਲ ਜੁੜੇ ਦੋ ਲੋਕਾਂ ਨੂੰ ਐੱਨਡੀਪੀਐੱਸ ਐਕਟ, 1985 ਦੇ ਪ੍ਰਾਵਧਾਨਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।
ਵੱਡੀ ਮਾਤਰਾ ਵਿੱਚ ਤਿਆਰ ਨਸ਼ੀਲੇ ਪਦਾਰਥ, ਅੰਸ਼ਿਕ ਤੌਰ ‘ਤੇ ਤਿਆਰ ਸਮੱਗਰੀ, ਕੱਚੇ ਰਸਾਇਣਾਂ ਅਤੇ ਨਿਰਮਾਣ ਉਪਕਰਣਾਂ ਦੀ ਬਰਾਮਦਗੀ ਤੋਂ ਪਤਾ ਲੱਗਦਾ ਹੈ ਕਿ ਇੱਥੇ ਇੱਕ ਸੰਗਠਿਤ ਅਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਇਸ ਕਾਰਵਾਈ ਨੇ ਗੈਰ ਕਾਨੂੰਨੀ ਨਸ਼ਿਆ ਦੇ ਸਿਸਟਮ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਇੱਕ ਵੱਡੀ ਗੁਪਤ ਨਿਰਮਾਣ ਇਕਾਈ ਨੂੰ ਨਸ਼ਟ ਕਰਕੇ, ਗੈਰ ਕਾਨੂੰਨੀ ਸਪਲਾਈ ਚੇਨ ਨਾਲ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਕੱਚੇ ਰਸਾਇਣਾਂ ਨੂੰ ਹਟਾ ਕੇ ਅਤੇ ਸਿੰਥੈਟਿਕ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਨੂੰ ਰੋਕ ਕੇ ਇਸ ਸਿਸਟਮ ਨੂੰ ਕਮਜ਼ੋਰ ਕੀਤਾ ਗਿਆ ਹੈ।
************
ਕੇਟੀ/ਕੇਐੱਮਐੱਨ/ਏਕੇ