Posted On:
29 OCT 2026 3:33PM by PIB Chandigarh
ਸਮਾਵੇਸ਼ੀ, ਪਹੁੰਚਯੋਗ ਅਤੇ ਵਿਸ਼ਵ ਪੱਧਰੀ ਸਿਹਤ ਸੰਭਾਲ ਪ੍ਰਣਾਲੀ ਦੇ ਨਿਰਮਾਣ ਲਈ ਭਾਰਤ ਸਰਕਾਰ ਦੇ ਨਿਰੰਤਰ ਯਤਨਾਂ ਅਤੇ ਅਣਥੱਕ ਸਮਰਪਣ ਦੇ ਬਲ ‘ਤੇ, ਆਯੁਸ਼ਮਾਨ ਵਯ ਵੰਦਨਾ ਯੋਜਨਾ ਨੇ ਅੱਜ ਸਫਲਤਾਪੂਰਵਕ ਆਪਣੇ ਦੋ ਵਰ੍ਹੇ ਪੂਰੇ ਕਰ ਲਏ ਹਨ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 29 ਅਕਤੂਬਰ 2024 ਨੂੰ ਸ਼ੁਰੂ ਕੀਤੀ ਗਈ ਇਸ ਪਰਿਵਰਤਨਕਾਰੀ ਪਹਿਲਕਦਮੀ ਰਾਹੀਂ, ਇਤਿਹਾਸਕ ‘ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ’ (AB PM-JAY) ਦੇ ਲਾਭ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਹਰ ਨਾਗਰਿਕ ਤੱਕ ਵਿਸਤਾਰਿਤ ਕੀਤੇ ਗਏ ਹਨ, ਭਾਵੇਂ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਕੋਈ ਵੀ ਹੋਵੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਰਾਸ਼ਟਰੀ ਸਿਹਤ ਅਥਾਰਿਟੀ (NHA) ਦੁਆਰਾ ਲਾਗੂ ਕੀਤੀ ਗਈ ਇਹ ਪਹਿਲ, ਦੇਸ਼ ਭਰ ਵਿੱਚ ਲਗਭਗ 4.5 ਕਰੋੜ ਪਰਿਵਾਰਾਂ ਨਾਲ ਸਬੰਧਿਤ ਲਗਭਗ 6 ਕਰੋੜ ਸੀਨੀਅਰ ਨਾਗਰਿਕਾਂ ਲਈ ਸਿਹਤ ਕਵਰੇਜ ਦੇ ਵਿਸਥਾਰ ਅਤੇ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਆਯੁਸ਼ਮਾਨ ਵਯ ਵੰਦਨਾ ਯੋਜਨਾ ਦੇ ਤਹਿਤ, 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕ ਸੈਕੰਡਰੀ ਅਤੇ ਟੈਰਟੇਰੀ ਕੇਅਰ ਹਸਪਤਾਲ ਦਾਖਲੇ ਲਈ ਪ੍ਰਤੀ ਪਰਿਵਾਰ ਪ੍ਰਤੀ ਵਰ੍ਹੇ 5 ਲੱਖ ਰੁਪਏ ਤੱਕ ਦੇ ਸਿਹਤ ਕਵਰੇਜ ਦੇ ਯੋਗ ਹਨ।
ਉਨ੍ਹਾਂ ਪਰਿਵਾਰਾਂ ਨਾਲ ਸਬੰਧਿਤ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਜੋ ਪਹਿਲਾਂ ਤੋਂ ਹੀ AB PM-JAY ਦੇ ਤਹਿਤ ਕਵਰ ਹਨ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਆਪਣੇ ਲਈ ਪ੍ਰਤੀ ਵਰ੍ਹੇ 5 ਲੱਖ ਰੁਪਏ ਦਾ ਵਾਧੂ ਟੌਪ-ਅੱਪ ਕਵਰ ਉਪਲਬਧ ਹੈ, ਜੋ 70 ਵਰ੍ਹੇ ਤੋਂ ਘੱਟ ਉਮਰ ਦੇ ਪਰਿਵਾਰ ਦੇ ਹੋਰ ਮੈਂਬਰਾਂ ਲਈ ਉਪਲਬਧ ਕਵਰ ਤੋਂ ਵੱਖਰਾ ਹੈ। ਇਹ ਪ੍ਰਾਵਧਾਨ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਯੋਗ ਸੀਨੀਅਰ ਨਾਗਰਿਕਾਂ ਲਈ ਯੋਜਨਾ ਦੀ ਵਿੱਤੀ ਸੁਰੱਖਿਆ ਦਾ ਵਿਸਥਾਰ ਕਰਦਾ ਹੈ, ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰਾਂ ਲਈ ਉਪਲਬਧ ਕਵਰੇਜ ਨੂੰ ਵੀ ਸੁਰੱਖਿਅਤ ਰੱਖਦਾ ਹੈ।
20 ਅਕਤੂਬਰ 2026 ਤੱਕ, ਇਸ ਪਹਿਲਕਦਮੀ ਦੇ ਤਹਿਤ ਯੋਜਨਾ ਦੇ ਅਧੀਨ ਯੋਗ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੁਆਰਾ ਹਸਪਤਾਲ ਸੇਵਾਵਾਂ ਦੀ ਵਰਤੋਂ ਨੂੰ ਦਰਸਾਉਂਦੇ ਹੋਏ 23.46 ਲੱਖ ਅਧਿਕਾਰਤ ਹਸਪਤਾਲ ਦਾਖਲੇ ਦਰਜ ਕੀਤੇ ਗਏ ਹਨ। ਇਨ੍ਹਾਂ ਦਾਖਲਿਆਂ ਦੀ ਕੁੱਲ ਕੀਮਤ 5,668.80 ਕਰੋੜ ਰੁਪਏ ਹੈ, ਜੋ ਯੋਜਨਾ ਦੇ ਤਹਿਤ ਅਧਿਕਾਰਤ ਹਸਪਤਾਲ ਦੇਖਭਾਲ ਦੀ ਕੀਮਤ ਨੂੰ ਦਰਸਾਉਂਦੀ ਹੈ।
ਮੋਤੀਆਬਿੰਦ ਦੀ ਸਰਜਰੀ ਸਭ ਤੋਂ ਵੱਧ ਲਈ ਜਾਣ ਵਾਲੀ ਪ੍ਰਕਿਰਿਆ ਹੈ, ਜਿਸ ਵਿੱਚ 4.71 ਲੱਖ ਇਲਾਜ ਕੁੱਲ ਅਧਿਕਾਰਤ ਇਲਾਜਾਂ ਦਾ ਲਗਭਗ 20.1 ਪ੍ਰਤੀਸ਼ਤ ਹਨ। ਇਨ੍ਹਾਂ ਪ੍ਰਕਿਰਿਆਵਾਂ ਦੀ ਗਿਣਤੀ ਇਹ ਦਰਸਾਉਂਦੀ ਹੈ ਕਿ ਇਹ ਪਹਿਲਕਦਮੀ ਬਜ਼ੁਰਗਾਂ ਵਿੱਚ ਅੱਖਾਂ ਦੀ ਦੇਖਭਾਲ ਤੱਕ ਪਹੁੰਚ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਮੀ ਨੂੰ ਦੂਰ ਕਰ ਰਹੀ ਹੈ।
ਕ੍ਰੋਨਿਕ ਹੈਮੋਡਾਇਲਾਇਸਿਸ ਦੂਜੇ ਨੰਬਰ 'ਤੇ ਹੈ, ਜਿਸ ਦੇ ਲਗਭਗ 2.90 ਲੱਖ ਇਲਾਜ ਹੋਏ ਹਨ। ਇਹ ਉਨ੍ਹਾਂ ਲਾਭਪਾਤਰੀਆਂ ਨੂੰ ਨਿਰੰਤਰ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਕਿਡਨੀ ਦੀ ਬਿਮਾਰੀ ਲਈ ਨਿਯਮਿਤ ਤੌਰ 'ਤੇ ਹਸਪਤਾਲ-ਅਧਾਰਿਤ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ।
ਅਧਿਕਾਰਤ ਮੁੱਲ (ਆਥੋਰਾਈਜ਼ਡ ਵੈਲਿਊ) ਦੇ ਮਾਮਲੇ ਵਿੱਚ, ਪਰਕਿਊਟੇਨੀਅਸ ਟ੍ਰਾਂਸਲੂਮਿਨਲ ਕੋਰੋਨਰੀ ਐਂਜੀਓਪਲਾਸਟੀ (PTCA) ਦਾ ਸਭ ਤੋਂ ਵੱਡਾ ਹਿੱਸਾ ਹੈ, ਜੋ ਲਗਭਗ 649 ਕਰੋੜ ਰੁਪਏ ਹੈ। ਇਹ ਲਾਭਪਾਤਰੀਆਂ ਨੂੰ ਵਿਸ਼ੇਸ਼ ਦਿਲ ਦੀ ਦੇਖਭਾਲ (ਕਾਰਡੀਅਕ ਕੇਅਰ) ਦੀ ਉੱਚ ਲਾਗਤ ਤੋਂ ਬਚਾਉਣ ਵਿੱਚ ਇਸ ਪਹਿਲਕਦਮੀ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।
ਹੋਰ ਪ੍ਰਮੁੱਖ ਇਲਾਜ ਸ਼੍ਰੇਣੀਆਂ ਵਿੱਚ ਕੁੱਲ ਗੋਡਾ ਬਦਲਣਾ (ਟੋਟਲ ਨੀ ਰਿਪਲੇਸਮੈਂਟ), ਕ੍ਰੋਨਿਕ ਓਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ (COPD) ਦਾ ਗੰਭੀਰ ਪ੍ਰਕੋਪ (ਐਕਿਊਟ ਐਕਸਸਰਬੇਸ਼ਨ), ਤੀਬਰ ਬੁਖਾਰ ਵਾਲੀ ਬਿਮਾਰੀ (ਐਕਿਊਟ ਫੈਬ੍ਰਾਈਲ ਇਲਨੈੱਸ), ਅਤੇ ਤੀਬਰ ਕਿਡਨੀ ਦੀ ਸੱਟ (ਐਕਿਊਟ ਕਿਡਨੀ ਇੰਜਰੀ) ਅਤੇ ਕਿਡਨੀ ਦੀ ਅਸਫਲਤਾ (ਰੀਨਲ ਫੇਲ੍ਹਅਰ) ਸ਼ਾਮਲ ਹਨ। ਕੁੱਲ ਮਿਲਾ ਕੇ, ਇਹ ਪ੍ਰਕਿਰਿਆਵਾਂ ਰੁਟੀਨ ਸਰਜੀਕਲ ਦਖਲਅੰਦਾਜ਼ੀ ਤੋਂ ਲੈ ਕੇ ਜਟਿਲ ਅਤੇ ਗੰਭੀਰ ਸਥਿਤੀਆਂ ਦੇ ਪ੍ਰਬੰਧਨ ਤੱਕ, ਹਸਪਤਾਲ ਦੀ ਦੇਖਭਾਲ ਦੀ ਪੂਰੀ ਲੜੀ ਨੂੰ ਕਵਰ ਕਰਦੀਆਂ ਹਨ।
ਇਸ ਮੌਕੇ ਬੋਲਦਿਆਂ, ਰਾਸ਼ਟਰੀ ਸਿਹਤ ਅਥਾਰਿਟੀ (NHA) ਦੇ ਸੀਈਓ, ਡਾ. ਸੁਨੀਲ ਕੁਮਾਰ ਬਰਨਵਾਲ ਨੇ ਕਿਹਾ, “ਆਯੁਸ਼ਮਾਨ ਵਯ ਵੰਦਨਾ ਇਹ ਯਕੀਨੀ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਸਾਕਾਰ ਕਰਦੀ ਹੈ ਕਿ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ ਸਨਮਾਨ, ਸੁਰੱਖਿਆ ਅਤੇ ਮਨ ਦੀ ਸ਼ਾਂਤੀ ਨਾਲ ਸਿਹਤ ਦੇਖਭਾਲ ਪ੍ਰਾਪਤ ਕਰ ਸਕਣ। ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਯੋਗ ਨਾਗਰਿਕਾਂ ਤੱਕ AB PM-JAY ਕਵਰੇਜ ਦਾ ਵਿਸਥਾਰ ਕਰਕੇ, ਇਹ ਪਹਿਲਕਦਮੀ ਬਜ਼ੁਰਗ ਪਰਿਵਾਰਾਂ ਲਈ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ। ਇਹ ਇੱਕ ਵਧੇਰੇ ਸਮਾਵੇਸ਼ੀ ਸਿਹਤ ਪ੍ਰਣਾਲੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਸਾਡੇ ਸੀਨੀਅਰ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਪਛਾਣਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਵਿੱਤੀ ਰੁਕਾਵਟਾਂ ਜ਼ਰੂਰੀ ਹਸਪਤਾਲ ਦੇਖਭਾਲ ਦੇ ਰਾਹ ਵਿੱਚ ਨਾ ਆਉਣ।”
AB PM-JAY ਦੇ ਲਾਭਾਂ ਦਾ ਵਿਸਥਾਰ ਸਾਰੇ ਯੋਗ ਸੀਨੀਅਰ ਨਾਗਰਿਕਾਂ ਤੱਕ ਕਰਕੇ, ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾ, ਆਯੁਸ਼ਮਾਨ ਵਯ ਵੰਦਨਾ ਸਮਾਵੇਸ਼ੀ ਸਿਹਤ ਦੇਖਭਾਲ ਅਤੇ ਬੁਢਾਪੇ ਵਿੱਚ ਵਿੱਤੀ ਸੁਰੱਖਿਆ ਦੇ ਪ੍ਰਤੀ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਜਿਵੇਂ-ਜਿਵੇਂ ਇਹ ਪਹਿਲਕਦਮੀ ਆਪਣੇ ਤੀਜੇ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੀ ਹੈ, ਇਹ ਜਨਤਕ ਤੌਰ ‘ਤੇ ਫੰਡ ਪ੍ਰਾਪਤ ਹੈਲਥ ਕਵਰੇਜ ਦੇ ਦਾਇਰੇ ਨੂੰ ਵਧਾਉਣਾ ਅਤੇ ਸੀਨੀਅਰ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਹਸਪਤਾਲ ਵਿੱਚ ਭਰਤੀ ਹੋਣ ਦੇ ਵਿੱਤੀ ਬੋਝ ਨੂੰ ਘਟਾਉਣਾ ਜਾਰੀ ਰੱਖੇਗੀ।
************
ਐਐੱਸਆਰ/ਏਕੇ