ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਈ85/ਈ100 ਫਲੈਕਸ ਫਿਊਲ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਵਿੱਚ ਬਦਲਾਅ ਕੀਤਾ

Posted On: 26 OCT 2026 6:38PM by PIB Chandigarh

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਵਿੱਚ ਸੋਧ ਕਰਨ ਲਈ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਦਾ ਉਦੇਸ਼ ਫਲੈਕਸ-ਫਿਊਲ ਵਾਹਨਾਂ ਨੂੰ ਅਪਣਾਉਣਾ ਹੈ ਜੋ ਈ85 ਅਤੇ ਇਸ ਤੋਂ ਵੱਧ ਈਥਾਨੌਲ ਵਾਲੇ ਹੋਰ ਬਾਲਣਾਂ ਦੀ ਵਰਤੋਂ ਕਰ ਸਕਦੇ ਹਨ। ਇਨ੍ਹਾਂ ਸੋਧਾਂ ਦੇ ਤਹਿਤ, ਨਿਕਾਸ ਪ੍ਰਮਾਣੀਕਰਣ ਨਿਯਮਾਂ ਨੂੰ ਅਪਡੇਟ ਕੀਤਾ ਗਿਆ ਹੈ ਜਿਸ ਵਿੱਚ ਸਪਸ਼ਟ ਤੌਰ ’ਤੇ ਈ85 ਦੇ ਨਾਲ-ਨਾਲ ਈ100 ਨੂੰ ਵੀ ਸ਼ਾਮਲ ਕੀਤਾ  ਗਿਆ ਹੈ। ਇਨ੍ਹਾਂ ਬਾਲਣਾਂ ਲਈ ਪ੍ਰਮਾਣਿਤ ਵਾਹਨਾਂ ਨੂੰ ਆਪਣੀ ਸ਼੍ਰੇਣੀ ’ਤੇ ਲਾਗੂ ਹੋਣ ਵਾਲੇ ਨਿਕਾਸ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ।

ਈ85 ਪੈਟਰੋਲ ਅਤੇ ਈਥਾਨੌਲ ਦਾ ਇੱਕ ਮਿਸ਼ਰਣ ਹੈ, ਜਿਸ ਵਿੱਚ ਮਾਤਰਾ ਦੇ ਹਿਸਾਬ ਨਾਲ 85 ਫ਼ੀਸਦੀ ਤੱਕ ਈਥਾਨੌਲ ਹੁੰਦਾ ਹੈ। ਇੱਥੇ "ਈ" ਅੱਖਰ ਦਾ ਮਤਲਬ ਈਥਾਨੌਲ ਹੈ, ਜਦ ਕਿ ‘ਗਿਣਤੀ’ ਬਾਲਣ ਵਿੱਚ ਇਸ ਦੀ ਮਾਤਰਾ ਨੂੰ ਦਰਸਾਉਂਦੀ ਹੈ।

ਬ੍ਰਾਜ਼ੀਲ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਫਲੈਕਸ-ਫਿਊਲ ਤਕਨਾਲੋਜੀ ਦੀ ਵਰਤੋਂ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ। ਇਨ੍ਹਾਂ ਵਾਹਨਾਂ ਨੂੰ ਵਿਸ਼ੇਸ਼ ਤੌਰ ’ਤੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਇੱਕ ਹੀ ਬਾਲਣ ਟੈਂਕ ਦੀ ਵਰਤੋਂ ਕਰਕੇ ਈਥਾਨੌਲ ਅਤੇ ਪੈਟਰੋਲ ਦੇ ਵੱਖ-ਵੱਖ ਮਿਸ਼ਰਣਾਂ 'ਤੇ ਚੱਲ ਸਕਣ। ਵਾਹਨ ਦੇ ਡਿਜ਼ਾਈਨ ਅਤੇ ਪ੍ਰਮਾਣੀਕਰਨ ਦੇ ਆਧਾਰ ’ਤੇ, ਇਹ ਮਿਸ਼ਰਣ ਈ85 ਜਾਂ ਈ100 ਤੱਕ ਹੋ ਸਕਦਾ ਹੈ, ਜਿਸ ਵਿੱਚ ਮੁੱਖ ਤੌਰ ’ਤੇ ਈਥਾਨੌਲ ਹੁੰਦਾ ਹੈ। ਇਸ ਦੀ ਬਾਲਣ ਪ੍ਰਣਾਲੀ ਦੇ ਪੁਰਜ਼ੇ ਅਤੇ ਸਮਗਰੀ ਨੂੰ ਮਾਨਤਾ ਪ੍ਰਾਪਤ ਮਿਸ਼ਰਣਾਂ ਦੇ ਹਿਸਾਬ ਨਾਲ ਚੁਣਿਆ ਜਾਂਦਾ ਹੈ ਅਤੇ ਇੰਜਣ ਕੰਟਰੋਲ ਪ੍ਰਣਾਲੀ ਆਪਣੇ ਆਪ ਬਾਲਣ ਦੀ ਬਣਤਰ ਅਨੁਸਾਰ ਕੰਮ ਕਰਨ ਦੇ ਤਰੀਕੇ ਨੂੰ ਐਡਜਸਟ ਕਰ ਲੈਂਦੀ ਹੈ। ਇਸ ਨਾਲ ਉਪਭੋਗਤਾਵਾਂ ਨੂੰ ਇਹ ਸੁਵਿਧਾ ਮਿਲਦੀ ਹੈ ਕਿ ਉਹ ਨਿਰਮਾਤਾ ਵੱਲੋਂ ਪ੍ਰਮਾਣਿਤ ਅਤੇ ਐਲਾਨੀ ਗਈ ਸੀਮਾ ਵਿੱਚ ਅੰਦਰ ਆਪਣੀ ਪਸੰਦ ਦਾ ਬਾਲਣ ਚੁਣ ਸਕਣ।

ਦੇਸ਼ ਵਿੱਚ ਤਿਆਰ ਈਥਾਨੌਲ ਦੀ ਵੱਧ ਵਰਤੋਂ, ਆਯਾਤ ਕੀਤੇ ਕੱਚੇ ਤੇਲ ’ਤੇ ਨਿਰਭਰਤਾ ਨੂੰ ਘਟਾ ਸਕਦੀ ਹੈ। ਈਥਾਨੌਲ ਲਈ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਗਏ ਵਾਹਨਾਂ ਵਿੱਚ ਇਸ ਦੀ ਵਰਤੋਂ ਕਰਨ ਨਾਲ ਕੁਝ ਹਾਨੀਕਾਰਕ ਪ੍ਰਦੂਸ਼ਣ ਵਿੱਚ ਕਮੀ ਆ ਸਕਦੀ ਹੈ। ਨਾਲ ਹੀ, ਕੱਚੇ ਮਾਲ ਅਤੇ ਉਤਪਾਦਨ ਪ੍ਰਕਿਰਿਆ ਦੇ ਆਧਾਰ ’ਤੇ, ਈਥਾਨੌਲ ਦੇ ਉਤਪਾਦਨ ਅਤੇ ਵਰਤੋਂ ਦੌਰਾਨ ਗ੍ਰੀਨਹਾਊਸ ਗੈਸਾਂ ਦੇ ਪ੍ਰਦੂਸ਼ਣ ਵਿੱਚ ਵੀ ਕਮੀ ਆ ਸਕਦੀ ਹੈ।

ਈ85/ਈ100 ਨੂੰ ਸਿਰਫ਼ ਉਨ੍ਹਾਂ ਵਾਹਨਾਂ ਵਿੱਚ ਹੀ ਵਰਤਿਆ ਜਾ ਸਕਦਾ ਹੈ ਜੋ ਖ਼ਾਸ ਤੌਰ ’ਤੇ ਇਸਦੀ ਵਰਤੋਂ ਲਈ ਡਿਜ਼ਾਈਨ ਕੀਤੇ ਗਏ ਅਤੇ ਪ੍ਰਮਾਣਿਤ ਹਨ।ਇਹ ਬਾਜ਼ਾਰ ਵਿੱਚ ਆਮ ਤੌਰ ’ਤੇ ਉਪਲਬਧ ਜਾਂ ਹੁਣ ਤੱਕ ਵਰਤੇ ਜਾ ਰਹੇ ਹੋਰ ਵਾਹਨਾਂ ਲਈ ਢੁਕਵਾਂ ਨਹੀਂ ਹੈ। ਕਿਸੇ ਵਾਹਨ ਦਾ ਈ10 ਜਾਂ ਈ20 ਦੇ ਅਨੁਕੂਲ ਹੋਣਾ ਉਸ ਨੂੰ ਈ85 ਲਈ ਵੀ ਢੁਕਵਾਂ ਨਹੀਂ ਬਣਾਉਂਦਾ। ਇਸ ਨੋਟੀਫ਼ਿਕੇਸ਼ਨ (ਅਧਿਸੂਚਨਾ) ਦੇ ਅਧੀਨ, ਮੌਜੂਦਾ ਵਾਹਨਾਂ ਦੇ ਮਾਲਕਾਂ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਵਰਤਮਾਨ ਵਿੱਚ ਜਾਂ ਭਵਿੱਖ ਵਿੱਚ ਈ85 ਦੀ ਵਰਤੋਂ ਸ਼ੁਰੂ ਕਰਨ ਜਾਂ ਆਪਣੇ ਵਾਹਨਾਂ ਵਿੱਚ ਕੋਈ ਬਦਲਾਅ ਕਰਨ। ਵਾਹਨ ਮਾਲਕਾਂ ਨੂੰ ਆਪਣੇ ਵਾਹਨ ’ਤੇ ਲੱਗੇ ਬਾਲਣ ਅਨੁਕੂਲਤਾ  ਸਟਿੱਕਰ ਨੂੰ ਦੇਖਣਾ ਚਾਹੀਦਾ ਹੈ ਅਤੇ ਪੈਟਰੋਲ ਪੰਪ ’ਤੇ ਬਾਲਣ ਦੀ ਚੋਣ ਕਰਦੇ ਸਮੇਂ, ਓਨਰ ਮੈਨੂਅਲ ਵਿੱਚ ਨਿਰਮਾਤਾ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।

ਇਸ ਨੋਟੀਫ਼ਿਕੇਸ਼ਨ ਵਿੱਚ ਬਾਇਓਡੀਜ਼ਲ ਨਾਲ ਸਬੰਧਿਤ ਪ੍ਰਬੰਧਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ ਅਤੇ ਤਕਨੀਕੀ ਸੁਧਾਰਾਂ ਕੀਤੇ ਗਏ ਹਨ। ਇਹ ਨਿਯਮ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਨ ਹੋਣ ਦੀ ਮਿਤੀ ਤੋਂ ਲਾਗੂ ਹੋ ਜਾਣਗੇ।

*****

ਜੀਡੀਐੱਚ/ਡੀਐੱਸ


(Release ID: 2329343) ਵਿਜ਼ੀਟਰ ਕਾਊਂਟਰ : 9