ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਅੰਦਰੂਨੀ ਮੱਛੀ ਪਾਲਣ ਵਿੱਚ ਨਿਵੇਸ਼, ਵੈਲਿਊ ਐਡੀਸ਼ਨਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਣ ਨਿਵੇਸ਼ਕ ਅਤੇ ਨਿਰਯਾਤਕ ਸੰਮੇਲਨ 2026 ਆਯੋਜਿਤ ਕੀਤਾ ਗਿਆ


ਮੱਧ ਪ੍ਰਦੇਸ਼ ਨੇ ਮੱਛੀ ਪਾਲਣ ਨਿਵੇਸ਼ ਅਤੇ ਨਿਰਯਾਤ ਦਿਸ਼ਾ-ਨਿਰਦੇਸ਼, 2026 ਜਾਰੀ ਕੀਤੇ; ਏਕੀਕ੍ਰਿਤ ਕੇਜ ਕਲਚਰ ਇਕਾਈਆਂ ਦਾ ਵਰਚੁਅਲ ਤੌਰ 'ਤੇ ਉਦਘਾਟਨ ਕੀਤਾ ਗਿਆ

ਕੇਂਦਰੀ ਮੱਛੀ ਪਾਲਣ ਵਿਭਾਗ ਨੇ ਅੰਦਰੂਨੀ ਰਾਜਾਂ ਦੀ ਨਿਰਯਾਤ ਸੰਭਾਵਨਾ ਨੂੰ ਵਧਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਾਰੀ ਕੀਤੀਆਂ

Posted On: 23 OCT 2026 3:17PM by PIB Chandigarh

ਮੱਧ ਪ੍ਰਦੇਸ਼ ਸਰਕਾਰ ਦੇ ਮੱਛੀ ਪਾਲਣ ਵਿਭਾਗ ਨੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਅਤੇ ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ ਦੇ ਸਹਿਯੋਗ ਨਾਲ ਅੱਜ ਭੋਪਾਲ ਵਿੱਚ ਮੱਛੀ ਪਾਲਣ ਨਿਵੇਸ਼ਕ ਅਤੇ ਨਿਰਯਾਤਕ ਸੰਮੇਲਨ 2026 ਦਾ ਆਯੋਜਨ ਕੀਤਾ। ਸੰਮੇਲਨ ਦਾ ਉਦੇਸ਼ ਅੰਦਰੂਨੀ ਮੱਛੀ ਪਾਲਣ ਖੇਤਰ ਵਿੱਚ ਨਿਵੇਸ਼, ਪ੍ਰੋਸੈੱਸਿੰਗ, ਵੈਲਿਊ ਐਡੀਸ਼ਨਅਤੇ ਨਿਰਯਾਤ ਦੇ ਮੌਕਿਆਂ ਨੂੰ ਮਜ਼ਬੂਤ ​​ਕਰਨਾ ਸੀ।

 

ਇਸ ਸੰਮੇਲਨ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ, ਕੇਂਦਰੀ ਰਾਜ ਮੰਤਰੀ ਪ੍ਰੋਫੈਸਰ ਐਸ.ਪੀ. ਸਿੰਘ ਬਘੇਲ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਮੱਛੀ ਪਾਲਣ ਭਲਾਈ ਅਤੇ ਮੱਛੀ ਪਾਲਣ ਵਿਕਾਸ ਵਿਭਾਗ ਮੰਤਰੀ ਸ਼੍ਰੀ ਨਾਰਾਇਣ ਸਿੰਘ ਪੰਵਾਰ ਸ਼ਾਮਲ ਹੋਏ। ਕੇਂਦਰੀ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਅਸ਼ੋਕ ਬਰਨਵਾਲ, ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਸੰਮੇਲਨ ਵਿੱਚ ਸ਼ਾਮਲ ਹੋਏ। ਭਾਰਤ ਅਤੇ ਵਿਦੇਸ਼ਾਂ ਤੋਂ ਨਿਵੇਸ਼ਕ, ਨਿਰਯਾਤਕ, ਮੱਛੀ ਪਾਲਕ, ਉੱਦਮੀ ਅਤੇ ਮੱਛੀ ਪਾਲਣ ਵੈਲਿਊ ਚੇਨ ਨਾਲ ਜੁੜੇ ਹਿਤਧਾਰਕਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ।


 

 

ਇਸ ਸੰਮੇਲਨ ਵਿੱਚ ਨਿਵੇਸ਼ਕ, ਨਿਰਯਾਤਕ, ਮਛੇਰੇ, ਮੱਧ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਇੱਕ ਹਜ਼ਾਰ ਤੋਂ ਵੱਧ ਮੱਛੀ ਪਾਲਕ, ਮੱਛੀ ਪਾਲਣ ਸਹਿਕਾਰੀ ਸਭਾਵਾਂ, ਮੱਛੀ ਉਤਪਾਦਕ ਸੰਗਠਨ, ਉੱਦਮੀ, ਸਟਾਰਟਅੱਪ, ਪ੍ਰੋਸੈੱਸਿੰਗ ਯੂਨਿਟ, ਵਿੱਤੀ ਸੰਸਥਾਵਾਂ, ਖੋਜ ਸੰਗਠਨ ਅਤੇ ਮੱਛੀ ਪਾਲਣ ਖੇਤਰ ਨਾਲ ਜੁੜੇ ਹੋਰ ਹਿਤਧਾਰਕ ਇਕੱਠੇ ਹੋਏ।

 

ਸਾਲ 2024-25 ਵਿੱਚ ਭਾਰਤ ਦਾ ਕੁੱਲ ਮੱਛੀ ਉਤਪਾਦਨ 197.75 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਿਆ ਸੀ, ਜਿਸ ਵਿੱਚ ਅੰਦਰੂਨੀ ਮੱਛੀ ਪਾਲਣ ਦਾ ਯੋਗਦਾਨ 151.60 ਲੱਖ ਮੀਟ੍ਰਿਕ ਟਨ ਰਿਹਾ। ਇਹ ਦੇਸ਼ ਦੇ ਕੁੱਲ ਮੱਛੀ ਉਤਪਾਦਨ ਦਾ ਲਗਭਗ ਤਿੰਨ-ਚੌਥਾਈ ਹਿੱਸਾ ਹੈ। ਭਾਰਤ ਦੇ ਸਮੁੰਦਰੀ ਭੋਜਨ ਨਿਰਯਾਤ 2025-26 ਵਿੱਚ ₹73,890 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਸੰਮੇਲਨ ਵਿੱਚ ਇਸ ਭਰਪੂਰ ਉਤਪਾਦਨ ਸੰਭਾਵਨਾ ਨੂੰ ਪ੍ਰੋਸੈੱਸਿੰਗ, ਕੋਲਡ ਸਟੋਰੇਜ ਬੁਨਿਆਦੀ ਢਾਂਚੇ, ਗੁਣਵੱਤਾ, ਬਾਜ਼ਾਰ ਪਹੁੰਚ ਅਤੇ ਨਿਰਯਾਤ ਨਾਲ ਜੋੜਨ 'ਤੇ ਜ਼ੋਰ ਦਿੱਤਾ ਗਿਆ ।

 

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਰਾਜੀਵ ਰੰਜਨ ਸਿੰਘ, ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਮੱਧ ਪ੍ਰਦੇਸ਼ ਮੱਛੀ ਪਾਲਣ ਨਿਵੇਸ਼ ਅਤੇ ਨਿਰਯਾਤ ਦਿਸ਼ਾ-ਨਿਰਦੇਸ਼, 2026, ਅਤੇ ਅੰਦਰੂਨੀ ਰਾਜ ਨਿਰਯਾਤ ਸੰਭਾਵਨਾ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਾਰੀ ਕੀਤੀਆਂ। ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਮੱਛੀ ਬੀਜ ਉਤਪਾਦਨ ਕੇਂਦਰਾਂ, ਮੱਛੀ ਬੀਜ ਅਤੇ ਫੀਡ, ਭੰਡਾਰ ਮੱਛੀ ਪਾਲਣ, ਕੇਜ ਕਲਚਰ, ਐਕੁਆਟਿਕ ਐਨੀਮਲ ਹੈਲਥ, ਪ੍ਰੋਸੈੱਸਿੰਗ, ਕੋਲਡ ਸਟੋਰੇਜ ਬੁਨਿਆਦੀ ਢਾਂਚਾ, ਆਵਾਜਾਈ ਅਤੇ ਲੌਜਿਸਟਿਕਸ, ਵੈਲਿਊ ਐਡੀਸ਼ਨ ਅਤੇ ਬਜ਼ਾਰ ਵਿਕਾਸ ਵਰਗੇ ਖੇਤਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਕੇਂਦਰ ਸਰਕਾਰ ਦੁਆਰਾ ਮੱਧ ਪ੍ਰਦੇਸ਼ ਨੂੰ ਇੱਕ ਜਲਭੰਡਾਰ ਮੱਛੀ ਪਾਲਣ ਕਲਸਟਰ ਵਜੋਂ ਨੋਟੀਫਾਈ  ਕੀਤਾ ਗਿਆ ਹੈ।

 

ਇਸ ਸਮਾਗਮ ਦੌਰਾਨ, ਏਕੀਕ੍ਰਿਤ ਕੇਜ ਕਲਚਰ ਯੂਨਿਟਾਂ (ਮੱਛੀ ਪਾਲਣ ਦੀ ਇੱਕ ਆਧੁਨਿਕ ਤਕਨੀਕ ਜਿਸ ਵਿੱਚ ਮੱਛੀਆਂ ਨੂੰ ਕੁਦਰਤੀ ਜਲ ਸਰੋਤਾਂ - ਨਦੀਆਂ, ਤਲਾਬਾਂ, ਝੀਲਾਂ, ਜਲ ਭੰਡਾਰਾਂ, ਜਾਂ ਸਮੁੰਦਰ ਨਾਲ ਘਿਰੇ ਜਾਲਾਂ ਅਤੇ ਤੈਰਦੇ ਢਾਂਚੇ ਦੀ ਵਰਤੋਂ ਕਰਕੇ ਮੱਛੀਆਂ ਨੂੰ ਪਾਲਿਆ ਜਾਂਦਾ ਹੈ) ਦਾ ਵੀ ਵਰਚੁਅਲ ਉਦਘਾਟਨ ਕੀਤਾ ਗਿਆ। ਮੱਧ ਪ੍ਰਦੇਸ਼ ਵਿੱਚ ਜਲ ਭੰਡਾਰਾਂ ਅਤੇ ਅੰਮ੍ਰਿਤ ਸਰੋਵਰਾਂ ਦੇ ਏਕੀਕ੍ਰਿਤ ਵਿਕਾਸ ਲਈ ਪ੍ਰਸ਼ਾਸਕੀ ਪ੍ਰਵਾਨਗੀ ਦਸਤਾਵੇਜ਼ ਵੀ ਸੌਂਪੇ ਗਏ।

ਕੇਂਦਰੀ ਮੱਛੀ ਪਾਲਣ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਕੇਂਦਰੀ ਬਜਟ 2026-27 ਵਿੱਚ ਐਲਾਨ ਦੇ ਅਨੁਸਾਰ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਮੱਧ ਪ੍ਰਦੇਸ਼ ਵਿੱਚ ਜਲ ਭੰਡਾਰਾਂ ਦੇ ਏਕੀਕ੍ਰਿਤ ਵਿਕਾਸ ਲਈ ਮੁੱਖ ਮੰਤਰੀ ਡਾ. ਮੋਹਨ ਯਾਦਵ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਸੌਂਪੀ। ਇਸ ਪਹਿਲਕਦਮੀ ਵਿੱਚ ਰਾਜ ਵਿੱਚ 49 ਜਲ ਭੰਡਾਰਾਂ ਦੇ ਵਿਕਾਸ ਲਈ ₹8,755.60 ਲੱਖ ਅਤੇ 5 ਅੰਮ੍ਰਿਤ ਸਰੋਵਰਾਂ ਦੇ ਵਿਕਾਸ ਲਈ ₹69 ਲੱਖ ਦੀ ਪ੍ਰਵਾਨਿਤ ਪ੍ਰੋਜੈਕਟ ਲਾਗਤ ਹੈ।

ਇਸ ਪਹਿਲ ਦਾ ਉਦੇਸ਼ ਜਲ ਭੰਡਾਰਾਂ ਦੀ ਮੱਛੀ ਉਤਪਾਦਨ ਸਮਰੱਥਾ ਨੂੰ ਵੱਧ ਤੋਂ ਵੱਧ ਉਪਯੋਗ, ਮੱਛੀ ਉਤਪਾਦਨ ਅਤੇ ਉਤਪਾਦਕਤਾ ਵਧਾਉਣਾ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨਾ, ਰੋਜ਼ੀ-ਰੋਟੀ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਰਾਜ ਵਿੱਚ ਮਛੇਰਿਆਂ ਅਤੇ ਮੱਛੀ ਪਾਲਕਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣਾ ਹੈ।

ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਅਤੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਮੱਛੀ ਪਾਲਣ ਖੇਤਰ ਨਾਲ ਸਬੰਧਿਤ ਵੱਖ-ਵੱਖ ਪਹਿਲਕਦਮੀਆਂ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਵੰਡੇ। ਇਨ੍ਹਾਂ ਵਿੱਚ ਮੱਛੀ ਪਾਲਣ ਲਈ ਕਿਸਾਨ ਕ੍ਰੈਡਿਟ ਕਾਰਡ, ਮੱਛੀ ਪਾਲਣ ਸਹਿਕਾਰੀ ਸਭਾਵਾਂ, ਮੱਛੀ ਪਾਲਣ ਖੇਤਰ ਦੇ ਸਟਾਰਟਅੱਪ ਅਤੇ ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿੱਧੀ ਯੋਜਨਾ ਅਧੀਨ ਪ੍ਰਦਰਸ਼ਨ ਗ੍ਰਾਂਟ ਦੇ ਲਾਭਪਾਤਰੀ ਸ਼ਾਮਲ ਸਨ।

  

 

ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਕਿਹਾ ਕਿ ਮੱਛੀ ਪਾਲਣ ਖੇਤਰ ਨਿਵੇਸ਼, ਉੱਦਮਤਾ, ਉਦਯੋਗਿਕ ਵਿਕਾਸ ਅਤੇ ਨਿਰਯਾਤ ਲਈ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਨੇ ਇਸ ਖੇਤਰ ਵਿੱਚ ਨਿਵੇਸ਼ਕਾਂ, ਨਿਰਯਾਤਕਾਂ, ਉੱਦਮੀਆਂ ਅਤੇ ਸਟਾਰਟਅੱਪਸ ਦੀ ਵੱਧ ਰਹੀ ਭਾਗੀਦਾਰੀ ਨੂੰ ਉਤਸ਼ਾਹਜਨਕ ਦੱਸਿਆ। ਜਲ ਸਰੋਤ ਪ੍ਰਬੰਧਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਰਾਜ ਦੀ ਸਿੰਚਾਈ ਸਮਰੱਥਾ 60 ਲੱਖ ਹੈਕਟੇਅਰ ਤੱਕ ਵਧ ਗਈ ਹੈ, ਜਿਸ ਨੂੰ ਰਾਜ ਸਰਕਾਰ ਦੇ ਕਾਰਜਕਾਲ ਦੇ ਅੰਤ ਤੱਕ 100 ਲੱਖ ਹੈਕਟੇਅਰ ਤੱਕ ਪਹੁੰਚਣ ਦਾ ਟੀਚਾ ਹੈ। ਕੇਨ-ਬੇਤਵਾ ਅਤੇ ਪਾਰਵਤੀ-ਕਾਲੀਸਿੰਧ-ਚੰਬਲ ਨਦੀ ਜੋੜਨ ਵਾਲੇ ਪ੍ਰੋਜੈਕਟਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਲ ਭੰਡਾਰਾਂ ਨੂੰ ਵਿਕਸਿਤ ਕਰਨ ਅਤੇ ਰਵਾਇਤੀ ਜਲ ਸਰੋਤਾਂ ਦੀ ਸੰਭਾਲ ਦੇ ਯਤਨਾਂ ਨਾਲ ਪਾਣੀ ਦੀ ਉਪਲਬਧਤਾ ਵਧੇਗੀ ਅਤੇ ਮੱਛੀ ਪਾਲਣ ਲਈ ਨਵੇਂ ਮੌਕੇ ਪੈਦਾ ਹੋਣਗੇ।

 

ਡਾ. ਮੋਹਨ ਯਾਦਵ ਨੇ ਇਸ ਮੌਕੇ ਤਿੰਨ ਵੱਡੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ। ਇਹ ਮੱਛੀ ਪਾਲਣ ਨੂੰ ਫੂਡ ਪ੍ਰੋਸੈੱਸਿੰਗ ਉਦਯੋਗ ਨਾਲ ਜੋੜ ਕੇ ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ, ਪੈਕੇਜਿੰਗ, ਕੋਲਡ ਚੇਨ ਬੁਨਿਆਦੀ ਢਾਂਚਾ ਅਤੇ ਵੰਡ ਪ੍ਰਣਾਲੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਮੱਛੀ ਪਾਲਣ ਉੱਦਮਾਂ ਨੂੰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਢਾਂਚੇ ਦੇ ਤਹਿਤ ਜ਼ਮੀਨ ਅਤੇ ਹੋਰ ਸਹੂਲਤਾਂ ਸਮੇਤ ਸਹਾਇਤਾ ਅਤੇ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਣਗੇ। ਮੱਧ ਪ੍ਰਦੇਸ਼ ਮੱਛੀ ਪਾਲਣ ਨੀਤੀ 2026 ਲਾਗੂ ਕੀਤੀ ਜਾਵੇਗੀ, ਜੋ ਮੱਛੀ ਪਾਲਣ ਉੱਦਮਾਂ ਨੂੰ ਜ਼ਮੀਨ ਦੀ ਵੰਡ ਅਤੇ ਜ਼ਰੂਰੀ ਸਹੂਲਤਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਉਪਾਅ ਰਾਜ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ, ਰੁਜ਼ਗਾਰ ਪੈਦਾ ਕਰਨ ਅਤੇ ਮੱਛੀ ਪਾਲਣ ਅਤੇ ਜਲ-ਖੇਤੀ ਦੀ ਸੰਭਾਵਨਾ ਦੀ ਪੂਰੀ ਵਰਤੋਂ ਕਰਨ ਵਿੱਚ ਮਦਦ ਕਰਨਗੇ।

 

ਸ਼੍ਰੀ ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਭਾਰਤ 130 ਦੇਸ਼ਾਂ ਨੂੰ ਮੱਛੀ ਨਿਰਯਾਤ ਕਰਦਾ ਹੈ, ਪਰ ਦੇਸ਼ ਦੇ ਅੰਦਰੂਨੀ ਰਾਜ ਕੁੱਲ ਮੱਛੀ ਨਿਰਯਾਤ ਦਾ ਸਿਰਫ 2 ਪ੍ਰਤੀਸ਼ਤ ਹਨ, ਹਾਲਾਂਕਿ ਇਨ੍ਹਾਂ ਰਾਜਾਂ ਵਿੱਚ ਮੱਛੀ ਉਤਪਾਦਨ ਵਿੱਚ 147 ਪ੍ਰਤੀਸ਼ਤ ਵਾਧਾ ਹੋਇਆ ਹੈ। ਉਨ੍ਹਾਂ ਨੇ ਵਿਗਿਆਨਕ ਤਰੀਕਿਆਂ ਰਾਹੀਂ ਕੇਜ ਕਲਚਰ ਅਤੇ ਪੈੱਨ ਕਲਚਰ (ਮੱਛੀ ਪਾਲਣ ਦਾ ਇੱਕ ਤਰੀਕਾ ਜਿਸ ਵਿੱਚ ਮੱਛੀ ਜਾਂ ਹੋਰ ਜਲ-ਜੀਵਾਂ ਨੂੰ ਕੁਦਰਤੀ ਜਲ ਸਰੋਤ ਜਾਂ ਘੱਟ ਖੋਖਲੇ ਤੱਟਵਰਤੀ ਖੇਤਰ ਦੇ ਇੱਕ ਹਿੱਸੇ ਨੂੰ ਘੇਰ ਕੇ ਪਾਲਿਆ ਜਾਂਦਾ ਹੈ) ਵਰਗੇ ਜਲ ਭੰਡਾਰਾਂ ਅਤੇ ਵੱਡੇ ਤਾਲਾਬਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਤਪਾਦਕਤਾ ਵਧਾਉਣ ਅਤੇ ਮੱਛੀ ਪਾਲਕਾਂ ਨੂੰ ਨਿਵੇਸ਼ਕਾਂ, ਪ੍ਰੋਸੈੱਸਰਾਂ ਅਤੇ ਨਿਰਯਾਤਕਾਂ ਨਾਲ ਜੋੜਨ ਦਾ ਸੱਦਾ ਦਿੱਤਾ। ਮੱਧ ਪ੍ਰਦੇਸ਼ ਦੀ ਮੱਛੀ ਪਾਲਣ ਨਿਵੇਸ਼ ਅਤੇ ਨਿਰਯਾਤ ਪ੍ਰਮੋਸ਼ਨ ਨੀਤੀ 2026 ਦਾ ਸਵਾਗਤ ਕਰਦੇ ਹੋਏ, ਸ਼੍ਰੀ ਰਾਜੀਵ ਰੰਜਨ ਸਿੰਘ ਨੇ ਕਿਹਾ ਕਿ ਮੱਛੀ ਪਾਲਣ ਨੂੰ ਇੱਕ ਉਦਯੋਗ ਵਜੋਂ ਮਾਨਤਾ ਦੇਣਾ ਅਤੇ ਇਸਨੂੰ ਯੋਜਨਾਬੱਧ ਢੰਗ ਨਾਲ ਵਿਕਸਿਤ ਕਰਨਾ ਨਿਵੇਸ਼ ਨੂੰ ਆਕਰਸ਼ਿਤ ਕਰਨ, ਰੁਜ਼ਗਾਰ ਪੈਦਾ ਕਰਨ ਅਤੇ ਆਮਦਨ ਵਧਾਉਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਗੁਣਵੱਤਾ ਵਾਲੇ ਮੱਛੀ ਉਤਪਾਦਨ, ਕੁਸ਼ਲ ਲੌਜਿਸਟਿਕਸ, ਮੁੱਲ ਜੋੜਨ, ਤਿਆਰ-ਪਕਾਉਣ ਵਾਲੇ ਮੱਛੀ ਉਤਪਾਦਾਂ ਅਤੇ ਅੰਤਰਰਾਸ਼ਟਰੀ ਬਜ਼ਾਰ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਇੱਕ ਭਰੋਸੇਯੋਗ ਸਪਲਾਈ ਚੇਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਤਪਾਦ ਪਛਾਣ ਅਤੇ ਸਪਲਾਈ ਲੜੀ ਟ੍ਰੇਸੇਬਿਲਟੀ ਨਿਰਯਾਤ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਮਹੱਤਵਪੂਰਨ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਨੈਸ਼ਨਲ ਐਕੁਆਕਲਚਰ ਟ੍ਰੇਸੇਬਿਲਟੀ ਫ੍ਰੇਮਵਰਕ 2025 ਅਤੇ ਨੈਸ਼ਨਲ ਫਿਸ਼ਰੀਜ਼ ਡਿਜੀਟਲ ਪਲੈਟਫਾਰਮ ਦਾ ਹਵਾਲਾ ਦਿੱਤਾ, ਜੋ ਕਿ ਪੂਰੀ ਐਕੁਆਕਲਚਰ ਵੈਲਿਊ ਚੇਨ ਵਿੱਚ ਡਿਜੀਟਲ ਦਸਤਾਵੇਜ਼ੀਕਰਣ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ ਅੰਦਰੂਨੀ ਰਾਜਾਂ ਦੇ ਨਿਰਯਾਤਕਾਂ ਨੂੰ ਮਾਰਕੀਟ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ।

 

ਸ਼੍ਰੀ ਰਾਜੀਵ ਰੰਜਨ ਸਿੰਘ ਨੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਪੰਜ ਮੁੱਖ ਤਰਜੀਹਾਂ ਦਾ ਜ਼ਿਕਰ ਕੀਤਾ। ਇਨ੍ਹਾਂ ਵਿੱਚ ਮਿੱਠੇ ਪਾਣੀ ਦੀਆਂ ਮੱਛੀਆਂ ਦੀਆਂ ਕਿਸਮਾਂ ਅਤੇ ਟੀਚਾ ਬਜ਼ਾਰਾਂ ਦੀ ਪਛਾਣ ਕਰਨਾ, ਮੱਛੀ ਸੰਗ੍ਰਹਿ ਕੇਂਦਰਾਂ ਅਤੇ ਵੱਡੇ ਪੱਧਰ 'ਤੇ ਪ੍ਰੋਸੈੱਸਿੰਗ ਕੇਂਦਰਾਂ ਦਾ ਵਿਕਾਸ ਕਰਨਾ, ਮੱਛੀ ਕਿਸਾਨਾਂ, ਸਹਿਕਾਰੀ, ਨਿਵੇਸ਼ਕਾਂ ਅਤੇ ਨਿਰਯਾਤਕਾਂ ਵਿਚਕਾਰ ਭਾਈਵਾਲੀ ਨੂੰ ਮਜ਼ਬੂਤ ​​ਕਰਨਾ, ਸ਼ੁਰੂ ਤੋਂ ਹੀ ਗੁਣਵੱਤਾ ਪ੍ਰਮਾਣੀਕਰਣ ਅਤੇ ਟ੍ਰੇਸੇਬਿਲਟੀ ਨੂੰ ਯਕੀਨੀ ਬਣਾਉਣਾ, ਅੰਤਰਰਾਸ਼ਟਰੀ ਖਰੀਦਦਾਰਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣਾ ਅਤੇ ਸਪੱਸ਼ਟ ਨਿਰਯਾਤ ਟੀਚੇ ਨਿਰਧਾਰਿਤ ਕਰਨਾ ਸ਼ਾਮਲ ਹਨ। ਉਨ੍ਹਾਂ ਨੇ ਸੰਮੇਲਨ ਵਿੱਚ ਜਾਰੀ ਕੀਤੇ ਗਏ ਸਟੈਂਡਰਡ ਓਪ੍ਰੇਟਿੰਗ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਹ ਮੱਛੀ ਬੀਜ ਸੰਗ੍ਰਹਿ ਅਤੇ ਮੱਛੀ ਉਤਪਾਦਨ ਤੋਂ ਲੈ ਕੇ ਨਿਰਯਾਤ ਜ਼ਰੂਰਤਾਂ ਤੱਕ, ਪੂਰੀ ਵੈਲਿਊ ਚੇਨ ਲਈ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ। ਕੇਂਦਰੀ ਮੱਛੀ ਪਾਲਣ ਮੰਤਰੀ ਨੇ ਮੱਧ ਪ੍ਰਦੇਸ਼ ਨੂੰ ਭਾਰਤ ਦੇ ਅੰਦਰੂਨੀ ਮੱਛੀ ਨਿਰਯਾਤ ਵਿੱਚ ਮੋਹਰੀ ਯੋਗਦਾਨ ਪਾਉਣ ਵਾਲਾ ਬਣਾਉਣ ਲਈ ਰਾਜ ਸਰਕਾਰ ਅਤੇ ਉਦਯੋਗ ਦੇ ਹਿਤਧਾਰਕਾਂ ਤੋਂ ਤਾਲਮੇਲ ਵਾਲੇ ਯਤਨਾਂ ਦਾ ਸੱਦਾ ਦਿੱਤਾ।

 

ਕੇਂਦਰੀ ਰਾਜ ਮੰਤਰੀ, ਪ੍ਰੋਫੈਸਰ ਐਸ.ਪੀ. ਸਿੰਘ ਬਘੇਲ ਨੇ ਮੱਧ ਪ੍ਰਦੇਸ਼ ਵਿੱਚ ਅੰਦਰੂਨੀ ਮੱਛੀ ਪਾਲਣ ਦੀ ਵਿਸ਼ਾਲ ਸੰਭਾਵਨਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਰਾਜ ਦਾ ਵਿਸ਼ਾਲ ਦਰਿਆਈ ਨੈੱਟਵਰਕ, ਵੱਡੇ ਜਲ ਭੰਡਾਰ ਅਤੇ ਅਨੁਕੂਲ ਪਾਣੀ ਦੀ ਗੁਣਵੱਤਾ ਮੱਛੀ ਪਾਲਣ ਖੇਤਰ ਦੇ ਵਿਕਾਸ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇੰਦਰਾ ਸਾਗਰ ਜਲ ਭੰਡਾਰ ਵਿੱਚ ਵੱਡੇ ਪੱਧਰ 'ਤੇ ਕੇਜ ਕਲਚਰ ਦੀ ਸੰਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਇੱਕ ਲੱਖ ਕੇਜ ਵਿਕਸਿਤ ਕਰਨ ਨਾਲ ਦੇਸ਼ ਲਈ ਇੱਕ ਵਿਲੱਖਣ ਉਦਾਹਰਣ ਕਾਇਮ ਹੋ ਸਕਦੀ ਹੈ। ਪ੍ਰੋਫੈਸਰ ਐਸ.ਪੀ. ਸਿੰਘ ਬਘੇਲ ਨੇ ਕਿਹਾ ਕਿ 2019 ਵਿੱਚ ਇੱਕ ਸੁਤੰਤਰ ਮੱਛੀ ਪਾਲਣ ਵਿਭਾਗ ਦੀ ਸਥਾਪਨਾ ਨੇ ਇਸ ਖੇਤਰ ਦੇ ਵਿਕਾਸ ਨੂੰ ਤੇਜ਼ ਕੀਤਾ ਹੈ ਅਤੇ ਇਸਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ​​ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਦਰੂਨੀ ਮੱਛੀ ਪਾਲਣ ਦੇਸ਼ ਦੇ ਕੁੱਲ ਮੱਛੀ ਉਤਪਾਦਨ ਦਾ ਲਗਭਗ 75 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ, ਅਤੇ ਇਹ ਖੇਤਰ ਨਿਵੇਸ਼, ਨਿਰਯਾਤ ਅਤੇ ਰੋਜ਼ੀ-ਰੋਟੀ ਪੈਦਾ ਕਰਨ ਲਈ ਵਿਸ਼ਾਲ ਸੰਭਾਵਨਾਵਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਛੱਤੀਸਗੜ੍ਹ ਵਰਗੇ ਅੰਦਰੂਨੀ ਰਾਜ ਮੱਛੀ ਪਾਲਣ ਵਿਕਾਸ ਦੇ ਅਗਲੇ ਪੜਾਅ ਲਈ ਮਹੱਤਵਪੂਰਨ ਹਨ।

 

ਮੱਧ ਪ੍ਰਦੇਸ਼ ਦੇ ਮਛੇਰੇ ਭਲਾਈ ਅਤੇ ਮੱਛੀ ਪਾਲਣ ਵਿਕਾਸ ਵਿਭਾਗ ਦੇ ਮੰਤਰੀ ਸ਼੍ਰੀ ਨਾਰਾਇਣ ਸਿੰਘ ਪੰਵਾਰ ਨੇ ਕਿਹਾ ਕਿ ਰਾਜ ਸਰਕਾਰ ਮੱਛੀ ਪਾਲਣ ਨੂੰ ਰਵਾਇਤੀ ਰੋਜ਼ੀ-ਰੋਟੀ ਦੀ ਗਤੀਵਿਧੀ ਤੋਂ ਆਧੁਨਿਕ ਤਕਨਾਲੋਜੀ, ਨਿਵੇਸ਼, ਉੱਦਮਤਾ, ਰੁਜ਼ਗਾਰ ਅਤੇ ਬਿਹਤਰ ਆਮਦਨ 'ਤੇ ਅਧਾਰਿਤ ਵਿਕਾਸ-ਮੁਖੀ ਖੇਤਰ ਵਿੱਚ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਏਕੀਕ੍ਰਿਤ ਮੱਛੀ ਪਾਲਣ ਨੀਤੀ 2026 ਸ਼ੁਰੂ ਕੀਤੀ ਗਈ ਹੈ, ਜਿਸਦਾ ਉਦੇਸ਼ ਪਾਣੀ ਦੇ ਸਰੋਤਾਂ ਦੀ ਬਿਹਤਰ ਵਰਤੋਂ ਅਤੇ ਢੁਕਵੇਂ ਜ਼ਿਲ੍ਹਿਆਂ ਵਿੱਚ ਆਧੁਨਿਕ ਕੇਜ ਕਲਚਰ ਦੇ ਵੱਡੇ ਪੱਧਰ 'ਤੇ ਪ੍ਰਚਾਰ ਰਾਹੀਂ ਮੱਛੀ ਉਤਪਾਦਨ ਨੂੰ ਵਧਾਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਵੇਸ਼ ਅਤੇ ਤਕਨਾਲੋਜੀ ਦੇ ਲਾਭ ਸਥਾਨਕ ਭਾਈਚਾਰਿਆਂ ਤੱਕ ਪਹੁੰਚਣੇ ਚਾਹੀਦੇ ਹਨ। ਇਸ ਵਧੇ ਹੋਏ ਉਤਪਾਦਨ ਨਾਲ ਮੱਛੀ ਪਾਲਕਾਂ ਦੀ ਆਮਦਨ ਵਧੇਗੀ ਅਤੇ ਮਛੇਰੇ ਪਰਿਵਾਰਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਮਰਥਨ ਨਾਲ, ਸਰਦਾਰ ਸਰੋਵਰ, ਇੰਦਰਾ ਸਾਗਰ ਅਤੇ ਵਿੰਧਿਆਵਾਸਿਨੀ ਕਲਸਟਰ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਹੋਰ ਜ਼ਿਲ੍ਹਿਆਂ ਵਿੱਚ ਸਫਲ ਮਾਡਲਾਂ ਨੂੰ ਦੁਹਰਾਉਣ ਅਤੇ ਉਤਪਾਦਨ ਤੋਂ ਬਜ਼ਾਰ ਤੱਕ ਇੱਕ ਏਕੀਕ੍ਰਿਤ ਪ੍ਰਣਾਲੀ ਵਿਕਸਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸ਼੍ਰੀ ਪੰਵਾਰ ਨੇ ਕਿਹਾ ਕਿ ਵਿਭਾਗ ਜ਼ਮੀਨੀ ਪੱਧਰ 'ਤੇ ਵਿਵਹਾਰਕ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ ਲਈ ਨਿਵੇਸ਼ਕਾਂ, ਮਛੇਰਿਆਂ ਅਤੇ ਮੱਛੀ ਪਾਲਣ ਭਾਈਚਾਰਿਆਂ ਵਿਚਕਾਰ ਤਾਲਮੇਲ ਸਥਾਪਿਤ ਕਰਨ ਵਿੱਚ ਸੁਵਿਧਾਜਨਕ ਅਤੇ ਭਾਈਵਾਲ ਦੀ ਭੂਮਿਕਾ ਨਿਭਾਏਗਾ।

 

ਸ਼੍ਰੀ ਨਾਰਾਇਣ ਸਿੰਘ ਪੰਵਾਰ ਨੇ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਮੱਧ ਪ੍ਰਦੇਸ਼ ਦੀ ਅੰਦਰੂਨੀ ਜਲ-ਅਧਾਰਿਤ ਅਰਥਵਿਵਸਥਾ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦੇ ਹੋਏ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ । ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਉਤਪਾਦਨ ਵਧਾਉਣਾ, ਨਿਵੇਸ਼ ਨੂੰ ਆਕਰਸ਼ਿਤ ਕਰਨਾ, ਰੁਜ਼ਗਾਰ ਪੈਦਾ ਕਰਨਾ ਅਤੇ ਮਛੇਰਿਆਂ ਦੇ ਪਰਿਵਾਰਾਂ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਹੈ।

 

ਕੇਂਦਰੀ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਆਪਣੇ ਸੰਬੋਧਨ ਵਿੱਚ, ਅੰਦਰੂਨੀ ਮੱਛੀ ਪਾਲਣ ਦੀ ਅਣਵਰਤੀ ਗਈ ਨਿਰਯਾਤ ਸੰਭਾਵਨਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਗਾਸੀਅਸ ਅਤੇ ਤਿਲਾਪੀਆ ਵਰਗੀਆਂ ਮਿੱਠੇ ਪਾਣੀ ਦੀਆਂ ਮੱਛੀਆਂ ਦੀਆਂ ਕਿਸਮਾਂ ਵਰਤਮਾਨ ਵਿੱਚ ਸਮੁੰਦਰੀ ਭੋਜਨ ਨਿਰਯਾਤ ਦਾ ਸਿਰਫ 2 ਪ੍ਰਤੀਸ਼ਤ ਹਨ। ਟੀਚਾ ਅਗਲੇ ਪੰਜ ਸਾਲਾਂ ਵਿੱਚ ਇਸਨੂੰ 10 ਪ੍ਰਤੀਸ਼ਤ ਤੱਕ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਰਗੇ ਰਾਜ ਜਲ ਭੰਡਾਰਾਂ, ਤਲਾਬਾਂ, ਝੀਲਾਂ ਅਤੇ ਨਦੀਆਂ ਦੀ ਵਰਤੋਂ ਕਰਕੇ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਬੁਨਿਆਦੀ ਢਾਂਚਾ, ਕੋਲਡ ਸਟੋਰੇਜ ਸਹੂਲਤਾਂ, ਗੁਣਵੱਤਾ ਪ੍ਰਮਾਣੀਕਰਣ ਅਤੇ ਨਿਰਯਾਤ ਬਜ਼ਾਰਾਂ ਤੱਕ ਪਹੁੰਚ ਦੀ ਲੋੜ ਹੈ।

 

ਡਾ. ਲਿਖੀ ਨੇ ਕੇਂਦਰ ਸਰਕਾਰ ਦੁਆਰਾ ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ ਕਾਰਗੋ ਹੈਂਡਲਿੰਗ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦਾ ਵੀ ਜ਼ਿਕਰ ਕੀਤਾ। ਇਸਦਾ ਉਦੇਸ਼ ਅੰਦਰੂਨੀ ਖੇਤਰਾਂ ਤੋਂ ਮੱਛੀ ਨਿਰਯਾਤ ਨੂੰ ਸੁਵਿਧਾਜਨਕ ਬਣਾਉਣਾ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ਮੱਛੀ ਪਾਲਣ ਨਿਵੇਸ਼ ਅਤੇ ਵਪਾਰ ਪ੍ਰਮੋਸ਼ਨ ਨੀਤੀ 2026 ਨੂੰ ਇੱਕ ਮਹੱਤਵਪੂਰਨ ਪਹਿਲਕਦਮੀ ਵਜੋਂ ਵੀ ਦੱਸਿਆ। ਡਾ. ਲਿਖੀ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਇੱਕ ਕਲੱਸਟਰ-ਅਧਾਰਿਤ ਪਹੁੰਚ ਅਪਣਾਈ ਜਾਵੇਗੀ। ਇਸ ਦੇ ਦੁਆਰਾ ਅੰਦਰੂਨੀ ਮੱਛੀ ਅਤੇ ਸਮੁੰਦਰੀ ਭੋਜਨ ਉਤਪਾਦਾਂ ਲਈ ਸਿਖਲਾਈ, ਮੁੱਲ ਜੋੜ, ਪੈਕੇਜਿੰਗ, ਬ੍ਰਾਂਡਿੰਗ ਅਤੇ ਨਿਰਯਾਤ ਲੌਜਿਸਟਿਕਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ ।

 

ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਸ਼੍ਰੀ ਅਸ਼ੋਕ ਬਰਨਵਾਲ ਨੇ ਦੱਸਿਆ ਕਿ ਰਾਜ ਸਰਕਾਰ ਦੀ ਯੋਜਨਾ ਭਾਰਤ ਅਤੇ ਵਿਸ਼ਵ ਪੱਧਰ 'ਤੇ ਮੱਛੀ ਪਾਲਣ ਅਤੇ ਜਲ-ਖੇਤੀ ਉਤਪਾਦਨ ਨੂੰ ਤੇਜ਼ੀ ਨਾਲ ਵਧਾਉਣ ਨਾਲ ਜੁੜੀ ਨੀਲੀ ਕ੍ਰਾਂਤੀ ਦੇ ਤਹਿਤ ਆਧੁਨਿਕ ਮੱਛੀ ਪਾਲਣ ਤਕਨੀਕਾਂ ਨੂੰ ਅਪਣਾ ਕੇ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਮੱਛੀ ਉਤਪਾਦਨ ਨੂੰ 4.5 ਲੱਖ ਟਨ ਤੋਂ ਵਧਾ ਕੇ 10 ਤੋਂ 11 ਲੱਖ ਟਨ ਤੱਕ ਪਹੁੰਚਾਉਣਾ ਹੈ।

ਉਨ੍ਹਾਂ ਕਿਹਾ ਕਿ ਇਸ ਵਿਸਥਾਰ ਨਾਲ ਮੱਛੀ ਪਾਲਣ ਖੇਤਰ ਵਿੱਚ ਸਲਾਨਾ ਲਗਭਗ ₹5,000 ਕਰੋੜ ਦੀ ਵਾਧੂ ਆਮਦਨ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਘੱਟੋ-ਘੱਟ 50,000 ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਮੱਛੀ ਪਾਲਣ ਨੂੰ ਪੂਰਕ ਰੋਜ਼ੀ-ਰੋਟੀ ਦੀ ਗਤੀਵਿਧੀ ਤੋਂ ਨਿਵੇਸ਼ ਅਤੇ ਪੂਰੇ ਸਮੇਂ ਦੇ ਰੁਜ਼ਗਾਰ ਲਈ ਇੱਕ ਪ੍ਰਮੁੱਖ ਖੇਤਰ ਤੱਕ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਿਵੇਸ਼ਕਾਂ ਅਤੇ ਉਦਯੋਗ ਦੇ ਹਿੱਸੇਦਾਰਾਂ ਨੂੰ ਮੱਛੀ ਨਿਰਯਾਤ, ਪ੍ਰੋਸੈੱਸਿੰਗ ਅਤੇ ਪ੍ਰੀ-ਪ੍ਰੋਸੈੱਸਿੰਗ ਇਨਪੁਟਸ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਮੱਧ ਪ੍ਰਦੇਸ਼ ਨਾਲ ਭਾਈਵਾਲੀ ਕਰਨ ਲਈ ਸੱਦਾ ਦਿੱਤਾ। 

ਸੰਮੇਲਨ ਵਿੱਚ ਮੱਛੀ ਪਾਲਣ ਖੇਤਰ ਨੂੰ ਉਤਪਾਦਨ-ਕੇਂਦ੍ਰਿਤ ਦ੍ਰਿਸ਼ਟੀਕੋਣ ਤੱਕ ਸੀਮਤ ਕਰਨ ਦੀ ਬਜਾਏ, ਇੱਕ ਏਕੀਕ੍ਰਿਤ ਵੈਲਿਊ ਚੇਨ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਜੋ ਉਤਪਾਦਨ ਨੂੰ ਪ੍ਰੋਸੈੱਸਿੰਗ, ਮੁੱਲ ਜੋੜ, ਬ੍ਰਾਂਡਿੰਗ ਅਤੇ ਬਜ਼ਾਰਾਂ ਨਾਲ ਜੋੜੇ। ਇਹ ਕਿਹਾ ਗਿਆ ਕਿ ਬਿਹਤਰ ਕੋਲਡ ਸਟੋਰੇਜ ਨੈੱਟਵਰਕ, ਗੁਣਵੱਤਾ ਮਾਪਦੰਡਾਂ, ਪ੍ਰਮਾਣੀਕਰਣ ਅਤੇ ਪ੍ਰਭਾਵਸ਼ਾਲੀ ਸੰਚਾਲਨ ਵਿਧੀਆਂ ਰਾਹੀਂ, ਅੰਦਰੂਨੀ ਮੱਛੀ ਉਤਪਾਦਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਵਿਆਪਕ ਤੌਰ 'ਤੇ ਪਹੁੰਚਾਇਆ ਜਾ ਸਕਦਾ ਹੈ।

ਸੰਮੇਲਨ ਵਿੱਚ ਹੋਈਆਂ ਚਰਚਾਵਾਂ ਅਤੇ ਐਲਾਨੀਆਂ ਪਹਿਲਕਦਮੀਆਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ, ਨਿਵੇਸ਼ਕਾਂ, ਨਿਰਯਾਤਕ, ਵਿੱਤੀ ਸੰਸਥਾਵਾਂ, ਖੋਜ ਸੰਗਠਨਾਂ, ਮੱਛੀ ਪਾਲਣ ਸਹਿਕਾਰੀ ਸਭਾਵਾਂ ਅਤੇ ਉੱਦਮੀਆਂ ਵਿਚਕਾਰ ਸਹਿਯੋਗ ਮਜ਼ਬੂਤ ​​ਕਰਨ ਦੀ ਉਮੀਦ ਹੈ। ਇਸ ਨਾਲ ਮੱਧ ਪ੍ਰਦੇਸ਼ ਦੀ ਅੰਦਰੂਨੀ ਮੱਛੀ ਪਾਲਣ ਸੰਭਾਵਨਾ ਨੂੰ ਨਿਵੇਸ਼ ਦੇ ਮੌਕਿਆਂ ਵਿੱਚ ਬਦਲਣ, ਵੈਲਿਊ ਚੇਨ ਨੂੰ ਮਜ਼ਬੂਤ ​​ਕਰਨ ਅਤੇ ਮਛੇਰਿਆਂ ਅਤੇ ਮੱਛੀ ਪਾਲਕਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

 

ਪਿਛੋਕੜ ਵੇਰਵਾ

  • ਮੱਧ ਪ੍ਰਦੇਸ਼ ਵਿੱਚ 4.50 ਲੱਖ ਹੈਕਟੇਅਰ ਅੰਦਰੂਨੀ ਜਲ ਖੇਤਰ ਹੈ, ਜਿਸ ਵਿੱਚੋਂ 3.75 ਲੱਖ ਹੈਕਟੇਅਰ ਜਲ ਭੰਡਾਰ ਖੇਤਰ ਹਨ। ਇਹ ਅੰਦਰੂਨੀ ਮੱਛੀ ਪਾਲਣ ਅਤੇ ਜਲ-ਪਾਲਣ ਲਈ ਇੱਕ ਵਿਸ਼ਾਲ ਉਤਪਾਦਨ ਅਧਾਰ ਹੈ। ਰਾਜ ਵਿੱਚ ਪੈਦਾ ਹੋਣ ਵਾਲੀਆਂ ਪ੍ਰਮੁੱਖ ਮੱਛੀਆਂ ਦੀਆਂ ਕਿਸਮਾਂ ਵਿੱਚ ਰੋਹੂ, ਕਤਲਾ, ਮ੍ਰਿਗਲ, ਤਿਲਾਪੀਆ, ਪੰਗਾਸੀਅਸ, ਕੌਮਨ ਕਾਰਪ ਅਤੇ ਗ੍ਰਾਸ ਕਾਰਪ ਸ਼ਾਮਲ ਹਨ।

  • ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ, ਕੇਂਦਰੀ ਮੱਛੀ ਪਾਲਣ ਵਿਭਾਗ ਨੇ ਮੱਧ ਪ੍ਰਦੇਸ਼ ਲਈ ਕੁੱਲ ₹910.81 ਕਰੋੜ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਕੇਂਦਰ ਸਰਕਾਰ ਦਾ ਹਿੱਸਾ ₹305.50 ਕਰੋੜ ਹੈ। ਪ੍ਰਵਾਨਿਤ ਕੇਂਦਰੀ ਹਿੱਸੇ ਵਿੱਚੋਂ, ₹301.27 ਕਰੋੜ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹਨ, ਜੋ ਕਿ ਪ੍ਰਵਾਨਿਤ ਕੇਂਦਰੀ ਹਿੱਸੇ ਦਾ ਲਗਭਗ 98.61 ਪ੍ਰਤੀਸ਼ਤ ਹੈ। ਇਸ ਨਾਲ ਮੱਧ ਪ੍ਰਦੇਸ਼ ਵਿੱਚ ਮੱਛੀ ਉਤਪਾਦਨ 2019-20 ਵਿੱਚ 2 ਲੱਖ ਮੀਟ੍ਰਿਕ ਟਨ ਤੋਂ ਵਧ ਕੇ 2024-25 ਵਿੱਚ 4.45 ਲੱਖ ਮੀਟ੍ਰਿਕ ਟਨ ਹੋ ਗਿਆ ਹੈ, ਜੋ ਕਿ ਲਗਭਗ 123 ਪ੍ਰਤੀਸ਼ਤ ਦਾ ਵਾਧਾ ਹੈ।

  • ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਉਤਪਾਦਨ ਵਧਾਉਣ ਲਈ ਮਨਜ਼ੂਰ ਕੀਤੀਆਂ ਗਈਆਂ ਪ੍ਰਮੁੱਖ ਪਹਿਲਕਦਮੀਆਂ ਵਿੱਚ 78 ਮੱਛੀ ਬੀਜ ਉਤਪਾਦਨ ਕੇਂਦਰ (ਹੈਚਰੀ), 1,157 ਆਰਏਐਸ ਅਤੇ ਬਾਇਓਫਲੋਕ ਯੂਨਿਟ, ਤਲਾਅ ਦੇ ਖੇਤਰ ਵਿੱਚ 5,700 ਹੈਕਟੇਅਰ ਤੋਂ ਵੱਧ ਦਾ ਵਾਧਾ, ਅਤੇ ਇੱਕ ਏਕੀਕ੍ਰਿਤ ਐਕੁਆਪਾਰਕ ਦੀ ਸਥਾਪਨਾ ਸ਼ਾਮਲ ਹੈ।

  • ਕੇਂਦਰੀ ਬਜਟ 2026-27 ਵਿੱਚ ਕੀਤੇ ਗਏ ਐਲਾਨ ਦੇ ਅਨੁਸਾਰ, ਮੱਧ ਪ੍ਰਦੇਸ਼ ਵਿੱਚ ₹88.25 ਕਰੋੜ ਦੇ ਨਿਵੇਸ਼ ਨਾਲ 49 ਜਲ ਭੰਡਾਰਾਂ ਅਤੇ 5 ਅੰਮ੍ਰਿਤ ਸਰੋਵਰਾਂ ਦੇ ਏਕੀਕ੍ਰਿਤ ਵਿਕਾਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਨੇ ਹਲਾਲੀ ਜਲ ਭੰਡਾਰ ਵਿੱਚ 316 ਕੇਜ ਸਥਾਪਿਤ ਕੀਤੇ ਹਨ। ਇਸ ਜਲ ਭੰਡਾਰ ਨੂੰ ਇੱਕ ਜਲ ਭੰਡਾਰ ਮੱਛੀ ਪਾਲਣ ਕਲਸਟਰ ਵਜੋਂ ਸੂਚਿਤ ਕੀਤਾ ਗਿਆ ਹੈ। ਸਮਾਗਮ ਦੌਰਾਨ ਉਦਘਾਟਨ ਕੀਤੇ ਗਏ ਏਕੀਕ੍ਰਿਤ ਕੇਜ ਕਲਚਰ ਯੂਨਿਟ ਯੋਜਨਾਬੱਧ ਤਰੀਕੇ ਨਾਲ ਮੱਛੀ ਉਤਪਾਦਨ ਅਤੇ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ।

  • ਮੱਛੀ ਪਾਲਣ ਅਤੇ ਜਲ-ਖੇਤੀ ਬੁਨਿਆਦੀ ਢਾਂਚਾ ਵਿਕਾਸ ਫੰਡ ਦੇ ਤਹਿਤ ਮੱਧ ਪ੍ਰਦੇਸ਼ ਵਿੱਚ ਪੰਜ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ₹5.00 ਕਰੋੜ ਦੀ ਲਾਗਤ ਨਾਲ ਇੱਕ ਮੱਛੀ ਪਾਲਣ ਸਿਖਲਾਈ ਕੇਂਦਰ, ₹1 ਕਰੋੜ ਦੀ ਲਾਗਤ ਨਾਲ ਇੱਕ ਕੋਲਡ ਸਟੋਰੇਜ ਸੈਂਟਰ,  ₹0.44 ਕਰੋੜ ਦੀ ਲਾਗਤ ਨਾਲ ਦੋ ਨਵੀਨਤਾ-ਅਧਾਰਿਤ ਪ੍ਰੋਜੈਕਟ, ਅਤੇ ₹0.27 ਕਰੋੜ ਦੀ ਲਾਗਤ ਨਾਲ ਇੱਕ ਰੋਗ ਨਿਵਾਰਣ ਪ੍ਰਯੋਗਸ਼ਾਲਾ ਸਥਾਪਿਤ ਕਰਨਾ ਸ਼ਾਮਲ ਹਨ।

  • ਇਨ੍ਹਾਂ ਪੰਜ ਪ੍ਰੋਜੈਕਟਾਂ ਵਿੱਚੋਂ, ਹੁਣ ਤੱਕ ਸਿਰਫ਼ ਮੱਛੀ ਪਾਲਣ ਸਿਖਲਾਈ ਕੇਂਦਰ ਨਾਲ ਸਬੰਧਿਤ ਪ੍ਰੋਜੈਕਟ ਦਾ ਕਾਰਜ ਪ੍ਰਗਤੀ ‘ਤੇ ਹੈ, ਜਦੋਂ ਕਿ ਬਾਕੀ ਚਾਰ ਪ੍ਰੋਜੈਕਟਾਂ 'ਤੇ ਕੰਮ ਹਾਲੇ ਸ਼ੁਰੂ ਹੋਣਾ ਬਾਕੀ ਹੈ।

*****

ਜੇਪੀ/ਏਕੇ


(Release ID: 2329037) ਵਿਜ਼ੀਟਰ ਕਾਊਂਟਰ : 24