Posted On:
26 OCT 2026 2:16PM by PIB Chandigarh
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦਿੱਲੀ/ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਸਹੋਦਿਆ ਸਕੂਲ ਕੰਪਲੈਕਸ ਦੇ ਸਹਿਯੋਗ ਨਾਲ 26-27 ਅਕਤੂਬਰ, 2026 ਨੂੰ ਨਵੀਂ ਦਿੱਲੀ ਵਿੱਚ ‘ਸਕੂਲੀ ਸਿੱਖਿਆ ਤੋਂ ਰੁਜ਼ਗਾਰ ਤੱਕ ਦੀ ਰਾਹ ਪਹੁੰਚਯੋਗ ਬਣਾਉਣ’ ਦੇ ਵਿਸ਼ੇ ‘ਤੇ ਚੌਥੇ ਨੈਸ਼ਨਲ ਸਮਿਟ ਦਾ ਆਯੋਜਨ ਕਰ ਰਿਹਾ ਹੈ। ਇਸ ਮੌਕੇ ‘ਤੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ) ਦੇ ਸਕੱਤਰ ਸ਼੍ਰੀ ਟੀਕੇ ਅਨਿਲ ਕੁਮਾਰ ਅਤੇ ਸੀਬੀਐੱਸਈ ਦੇ ਚੇਅਰਮੈਨ ਡਾ. ਮਨਦੀਪ ਭੰਡਾਰੀ ਸਮੇਤ ਮੰਤਰਾਲੇ ਅਤੇ ਸੀਬੀਐੱਸਈ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਸਮਿਟ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਨਿਲ ਕੁਮਾਰ ਨੇ ਇਸ ਦੀਆਂ ਚਾਰ ਪ੍ਰਮੁੱਖ ਤਰਜੀਹਾਂ ਨੂੰ ਰੇਖਾਂਕਿਤ ਕੀਤਾ। ਇਨ੍ਹਾਂ ਵਿੱਚ ਤਕਨਾਲੋਜੀ, ਡਿਜੀਟਲ ਸੁਰੱਖਿਆ ਅਤੇ ਕੌਸ਼ਲ; ਡਿਜ਼ਾਈਨ, ਰਚਨਾਤਮਕਤਾ ਅਤੇ ਨਵੀਨਤਾ; ਰਾਸ਼ਟਰੀ ਕ੍ਰੈਡਿਟ ਫ੍ਰੇਮਵਰਕ ਰਾਹੀਂ ਵੱਖ-ਵੱਖ ਸਿੱਖਿਆ ਪ੍ਰਣਾਲੀਆਂ ਵਿੱਚ ਕੌਸ਼ਲ ਦੀ ਮਾਨਤਾ; ਅਤੇ ਸਮਾਨ ਮੌਕਿਆਂ ‘ਤੇ ਅਧਾਰਿਤ ਵਿਦਿਅਕ ਅਤੇ ਕਰੀਅਰ ਸਬੰਧੀ ਮਾਰਗਾਂ ਦੇ ਨਾਲ ਕਰੀਅਰ ਮਾਰਗਦਰਸ਼ਨ ਸ਼ਾਮਲ ਹਨ। ਉਨ੍ਹਾਂ ਨੇ ਸਕੂਲੀ ਸਿੱਖਿਆ ਤੋਂ ਉੱਚ ਸਿੱਖਿਆ, ਕੌਸ਼ਲ ਵਿਕਾਸ ਅਤੇ ਰੁਜ਼ਗਾਰ ਵੱਲੋਂ ਸਹਿਜ ਅਤੇ ਨਿਰਵਿਘਨ ਸੰਕ੍ਰਮਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਸੋਚ-ਸਮਝ ਕੇ ਫੈਸਲੇ ਲੈਣ ਵਿੱਚ ਮਦਦ ਮਿਲੇਗੀ, ਜਿਸ ਨਾਲ ਉਹ ਆਜੀਵਨ ਤਰੱਕੀ ਕਰ ਸਕਣਗੇ, ਸਮਾਜ ਵਿੱਚ ਯੋਗਦਾਨ ਦੇ ਸਕਣਗੇ ਅਤੇ ਗਰਿਮਾਪੂਰਨ ਜੀਵਨ ਜੀ ਸਕਣਗੇ।

ਦੋ ਦਿਨਾਂ ਦੇ ਇਸ ਸਮਿਟ ਦਾ ਉਦੇਸ਼ ਮੁਖਧਾਰਾ ਦੀ ਸਕੂਲੀ ਸਿੱਖਿਆ ਦੇ ਨਾਲ ਕੌਸ਼ਲ ਸਿੱਖਿਆ ਦੇ ਏਕੀਕਰਣ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਲਈ ਸਕੂਲ ਤੋਂ ਕਾਰਜ ਖੇਤਰ ਤੱਕ ਦੀ ਯਾਤਰਾ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਹੈ। ਇਸ ਵਿੱਚ ਸਕੂਲ ਪ੍ਰਮੁੱਖਾਂ, ਅਧਿਆਪਕਾਂ, ਉਦਯੋਗ ਜਗਤ ਦੇ ਮਾਹਰਾਂ ਅਤੇ ਨੀਤੀ-ਨਿਰਮਾਤਾਵਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਂਦਾ ਜਾ ਰਿਹਾ ਹੈ, ਤਾਂ ਜੋ ਉਹ ਕਾਰਜਬਲ ਦੀਆਂ ਉਭਰਦੀਆਂ ਜ਼ਰੂਰਤਾਂ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੇ ਕਰੀਅਰ ਲਈ ਤਿਆਰ ਕਰਨ ਦੇ ਨਵੀਨਤਾਕਾਰੀ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰ ਸਕਣ। ਇਹ ਕਾਨਫਰੰਸ ਭਾਗੀਦਾਰਾਂ ਨੂੰ ਆਪਸ ਵਿੱਚ ਸੰਪਰਕ ਸਥਾਪਿਤ ਕਰਨ, ਸਾਂਝੇਦਾਰੀਆਂ ਵਿਕਸਿਤ ਕਰਨ ਅਤੇ ਇੱਕ-ਦੂਜੇ ਦੇ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰਨ ਦੇ ਮੌਕੇ ਵੀ ਪ੍ਰਦਾਨ ਕਰ ਰਿਹਾ ਹੈ।

ਇਹ ਸਮਿਟ ਸੰਮੇਲਨ ਸਿੱਖਿਆ ਦੀਆਂ ਵੱਖ-ਵੱਖ ਧਾਰਾਵਾਂ ਦਰਮਿਆਨ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਬਦਲਦੇ ਲੈਂਡਸਕੇਪ ਵਿੱਚ ਅੱਗੇ ਵਧਣ ਲਈ ਜ਼ਰੂਰੀ ਕੁਸ਼ਲਤਾਵਾਂ ਨਾਲ ਲੈਸ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਇਹ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਕਲਪਨਾ ਦੇ ਅਨੁਸਾਰ ਹੈ।

ਇੰਟਰਐਕਟਿਵ ਸੈਸ਼ਨਾਂ ਅਤੇ ਮਾਹਰਾਂ ਦੇ ਨਾਲ ਚਰਚਾਵਾਂ ਰਾਹੀਂ ਸੰਮੇਲਨ ਵਿੱਚ ਭਾਗੀਦਾਰਾਂ ਨੂੰ ਨਵੀਨਤਾਕਾਰੀ ਸਿੱਖਿਆ ਸ਼ਾਸਤਰੀ ਅਭਿਆਸਾਂ, ਮੁਲਾਂਕਣ ਦੇ ਉਭਰਦੇ ਤਰੀਕਿਆਂ, ਸਿੱਖਿਆ ਵਿੱਚ ਡਿਜੀਟਲ ਤਕਨਾਲੋਜੀ ਦੇ ਏਕੀਕਰਣ ਅਤੇ ਕੌਸ਼ਲ ਸਿੱਖਿਆ ਨੂੰ ਮਜ਼ਬੂਤ ਕਰਨ ਦੇ ਪ੍ਰਭਾਵਸ਼ਾਲੀ ਮਾਡਲਾਂ ਦਾ ਪਤਾ ਲਗਾਉਣ ਦਾ ਮੌਕਾ ਮਿਲ ਰਿਹਾ ਹੈ।
ਇਸ ਸਮਿਟ ਦੇ ਤਹਿਤ ਸੀਬੀਐੱਸਈ ਨਾਲ ਸਬੰਧਿਤ ਸਕੂਲਾਂ ਦੇ ਸਿੱਖਿਅਕ ਹੁਨਰ ਸਿੱਖਿਆ ਨਾਲ ਜੁੜੀਆਂ ਸਫਲ ਪਹਿਲਕਦਮੀਆਂ ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਰੇਖਾਂਕਿਤ ਕਰਨ ਵਾਲੇ ਕੇਸ-ਅਧਾਰਿਤ ਖੋਜ-ਪੱਤਰ ਅਤੇ ਪੋਸਟਰ ਪੇਸ਼ ਕਰ ਰਹੇ ਹਨ। ਕਾਨਫਰੰਸ ਭਾਗੀਦਾਰਾਂ ਨੂੰ ਸਕੂਲੀ ਸਿੱਖਿਆ ਵਿੱਚ ਉਭਰਦੇ ਰੁਝਾਨਾਂ ਅਤੇ ਪਰਿਵਰਤਨਸ਼ੀਲ ਅਭਿਆਸਾਂ ਦੀ ਜਾਣਕਾਰੀ ਵੀ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ, ਟੀਚਿੰਗ-ਲਰਨਿੰਗ ਪ੍ਰੋਸੈੱਸ ਨੂੰ ਬਿਹਤਰ ਬਣਾਉਣ ਲਈ ਨਵੀਨਤਾਕਾਰੀ ਅਤੇ ਵਿਵਹਾਰਕ ਰਣਨੀਤੀਆਂ ਤੋਂ ਵੀ ਜਾਣੂ ਕਰਵਾਏਗਾ।
*****
ਆਰਆਰਟੀਐੱਨ/ਏਵੀ/ਏਕੇ