Posted On:
23 OCT 2026 1:08PM by PIB Chandigarh
ਪਰਮ ਸਤਿਕਾਰਯੋਗ ਪੂਜਨੀਕ ਸਵਾਮੀ ਤੇਜੋਮਯਾਨੰਦ ਜੀ, ਪੂਜਨੀਕ ਸਵਾਮੀ ਸਵਰੂਪਾਨੰਦ ਜੀ, ਪੂਜਨੀਕ ਸਵਾਮੀ ਮਿਤ੍ਰਾਨੰਦ ਜੀ, ਪੂਜਨੀਕ ਸਵਾਮੀ ਵਿਵਿਕਤਾਨੰਦ ਜੀ, ਸਾਰੇ ਪੂਜਨੀਕ ਸੰਤਜਨ, ਆਚਾਰੀਆਗਣ, ਚਿਨਮਯ ਮਿਸ਼ਨ ਦੇ ਸਾਰੇ ਸਮਰਪਿਤ ਸੇਵਕ, ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂ ਅਤੇ ਸਾਧਕ, ਦੇਵੀਓ ਅਤੇ ਸੱਜਣੋ।
ਤੁਹਾਡੇ ਸਾਰਿਆਂ ਦੇ ਸਦਕਾ ਅੱਜ ਮੈਨੂੰ ਚਿਨਮਯ ਮਿਸ਼ਨ ਦੇ ਅੰਮ੍ਰਿਤ ਮਹੋਤਸਵ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਇਹ ਇੱਕ ਵੱਖਰਾ ਹੀ ਅਧਿਆਤਮਕ ਅਨੁਭਵ ਹੈ। ਇਹ ਸਾਡੇ ਸੰਤਾਂ ਦਾ ਮੇਰੇ ਪ੍ਰਤੀ ਵਿਸ਼ੇਸ਼ ਸਨੇਹ ਅਤੇ ਆਸ਼ੀਰਵਾਦ ਹੈ। ਕਿਉਂਕਿ, ਚਿਨਮਯ ਮਿਸ਼ਨ ਸਿਰਫ਼ ਇੱਕ ਸੰਸਥਾ ਨਹੀਂ ਹੈ, ਇਹ ਇੱਕ ਚਿਨਮਯ ਵਿਚਾਰ ਹੈ। ਜਿਸ ਦੀ ਸਥਾਪਨਾ ਇੱਕ ਚਿਨਮਯ ਰਿਸ਼ੀ ਨੇ ਕੀਤੀ ਸੀ। ਇਸ ਦੀ ਕਈ ਦਹਾਕਿਆਂ ਦੀ ਯਾਤਰਾ ਵੀ ਚਿਨਮਯ ਸੰਕਲਪਾਂ ਨਾਲ ਭਰਪੂਰ ਰਹੀ ਹੈ। ਅਤੇ, ਜੋ ਚਿਨਮਯ ਹੈ, ਉਹ ਸੁਭਾਵਿਕ ਤੌਰ ’ਤੇ ਅਮਰ ਹੈ, ਅੰਮ੍ਰਿਤਮਈ ਹੈ। ਇਸ ਲਈ, ਅੱਜ ਭਾਰਤ ਮੰਡਪਮ ਵਿੱਚ ‘ਚਿਨਮਯ ਅੰਮ੍ਰਿਤ ਮਹੋਤਸਵ’, ਇਸ ਸਮਾਗਮ ਦਾ ਇਹ ਨਾਮ ਵੀ ਓਨਾ ਹੀ ਸਾਰਥਕ ਹੈ। ਮੈਂ ਦੁਨੀਆ ਭਰ ਵਿੱਚ ਚਿਨਮਯ ਮਿਸ਼ਨ ਨਾਲ ਜੁੜੇ ਸੰਤਾਂ ਅਤੇ ਆਚਾਰੀਆਂ ਨੂੰ, ਲੱਖਾਂ ਸਾਧਕਾਂ ਅਤੇ ਪੈਰੋਕਾਰਾਂ ਨੂੰ ਚਿਨਮਯ ਅੰਮ੍ਰਿਤ ਮਹੋਤਸਵ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਸਾਥੀਓ,
ਅੱਜ ਇੱਥੇ ਆ ਕੇ ਮੇਰੇ ਹਿਰਦੇ ਵਿੱਚ ਜੋ ਮਹਿਸੂਸ ਹੋ ਰਿਹਾ ਸੀ, ਆਧੁਨਿਕ ਤਕਨਾਲੋਜੀ ਰਾਹੀਂ ਇਸ ਸਮਾਗਮ ਨੇ ਉਸ ਨੂੰ ਹੋਰ ਵੀ ਜੀਵੰਤ ਬਣਾ ਦਿੱਤਾ। ਪੂਜਨੀਕ ਗੁਰੂਦੇਵ ਸਵਾਮੀ ਚਿਨਮਯਾਨੰਦ ਜੀ ਦੇ ਇਸ ਰੂਪ ਵਿੱਚ ਦਰਸ਼ਨ ਕਰਨਾ, ਉਨ੍ਹਾਂ ਦੇ ਹੋਲੋਬੋਟ ਨਾਲ ਸੰਵਾਦ ਕਰਨ ਦਾ ਸੁਭਾਗ ਮਿਲਣਾ, ਅਜਿਹਾ ਲੱਗ ਰਿਹਾ ਸੀ, ਜਿਵੇਂ ਮੈਂ 33 ਸਾਲ ਪਿੱਛੇ ਪਹੁੰਚ ਗਿਆ ਹਾਂ। 1993 ਵਿੱਚ ਵਡੋਦਰਾ ਵਿਖੇ ਗੁਰੂਦੇਵ ਨਾਲ ਹੋਈ ਮੇਰੀ ਮੁਲਾਕਾਤ, ਉਨ੍ਹਾਂ ਨਾਲ ਹੋਈ ਗੱਲਬਾਤ, ਉਨ੍ਹਾਂ ਦਾ ਸਨੇਹ, ਉਨ੍ਹਾਂ ਦਾ ਆਸ਼ੀਰਵਾਦ, ਅੱਜ ਸਭ ਕੁਝ ਮੁੜ ਅੱਖਾਂ ਸਾਹਮਣੇ ਆ ਗਿਆ। ਇੱਕ ਪਲ ਲਈ ਅਜਿਹਾ ਲੱਗਿਆ, ਜਿਵੇਂ ਮੈਂ ਮੁੜ ਗੁਰੂਦੇਵ ਦੀ ਸਾਕਸ਼ਾਤ ਸੰਗਤ ਵਿੱਚ ਆ ਗਿਆ ਹਾਂ। ਮੇਰੇ ਲਈ ਇਹ ਬਹੁਤ ਭਾਵੁਕ ਕਰ ਦੇਣ ਵਾਲਾ ਅਹਿਸਾਸ ਹੈ। ਮੈਂ ਇਸ ਅਦਭੁਤ ਅਹਿਸਾਸ ਲਈ ਚਿਨਮਯ ਮਿਸ਼ਨ ਦੇ ਸਾਰੇ ਸਾਥੀਆਂ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਪ੍ਰਤੀ ਆਪਣਾ ਆਭਾਰ ਪ੍ਰਗਟ ਕਰਦਾ ਹਾਂ।
ਸਾਥੀਓ,
1993 ਵਿੱਚ ਫਰਵਰੀ-ਮਾਰਚ ਦੇ ਆਸ-ਪਾਸ ਮੇਰੀ ਪੂਜਨੀਕ ਗੁਰੂਦੇਵ ਨਾਲ ਮੁਲਾਕਾਤ ਹੋਈ ਸੀ। ਮੈਂ ਉਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਸਦ ਦੇ ਸ਼ਤਾਬਦੀ ਸਮਾਰੋਹ ਵਿੱਚ ਸੱਦਾ ਦੇਣ ਗਿਆ ਸੀ। ਉਸੇ ਸਮੇਂ ਸਵਾਮੀ ਵਿਵੇਕਾਨੰਦ ਜੀ ਦੇ ਇਤਿਹਾਸਕ ਭਾਸ਼ਣ ਦੇ 100 ਸਾਲ ਪੂਰੇ ਹੋ ਰਹੇ ਸਨ। ਪੂਜਨੀਕ ਗੁਰੂਦੇਵ ਨੇ ਸੱਦਾ ਸਵੀਕਾਰ ਕਰ ਲਿਆ। ਪੂਜਨੀਕ ਗੁਰੂਦੇਵ ਅਮਰੀਕਾ ਗਏ। ਉੱਥੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਨ੍ਹਾਂ ਨੇ ਲਗਾਤਾਰ ਲੋਕਾਂ ਨੂੰ ਵਿਸ਼ਵ ਧਰਮ ਸੰਸਦ ਦੇ ਸ਼ਤਾਬਦੀ ਸਮਾਰੋਹ ਪ੍ਰਤੀ ਜਾਗਰੂਕ ਕੀਤਾ ਅਤੇ ਇਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਧਰਮ ਸੰਸਦ ਤੋਂ ਕੁਝ ਹਫ਼ਤੇ ਪਹਿਲਾਂ ਹੀ 3 ਅਗਸਤ ਨੂੰ ਅਮਰੀਕਾ ਦੇ ਸੈਨ ਡਿਏਗੋ ਵਿੱਚ ਗੁਰੂਦੇਵ ਦੇਹ ਤਿਆਗ ਕੇ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। 11 ਸਤੰਬਰ ਨੂੰ ਜਦੋਂ ਸ਼ਿਕਾਗੋ ਵਿੱਚ ਧਰਮ ਸੰਸਦ ਹੋਈ, ਤਾਂ ਸੁਭਾਗ ਨਾਲ ਮੈਂ ਉੱਥੇ ਹੀ ਸੀ। ਸਾਨੂੰ ਸਾਰਿਆਂ ਨੂੰ ਪੂਜਨੀਕ ਗੁਰੂਦੇਵ ਦੀ ਕਮੀ ਮਹਿਸੂਸ ਹੋ ਰਹੀ ਸੀ। ਮੇਰੇ ਮਨ ਵਿੱਚ ਗੁਰੂਦੇਵ ਦੀਆਂ ਆਖੀਆਂ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਸਨ। ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਦੌਰਾਨ ਹੋਇਆ ਗੰਭੀਰ ਵਿਚਾਰ-ਵਟਾਂਦਰਾ ਮੈਨੂੰ ਅੱਜ ਵੀ ਯਾਦ ਹੈ। ਉਸ ਦਾ ਮੁੱਖ ਭਾਵ ਸੀ—ਯੁਵਾ ਸ਼ਕਤੀ ਦਾ ਨਿਰਮਾਣ! ਅਤੇ ਯੁਵਾ ਸ਼ਕਤੀ ਦੇ ਮਾਧਿਅਮ ਨਾਲ ਇੱਕ ਸ਼ਕਤੀਸ਼ਾਲੀ ਅਤੇ ਸਮਰੱਥ ਭਾਰਤ ਦਾ ਨਿਰਮਾਣ।
ਸਾਥੀਓ,
ਉਨ੍ਹਾਂ ਨੂੰ ਮਿਲਣ ਤੋਂ ਕੁਝ ਸਾਲਾਂ ਬਾਅਦ ਜਨਤਾ-ਜਨਾਰਦਨ ਨੇ ਮੈਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਆਸ਼ੀਰਵਾਦ ਦਿੱਤਾ। ਉਦੋਂ ਤੋਂ ਲੈ ਕੇ ਅੱਜ ਤੱਕ, ਪਿਛਲੇ 25 ਸਾਲਾਂ ਤੋਂ, ਮੈਂ ਸਰਕਾਰ ਦੇ ਮੁਖੀ ਵਜੋਂ ਨਿਰੰਤਰ ਆਪਣੀ ਸਮਰੱਥਾ ਅਨੁਸਾਰ ਦੇਸ਼ ਦੀ ਸੇਵਾ ਕਰ ਰਿਹਾ ਹਾਂ। ਗੁਰੂ ਜੀ ਦਾ ਆਸ਼ੀਰਵਾਦ ਮੇਰੇ ਨਾਲ ਹੈ। ਇਸ ਯਾਤਰਾ ਵਿੱਚ ਮੇਰੇ ਯਤਨਾਂ ਅਤੇ ਨੀਤੀਆਂ ਦੇ ਕੇਂਦਰ ਵਿੱਚ ਦੇਸ਼ ਦੇ ਨੌਜਵਾਨ ਹੀ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਚਿਨਮਯ ਅੰਮ੍ਰਿਤ ਮਹੋਤਸਵ ਵਿੱਚ ਵੀ ਨੌਜਵਾਨਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਹਨ। ਸਾਡੇ ਕਈ ਨੌਜਵਾਨ ਸਾਥੀਆਂ ਨੇ ਲਗਭਗ 300 ਦਿਨਾਂ ਤੱਕ 40 ਹਜ਼ਾਰ ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਇਸ ਦੌਰਾਨ ਇੱਕ ਲੱਖ ਤੋਂ ਵੱਧ ਨੌਜਵਾਨਾਂ ਨਾਲ ਸੰਪਰਕ ਕੀਤਾ ਗਿਆ ਹੈ। ਮੈਂ ਇਸ ਅਦਭੁਤ ਯਤਨ ਲਈ ਵੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਸਾਡੇ ਉਪਨਿਸ਼ਦਾਂ ਦਾ ਕਥਨ ਹੈ—“ਵਯਮ ਅਮ੍ਰਿਤਸਯ ਪੁਤ੍ਰਾਃ”। ਭਾਵ, ਅਸੀਂ ਅੰਮ੍ਰਿਤ ਦੀ ਸੰਤਾਨ ਹਾਂ। ਇਹ ਸੰਕਲਪਨਾ, ਇਹ ਸਿਰਫ਼ ਇੱਕ ਅਧਿਆਤਮਕ ਦਰਸ਼ਨ ਹੀ ਨਹੀਂ ਹੈ, ਸਗੋਂ ਇਹ ਸਾਡਾ ਸੱਭਿਆਚਾਰਕ ਵਿਸ਼ਵਾਸ ਵੀ ਹੈ। ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਸਰੀਰਕ ਤੌਰ ’ਤੇ ਅਮਰ ਹਾਂ, ਇਸ ਦਾ ਅਰਥ ਹੈ ਕਿ ਸਾਡੀ ਚੇਤਨਾ ਅਮਰ ਹੈ। ਸਾਡਾ ਗਿਆਨ ਅਤੇ ਸਾਡਾ ਬੋਧ ਅਮਰ ਹੈ। ਇਸੇ ਬੋਧ ਕਾਰਨ ਇਹ ਭਾਰਤ ਵੀ ਹਜ਼ਾਰਾਂ ਸਾਲਾਂ ਤੋਂ ਅਮਰ ਬਣਿਆ ਹੋਇਆ ਹੈ। ਕਿਉਂਕਿ, ਭਾਰਤ ਸ਼ਬਦ ਦਾ ਅਰਥ ਹੀ ਹੈ, ਉਹ ਜੋ ਗਿਆਨ ਅਤੇ ਪ੍ਰਕਾਸ਼ ਦੀ ਖੋਜ ਵਿੱਚ ਲੱਗਾ ਹੋਇਆ ਹੈ।
ਇਸੇ ਲਈ ਸਾਥੀਓ,
ਜਦੋਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਮੌਕਾ ਆਇਆ, ਤਾਂ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਸੀ ਕਿ ਸਾਨੂੰ ਇਸ ਮੌਕੇ ਨੂੰ ਵਿਕਸਿਤ ਭਾਰਤ ਲਈ ਪ੍ਰੇਰਨਾ ਦੇ ਮੰਚ ਵਜੋਂ ਤਾਂ ਬਣਾਉਣਾ ਹੀ ਹੈ, ਅਸੀਂ ਭਾਰਤ ਦੇ ਉਸ ਸਰੂਪ ਨੂੰ ਵੀ ਜੀਵੰਤ ਕਰਨਾ ਹੈ, ਜੋ ਅੰਮ੍ਰਿਤ ਵਿਚਾਰਾਂ ਨੂੰ ਜਿਊਣਾ ਜਾਣਦਾ ਹੈ, ਜੋ ਹਜ਼ਾਰਾਂ ਸਦੀਆਂ ਦੇ ਆਪਣੇ ਤਜਰਬਿਆਂ ਰਾਹੀਂ ਯੁੱਗਾਂ-ਯੁੱਗਾਂ ਤੱਕ ਮਨੁੱਖਤਾ ਦੀ ਚਿੰਤਾ ਕਰ ਸਕਦਾ ਹੈ। ਇਸੇ ਲਈ ਮੈਂ ਉਸ ਉਤਸਵ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾਉਣ ਦਾ ਸੱਦਾ ਦਿੱਤਾ ਸੀ। ਅਤੇ ਦੇਖੋ, ਸਮੇਂ ਦੇ ਨਾਲ-ਨਾਲ ਇੱਕ ਤੋਂ ਬਾਅਦ ਇੱਕ ਅਦਭੁਤ ਯਾਤਰਾਵਾਂ ਉਸ ਸੰਕਲਪ ਨਾਲ ਜੁੜਦੀਆਂ ਚਲੀਆਂ ਜਾ ਰਹੀਆਂ ਹਨ। ਕਿੰਨੀਆਂ ਹੀ ਅਧਿਆਤਮਕ, ਸੱਭਿਆਚਾਰਕ ਅਤੇ ਸਮਾਜਿਕ ਸੰਸਥਾਵਾਂ ਨੇ ਇਸ ਦੌਰਾਨ ਆਪਣੀ ਯਾਤਰਾ ਦੇ ਅਹਿਮ ਪੜਾਵਾਂ ’ਤੇ ਅੰਮ੍ਰਿਤ ਸੰਕਲਪ ਲਏ। ਅਤੇ ਹੁਣ ਚਿਨਮਯ ਮਿਸ਼ਨ ਵੀ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਭਾਰਤ ਦੇ ਅੰਮ੍ਰਿਤਕਾਲ ਦੇ ਅਭਿਆਨ ਨਾਲ ਜੁੜ ਰਿਹਾ ਹੈ। ਅਤੇ ਇਹੀ ਤਾਂ ਭਾਰਤ ਦੇ ਸੰਕਲਪਾਂ ਦੀ ਅਸਲ ਤਾਕਤ ਹੈ, ਇਹੀ ਤਾਂ ਸਾਡੇ “ਅਮ੍ਰਿਤਸਯ ਪੁਤ੍ਰਾਃ” ਹੋਣ ਦਾ ਅਸਲ ਪ੍ਰਮਾਣ ਹੈ।
ਸਾਥੀਓ,
ਸਾਡੇ ਵੇਦਾਂ ਦਾ ਸੱਦਾ ਹੈ—“ਵਯੰ ਰਾਸ਼ਟ੍ਰੇ ਜਾਗ੍ਰਿਯਾਮ ਪੁਰੋਹਿਤਾਃ” ਭਾਵ, ਰਾਸ਼ਟਰ ਦਾ ਹਿਤ ਚਾਹੁਣ ਵਾਲੇ ਅਸੀਂ ਲੋਕ ਰਾਸ਼ਟਰ ਨੂੰ ਜਾਗਰੂਕ ਅਤੇ ਉੱਨਤ ਬਣਾਈਏ। ਸਵਾਮੀ ਚਿਨਮਯਾਨੰਦ ਜੀ ਨੇ ਆਪਣਾ ਪੂਰਾ ਜੀਵਨ ਇਸੇ ਮੰਤਰ ਨੂੰ ਲੈ ਕੇ ਬਤੀਤ ਕੀਤਾ। ਉਹ ਜਿੰਨੀ ਸ਼ਰਧਾ ਨਾਲ ਅਧਿਆਤਮਕ ਵਿਸ਼ਿਆਂ ’ਤੇ ਬੋਲਦੇ ਸਨ, ਓਨੀ ਹੀ ਤਤਪਰਤਾ ਨਾਲ ਉਹ ਰਾਸ਼ਟਰ ਦੇ ਵਿਸ਼ਿਆਂ ’ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਸਨ। ਕਿਉਂਕਿ, ਸਾਡਾ ਰਾਸ਼ਟਰ ਹੀ ਸਾਡੀ ਸੰਸਕ੍ਰਿਤੀ ਦੀ ਜਨਮਭੂਮੀ ਹੈ। ਇਹ ਰਾਸ਼ਟਰ ਹੀ ਸਾਡੀ ਹੋਂਦ ਦਾ ਆਧਾਰ ਹੈ। ਸਵਾਮੀ ਜੀ ਨੇ ਹਮੇਸ਼ਾ ਇਹ ਸਿੱਖਿਆ ਦਿੱਤੀ ਕਿ ਅਸੀਂ ਆਪਣੀ ਅਧਿਆਤਮਕ ਉੱਨਤੀ ਨੂੰ ਵਿਅਕਤੀਗਤ ਉੱਨਤੀ ਨਾਲ ਜੋੜੀਏ ਅਤੇ ਵਿਅਕਤੀਗਤ ਉੱਨਤੀ ਨੂੰ ਰਾਸ਼ਟਰ ਦੀ ਤਰੱਕੀ ਦਾ ਮਾਧਿਅਮ ਬਣਾਈਏ। ਭਾਰਤ ਦੇ ਲੋਕਾਂ ਨੂੰ ਭਾਰਤ ਪ੍ਰਤੀ ਸਵੈਮਾਣ ਨਾਲ ਭਰਨਾ, ਇਹ ਸਵਾਮੀ ਜੀ ਦਾ ਮਿਸ਼ਨ ਸੀ। ਇਸੇ ਮੰਤਵ ਨਾਲ ਉਨ੍ਹਾਂ ਨੇ ਗੀਤਾ ਗਿਆਨ ਯੱਗ ਦੀ ਸ਼ੁਰੂਆਤ ਕੀਤੀ। ਉਪਨਿਸ਼ਦਾਂ, ਵੇਦਾਂਤ ਅਤੇ ਸਾਡੇ ਸ਼ਾਸਤਰਾਂ ਦੇ ਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਮੁਹਿੰਮ ਸ਼ੁਰੂ ਕੀਤੀ। ਅਤੇ ਅੱਜ ਉਨ੍ਹਾਂ ਦੇ ਉਸ ਸੰਕਲਪ ਦੇ ਅਨੇਕਾਂ ਨਤੀਜੇ ਸਾਨੂੰ ਦਿਖਾਈ ਦੇ ਰਹੇ ਹਨ। ਚਿਨਮਯ ਮਿਸ਼ਨ ਦੇ ਯਤਨਾਂ ਸਦਕਾ ਅੱਜ ਲੱਖਾਂ ਨੌਜਵਾਨ ਅਜਿਹੇ ਹਨ, ਜੋ ਭਾਰਤ ਦੇ ਸੱਭਿਆਚਾਰਕ ਰਾਜਦੂਤਾਂ ਵਜੋਂ ਕੰਮ ਕਰ ਰਹੇ ਹਨ। ਇਹ ਨੌਜਵਾਨ ਭਾਰਤੀ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾ ਰਹੇ ਹਨ। ਪੂਜਨੀਕ ਗੁਰੂਦੇਵ ਦਾ ਇਹ ਯੋਗਦਾਨ ਭਾਰਤ ਦੇ ਸੱਭਿਆਚਾਰਕ ਅਤੇ ਅਧਿਆਤਮਕ ਪੁਨਰਜਾਗਰਣ ਦਾ ਇੱਕ ਮਹੱਤਵਪੂਰਨ ਅਧਿਆਇ ਹੈ।
ਸਾਥੀਓ,
ਅੱਜ ਮੈਨੂੰ ਪੂਜਨੀਕ ਗੁਰੂਦੇਵ ਦੀ ਜਨਮ ਸ਼ਤਾਬਦੀ ਦਾ ਮੌਕਾ ਵੀ ਯਾਦ ਆ ਰਿਹਾ ਹੈ। 2015 ਵਿੱਚ ਮੈਨੂੰ ਉਨ੍ਹਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਿੱਕਾ ਜਾਰੀ ਕਰਨ ਦਾ ਸੁਭਾਗ ਮਿਲਿਆ ਸੀ। ਮੈਂ ਉਦੋਂ ਵੀ ਕਿਹਾ ਸੀ ਕਿ ਸਵਾਮੀ ਜੀ ਦਾ ਜੀਵਨ ਗਿਆਨ, ਕਰਮ ਅਤੇ ਭਗਤੀ ਦਾ ਅਦਭੁਤ ਸੁਮੇਲ ਸੀ। ਉਨ੍ਹਾਂ ਦੇ ਗੁਰੂ, ਸਵਾਮੀ ਸ਼ਿਵਾਨੰਦ ਜੀ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਸੀ, “ਜਾਓ, ਸ਼ੇਰ ਵਾਂਗ ਗਰਜੋ।” ਉਨ੍ਹਾਂ ਨੇ ਆਪਣਾ ਪੂਰਾ ਜੀਵਨ ਇਸੇ ਭਾਵਨਾ ਨਾਲ ਬਤੀਤ ਕੀਤਾ। ਉਨ੍ਹਾਂ ਦੀ ਬਾਣੀ ਵਿੱਚ ਜੋ ਆਤਮ-ਵਿਸ਼ਵਾਸ ਸੀ, ਜੋ ਅੰਦਰੂਨੀ ਬਲ ਸੀ, ਉਹ ਹਰ ਕਿਸੇ ਦੇ ਹਿਰਦੇ ’ਤੇ ਉਨ੍ਹਾਂ ਦੇ ਵਿਚਾਰਾਂ ਦੀ ਛਾਪ ਛੱਡ ਜਾਂਦਾ ਸੀ। ‘ਆਰਟ ਆਫ਼ ਮੈਨ ਮੇਕਿੰਗ’ ਨਾਮ ਦੇ ਉਨ੍ਹਾਂ ਦੇ ਰੇਡੀਓ ਪ੍ਰੋਗਰਾਮ ਨੇ ਕਿੰਨੇ ਹੀ ਲੋਕਾਂ ਨੂੰ ਸੇਧ ਦਿੱਤੀ।
ਸਾਥੀਓ,
ਮਹਾਨ ਵਿਅਕਤੀਆਂ ਦਾ ਮਿਸ਼ਨ ਉਨ੍ਹਾਂ ਤੋਂ ਬਾਅਦ ਵੀ ਜੀਵੰਤ ਰਹਿੰਦਾ ਹੈ। ਇਸੇ ਲਈ ਅੱਜ ਅਸੀਂ ਦੇਖ ਰਹੇ ਹਾਂ ਕਿ ਚਿਨਮਯ ਮਿਸ਼ਨ ਦੇ 100 ਤੋਂ ਵੱਧ ਸਿੱਖਿਆ ਸੰਸਥਾਨ ਲੱਖਾਂ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਦਾ ਨਿਰਮਾਣ ਕਰ ਰਹੇ ਹਨ। ਇਨ੍ਹਾਂ ਸੰਸਥਾਨਾਂ ਵਿੱਚ ਉਨ੍ਹਾਂ ਨੂੰ ਆਧੁਨਿਕ ਸਿੱਖਿਆ ਵੀ ਮਿਲ ਰਹੀ ਹੈ ਅਤੇ ਉਹ ਭਾਰਤੀ ਸੰਸਕਾਰਾਂ ਨੂੰ ਵੀ ਧਾਰਨ ਕਰ ਰਹੇ ਹਨ।
ਸਾਥੀਓ,
ਆਜ਼ਾਦੀ ਦੇ ਸਮੇਂ ਸਵਾਮੀ ਚਿਨਮਯਾਨੰਦ ਜੀ ਵਰਗੇ ਦੂਰਅੰਦੇਸ਼ ਲੋਕਾਂ ਦੀ ਜੋ ਸੋਚ ਸੀ, ਅੱਜ ਦੇਸ਼ ਵੀ ਉਸੇ ਦਿਸ਼ਾ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ। ਸਾਡੀ ਸਿੱਖਿਆ ਪ੍ਰਣਾਲੀ ਨਵੇਂ ਭਾਰਤ ਦੇ ਅਨੁਸਾਰ ਹੋਵੇ, ਇਸ ਲਈ ਅਸੀਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲੈ ਕੇ ਆਏ। ਇਸ ਨਵੀਂ ਸਿੱਖਿਆ ਨੀਤੀ ਵਿੱਚ ਭਾਰਤੀ ਗਿਆਨ ਪਰੰਪਰਾ, ਮਾਤ ਭਾਸ਼ਾ ਵਿੱਚ ਸਿੱਖਿਆ, ਆਧੁਨਿਕ ਵਿਗਿਆਨ ਅਤੇ ਨਵੀਂ ਤਕਨਾਲੋਜੀ, ਇਨ੍ਹਾਂ ਸਾਰਿਆਂ ਨੂੰ ਮਹੱਤਵ ਦਿੱਤਾ ਗਿਆ ਹੈ।
ਸਾਥੀਓ,
ਸਵਾਮੀ ਜੀ ਦੇ ਜੀਵਨ ਦਾ ਇੱਕ ਹੋਰ ਮਿਸ਼ਨ ਸੀ—ਭਾਰਤੀ ਵਿਰਾਸਤ ’ਤੇ ਮਾਣ ਕਰਨਾ ਅਤੇ ਇਸ ਦੀ ਸੰਭਾਲ ਕਰਨਾ! ਤੁਸੀਂ ਸਾਰੇ ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਰੌਕ ਮੈਮੋਰੀਅਲ ਤੋਂ ਜਾਣੂ ਹੋ। ਸਮੁੰਦਰ ਦੇ ਵਿਚਕਾਰ ਉਸ ਵਿਸ਼ਾਲ ਚਟਾਨ ’ਤੇ ਇੱਕ ਯਾਦਗਾਰ ਬਣੇ, ਇਹ ਸੰਕਲਪ ਸ਼੍ਰੀ ਏਕਨਾਥ ਜੀ ਰਾਨਾਡੇ ਨੇ ਲਿਆ ਸੀ। ਉਦੋਂ ਪੂਜਨੀਕ ਗੁਰੂਦੇਵ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਏ। ਇਸ ਮਹਾਨ ਕਾਰਜ ਲਈ ਪਹਿਲਾ ਵਿੱਤੀ ਯੋਗਦਾਨ ਵੀ ਪੂਜਨੀਕ ਸਵਾਮੀ ਜੀ ਨੇ ਹੀ ਦਿੱਤਾ ਸੀ। ਅੱਜ ਵਿਵੇਕਾਨੰਦ ਰੌਕ ਮੈਮੋਰੀਅਲ ਦੇਸ਼ ਅਤੇ ਦੁਨੀਆ ਤੋਂ ਆਉਣ ਵਾਲੇ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਕੇਂਦਰ ਹੈ।
ਸਾਥੀਓ,
ਅੱਜ ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਤੱਕ, ਭਾਰਤ ਦੇ ਸੱਭਿਆਚਾਰਕ ਕੇਂਦਰਾਂ ਦਾ ਪੁਨਰਜਾਗਰਣ ਹੋ ਰਿਹਾ ਹੈ। ਕਾਸ਼ੀ ਵਿਸ਼ਵਨਾਥ ਧਾਮ ਦਾ ਨਵਾਂ ਸਰੂਪ ਹੋਵੇ, ਅਯੁੱਧਿਆ ਵਿੱਚ ਪ੍ਰਭੂ ਸ੍ਰੀ ਰਾਮ ਦਾ ਸ਼ਾਨਦਾਰ ਮੰਦਰ ਹੋਵੇ, ਉਜੈਨ ਦਾ ਮਹਾਕਾਲ ਮਹਾਲੋਕ ਹੋਵੇ ਜਾਂ ਕੇਦਾਰਨਾਥ ਅਤੇ ਬਦਰੀਨਾਥ ਵਰਗੇ ਸਾਡੇ ਧਾਮ ਹੋਣ। ਪਿਛਲੇ ਦਿਨੀਂ ਜੇਕਰ ਤੁਸੀਂ ਕੇਦਾਰਨਾਥ ਜੀ ਗਏ ਹੋ, ਤਾਂ ਉੱਥੇ ਆਦਿ ਸ਼ੰਕਰ ਦੀ, ਆਦਿ ਸ਼ੰਕਰਾਚਾਰੀਆ ਜੀ ਦੀ ਇੱਕ ਦੈਵੀ ਅਤੇ ਸ਼ਾਨਦਾਰ ਮੂਰਤੀ ਸਥਾਪਤ ਕੀਤੀ ਗਈ ਹੈ। ਉਸ ਸਥਾਨ ’ਤੇ, ਜਿੱਥੇ ਆਦਿ ਸ਼ੰਕਰ ਨੇ ਆਪਣੀ ਦੇਹ ਤਿਆਗੀ ਸੀ। ਅੱਜ ਉਹ ਆਪਣੇ ਸ਼ਾਨਦਾਰ ਸਰੂਪ ਵਿੱਚ ਮੁੜ ਪਰਤ ਰਹੇ ਹਨ। ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਸਮੇਂ ਭਾਰਤ ਵਿੱਚੋਂ ਕਿੰਨੀਆਂ ਹੀ ਮੂਰਤੀਆਂ ਚੋਰੀ ਕਰਕੇ ਵਿਦੇਸ਼ ਲਿਜਾਈਆਂ ਗਈਆਂ ਅਤੇ ਉੱਥੇ ਵੇਚ ਦਿੱਤੀਆਂ ਗਈਆਂ। ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ, ਪੁੱਛਣ ਵਾਲਾ ਕੋਈ ਨਹੀਂ ਸੀ। ਪੂਜਾ ਕਰਨ ਵਾਲਿਆਂ ਦੀ ਤਾਂ ਗੱਲ ਹੀ ਛੱਡੋ, ਇਨ੍ਹਾਂ ਬਾਰੇ ਪੁੱਛਣ ਵਾਲਾ ਵੀ ਕੋਈ ਨਹੀਂ ਸੀ। ਪਿਛਲੇ 12 ਸਾਲਾਂ ਵਿੱਚ ਅਸੀਂ ਇਸ ਤਰ੍ਹਾਂ ਚੋਰੀ ਕੀਤੀਆਂ ਗਈਆਂ ਸਾਢੇ ਛੇ ਸੌ ਤੋਂ ਵੱਧ ਪੁਰਾਤਨ ਮੂਰਤੀਆਂ ਵੀ ਵਾਪਸ ਲੈ ਕੇ ਆਏ ਹਾਂ। ਸਾਡੇ ਸੱਭਿਆਚਾਰਕ ਕੇਂਦਰ ‘ਯੂਨੈਸਕੋ ਵਿਸ਼ਵ ਵਿਰਾਸਤ ਸਥਾਨਾਂ’ ਦਾ ਹਿੱਸਾ ਬਣ ਰਹੇ ਹਨ।
ਸਾਥੀਓ,
ਜਿਸ ਤਰ੍ਹਾਂ ਸਵਾਮੀ ਜੀ ਸਾਡੇ ਧਰਮ ਅਤੇ ਫ਼ਲਸਫ਼ੇ ਨੂੰ ਦੁਨੀਆ ਦੇ ਲੋਕਾਂ ਤੱਕ ਲੈ ਕੇ ਗਏ ਸਨ, ਉਸੇ ਤਰ੍ਹਾਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੁਨੀਆ ਭਰ ਦੇ ਲੋਕਾਂ ਨੂੰ ਭਾਰਤ ਨਾਲ ਜੋੜ ਰਿਹਾ ਹੈ, ਸਾਡੀ ਪੁਰਾਤਨ ਮਹਾਨ ਪਰੰਪਰਾ ਨਾਲ ਜੋੜ ਰਿਹਾ ਹੈ। ਆਪਣੀ ਵਿਰਾਸਤ ’ਤੇ ਮਾਣ ਕਰਨ ਦਾ ਇਹ ਆਤਮ-ਵਿਸ਼ਵਾਸ, ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਾ ਇਹ ਭਰੋਸਾ, ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਹੁਣ ਉਸ ਰਾਹ ’ਤੇ ਅੱਗੇ ਵਧ ਰਿਹਾ ਹੈ, ਜਿਸ ਦਾ ਸੁਪਨਾ ਸਾਡੇ ਰਿਸ਼ੀਆਂ ਅਤੇ ਰਾਸ਼ਟਰ ਭਗਤਾਂ ਨੇ ਸਦੀਆਂ ਤੋਂ ਦੇਖਿਆ ਸੀ। ਉਨ੍ਹਾਂ ਦੀ ਵਿਚਾਰ ਸ਼ਕਤੀ ਇਸ ਰਾਹ ਵਿੱਚ ਸਾਡੀ ਸਭ ਤੋਂ ਵੱਡੀ ਤਾਕਤ ਹੈ।
ਸਾਥੀਓ,
ਵੱਖ-ਵੱਖ ਸੰਸਥਾਨਾਂ ਅਤੇ ਸੰਸਥਾਵਾਂ ਦੇ ਆਪਣੇ-ਆਪਣੇ ਮਨੋਰਥ ਹੁੰਦੇ ਹਨ, ਪਰ ਇੱਕ ਮਕਸਦ ਜੋ ਸਾਰਿਆਂ ਨੂੰ ਜੋੜਦਾ ਹੈ, ਉਹ ਮੰਜ਼ਿਲ ਜਿੱਥੇ ਸਾਰੇ ਰਸਤੇ ਇਕੱਠੇ ਮਿਲ ਜਾਂਦੇ ਹਨ, ਉਹ ਟੀਚਾ ਹੈ—ਦੇਸ਼ ਦਾ ਵਿਕਾਸ, ਦੇਸ਼ ਦਾ ਮਾਣ। ਸਵਾਮੀ ਚਿਨਮਯਾਨੰਦ ਜੀ ਦੇ ਸਮੇਂ ਦੇਸ਼ ਸਾਹਮਣੇ ਜੋ ਚੁਣੌਤੀਆਂ ਸਨ, ਉਸ ਸਮੇਂ ਉਨ੍ਹਾਂ ਨੇ ਉਸ ਅਨੁਸਾਰ ਆਪਣੇ ਸੰਕਲਪ ਘੜੇ। ਪਿਛਲੇ ਦਹਾਕਿਆਂ ਵਿੱਚ ਸਮਾਂ ਬਦਲਿਆ ਹੈ, ਦੇਸ਼ ਸਾਹਮਣੇ ਨਵੀਆਂ ਚੁਣੌਤੀਆਂ ਪੈਦਾ ਹੋਈਆਂ ਹਨ, ਸਮਾਜ ਵਿੱਚ ਨਵੇਂ ਵਿਗਾੜ ਆਏ ਹਨ। ਅੱਜ ਇਨ੍ਹਾਂ ਦੇ ਹੱਲ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ’ਤੇ ਹੈ। ਅੱਜ ਅਸੀਂ ਵੰਡ ਪਾਉਣ ਵਾਲੀਆਂ ਤਾਕਤਾਂ ਵਿਰੁੱਧ ਸਮਾਜ ਨੂੰ ਇਕਜੁੱਟ ਕਰਨਾ ਹੈ, ਅਸੀਂ ਆਤਮਨਿਰਭਰਤਾ ਲਈ ਦੇਸ਼ਵਾਸੀਆਂ ਨੂੰ ਜਾਗਰੂਕ ਕਰਨਾ ਹੈ। 2047 ਵਿੱਚ ਵਿਕਸਿਤ ਭਾਰਤ ਦੇ ਸੰਕਲਪ ਨਾਲ ਹਰ ਵਿਅਕਤੀ ਨੂੰ ਜੋੜਨਾ ਹੈ। ਇਨ੍ਹਾਂ ਮੰਤਵਾਂ ਲਈ ਸਾਨੂੰ ਹੋਰ ਸਰਗਰਮ ਹੋਣਾ ਪਵੇਗਾ।
ਸਾਥੀਓ,
2047 ਵਿੱਚ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਉਸੇ ਸਮੇਂ ਦੌਰਾਨ ਚਿਨਮਯ ਮਿਸ਼ਨ ਵੀ ਆਪਣੀ ਸ਼ਤਾਬਦੀ ਦਾ ਸਾਲ ਮਨਾਏਗਾ। ਭਾਵ, ਚਿਨਮਯ ਮਿਸ਼ਨ ਦੀ ਸ਼ਤਾਬਦੀ ਯਾਤਰਾ ਅਤੇ ਵਿਕਸਿਤ ਭਾਰਤ ਦੀ ਯਾਤਰਾ ਇਕੱਠੀਆਂ ਅੱਗੇ ਵਧਣਗੀਆਂ। ਇਸ ਲਈ ਸਾਡੇ ਟੀਚੇ ਵੀ ਇੱਕ ਹਨ, ਮਕਸਦ ਵੀ ਇੱਕ ਹਨ ਅਤੇ ਸਾਨੂੰ ਇਸ ਯਾਤਰਾ ਨੂੰ ਇਕੱਠਿਆਂ ਅੱਗੇ ਵਧਾਉਣਾ ਹੈ। ਤੁਹਾਡੇ ਕੋਲ ਗੁਰੂਦੇਵ ਦੀ ਮਹਾਨ ਵਿਰਾਸਤ ਹੈ, ਦਹਾਕਿਆਂ ਦਾ ਤਜਰਬਾ ਹੈ। ਦੁਨੀਆ ਭਰ ਵਿੱਚ ਸਮਰਪਿਤ ਆਚਾਰੀਆਂ, ਸਾਧਕਾਂ ਅਤੇ ਕਾਰਕੁਨਾਂ ਦਾ ਇੱਕ ਵਿਸ਼ਾਲ ਪਰਿਵਾਰ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਓਗੇ। ਇਸੇ ਵਿਸ਼ਵਾਸ ਨਾਲ ਮੈਂ ਇੱਕ ਵਾਰ ਫਿਰ ਪੂਜਨੀਕ ਗੁਰੂਦੇਵ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ। ਚਿਨਮਯ ਮਿਸ਼ਨ ਦੇ ਸਾਰੇ ਸੰਤਾਂ, ਆਚਾਰੀਆਂ, ਸਾਧਕਾਂ ਅਤੇ ਸੇਵਾ ਭਾਵ ਵਾਲੇ ਸਾਥੀਆਂ ਨੂੰ ਅੰਮ੍ਰਿਤ ਮਹੋਤਸਵ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਹਰੀ ਓਮ।
ਹਰੀ ਓਮ।
ਹਰੀ ਓਮ।
ਬਹੁਤ-ਬਹੁਤ ਧੰਨਵਾਦ।
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ