Posted On:
23 OCT 2026 11:42AM by PIB Chandigarh
ਨਵੀਂ ਦਿੱਲੀ ਸਥਿਤ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼ (NAAS) ਨੇ ਵਰਲਡ ਫੂਡ ਪ੍ਰਾਈਜ਼ ਫਾਊਂਡੇਸ਼ਨ (WFPF) ਦੇ "2026 ਨੌਰਮਨ ਈ. ਬੋਰਲੌਗ ਇੰਟਰਨੈਸ਼ਨਲ ਡਾਇਲੌਗ" ਨਾਮਕ ਪ੍ਰੋਗਰਾਮ ਵਿੱਚ ਭਾਰਤ ਦੀ ਖੇਤੀਬਾੜੀ ਖੋਜ ਉੱਤਮਤਾ ਦਾ ਪ੍ਰਦਰਸ਼ਨ ਕੀਤਾ, ਜਿਸ ਦਾ ਵਿਸ਼ਾ "ਭੁੱਖ ਦੀ ਜਿੱਤ ਤੋਂ ਪਹਿਲਾਂ" ਸੀ ਅਤੇ ਜੋ 20 ਤੋਂ 22 ਅਕਤੂਬਰ, 2026 ਤੱਕ ਡੇਸ ਮੋਇਨੇਸ, ਆਇਓਵਾ, ਅਮਰੀਕਾ ਵਿੱਚ ਆਯੋਜਿਤ ਕੀਤਾ ਗਿਆ ਸੀ।

ਅਕੈਡਮੀ ਦੀ ਭਾਗੀਦਾਰੀ ਵਿੱਚ ਐੱਨਏਏਐੱਸ ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਪ੍ਰਮੁੱਖ ਪ੍ਰਕਾਸ਼ਨਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਸਮਰਪਿਤ ਪ੍ਰਦਰਸ਼ਨੀ ਬੂਥ, ਗਲੋਬਲ ਯੂਥ ਇੰਸਟੀਟਿਊਟ (ਜੀਵਾਈਆਈ) ਵਿੱਚ ਭਾਰਤ ਦੇ ਯੁਵਾ ਵਿਦਿਆਰਥੀਆਂ ਦੀ ਭਾਗੀਦਾਰੀ, ਖੇਤੀਬਾੜੀ ਉੱਚ ਸਿੱਖਿਆ ‘ਤੇ ਇੱਕ ਵਿਸ਼ੇਸ਼ ਗੋਲਮੇਜ਼ ਸੰਮੇਲਨ ਅਤੇ ਐੱਨਏਏਐੱਸ ਅਤੇ ਖੇਤੀਬਾੜੀ ਵਿਗਿਆਨ ਅਤੇ ਤਕਨਾਲੋਜੀ ਕੌਂਸਲ (ਸੀਏਐੱਸਟੀ), ਯੂਐੱਸਏ ਦੇ ਦਰਮਿਆਨ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਸ਼ਾਮਲ ਸਨ।

ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਚੁਣੇ ਗਏ ਸੱਤ ਹਾਈ ਸਕੂਲ ਦੇ ਵਿਦਿਆਰਥੀਆਂ ਨੇ, ਜਿਨ੍ਹਾਂ ਨੂੰ NAAS-ਯੁਵਾ ਚੋਣ ਅਭਿਆਨ ਰਾਹੀਂ ਚੁਣਿਆ ਗਿਆ ਸੀ, WFPF ਦੇ GYI ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਖੁਰਾਕ ਸੁਰੱਖਿਆ ਦੀ ਗੁੰਝਲਦਾਰ ਚੁਣੌਤੀਆਂ ‘ਤੇ ਆਪਣੇ ਗਲੋਬਲ ਖੋਜ ਪੱਤਰ ਪੇਸ਼ ਕੀਤੇ। ਉਨ੍ਹਾਂ ਦੀ ਭਾਗੀਦਾਰੀ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਹਮਰੁਤਬਿਆਂ ਨਾਲ ਜੁੜਨ ਅਤੇ ਖੁਰਾਕ ਸੁਰੱਖਿਆ ਅਤੇ ਟਿਕਾਊ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕੀਤਾ। ਅਕੈਡਮੀ ਲਈ ਇੱਕ ਗੌਰਵਪੂਰਨ ਪਲ ਵਿੱਚ, ਕੁਮਾਰੀ ਅਮੀਨਾ ਨਜ਼ਰੀਨ ਏ ਐੱਸ ਨੇ 500 ਅਮਰੀਕੀ ਡਾਲਰ ਦਾ ਨਕਦ ਪੁਰਸਕਾਰ ਜਿੱਤ ਕੇ GYI ਪੁਰਸਕਾਰ ਜਿੱਤਿਆ, ਜਿਸ ਨੇ NAAS, ਭਾਰਤ ਨੂੰ ਮਾਨਤਾ ਦਿੱਤੀ ਅਤੇ ਇੱਕ ਪ੍ਰਤਿਸ਼ਠਿਤ ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਯੁਵਾ ਪ੍ਰਤਿਭਾ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ।

ਐੱਨਏਏਐੱਸ ਦੇ ਪ੍ਰਦਰਸ਼ਨੀ ਬੂਥ ਨੇ ਅਕੈਡਮੀ ਅਤੇ ਆਈਸੀਏਆਰ ਦੇ ਪ੍ਰਮੁੱਖ ਪ੍ਰਕਾਸ਼ਨਾਂ ਨੂੰ ਪ੍ਰਦਰਸ਼ਿਤ ਕਰਕੇ ਭਾਰਤ ਦੇ ਵਿਗਿਆਨਕ ਯੋਗਦਾਨਾਂ ‘ਤੇ ਧਿਆਨ ਆਕਰਸ਼ਿਤ ਕੀਤਾ। ਇਸ ਪਹਿਲ ਦੇ ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ, ਨੀਤੀ ਨਿਰਮਾਤਾਵਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਭਾਰਤੀ ਖੇਤੀਬਾੜੀ ਖੋਜ, ਵਿਗਿਆਨਕ ਗਿਆਨ ਅਤੇ ਨੀਤੀਗਤ ਦ੍ਰਿਸ਼ਟੀਕੋਣ ਸਾਂਝਾ ਕਰਨ ਲਈ ਇੱਕ ਅੰਤਰਰਾਸ਼ਟਰੀ ਮੰਚ ਪ੍ਰਦਾਨ ਕੀਤਾ।

ਇਸ ਤੋਂ ਪਹਿਲਾਂ, 2026 ਨੌਰਮਨ ਈ. ਬੋਰਲੌਗ ਇੰਟਰਨੈਸ਼ਨਲ ਡਾਇਲੌਗ ਦੇ ਸਹਿਯੋਗ ਨਾਲ ਆਯੋਜਿਤ "ਖੇਤੀਬਾੜੀ ਉੱਚ ਸਿੱਖਿਆ" ‘ਤੇ ਇੱਕ ਵਿਸ਼ੇਸ਼ ਗੋਲਮੇਜ਼ ਕਾਨਫਰੰਸ ਵਿੱਚ ਭਾਰਤੀ ਖੇਤੀਬਾੜੀ ਭਾਈਚਾਰੇ ਨੇ ਗਲੋਬਲ ਸਾਂਝੇਦਾਰੀ ਰਾਹੀਂ ਖੇਤੀਬਾੜੀ ਸਿੱਖਿਆ ਵਿੱਚ ਤਬਦੀਲੀ ਲਿਆਉਣ ਬਾਰੇ ਚਰਚਾ ਕੀਤੀ। ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, NAAS ਦੇ ਪ੍ਰਧਾਨ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ ਨੇ ਜਲਵਾਯੂ ਪਰਿਵਰਤਨ, ਕੁਦਰਤੀ ਸਰੋਤਾਂ ਦੀ ਘਾਟ, ਜੈਵ ਵਿਭਿੰਨਤਾ ਦੇ ਨੁਕਸਾਨ ਅਤੇ ਕਿਫ਼ਾਇਤੀ ਅਤੇ ਸਿਹਤਮੰਦ ਭੋਜਨ ਦੀ ਵਧਦੀ ਮੰਗ ਸਮੇਤ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਵਿੱਖ ਦੇ ਪੇਸ਼ੇਵਰਾਂ ਨੂੰ ਤਿਆਰ ਕਰਨ ਲਈ ਖੇਤੀਬਾੜੀ ਉੱਚ ਸਿੱਖਿਆ ਦੀ ਮੁੜ ਕਲਪਨਾ ਕਰਨ ਦਾ ਸੱਦਾ ਦਿੱਤਾ।

ਆਪਣੇ ਸੰਬੋਧਨ ਵਿੱਚ ਡਾ. ਜਾਟ ਨੇ ਉਤਪਾਦ-ਕੇਂਦ੍ਰਿਤ ਖੇਤੀਬਾੜੀ ਤੋਂ ਅੱਗੇ ਵਧ ਕੇ ਏਕੀਕ੍ਰਿਤ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਅਤੇ ਵੈਲਿਊ ਚੇਨ ਪਹੁੰਚਾਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਉਦਯੋਗ ਲਈ ਤਿਆਰ ਮਨੁੱਖ ਸਰੋਤ ਵਿਕਸਿਤ ਕਰਨ ਅਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਮਜ਼ਬੂਤ ਸਹਿਯੋਗ, ਅੰਤਰਰਾਸ਼ਟਰੀ ਗਿਆਨ ਅਦਾਨ-ਪ੍ਰਦਾਨ ਅਤੇ ਭਾਰਤੀ ਖੇਤੀਬਾੜੀ ਭਾਈਚਾਰੇ ਦੇ ਨਾਲ ਜੁੜਾਅ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਖੇਤੀਬਾੜੀ ਖੋਜ ਅਤੇ ਵਿਕਾਸ ਵਿੱਚ ਉਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਨੀਤੀਗਤ ਸੰਵਾਦ ਨੂੰ ਹੁਲਾਰਾ ਦੇਣ ਅਤੇ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ, ਵਿਦਿਅਕ ਸੰਸਥਾਨਾਂ ਅਤੇ ਉਦਯੋਗ ਨੂੰ ਇੱਕਠੇ ਲਿਆਉਣ ਵਿੱਚ NAAS ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ।
ਇੱਕ ਹੋਰ ਮਹੱਤਵਪੂਰਨ ਉਪਲਬਧੀ NAAS ਅਤੇ CAST ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨਾ ਸੀ, ਜਿਸ ਦਾ ਉਦੇਸ਼ ਖੇਤੀਬਾੜੀ ਖੋਜ, ਸਮਰੱਥਾ ਵਿਕਾਸ ਅਤੇ ਗਿਆਨ ਅਦਾਨ-ਪ੍ਰਦਾਨ ਵਿੱਚ ਸਹਿਯੋਗ ਦੇ ਨਵੇਂ ਰਾਹ ਖੋਲ੍ਹਣਾ ਹੈ। ਇਸ ਸਾਂਝੇਦਾਰੀ ਨਾਲ ਸੰਸਥਾਗਤ ਸਬੰਧਾਂ ਨੂੰ ਮਜ਼ਬੂਤੀ ਮਿਲਣ ਅਤੇ ਅੰਤਰਰਾਸ਼ਟਰੀ ਵਿਗਿਆਨਕ ਸਹਿਯੋਗ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।

ਯੁਵਾ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਅਤੇ ਅਕੈਡਮੀ ਦੀ ਗਲੋਬਲ ਕਨੈਕਟੀਵਿਟੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਡਾ. ਜਾਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਟਿਕਾਊ ਖੇਤੀਬਾੜੀ ਅਤੇ ਗਲੋਬਲ ਖੁਰਾਕ ਸੁਰੱਖਿਆ ਲਈ ਨਵੀਨਤਾਕਾਰੀ ਸਮਾਧਾਨ ਵਿਕਸਿਤ ਕਰਨ ਲਈ ਯੁਵਾ ਪ੍ਰਤਿਭਾਵਾਂ ਦਾ ਪੋਸ਼ਣ ਅਤੇ ਅੰਤਰਰਾਸ਼ਟਰੀ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਇਸ ਤਰ੍ਹਾਂ ਦੇ ਸਹਿਯੋਗਾਤਮਕ ਯਤਨ ਖੇਤੀਬਾੜੀ ਖੋਜ, ਸਿੱਖਿਆ ਅਤੇ ਵਿਸਥਾਰ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਦੇਣਗੇ, ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਦੇ ਦੇਸ਼ਾਂ ਵਿੱਚ।
ਆਪਣੇ ਵਿਗਿਆਨਕ ਪ੍ਰਚਾਰ-ਪ੍ਰਸਾਰ, ਯੁਵਾ ਸ਼ਮੂਲੀਅਤ, ਅਕਾਦਮਿਕ ਸੰਵਾਦ ਅਤੇ ਸੰਸਥਾਗਤ ਸਾਂਝੇਦਾਰੀਆਂ ਰਾਹੀਂ, ਐੱਨਏਏਐੱਸ ਨੇ ਭਾਰਤ ਦੀ ਖੇਤੀਬਾੜੀ ਉੱਤਮਤਾ ਨੂੰ ਪ੍ਰਦਰਸ਼ਿਤ ਕਰਨ ਅਤੇ ਇੱਕ ਲਚਕਦਾਰ, ਟਿਕਾਊ ਅਤੇ ਖੁਰਾਕ-ਸੁਰੱਖਿਅਤ ਭਵਿੱਖ ਵਿੱਚ ਯੋਗਦਾਨ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
****
ਐੱਸਐੱਸ/ਐੱਮਐੱਸ/ਏਕੇ