Posted On:
22 OCT 2026 8:48PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਹਰਿਆਣਾ ਦੇ ਇਤਿਹਾਸਕ ਕਸਬੇ ਤਰਾਵੜੀ (ਜ਼ਿਲ੍ਹਾ ਕਰਨਾਲ) ਤੋਂ ਦੇਸ਼-ਵਿਆਪੀ 'ਖੇਤ ਬਚਾਓ ਅਭਿਆਨ' ਦੀ ਰਸਮੀ ਸ਼ੁਰੂਆਤ ਕੀਤੀ। ਦੇਸ਼ ਭਰ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਸਮੇਤ ਖੇਤੀਬਾੜੀ ਨਾਲ ਜੁੜੀਆਂ ਸੰਸਥਾਵਾਂ ਤੋਂ ਵਰਚੁਅਲੀ ਜੁੜੇ ਲੱਖਾਂ ਅੰਨਦਾਤਾਵਾਂ, ਖੇਤੀ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅਸੰਤੁਲਿਤ ਵਰਤੋਂ ਨਾ ਰੁਕੀ, ਤਾਂ ਧਰਤੀ ਫ਼ਸਲਾਂ ਪੈਦਾ ਕਰਨ ਤੋਂ ਇਨਕਾਰ ਕਰ ਦੇਵੇਗੀ ਅਤੇ ਮਨੁੱਖੀ ਸਰੀਰ ਬਿਮਾਰੀਆਂ ਦਾ ਘਰ ਬਣ ਜਾਵੇਗਾ। ਇਸ ਮੌਕੇ ‘ਤੇ ਉਨ੍ਹਾਂ ਨੇ 22 ਅਕਤੂਬਰ ਤੋਂ 30 ਨਵੰਬਰ ਤੱਕ ਦੇਸ਼ ਦੇ ਹਰ ਪਿੰਡ ਵਿੱਚ ਵਿਆਪਕ ਜਨ ਜਾਗਰੂਕਤਾ ਅਭਿਆਨ ਚਲਾਉਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ, ਪੇਂਡੂ ਵਿਕਾਸ ਮੰਤਰੀ ਵਜੋਂ ਉਨ੍ਹਾਂ ਨੇ ਹਰਿਆਣਾ ਦੇ ਗ਼ਰੀਬ ਪਰਿਵਾਰਾਂ ਨੂੰ ਵੱਡੀ ਸੌਗਾਤ ਦਿੰਦਿਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਤਹਿਤ 28,422 ਪੱਕੇ ਮਕਾਨਾਂ ਦੇ ਨਿਰਮਾਣ ਲਈ 1,343.06 ਕਰੋੜ ਰੁਪਏ ਦੀ ਵਿੱਤੀ ਮਨਜ਼ੂਰੀ ਦਾ ਪੱਤਰ ਮੰਚ ਤੋਂ ਹਰਿਆਣਾ ਸਰਕਾਰ ਦੇ ਲਈ ਰਾਜ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੂੰ ਸੌਂਪਿਆ।
ਹਰਿਆਣਾ ਦੇ ਕਿਸਾਨਾਂ ਨੇ ਪੂਰੇ ਦੇਸ਼ ਨੂੰ ਦਿਖਾਈ ਪ੍ਰਗਤੀ ਦੀ ਦਿਸ਼ਾ
ਤਰਾਵੜੀ ਦੀ ਇਤਿਹਾਸਕ ਧਰਤੀ 'ਤੇ ਆਯੋਜਿਤ ਵਿਸ਼ਾਲ ਕਿਸਾਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਅਦਭੁਤ, ਮਿਹਨਤੀ ਅਤੇ ਪ੍ਰਯੋਗਸ਼ੀਲ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਅਗਾਂਹਵਧੂ ਕਿਸਾਨ ਨਾ ਸਿਰਫ਼ ਆਪਣੇ ਰਾਜ ਵਿੱਚ ਸਗੋਂ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ ਵੀ ਜਾ ਕੇ ਆਧੁਨਿਕ ਅਤੇ ਕੁਦਰਤੀ ਖੇਤੀ ਰਾਹੀਂ ਬਦਲਾਅ ਦੀ ਨਵੀਂ ਕਹਾਣੀ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਜੋ ਰਾਹ ਦਿਖਾਉਂਦਾ ਹੈ, ਪੂਰਾ ਦੇਸ਼ ਉਸ ਦਿਸ਼ਾ ਵਿੱਚ ਅੱਗੇ ਵਧਦਾ ਹੈ। ਅੱਜ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਲ ਵਿੱਚ ਵੀ ਇਹੋ ਡੂੰਘੀ ਤੜਪ ਹੈ ਕਿ ਸਾਡੀ ਧਰਤੀ ਮਾਂ ਕਿਉਂ ਅਸਵਸਥ ਹੋ ਰਹੀ ਹੈ ਅਤੇ ਸਾਡੇ ਖੇਤਾਂ ਦੀ ਸਿਹਤ ਕਿਵੇਂ ਬਿਹਤਰ ਬਣੇ।

ਹਰਿਆਣਾ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵੱਡੀ ਸੌਗਾਤ
ਸਮਾਰੋਹ ਦੌਰਾਨ ਕੇਂਦਰੀ ਪੇਂਡੂ ਵਿਕਾਸ ਮੰਤਰੀ ਵਜੋਂ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਰਿਆਣਾ ਦੇ ਗ੍ਰਾਮੀਣ ਗ਼ਰੀਬਾਂ ਲਈ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹਰਿਆਣਾ ਦੇ ਯੋਗ ਗ਼ਰੀਬ ਪਰਿਵਾਰਾਂ ਲਈ 28,422 ਪੱਕੇ ਮਕਾਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ 1343 ਕਰੋੜ 6 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਮੰਚ ‘ਤੇ ਮੌਜੂਦ ਹਰਿਆਣਾ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੂੰ ਇਸ ਇਤਿਹਾਸਕ ਮਨਜ਼ੂਰੀ ਨਾਲ ਸਬੰਧਿਤ ਰਸਮੀ ਪੱਤਰ ਸੌਂਪਿਆ, ਜਿਸ ਨਾਲ ਰਾਜ ਦੇ ਹਜ਼ਾਰਾਂ ਗ਼ਰੀਬ ਪਰਿਵਾਰਾਂ ਦੇ ਪੱਕੇ ਘਰ ਦਾ ਸੁਪਨਾ ਸਾਕਾਰ ਹੋਵੇਗਾ।

ਸਸਤੀ ਖਾਦ ਦਾ ਮਤਲਬ ਅੰਨ੍ਹੇਵਾਹ ਵਰਤੋਂ ਨਹੀਂ, ਸਬਸਿਡੀ ਦਾ ਭਾਰ ਖੁਦ ਚੁੱਕ ਰਹੀ ਸਰਕਾਰ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਖਾਦਾਂ ਦੀਆਂ ਕੀਮਤਾਂ ਅਤੇ ਸਰਕਾਰ ਦੀ ਵਚਨਬੱਧਤਾ ਬਾਰੇ ਬੋਲਦਿਆਂ ਕਿਹਾ ਕਿ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤਾਂ ਵਧਣ ਦੇ ਬਾਵਜੂਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਕਿਸਾਨਾਂ 'ਤੇ ਕੋਈ ਵਾਧੂ ਬੋਝ ਨਹੀਂ ਪੈਣ ਦੇ ਰਹੀ ਹੈ। ਸਰਕਾਰ ਡੇਢ ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿਸ਼ਾਲ ਖਾਦ ਸਬਸਿਡੀ ਦਾ ਬੋਝ ਚੁੱਕ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਯੂਰੀਆ ਦੀ ਇੱਕ ਬੋਰੀ ਸਿਰਫ਼ 266 ਰੁਪਏ ਵਿੱਚ ਅਤੇ ਡੀਏਪੀ (DAP) ਦੀ ਬੋਰੀ 1350 ਰੁਪਏ ਵਿੱਚ ਮਿਲਦੀ ਰਹੇ। ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ, "ਸਸਤੀ ਖਾਦ ਮਿਲਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਆਪਣੇ ਖੇਤਾਂ ਵਿੱਚ ਚਾਰ-ਚਾਰ ਬੋਰੀਆਂ ਯੂਰੀਆ ਪਾਈ ਜਾਈਏ। ਇਹ ਵਹਿਮ ਹੈ ਕਿ ਜ਼ਿਆਦਾ ਖਾਦ ਪਾਉਣ ਨਾਲ ਜ਼ਿਆਦਾ ਫਸਲ ਹੋਵੇਗੀ। ਬਿਨਾ ਲੋੜ ਦੇ ਖਾਦ ਪਾਉਣਾ ਆਪਣੀ ਮਿਹਨਤ ਦੀ ਕਮਾਈ ਨੂੰ ਬਰਬਾਦ ਕਰਨ ਅਤੇ ਜ਼ਮੀਨ ਵਿੱਚ ਜ਼ਹਿਰ ਘੋਲਣ ਦੇ ਬਰਾਬਰ ਹੈ। ਜਿਵੇਂ ਬਿਨਾ ਬਿਮਾਰੀ ਦੇ ਦਵਾਈ ਖਾਣ ਨਾਲ ਇਨਸਾਨ ਬਿਮਾਰ ਹੋ ਜਾਂਦਾ ਹੈ, ਉਸੇ ਤਰ੍ਹਾਂ ਵਧੇਰੇ ਖਾਦਾਂ ਦੀ ਵਰਤੋਂ ਨਾਲ ਸਾਡੀ 'ਧਰਤੀ ਮਾਂ' ਦੀ ਸਿਹਤ ਨੂੰ ਨੁਕਸਾਨ ਪਹੁੰਚ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਹੁਣ 'ਗ੍ਰੀਨ ਅਮੋਨੀਆ' ਦੀ ਵਰਤੋਂ ਵੱਲ ਵਧ ਰਿਹਾ ਹੈ, ਜਿਸ ਨਾਲ ਭਾਰਤ ਭਵਿੱਖ ਵਿੱਚ ਖਾਦ ਉਤਪਾਦਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਆਤਮ-ਨਿਰਭਰ ਬਣੇਗਾ।

ਕੀਟਨਾਸ਼ਕਾਂ ਨਾਲ ਬਿਮਾਰੀਆਂ ਦਾ ਘਰ ਬਣ ਰਿਹਾ ਸਰੀਰ, ਇਨਸਾਨ ਅਤੇ ਖੇਤ ਦੋਵਾਂ ਨੂੰ ਬਚਾਉਣਾ ਜ਼ਰੂਰੀ
ਰਸਾਇਣਕ ਖੇਤੀ ਦੇ ਗੰਭੀਰ ਮਾੜੇ ਨਤੀਜਿਆਂ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਜ਼ਹਿਰੀਲੇ ਕੀਟਨਾਸ਼ਕਾਂ ਅਤੇ ਅਨਿਯੰਤ੍ਰਿਤ ਖਾਦਾਂ ਤੋਂ ਪੈਦਾ ਹੋਇਆ ਅਨਾਜ ਖਾ ਕੇ ਅੱਜ ਇਨਸਾਨ ਦਾ ਸਰੀਰ ਗੰਭੀਰ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਉਣ ਲਈ ਹਵਾ, ਪਾਣੀ ਅਤੇ ਅਨਾਜ ਚਾਹੀਦਾ ਹੈ ਅਤੇ ਸ਼ਾਸਤਰਾਂ ਵਿੱਚ ਅਨਾਜ ਨੂੰ ਬ੍ਰਹਮ ਮੰਨਿਆ ਗਿਆ ਹੈ। ਜੇਕਰ ਇਹ ਅਨਾਜ ਹੀ ਅਸ਼ੁੱਧ ਹੋ ਗਿਆ ਤਾਂ ਮਨੁੱਖੀ ਸੱਭਿਅਤਾ ਦੀ ਹੋਂਦ ਖ਼ਤਰੇ ਵਿੱਚ ਪੈ ਜਾਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਇਹ ਲੜਾਈ ਸਿਰਫ਼ ਮਿੱਟੀ ਦੀ ਨਹੀਂ, ਸਗੋਂ ਖੇਤ ਅਤੇ ਇਨਸਾਨ ਦੋਵਾਂ ਦੇ ਜੀਵਨ ਨੂੰ ਬਚਾਉਣ ਦੀ ਪਵਿੱਤਰ ਮੁਹਿੰਮ ਹੈ।
ਮਿੱਟੀ ਦੀ ਸੰਭਾਲ ਦੇ ਤਿੰਨ ਮੁੱਖ ਵਿਵਹਾਰਕ ਮੰਤਰ
ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਸਾਨਾਂ ਦੇ ਸਾਹਮਣੇ ਜ਼ਮੀਨ ਨੂੰ ਉਪਜਾਊ ਬਣਾਈ ਰੱਖਣ ਦੇ ਤਿੰਨ ਮੁੱਖ ਉਪਾਅ ਪੇਸ਼ ਕੀਤੇ - *ਸੌਇਲ ਹੈਲਥ ਕਾਰਡ ਦੇ ਅਧਾਰ ‘ਤੇ ਸੰਤੁਲਿਤ ਵਰਤੋਂ* ਕਿਸਾਨ ਆਪਣੇ ਮੋਬਾਈਲ ‘ਤੇ ਸੌਇਲ ਹੈਲਥ ਕਾਰਡ ਦੇਖਣ ਅਤੇ ਖੇਤ ਦੀ ਮਿੱਟੀ ਵਿੱਚ ਜਿਸ ਤੱਤ ਦੀ ਕਮੀ ਹੋਵੇ, ਸਿਰਫ਼ ਓਹੀ ਖਾਦ ਸੰਤੁਲਿਤ ਮਾਤਰਾ ਵਿੱਚ ਪਾਉਣ। *ਫਸਲੀ ਚੱਕਰ ਵਿੱਚ ਤਬਦੀਲੀ (Crop Rotation):* ਲਗਾਤਾਰ ਝੋਨੇ-ਕਣਕ ਦਾ ਚੱਕਰ ਦੁਹਰਾਉਣ ਦੀ ਥਾਂ के ਕਦੇ ਛੋਲੇ, ਮਸੂਰ, ਅਰਹਰ (ਤੁਅਰ) ਵਰਗੀਆਂ ਦਾਲਾਂ ਵਾਲੀਆਂ ਫਸਲਾਂ ਲਗਾਉਣ। ਦਾਲਾਂ ਦੀਆਂ ਜੜਾਂ ਮਿੱਟੀ ਵਿੱਚ ਕੁਦਰਤੀ ਤੌਰ ‘ਤੇ ਨਾਈਟ੍ਰੋਜਨ ਸਥਿਰ (ਨਾਈਟ੍ਰੋਜਨ ਫਿਕਸ) ਕਰਦੀਆਂ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਆਪਣੇ ਆਪ ਹੀ ਵਧ ਜਾਂਦੀ ਹੈ। *ਘੱਟ ਤੋਂ ਘੱਟ ਅੱਧੇ ਏਕੜ ਵਿੱਚ ਕੁਦਰਤੀ ਖੇਤੀ:* ਕਿਸਾਨ ਭਾਵੇਂ ਹੀ ਸ਼ੁਰੂ ਵਿੱਚ ਪੂਰੇ ਖੇਤ ਵਿੱਚ ਇਸ ਤਰ੍ਹਾਂ ਨਾ ਕਰਨ, ਪਰ 5 ਏਕੜ ਵਿੱਚੋਂ ਘੱਟੋ-ਘੱਟ ਅੱਧੇ ਏਕੜ ਵਿੱਚ ਗਾਂ ਦੇ ਗੋਬਰ, ਗਊਮੁਤਰ ਅਤੇ ਰੁੱਖਾਂ ਦੇ ਹੇਠਲੀ ਮਿੱਟੀ ਨਾਲ 'ਬੀਜਾਮ੍ਰਿਤ' ਅਤੇ 'ਘਣਜੀਵਾਮ੍ਰਿਤ' ਬਣਾ ਕੇ ਕੁਦਰਤੀ ਖੇਤੀ ਸ਼ੁਰੂ ਕਰਨ। ਇਸ ਨਾਲ ਘਰ ਵਿੱਚ ਖਾਣ ਲਈ ਭੋਜਨ ਲਈ ਜ਼ਹਿਰ ਮੁਕਤ ਅਨਾਜ ਮਿਲੇਗਾ, ਲਾਗਤ ਘਟੇਗੀ ਅਤੇ ਦੋ-ਤਿੰਨ ਵਰ੍ਹਿਆਂ ਵਿੱਚ ਮਿੱਟੀ ਦੀ ਸਿਹਤ ਸੁਧਰ ਕੇ ਉਤਪਾਦਨ ਰਵਾਇਤੀ ਖੇਤੀ ਦੇ ਬਰਾਬਰ ਪਹੁੰਚ ਜਾਵੇਗਾ।
ਪਰਾਲੀ ਪ੍ਰਬੰਧਨ ਅਤੇ ਜ਼ਮੀਨ ਦੇ ਮਿੱਤਰ ਗੰਡੋਇਆਂ ਦੀ ਰੱਖਿਆ
ਤਰਾਵੜੀ ਦੇ ਕਿਸਾਨਾਂ ਦੁਆਰਾ ਪਰਾਲੀ ਪ੍ਰਬੰਧਨ ਅਤੇ ਮਿੱਟੀ ਵਿੱਚ ਉੱਚ ਜੈਵਿਕ ਕਾਰਬਨ ਪੱਧਰ ਬਣਾਈ ਰੱਖਣ ਦੀ ਸ਼ਲਾਘਾ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤਾਂ ਵਿੱਚ ਪਰਾਲੀ ਸਾੜਨਾ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਬਰਾਬਰ ਹੈ। ਅੱਗ ਲਗਾਉਣ ਨਾਲ ਨਾ ਸਿਰਫ਼ ਹਵਾ ਵਿੱਚ ਪ੍ਰਦੂਸ਼ਨ ਫੈਲਦਾ ਹੈ, ਸਗੋਂ ਮਿੱਟੀ ਦੀਆਂ ਉੱਪਰਲੀਆਂ ਅਤੇ ਹੇਠਲੀਆਂ ਪਰਤਾਂ ਵਿੱਚ ਰਹਿਣ ਵਾਲੇ ਖਰਬਾਂ ਸੂਖਮ ਜੀਵਾਣੂ, ਮਿੱਤਰ ਕੀੜੇ-ਮਕੌੜੇ ਅਤੇ ਕੁਦਰਤੀ ਖਾਦ ਬਣਾਉਣ ਵਾਲੇ ਗੰਡੋਏ ਵੀ ਸੜ ਕੇ ਨਸ਼ਟ ਹੋ ਜਾਂਦੇ ਹਨ। ਗੰਡੋਇਆਂ ਅਤੇ ਮਿੱਤਰ ਕੀੜਿਆਂ ਦੀ ਸੁਰੱਖਿਆ ਨਾਲ ਹੀ ਜ਼ਮੀਨ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।
22 ਅਕਤੂਬਰ ਤੋਂ 30 ਨਵੰਬਰ ਤੱਕ ਚੱਲੇਗਾ ਦੇਸ਼ ਵਿਆਪੀ ਜਨ-ਜਾਗਰੂਕਤਾ ਅਭਿਆਨ
ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰਾਂ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਡਾਇਰੈਕਟਰ ਜਨਰਲ, ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ 22 ਅਕਤੂਬਰ ਤੋਂ 30 ਨਵੰਬਰ ਤੱਕ ਪ੍ਰਯੋਗਸ਼ਾਲਾਵਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਪਿੰਡ-ਪਿੰਡ ਜਾਣ। ਕਿਸਾਨਾਂ ਦੇ ਵਿਚਕਾਰ ਚੌਪਾਲ ਲਗਾ ਕੇ ਉਨ੍ਹਾਂ ਨੂੰ ਸੌਇਲ ਹੈਲਥ ਅਤੇ ਸੰਤੁਲਿਤ ਖੇਤੀ ਦੀ ਮਹੱਤਤਾ ਬਾਰੇ ਸਮਝਾਉਣ। ਉਨ੍ਹਾਂ ਨੇ ਸੰਕਲਪ ਪ੍ਰਗਟਾਇਆ ਕਿ ਉਹ ਖੁਦ ਵੀ ਇਸ ਮੁਹਿੰਮ ਵਿੱਚ ਲਗਾਤਾਰ ਜ਼ਮੀਨੀ ਪੱਧਰ 'ਤੇ ਸਰਗਰਮ ਰਹਿਣਗੇ ਤਾਂ ਜੋ ਭਾਰਤ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ।

ਕਿਸਾਨਾਂ ਦੇ ਦੋਵੇਂ ਹੱਥ ਚੁੱਕ ਕੇ ਮੁੱਠੀ ਬੰਨ੍ਹ ਕੇ ਲਿਆ ਸੰਕਲਪ
ਆਪਣੇ ਸੰਬੋਧਨ ਦੇ ਅੰਤ ਵਿੱਚ, ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਪੀਲ 'ਤੇ, ਪੰਡਾਲ ਵਿੱਚ ਮੌਜੂਦ ਕਿਸਾਨ-ਭਰਾਵਾਂ-ਭੈਣਾਂ ਨੇ ਆਪਣੇ ਦੋਵੇਂ ਹੱਥ ਉੱਪਰ ਚੁੱਕੇ, ਮੁੱਠੀਆਂ ਬੰਦ ਕਰਕੇ "ਭਾਰਤ ਮਾਤਾ ਕੀ ਜੈ" ਦੇ ਜ਼ੋਰਦਾਰ ਨਾਅਰਿਆਂ ਨਾਲ ਸੰਕਲਪ ਲਿਆ ਕਿ ਉਹ ਖੇਤਾਂ ਵਿੱਚ ਰਸਾਇਣਾਂ ਦੀ ਸੰਤੁਲਿਤ ਵਰਤੋਂ ਕਰਨਗੇ, ਫਸਲੀ ਚੱਕਰ ਬਦਲਣਗੇ, ਪਰਾਲੀ ਨਹੀਂ ਸਾੜਨਗੇ ਅਤੇ ਹੌਲੀ-ਹੌਲੀ ਕੁਦਰਤੀ ਖੇਤੀ ਨੂੰ ਅਪਣਾ ਕੇ ਧਰਤੀ ਮਾਂ ਦੀ ਸਿਹਤ ਦੀ ਰੱਖਿਆ ਕਰਨਗੇ।
ਇਸ ਇਤਿਹਾਸਕ ਸ਼ੁਰੂਆਤ ਦੇ ਮੌਕੇ ‘ਤੇ ICAR ਦੇ ਡਾਇਰੈਕਟਰ ਜਨਰਲ ਅਤੇ DARE ਦੇ ਸਕੱਤਰ ਡਾ. ਮਾਂਗੀਲਾਲ ਜਾਟ, ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਸ਼੍ਰੀ ਵਿਜੇਂਦਰ ਕੁਮਾਰ ਸਮੇਤ ਕਈ ਪ੍ਰਮੁੱਖ ਖੇਤੀਬਾੜੀ ਵਿਗਿਆਨੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਅੰਨਦਾਤਾ ਮੌਜੂਦ ਸਨ। ਸਮਾਰੋਹ ਦੌਰਾਨ ਮਹਿਮਾਨਾਂ ਦੁਆਰਾ 'ਖੇਤ ਬਚਾਓ ਅਭਿਆਨ' ਪੁਸਤਿਕਾ ਵੀ ਜਾਰੀ ਕੀਤੀ ਗਈ।
****
ਐੱਸਐੱਸ/ਐੱਮਐੱਸ/ਐੱਮਕੇ/ ਏਕੇ