ਪ੍ਰਧਾਨ ਮੰਤਰੀ ਦਫਤਰ
ਏਸ਼ਿਆਈ ਖੇਡਾਂ 2026 ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
15 OCT 2026 7:04PM by PIB Chandigarh
ਕੇਂਦਰੀ ਖੇਡ ਮੰਤਰੀ ਸ਼੍ਰੀ ਮਨਸੁਖ ਭਾਈ ਮਾਂਡਵੀਆ, ਖੇਡ ਰਾਜ ਮੰਤਰੀ ਭੈਣ ਰਕਸ਼ਾ ਖੜਸੇ ਜੀ, ਸਾਰੇ ਨੌਜਵਾਨ ਐਥਲੀਟ, ਕੋਚ, ਹੋਰ ਪਤਵੰਤੇ ਸੱਜਣੋ, ਦੇਵੀਓ ਅਤੇ ਸੱਜਣੋ।
ਤੁਹਾਡੇ ਸਾਰਿਆਂ ਵਿਚਾਲੇ ਆਉਣਾ ਮੈਨੂੰ ਵੀ ਊਰਜਾ ਨਾਲ ਭਰ ਦਿੰਦਾ ਹੈ। ਇੰਨੇ ਸਾਰੇ ਤਗ਼ਮਾ ਜੇਤੂ ਅਤੇ ਉਨ੍ਹਾਂ ਸਾਰਿਆਂ ਨੂੰ ਇੱਕੋ ਥਾਂ ’ਤੇ ਮਿਲਣਾ, ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਇਹ ਬਹੁਤ ਸੁਖਦ ਅਹਿਸਾਸ ਹੁੰਦਾ ਹੈ। ਤੁਸੀਂ ਸਾਰੇ ਨੌਜਵਾਨ ਐਥਲੀਟ ਇਸ ਗੱਲ ਦੀ ਮਿਸਾਲ ਹੋ ਕਿ ਜਨੂੰਨ ਜਦੋਂ ਜਿੱਤ ਵਿੱਚ ਬਦਲਦਾ ਹੈ, ਤਾਂ ਉਹ ਕਿਵੇਂ ਤਗ਼ਮਿਆਂ ਦੇ ਨਾਲ-ਨਾਲ ਚਿਹਰੇ ’ਤੇ ਚਮਕ ਵੀ ਲੈ ਕੇ ਆਉਂਦਾ ਹੈ ਅਤੇ ਦੇਸ਼ ਦਾ ਨਾਮ ਤਾਂ ਰੌਸ਼ਨ ਹੁੰਦਾ ਹੀ ਹੈ।
ਸਾਥੀਓ,
ਤੁਸੀਂ 140 ਕਰੋੜ ਦੇਸ਼ਵਾਸੀਆਂ ਨੂੰ ਮਾਣ ਕਰਨ ਦਾ ਮੌਕਾ ਦਿੱਤਾ ਹੈ। ਕਿਉਂਕਿ ਸਭ ਤੋਂ ਵੱਡੀ ਸਫਲਤਾ, ਅਤੇ ਅਸਲ ਸਫਲਤਾ ਜੇ ਕੁਝ ਹੁੰਦੀ ਹੈ, ਤਾਂ ਉਹ ਹੈ ਤਿਰੰਗੇ ਦੀ ਸ਼ਾਨ ਵਧਾਉਣਾ। ਤੁਸੀਂ ਤਿਰੰਗੇ ਦੀ ਸ਼ਾਨ ਵਧਾਈ ਹੈ, ਤਿਰੰਗੇ ਦਾ ਮਾਣ ਵਧਾਇਆ ਹੈ ਅਤੇ ਇਸ ਲਈ ਤੁਹਾਡੀ ਸਫਲਤਾ ਸਿਰਫ਼ ਤੁਹਾਡੀ ਨਹੀਂ ਹੈ, ਇਹ ਦੇਸ਼ ਦੇ ਕਰੋੜਾਂ ਨਾਗਰਿਕਾਂ ਦੀ ਸਫਲਤਾ ਹੈ। ਮੈਂ ਸਾਰੇ ਦੇਸ਼ਵਾਸੀਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਚ, ਤੁਹਾਡੇ ਸਪੋਰਟ ਸਟਾਫ ਅਤੇ ਤੁਹਾਡੇ ਪਰਿਵਾਰ ਦਾ ਵੀ ਦਿਲੋਂ ਬਹੁਤ-ਬਹੁਤ ਸਨਮਾਨ ਕਰਦਾ ਹਾਂ।
ਸਾਥੀਓ,
ਅੱਜ ਸਾਡੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਜੀ ਦਾ ਜਨਮ ਦਿਹਾੜਾ ਵੀ ਹੈ। ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦੀ ਦੂਰਅੰਦੇਸ਼ੀ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ। ਮੈਂ ਉਨ੍ਹਾਂ ਨੂੰ ਵੀ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ।
ਸਾਥੀਓ,
ਇਸ ਵਾਰ ਏਸ਼ੀਅਨ ਖੇਡਾਂ ਕਈ ਮਾਅਨਿਆਂ ਵਿੱਚ ਸਾਡੇ ਲਈ ਯਾਦਗਾਰ ਰਹੀਆਂ ਹਨ। ਸਾਡੀ ਹਾਕੀ ਦੀਆਂ ਮਹਿਲਾ ਅਤੇ ਪੁਰਸ਼, ਦੋਵੇਂ ਟੀਮਾਂ ਇੱਥੇ ਮੌਜੂਦ ਹਨ। ਦੋਵਾਂ ਟੀਮਾਂ ਨੇ ਇਸ ਵਾਰ ਸੋਨੇ ਦਾ ਤਗ਼ਮਾ ਜਿੱਤਿਆ ਹੈ। ਅਤੇ ਖਾਸ ਕਰਕੇ ਸਾਡੀ ਮਹਿਲਾ ਹਾਕੀ ਟੀਮ, ਤੁਸੀਂ ਤਾਂ ਗੋਲਡ ਲਿਆ ਕੇ 44 ਸਾਲਾਂ ਦੀ ਲੰਬੀ ਉਡੀਕ ਨੂੰ ਖਤਮ ਕੀਤਾ ਹੈ। ਕ੍ਰਿਕਟ ਵਿੱਚ ਸਾਡੀਆਂ ਦੋਵਾਂ ਟੀਮਾਂ ਨੇ ਲਗਾਤਾਰ ਦੂਜੀ ਵਾਰ ਤਗ਼ਮਾ ਜਿੱਤਿਆ ਹੈ, ਅਤੇ ਇੰਨਾ ਹੀ ਨਹੀਂ, ਆਪਣਾ ਹੀ ਰਿਕਾਰਡ ਦੁਹਰਾ ਦਿੱਤਾ ਹੈ। ਕਬੱਡੀ ਵਿੱਚ ਵੀ ਸਾਡੀਆਂ ਪੁਰਸ਼ ਅਤੇ ਮਹਿਲਾ, ਦੋਵਾਂ ਟੀਮਾਂ ਨੇ ਗੋਲਡ ਜਿੱਤਿਆ ਹੈ। ਇਸੇ ਤਰ੍ਹਾਂ ਤੀਰਅੰਦਾਜ਼ੀ ਵਿੱਚ ਪੰਜ ਗੋਲਡ, ਅਤੇ ਜਿੱਥੇ ਪੰਚ ਉੱਥੇ ਪਰਮੇਸ਼ਵਰ, ਨਿਸ਼ਾਨੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ, ਮੁੱਕੇਬਾਜ਼ੀ ਵਿੱਚ, ਕੁਸ਼ਤੀ ਵਿੱਚ ਵੱਡੀ ਸਫਲਤਾ, ਐਥਲੈਟਿਕਸ ਵਿੱਚ ਨਵੇਂ ਰਿਕਾਰਡ, 28 ਸਾਲਾਂ ਬਾਅਦ ਵੇਟਲਿਫਟਿੰਗ ਵਿੱਚ ਮੈਡਲ, 1982 ਤੋਂ ਬਾਅਦ ਪਹਿਲੀ ਵਾਰ ਮੈਰਾਥਨ ਵਿੱਚ ਭਾਰਤ ਨੂੰ ਮਿਲੀ ਸਫਲਤਾ, ਇਹ ਵਾਕਈ ਬਹੁਤ ਹੀ ਸੁਖਦ ਹੈ।
ਸਾਥੀਓ,
ਮੈਂ ਸਾਡੀਆਂ ਬੇਟੀਆਂ ਦੀ ਖਾਸ ਤੌਰ ’ਤੇ ਸ਼ਲਾਘਾ ਕਰਨਾ ਚਾਹੁੰਦਾ ਹਾਂ। ਭਾਰਤ ਨੇ ਜਿਹੜੇ 85 ਮੈਡਲ ਜਿੱਤੇ ਹਨ, ਉਨ੍ਹਾਂ ਵਿੱਚੋਂ 38 ਮੈਡਲ ਸਾਡੀਆਂ ਮਹਿਲਾ ਐਥਲੀਟਾਂ ਨੇ ਜਿੱਤੇ ਹਨ। ਅਤੇ ਇਨ੍ਹਾਂ ਵਿੱਚ 11 ਗੋਲਡ ਮੈਡਲ ਵੀ ਸ਼ਾਮਲ ਹਨ। ਅਤੇ ਇਹ ਮੈਡਲ ਸਿਰਫ਼ ਇੱਕ ਸੰਖਿਆ ਨਹੀਂ ਹਨ, ਇਹ ਨਵੇਂ ਭਾਰਤ ਦੀ ਇੱਕ ਮਜ਼ਬੂਤ ਤਸਵੀਰ ਹਨ। ਅੱਜ ਭਾਰਤ ਅਜਿਹੀਆਂ ਖੇਡਾਂ ਵਿੱਚ ਵੀ ਮੈਡਲ ਜਿੱਤ ਰਿਹਾ ਹੈ, ਜਿਨ੍ਹਾਂ ਵਿੱਚ ਏਸ਼ੀਅਨ ਗੇਮਜ਼ ਦੇ ਇਤਿਹਾਸ ਵਿੱਚ ਸਾਨੂੰ ਪਹਿਲਾਂ ਕਦੇ ਮੈਡਲ ਨਹੀਂ ਮਿਲਿਆ ਸੀ। ਮਿਕਸਡ ਮਾਰਸ਼ਲ ਆਰਟਸ, ਸਾਫਟ ਟੈਨਿਸ ਅਤੇ ਸੇਲਿੰਗ ਦੇ ਕੁਝ ਮੁਕਾਬਲਿਆਂ ਵਿੱਚ, ਸਾਡੇ ਖਿਡਾਰੀਆਂ ਨੇ ਪਹਿਲੀ ਵਾਰ ਮੈਡਲ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ।
ਸਾਥੀਓ,
ਹੁਣ ਅਸੀਂ ਖੇਡਾਂ ਵਿੱਚ ਹੋਰ ਵੀ ਵੱਡੀਆਂ ਬੁਲੰਦੀਆਂ ਤੱਕ ਜਾਣਾ ਹੈ। ਜਾਣਾ ਹੈ ਨਾ? ਅਤੇ ਹੋਰ ਜ਼ਿਆਦਾ ਕਰਨਾ ਹੈ ਨਾ? ਮੈਂ ਕੁਝ ਸੰਕਲਪ ਤੁਹਾਡੇ ਸਾਹਮਣੇ ਰੱਖਾਂਗਾ। ਅਤੇ ਤੁਸੀਂ ਸਾਰਿਆਂ ਨੇ ਪੂਰੇ ਜੋਸ਼ ਨਾਲ ਕਹਿਣਾ ਹੈ, ਵੀ ਵਿੱਲ ਡੂ ਇਟ (We will Do it)! ਤਾਂ ਮੇਰੇ ਨਾਲ ਬੋਲੋ-
ਹਰ ਮੈਦਾਨ ’ਤੇ ਤਿਰੰਗੇ ਦੀ ਸ਼ਾਨ, ਵੀ ਵਿੱਲ ਡੂ ਇਟ!
ਹਰ ਮੈਦਾਨ ’ਤੇ ਤਿਰੰਗੇ ਦੀ ਸ਼ਾਨ, ਵੀ ਵਿੱਲ ਡੂ ਇਟ!
ਖੇਡਾਂ ਵਿੱਚ ਭਾਰਤ ਦੀ ਨਵੀਂ ਪਛਾਣ, ਵੀ ਵਿੱਲ ਡੂ ਇਟ!
ਹਰ ਖੇਡ ਵਿੱਚ ਨਵੇਂ ਚੈਂਪੀਅਨ, ਵੀ ਵਿੱਲ ਡੂ ਇਟ!
ਸਾਡੇ ਨਾਮ ਹੋਰ ਨਵੇਂ ਰਿਕਾਰਡ, ਵੀ ਵਿੱਲ ਡੂ ਇਟ!
ਸਾਥੀਓ,
ਹੁਣ ਅਸੀਂ ਜਿਸ ਸਟੇਡੀਅਮ ਵਿੱਚ ਹਾਂ, ਉਹ ਮੇਜਰ ਧਿਆਨ ਚੰਦ ਜੀ ਦੇ ਨਾਮ ’ਤੇ ਹੈ। ਹਾਕੀ ਪ੍ਰਤੀ ਉਨ੍ਹਾਂ ਦਾ ਸਮਰਪਣ ਇੰਨਾ ਜ਼ਿਆਦਾ ਸੀ ਕਿ ਉਹ ਰਾਤ ਨੂੰ ਵੀ ਘੰਟਿਆਂ-ਬੱਧੀ ਹਾਕੀ ਦੀ ਪ੍ਰੈਕਟਿਸ ਕਰਦੇ ਸਨ। ਉਨ੍ਹਾਂ ਦੀ ਇਹ ਮਿਹਨਤ ਸਾਨੂੰ ਵਾਰ-ਵਾਰ ਯਾਦ ਦਿਵਾਉਂਦੀ ਹੈ ਕਿ ਸੰਕਲਪ ਅਤੇ ਸੁਪਨੇ ਇੱਕ ਦਿਨ ਵਿੱਚ ਪੂਰੇ ਨਹੀਂ ਹੁੰਦੇ। ਇਸ ਦੇ ਲਈ ਸਾਲਾਂ ਦਾ ਸਬਰ ਅਤੇ ਲਗਾਤਾਰ ਮਿਹਨਤ ਲਾਜ਼ਮੀ ਹੁੰਦੀ ਹੈ।
ਸਾਥੀਓ,
ਭਾਰਤ ਨੇ ਵੀ ਬੀਤੇ 12 ਸਾਲਾਂ ਵਿੱਚ ਬਹੁਤ ਸਬਰ ਅਤੇ ਮਿਹਨਤ ਦੇ ਨਾਲ, ਆਪਣੇ ਖਿਡਾਰੀਆਂ ਅਤੇ ਖੇਡਾਂ ਦੀ ਪ੍ਰਣਾਲੀ ’ਤੇ ਬਹੁਤ ਲਗਨ ਨਾਲ ਕੰਮ ਕੀਤਾ ਹੈ। ਤੁਸੀਂ ਦੇਖੋ, ਇੱਕ ਸਮੇਂ ਵੱਡੇ ਟੂਰਨਾਮੈਂਟਾਂ ਵਿੱਚ ਭਾਰਤ ਸਿਰਫ਼ ਗਿਣੇ-ਚੁਣੇ ਮੈਡਲ ਹੀ ਲਿਆ ਪਾਉਂਦਾ ਸੀ। ਕਿੰਨੀਆਂ ਹੀ ਖੇਡਾਂ ਦਾ ਤਾਂ ਦੇਸ਼ ਵਿੱਚ ਪਤਾ ਹੀ ਨਹੀਂ ਹੁੰਦਾ ਸੀ ਕਿ ਇਹ ਵੀ ਖੇਡੀਆਂ ਜਾਂਦੀਆਂ ਹਨ, ਪਹਿਲਾਂ ਓਲੰਪਿਕ ਵਰਗਾ ਇੰਨਾ ਵੱਡਾ ਈਵੈਂਟ ਹੁੰਦਾ ਸੀ ਅਤੇ ਅੱਧੇ ਤੋਂ ਵੱਧ ਖੇਡਾਂ ਵਿੱਚ ਸਾਡੇ ਦੇਸ਼ ਦੀ ਕੋਈ ਨੁਮਾਇੰਦਗੀ ਹੀ ਨਹੀਂ ਹੁੰਦੀ ਸੀ। ਤੁਸੀਂ ਸੋਚੋ, ਜੇ ਅਸੀਂ ਮੁਕਾਬਲਾ ਹੀ ਨਹੀਂ ਕਰਾਂਗੇ ਤਾਂ ਮੈਡਲ ਕਿੱਥੋਂ ਲਿਆਵਾਂਗੇ?
ਸਾਥੀਓ,
ਅਸੀਂ ਇਹ ਸੰਕਲਪ ਲਿਆ ਕਿ ਅਸੀਂ ਇਸ ਨਿਰਾਸ਼ਾਵਾਦੀ ਮਾਨਸਿਕਤਾ ਨੂੰ ਹਟਾਵਾਂਗੇ! ਅਤੇ ਨਤੀਜਾ ਇਹ ਹੈ ਕਿ ਅੱਜ, ਹਰ ਗਲੋਬਲ ਪਲੈਟਫਾਰਮ ’ਤੇ ਸਾਡੀ ਨੁਮਾਇੰਦਗੀ ਵਧ ਰਹੀ ਹੈ।
ਸਾਥੀਓ,
ਦੇਸ਼ ਵਿੱਚ ਇਹ ਬਦਲਾਅ ਆਇਆ ਕਿਵੇਂ? ਇਹ ਬਦਲਾਅ ਆਇਆ ਹੈ ਉਸੇ ਭਾਵਨਾ ਨਾਲ ਜਿਸ ਦੀ ਬਦੌਲਤ ਤੁਸੀਂ ਸਫਲਤਾ ਹਾਸਲ ਕੀਤੀ ਹੈ। ਬੀਤੇ 10-12 ਸਾਲਾਂ ਵਿੱਚ ਦੇਸ਼ ਨੇ ਲਗਨ, ਨਿਸ਼ਠਾ ਨਾਲ ਨਿਰੰਤਰ ਯਤਨ ਕੀਤੇ, ਇੱਕ ਦੂਰਅੰਦੇਸ਼ੀ ਦੇ ਨਾਲ ਕੰਮ ਕੀਤਾ, ਖੇਡਾਂ ਲਈ ਇੱਕ ਪਾਰਦਰਸ਼ੀ ਅਤੇ ਆਧੁਨਿਕ ਪ੍ਰਣਾਲੀ ਬਣਾਈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਅਸੀਂ ‘ਟਾਰਗੇਟ ਓਲੰਪਿਕ ਪੋਡੀਅਮ ਸਕੀਮ’ ਸ਼ੁਰੂ ਕੀਤੀ। ਅਸੀਂ ‘ਖੇਲੋ ਇੰਡੀਆ ਸਕੀਮ’ ਸ਼ੁਰੂ ਕੀਤੀ। ਸਮੇਂ ਦੇ ਨਾਲ, ਇਸ ਦੇ ਦਾਇਰੇ ਨੂੰ ਹੋਰ ਵਿਆਪਕ ਬਣਾਇਆ। ਖੇਲੋ ਇੰਡੀਆ ਦੇ ਵਿਸਤਾਰ ਅਤੇ ਸਪੋਰਟਸ ਫੈਡਰੇਸ਼ਨਾਂ ਨੂੰ ਮਜ਼ਬੂਤ ਕਰਨ ਲਈ, ਜਿਵੇਂ ਹੁਣੇ ਮਨਸੁਖ ਭਾਈ ਨੇ ਦੱਸਿਆ, 36 ਹਜ਼ਾਰ ਕਰੋੜ ਰੁਪਏ ਤੋਂ ਵੱਧ ਅਲਾਟ ਕੀਤੇ ਗਏ ਹਨ।
ਸਾਥੀਓ,
ਅੱਜ ਦੇਸ਼ ਵਿੱਚ ਇੱਕ ਹਜ਼ਾਰ ਤੋਂ ਵੱਧ ਖੇਲੋ ਇੰਡੀਆ ਸੈਂਟਰ ਬਣਾਏ ਗਏ ਹਨ। ਸਟੇਡੀਅਮ ਅਤੇ ਮਿੰਨੀ ਸਟੇਡੀਅਮ, ਮਲਟੀ-ਪਰਪਜ਼ ਹਾਲ ਖੇਡਾਂ ਲਈ ਤਿਆਰ ਕੀਤੇ ਗਏ ਹਨ। ਐਥਲੈਟਿਕਸ ਟਰੈਕ, ਫੁੱਟਬਾਲ ਗਰਾਊਂਡ, ਹਾਕੀ ਗਰਾਊਂਡ, ਸਵਿਮਿੰਗ ਪੂਲ, ਹਜ਼ਾਰਾਂ ਅਜਿਹੇ ਖੇਡ ਬੁਨਿਆਦੀ ਢਾਂਚੇ ਛੋਟੇ-ਵੱਡੇ ਸ਼ਹਿਰਾਂ ਵਿੱਚ ਬਣ ਰਹੇ ਹਨ। ਇਸ ਸਕੀਮ ਤਹਿਤ ਖਿਡਾਰੀਆਂ ਨੂੰ ਵੀ ਸਿੱਧੀ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਆਊਟ-ਆਫ-ਪੋਕਟ ਅਲਾਉਂਸ ਦਿੱਤਾ ਜਾ ਰਿਹਾ ਹੈ। ਟੌਪਸ ਸਕੀਮ ਤਹਿਤ ਖਿਡਾਰੀਆਂ ਨੂੰ 50 ਹਜ਼ਾਰ ਰੁਪਏ ਮਹੀਨਾ ਮਿਲ ਰਹੇ ਹਨ। ਜੇ ਕਿਸੇ ਖੇਡ ਵਿੱਚ ਕੋਚਿੰਗ ਲਈ ਦੇਸ਼ ਤੋਂ ਬਾਹਰ ਜਾਣ ਦੀ ਜ਼ਰੂਰਤ ਹੈ, ਤਾਂ ਸਰਕਾਰ ਉਸ ਦੀ ਵੀ ਸਹੂਲਤ ਦੇ ਰਹੀ ਹੈ, ਉਸ ਲਈ ਆਰਥਿਕ ਸਹਾਇਤਾ ਦੇ ਰਹੀ ਹੈ।
ਸਾਥੀਓ,
ਨੌਜਵਾਨਾਂ ਨੂੰ ਖੇਡਣ ਅਤੇ ਮੁਕਾਬਲਾ ਕਰਨ ਦੇ ਵੱਧ ਤੋਂ ਵੱਧ ਮੌਕੇ ਮਿਲਣ, ਇਸ ਦੇ ਲਈ ਵਿੰਟਰ ਗੇਮਜ਼ ਵਰਗੇ ਈਵੈਂਟ ਸ਼ੁਰੂ ਕੀਤੇ ਗਏ, ਸੰਸਦ ਮੈਂਬਰ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ। ਦੇਸ਼ ਨੇ ਨਵੀਂ ਖੇਡ ਨੀਤੀ, ਖੇਡੋ ਭਾਰਤ ਨਵੀਂ ਨੀਤੀ ਬਣਾਈ। ਸਾਡੇ ਦਿਵਿਆਂਗ ਖਿਡਾਰੀ ਵੀ ਆਪਣੀ ਪ੍ਰਤਿਭਾ ਅਤੇ ਸਮਰੱਥਾ ਨਾਲ ਦੇਸ਼ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਲਈ ਵੀ ਖੇਡਾਂ ਵਿੱਚ ਬਿਹਤਰ ਮੌਕੇ ਅਤੇ ਆਧੁਨਿਕ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਅਤੇ ਇਸੇ ਲਈ ਹੀ, ਅੱਜ ਹਰ ਖਿਡਾਰੀ ਨੂੰ ਇਹ ਭਰੋਸਾ ਹੁੰਦਾ ਹੈ ਕਿ ਉਸ ਦੇ ਪੂਰੇ ਸਫ਼ਰ ਵਿੱਚ ਦੇਸ਼ ਉਸ ਦੇ ਨਾਲ ਖੜ੍ਹਾ ਹੈ। ਅਤੇ, ਜਦੋਂ ਖਿਡਾਰੀ ਨੂੰ ਇਹ ਅਹਿਸਾਸ ਰਹਿੰਦਾ ਹੈ, ਤਾਂ ਉਹ ਦੇਸ਼ ਲਈ ਕੀ ਕਰਕੇ ਦਿਖਾਉਂਦਾ ਹੈ, ਤੁਸੀਂ ਸਾਰੇ ਖੁਦ ਇਸ ਦੀ ਉੱਤਮ ਮਿਸਾਲ ਹੋ।
ਸਾਥੀਓ,
ਇਸ ਵਾਰ ਏਸ਼ੀਅਨ ਗੇਮਜ਼ ਵਿੱਚ ਟੀਮ ਇੰਡੀਆ ਦੇ ਕਈ ਖਿਡਾਰੀ ਅਜਿਹੇ ਵੀ ਸਨ, ਜਿਨ੍ਹਾਂ ਦੀ ਉਮਰ 15-17 ਸਾਲ ਹੀ ਹੈ। ਇੰਨੀ ਛੋਟੀ ਉਮਰ ਵਿੱਚ ਇਨ੍ਹਾਂ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਦੇਸ਼ਵਾਸੀਆਂ ਦਾ ਦਿਲ ਜਿੱਤਿਆ ਹੈ। ਇਹ ਦਰਸਾਉਂਦਾ ਹੈ ਕਿ ਸਫਲਤਾ ਲਈ ਉਮਰ ਕੋਈ ਪਾਬੰਦੀ ਨਹੀਂ ਹੁੰਦੀ। ਬਲਕਿ, ਖੇਡਾਂ ਵਿੱਚ ਤਾਂ ਛੋਟੀ ਉਮਰ ਤੋਂ ਕੀਤੀ ਗਈ ਸ਼ੁਰੂਆਤ ਦਾ ਇੱਕ ਵਾਧੂ ਫਾਇਦਾ ਹੁੰਦਾ ਹੈ। ਇਸੇ ਲਈ, ਸਾਡੀ ਕੋਸ਼ਿਸ਼ ਹੈ ਕਿ ਖੇਡਾਂ ਵਿੱਚ ਪ੍ਰਤਿਭਾ ਦੀ ਪਛਾਣ ਛੋਟੀ ਉਮਰ ਤੋਂ ਹੀ ਹੋਵੇ। ਪੰਜ ਤੋਂ ਪੰਦਰਾਂ ਸਾਲ ਦੇ ਬੱਚਿਆਂ ਵਿੱਚ ਖੇਡ ਪ੍ਰਤਿਭਾਵਾਂ ਦੀ ਪਛਾਣ ਅਤੇ ਉਨ੍ਹਾਂ ਦੀ ਟ੍ਰੇਨਿੰਗ ’ਤੇ ਸਾਡਾ ਵਿਸ਼ੇਸ਼ ਫੋਕਸ ਹੈ। ਆਉਣ ਵਾਲੇ ਸਾਲਾਂ ਵਿੱਚ ਹਜ਼ਾਰਾਂ ਨਵੇਂ ਖਿਡਾਰੀਆਂ ਨੂੰ ਖੇਲੋ ਇੰਡੀਆ, ਅਤੇ ਇਮਰਜਿੰਗ ਖੇਲੋ ਇੰਡੀਆ ਰਾਹੀਂ ਅੱਗੇ ਵਧਣ ਦੇ ਮੌਕੇ ਮਿਲਣਗੇ। ਅਸੀਂ ਆਉਣ ਵਾਲੇ ਖੇਡ ਮੁਕਾਬਲਿਆਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨਾ ਹੈ। 2028 ਵਿੱਚ ਲਾਸ ਏਂਜਲਸ ਓਲੰਪਿਕਸ ਹਨ। 2030 ਵਿੱਚ ਭਾਰਤ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਕਰੇਗਾ। ਅਤੇ 2036 ਵਿੱਚ ਓਲੰਪਿਕਸ ਦੀ ਮੇਜ਼ਬਾਨੀ ਕਰਨਾ ਵੀ ਭਾਰਤ ਦੀ ਇੱਛਾ ਹੈ। ਇਸੇ ਨੂੰ ਦੇਖਦਿਆਂ ਮੈਂ ਲਾਲ ਕਿਲ੍ਹੇ ਤੋਂ ਟੇਲੈਂਟ ਹੰਟ ਮੁਹਿੰਮ ਚਲਾਉਣ ਦੀ ਗੱਲ ਕਹੀ ਹੈ। ਅੱਜ ਪਿੰਡ-ਪਿੰਡ ਤੱਕ ਜਾ ਕੇ ਪ੍ਰਤਿਭਾਵਾਂ ਨੂੰ ਲੱਭਿਆ ਜਾ ਰਿਹਾ ਹੈ, ਅਤੇ ਉਨ੍ਹਾਂ ਨੂੰ ਤਰਾਸ਼ਿਆ ਵੀ ਜਾ ਰਿਹਾ ਹੈ। ਇਹੀ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਭਾਰਤ ਲਈ ਮੈਡਲ ਲੈ ਕੇ ਆਉਣਗੇ।
ਸਾਥੀਓ,
ਸਾਡੇ ਸੁਪਨੇ ਵੱਡੇ ਹਨ, ਸਾਡੇ ਸੰਕਲਪ ਵੀ ਵੱਡੇ ਹਨ, ਅਤੇ ਇਨ੍ਹਾਂ ਨੂੰ ਪੂਰਾ ਕਰਨ ਦਾ ਆਤਮ-ਵਿਸ਼ਵਾਸ ਵੀ ਅੱਜ ਹਿੰਦੁਸਤਾਨ ਕੋਲ ਹੈ, ਹਰ ਹਿੰਦੁਸਤਾਨੀ ਕੋਲ ਹੈ। ਅਤੇ ਇਸ ਲਈ, ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ-
ਭਾਰਤ ਵਿੱਚ ਵੱਡੇ ਸਪੋਰਟਸ ਈਵੈਂਟਸ, ਵੀ ਵਿੱਲ ਡੂ ਇਟ!
ਭਾਰਤ ਵਿੱਚ ਵੱਡੇ ਸਪੋਰਟਸ ਈਵੈਂਟਸ, ਵੀ ਵਿੱਲ ਡੂ ਇਟ!
ਭਾਰਤ ਵਿੱਚ ਵੱਡੇ ਸਪੋਰਟਸ ਈਵੈਂਟਸ, ਵੀ ਵਿੱਲ ਡੂ ਇਟ!
ਟੌਪ ਸਪੋਰਟਿੰਗ ਨੇਸ਼ਨਜ਼ ਵਿੱਚ ਭਾਰਤ, ਵੀ ਵਿੱਲ ਡੂ ਇਟ!
ਗਲੋਬਲ ਸਪੋਰਟਸ ਹੱਬ ਬਣੇ ਭਾਰਤ, ਵੀ ਵਿੱਲ ਡੂ ਇਟ!
ਭਾਰਤ ਵਿੱਚ ਵਰਲਡ ਕਲਾਸ ਸਪੋਰਟਸ ਇਨਫਰਾਸਟ੍ਰਕਚਰ, ਵੀ ਵਿੱਲ ਡੂ ਇਟ!
ਭਾਰਤ ਦੇ ਹਰ ਕੋਨੇ ਤੋਂ ਇੱਕ ਚੈਂਪੀਅਨ, ਵੀ ਵਿੱਲ ਡੂ ਇਟ!
ਸਾਥੀਓ,
ਏਸ਼ੀਅਨ ਗੇਮਜ਼ ਵਿੱਚ ਸਾਡੀ ਸਫਲਤਾ ਦੇਸ਼ ਦੇ ਬਦਲਦੇ ਮਿਜ਼ਾਜ ਦੀ ਵੀ ਇੱਕ ਮਿਸਾਲ ਹੈ। ਇਹ ਇੱਕ ਉਦਾਹਰਣ ਹੈ ਕਿ ਕਿਵੇਂ, ਅੱਜ ਦੇਸ਼ ਦਾ ਨੌਜਵਾਨ ਹਰ ਬੁਲੰਦੀ ਨੂੰ ਛੂਹਣ ਲਈ ਉਤਾਵਲਾ ਹੈ। ਅਜਿਹਾ ਕੋਈ ਮੁਕਾਮ ਨਹੀਂ ਹੈ, ਜੋ ਭਾਰਤ ਦੇ ਨੌਜਵਾਨਾਂ ਦੇ ਹੌਸਲਿਆਂ ਤੋਂ ਵੱਡਾ ਹੋਵੇ! ਅਜਿਹਾ ਕੋਈ ਟੀਚਾ ਨਹੀਂ ਹੈ, ਜੋ ਸਾਡੀ ਨੌਜਵਾਨ ਸ਼ਕਤੀ ਦੀ ਸਮਰੱਥਾ ਤੋਂ ਬਾਹਰ ਹੋਵੇ! ਸੰਭਾਵਨਾਵਾਂ ਦਾ ਅਸੀਮ ਆਕਾਸ਼ ਸਾਹਮਣੇ ਹੈ, ਅਤੇ ਮੰਜ਼ਿਲ ਭਾਰਤ ਦਾ ਨੌਜਵਾਨ ਖੁਦ ਤੈਅ ਕਰ ਰਿਹਾ ਹੈ। ਇਸੇ ਲਈ, ਦੇਖਦਿਆਂ ਹੀ ਦੇਖਦਿਆਂ, ਭਾਰਤ ਅੱਜ ਦੁਨੀਆ ਦੀ ਤੀਜੀ ਵੱਡੀ, ਤੀਜੀ ਸਭ ਤੋਂ ਵੱਡੀ ਸਟਾਰਟਅੱਪ ਪ੍ਰਣਾਲੀ ਬਣ ਗਿਆ ਹੈ। ਸਾਡੇ ਨੌਜਵਾਨ ਅੱਜ ਸਪੇਸ ਸੈਕਟਰ ਵਿੱਚ ਆਪਣੀਆਂ ਕੰਪਨੀਆਂ ਬਣਾ ਰਹੇ ਹਨ, ਸੈਟੇਲਾਈਟ ਟੈਕਨੋਲੋਜੀ ’ਤੇ ਕੰਮ ਕਰ ਰਹੇ ਹਨ, ਇਹੀ ਨੌਜਵਾਨ ਡਿਫੈਂਸ ਸੈਕਟਰ ਵਿੱਚ ਨਵੀਂ ਤਕਨੀਕ ਵਿਕਸਤ ਕਰ ਰਹੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਨਵੇਂ ਪ੍ਰਯੋਗ ਕਰ ਰਹੇ ਹਨ। ਅਤੇ ਇਹ ਬਦਲਾਅ ਸਿਰਫ਼ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਹਨ, ਜਿਵੇਂ ਖੇਡਾਂ ਵਿੱਚ ਅੱਜ ਦੂਰ-ਦੁਰਾਡੇ ਦੀਆਂ ਪ੍ਰਤਿਭਾਵਾਂ ਨੂੰ ਵੀ ਮੌਕਾ ਮਿਲ ਰਿਹਾ ਹੈ, ਉਸੇ ਤਰ੍ਹਾਂ ਅੱਜ ਸਟਾਰਟਅੱਪਸ, ਖੋਜ ਅਤੇ ਦੂਜੇ ਉੱਦਮਾਂ ਵਿੱਚ ਵੀ, ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਨੌਜਵਾਨ ਨਵੇਂ ਵਿਚਾਰ ਲੈ ਕੇ ਅੱਗੇ ਆ ਰਹੇ ਹਨ। ਇਸ ਆਤਮ-ਵਿਸ਼ਵਾਸ ਦੇ ਪਿੱਛੇ ਇੱਕ ਵੱਡਾ ਭਰੋਸਾ ਹੈ। ਬੀਤੇ ਇੱਕ ਦਹਾਕੇ ਵਿੱਚ ਦੇਸ਼ ਨੇ ਜੋ ਵਿਵਸਥਾਵਾਂ ਵਿਕਸਤ ਕੀਤੀਆਂ ਹਨ, ਉਨ੍ਹਾਂ ਤੋਂ ਨੌਜਵਾਨਾਂ ਨੂੰ ਭਰੋਸਾ ਮਿਲਿਆ ਹੈ ਕਿ, ਉਹ ਵੱਡੇ ਸੁਪਨੇ ਦੇਖ ਸਕਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਦੇਸ਼ ਦੀ ਪੂਰੀ ਸਮਰੱਥਾ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਸਾਥੀਓ,
ਸਾਡੇ ਯਤਨਾਂ ਦਾ ਲਾਭ ਸਿਰਫ਼ ਮੈਦਾਨ ਵਿੱਚ ਖੇਡਣ ਵਾਲੇ ਖਿਡਾਰੀਆਂ ਤੱਕ ਸੀਮਤ ਨਹੀਂ ਹੈ। ਸਪੋਰਟਸ ਕੋਚਿੰਗ, ਫਿਜ਼ੀਓਥੈਰੇਪੀ, ਸਪੋਰਟਸ ਮੈਨੇਜਮੈਂਟ, ਸਪੋਰਟਸ ਬ੍ਰਾਡਕਾਸਟਿੰਗ ਵਰਗੇ ਖੇਤਰਾਂ ਵਿੱਚ ਵੀ ਨੌਜਵਾਨਾਂ ਲਈ ਨਵੇਂ ਕਰੀਅਰ ਦੇ ਮੌਕੇ ਬਣ ਰਹੇ ਹਨ। ਖੇਡਾਂ ਦੇ ਵਿਕਾਸ ਦੇ ਨਾਲ-ਨਾਲ ਇਨ੍ਹਾਂ ਨਾਲ ਜੁੜੇ ਕਈ ਪ੍ਰੋਫੈਸ਼ਨ ਵੀ ਅੱਗੇ ਵਧ ਰਹੇ ਹਨ। ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਅਤੇ ਉੱਦਮ ਦੇ ਨਵੇਂ ਰਸਤੇ ਬਣੇ ਹਨ।
ਸਾਥੀਓ,
ਅੱਜ ਅਸੀਂ ਜਿਸ ਕਿਸੇ ਵੀ ਫੀਲਡ ਵਿੱਚ ਹਾਂ, ਸਾਨੂੰ ਆਪਣੀ ਸਫਲਤਾ ਲਈ ਮਿਹਨਤ ਤਾਂ ਕਰਨੀ ਹੀ ਹੈ, ਨਾਲ ਹੀ, ਨਵੀਂ ਪੀੜ੍ਹੀ ਨੂੰ ਘੜਨ ਦੀ ਜ਼ਿੰਮੇਵਾਰੀ ਵੀ ਚੁੱਕਣੀ ਹੈ। ਹੁਣ ਤੁਹਾਡੇ ਕੋਲ ਇੰਟਰਨੈਸ਼ਨਲ ਟੂਰਨਾਮੈਂਟ ਦਾ ਵੀ ਤਜਰਬਾ ਹੈ, ਅਤੇ ਇਸ ਲਈ, ਮੇਰੀ ਬੇਨਤੀ ਹੋਵੇਗੀ ਕਿ ਤੁਸੀਂ ਕੁਝ ਸਮਾਂ ਉਨ੍ਹਾਂ ਬੱਚਿਆਂ ਨੂੰ ਜ਼ਰੂਰ ਦਿਓ, ਜੋ ਤੁਹਾਡੀ ਤਰ੍ਹਾਂ ਅੱਗੇ ਵਧਣ ਦਾ ਸੁਪਨਾ ਦੇਖ ਰਹੇ ਹਨ। ਤੁਹਾਡੇ ਪਸੀਨੇ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਸਿੰਜਣਾ ਹੈ, ਸਫਲਤਾ ਫਿਰ ਮਿਲਦੀ ਹੈ। ਜਦੋਂ ਵੀ ਮੌਕਾ ਮਿਲੇ, ਆਪਣੇ ਪਿੰਡ, ਆਪਣੇ ਸ਼ਹਿਰ ਦੇ ਬੱਚਿਆਂ ਨੂੰ ਮਿਲੋ। ਵੱਖ-ਵੱਖ ਸਕੂਲਾਂ ਵਿੱਚ ਜਾਓ। ਜਿਨ੍ਹਾਂ ਮੈਦਾਨਾਂ ’ਤੇ ਤੁਸੀਂ ਖੇਡਣਾ ਸ਼ੁਰੂ ਕੀਤਾ ਸੀ, ਉੱਥੇ ਜ਼ਰੂਰ ਜਾਓ। ਤੁਹਾਡੇ ਤਜਰਬੇ ਉਨ੍ਹਾਂ ਬੱਚਿਆਂ ਦੇ ਬਹੁਤ ਕੰਮ ਆ ਸਕਦੇ ਹਨ। ਹੋ ਸਕਦਾ ਹੈ, ਤੁਹਾਡੀ ਇੱਕ ਛੋਟੀ ਜਿਹੀ ਗੱਲ ਕਿਸੇ ਬੱਚੇ ਨੂੰ ਖੇਡਾਂ ਵਿੱਚ ਅੱਗੇ ਵਧਣ ਦਾ ਹੌਸਲਾ ਦੇ ਦੇਵੇ।
ਸਾਥੀਓ,
ਦੇਸ਼ ਦੇ ਨੌਜਵਾਨਾਂ ਨੂੰ ਤੁਹਾਡੇ ਤੋਂ ਸਿਰਫ਼ ਸਪੋਰਟਸ ਦੀ ਹੀ ਪ੍ਰੇਰਨਾ ਨਹੀਂ ਮਿਲਦੀ ਹੈ। ਕਿਉਂਕਿ, ਖੇਡ ਦੀ ਭੂਮਿਕਾ ਸਿਰਫ਼ ਮੈਦਾਨ ਤੱਕ ਹੀ ਸੀਮਤ ਨਹੀਂ ਹੈ। ਖੇਡਾਂ ਸਾਨੂੰ ਜੀਵਨ ਵਿੱਚ ਅਨੁਸ਼ਾਸਨ ਸਿਖਾਉਂਦੀਆਂ ਹਨ, ਜੀਵਨ ਵਿੱਚ ਡਿੱਗ ਕੇ ਫਿਰ ਤੋਂ ਖੜ੍ਹੇ ਹੋਣ ਦੀ, ਹਾਰ ਕੇ ਜਿੱਤਣ ਦੀ ਸਿੱਖਿਆ ਖੇਡਾਂ ਤੋਂ ਮਿਲਦੀ ਹੈ। ਇੱਕ ਟੀਚੇ ਲਈ ਕਿਵੇਂ ਲੰਬੇ ਸਮੇਂ ਤੱਕ ਅਟੱਲ ਰਹਿਣਾ ਹੈ, ਕਿਵੇਂ ਹਾਲਾਤ ਦੇ ਹਿਸਾਬ ਨਾਲ ਖੁਦ ਨੂੰ ਢਾਲਣਾ ਹੈ, ਖੇਡਾਂ ਰਾਹੀਂ ਇਹ ਸਾਡੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ਇਹੀ ਸਪੋਰਟਸਪਰਸਨ ਸਪਿਰਿਟ ਉਮਰ ਭਰ ਕੰਮ ਆਉਂਦੀ ਹੈ।
ਸਾਥੀਓ,
ਮੈਂ ਹਮੇਸ਼ਾ ਕਹਿੰਦਾ ਹਾਂ, ਜੋ ਖੇਡੇਗਾ, ਉਹ ਖਿੜੇਗਾ। ਤੁਸੀਂ ਵੀ ਖੇਡਦੇ ਰਹੋ, ਖਿੜਦੇ ਰਹੋ, ਆਉਣ ਵਾਲੇ ਮੁਕਾਬਲਿਆਂ ਅਤੇ ਭਵਿੱਖ ਦੇ ਸਾਰੇ ਯਤਨਾਂ ਲਈ, ਇੱਕ ਵਾਰ ਫਿਰ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡਾ ਇਹ ਉਤਸ਼ਾਹ, ਇਹ ਆਤਮ-ਵਿਸ਼ਵਾਸ, ਇਹੀ ਨਵੇਂ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ। ਇਸੇ ਆਤਮ-ਵਿਸ਼ਵਾਸ ਨਾਲ ਅਸੀਂ ਭਾਰਤ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣਾ ਹੈ। ਤਾਂ ਆਓ, ਇੱਕ ਵਾਰ ਫਿਰ ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ -
ਵਿਕਸਿਤ ਭਾਰਤ, ਵੀ ਵਿੱਲ ਡੂ ਇਟ!
ਵਿਕਸਿਤ ਭਾਰਤ ਐਟ ਟਵੰਟੀ ਫੋਰਟੀ ਸੈਵਨ (2047), ਵੀ ਵਿੱਲ ਡੂ ਇਟ!
ਵੀ ਵਿੱਲ ਡੂ ਇਟ!
ਟੌਪ ਥ੍ਰੀ ਇਕੌਨਮੀ, ਵੀ ਵਿੱਲ ਡੂ ਇਟ!
ਟੌਪ ਥ੍ਰੀ ਇਕੌਨਮੀ, ਵੀ ਵਿੱਲ ਡੂ ਇਟ!
ਆਤਮਨਿਰਭਰ ਭਾਰਤ, ਵੀ ਵਿੱਲ ਡੂ ਇਟ!
ਆਤਮਨਿਰਭਰ ਭਾਰਤ, ਵੀ ਵਿੱਲ ਡੂ ਇਟ!
ਗਲੋਬਲ ਮੈਨੂਫੈਕਚਰਿੰਗ ਹੱਬ, ਵੀ ਵਿੱਲ ਡੂ ਇਟ!
ਗਲੋਬਲ ਮੈਨੂਫੈਕਚਰਿੰਗ ਹੱਬ, ਵੀ ਵਿੱਲ ਡੂ ਇਟ!
ਟੈਕਨੋਲੋਜੀ ਵਿੱਚ ਭਾਰਤ ਦੀ ਲੀਡਰਸ਼ਿਪ, ਵੀ ਵਿੱਲ ਡੂ ਇਟ!
ਪੁਲਾੜ ਵਿੱਚ ਕਦਮ, ਵੀ ਵਿੱਲ ਡੂ ਇਟ!
ਓਲੰਪਿਕਸ ਕਰਵਾਉਣ, ਵੀ ਵਿੱਲ ਡੂ ਇਟ!
ਨਵੀਆਂ ਖੇਡਾਂ ਵਿੱਚ ਮੈਡਲ, ਵੀ ਵਿੱਲ ਡੂ ਇਟ!
ਯੈੱਸ, ਵੀ ਵਿੱਲ ਡੂ ਇਟ!
ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ : ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(Release ID: 2324273)
ਵਿਜ਼ੀਟਰ ਕਾਊਂਟਰ : 10