ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਨੈਸ਼ਨਲ ਡਿਫੈਂਸ ਕਾਲਜ ਦੇ 66ਵੇਂ ਪਾਠਕ੍ਰਮ ਨੂੰ ਸੰਬੋਧਨ ਕੀਤਾ
“ਰਾਸ਼ਟਰੀ ਰਣਨੀਤੀ ਨੂੰ ਰਾਸ਼ਟਰੀ ਉਦੇਸ਼ ਲਈ ਕਾਰਵਾਈ ਵਿੱਚ ਅਤੇ ਰਾਸ਼ਟਰੀ ਸੰਕਲਪ ਨੂੰ ਰਾਸ਼ਟਰੀ ਨਤੀਜਿਆਂ ਵਿੱਚ ਬਦਲਣਾ ਚਾਹੀਦਾ ਹੈ”: ਉਪ-ਰਾਸ਼ਟਰਪਤੀ
“ਇੱਕ ਮੋਹਰੀ ਵਿਸ਼ਵ ਸ਼ਕਤੀ ਵਜੋਂ ਉੱਭਰਨ ਦੀ ਭਾਰਤ ਦੀ ਇੱਛਾ ਦੂਜਿਆਂ 'ਤੇ ਦਬਦਬਾ ਕਾਇਮ ਕਰਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਦੇਸ਼ ਉਸ 'ਤੇ ਆਪਣੀਆਂ ਸ਼ਰਤਾਂ ਨਾ ਥੋਪੇ”: ਉਪ-ਰਾਸ਼ਟਰਪਤੀ
“ਹਰੇਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਬਰਾਬਰ ਹੈ, ਚਾਹੇ ਉਹ ਵੱਡਾ ਹੋਵੇ ਜਾਂ ਛੋਟਾ”: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਰਾਸ਼ਟਰੀ ਪ੍ਰਭੂਸੱਤਾ ਦੇ ਸਤਿਕਾਰ ਦਾ ਸੱਦਾ ਦਿੱਤਾ; ਕਿਹਾ- ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ਦੀਆਂ ਸਰਹੱਦਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ
Posted On:
12 OCT 2026 12:51PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਸਥਿਤ ਨੈਸ਼ਨਲ ਡਿਫੈਂਸ ਕਾਲਜ (ਐੱਨ.ਡੀ.ਸੀ.) ਦੇ 66ਵੇਂ ਪਾਠਕ੍ਰਮ ਦੇ ਭਾਗੀਦਾਰਾਂ ਨੂੰ 'ਭਾਰਤ ਦੀਆਂ ਮੁੱਖ ਕਦਰਾਂ-ਕੀਮਤਾਂ, ਰਾਸ਼ਟਰੀ ਹਿੱਤ ਅਤੇ ਰਾਸ਼ਟਰੀ ਉਦੇਸ਼' ਵਿਸ਼ੇ 'ਤੇ ਸੰਬੋਧਨ ਕੀਤਾ।
ਉਪ-ਰਾਸ਼ਟਰਪਤੀ ਨੇ ਭਾਰਤੀ ਹਥਿਆਰਬੰਦ ਬਲਾਂ, ਸਿਵਲ ਸੇਵਾਵਾਂ, ਪੁਲਿਸ ਅਤੇ ਹੋਰ ਸਰਕਾਰੀ ਸੰਗਠਨਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਮਿੱਤਰ ਵਿਦੇਸ਼ੀ ਦੇਸ਼ਾਂ ਦੇ 41 ਅਧਿਕਾਰੀਆਂ ਸਮੇਤ 122 ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸਮਕਾਲੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਰਣਨੀਤਕ ਸੋਚ, ਏਕੀਕ੍ਰਿਤ ਨੀਤੀ ਨਿਰਮਾਣ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ 'ਤੇ ਚਾਨਣਾ ਪਾਇਆ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਰਾਸ਼ਟਰੀ ਕਦਰਾਂ-ਕੀਮਤਾਂ ਰਾਸ਼ਟਰੀ ਪਛਾਣ ਦੀ ਨੀਂਹ ਹਨ ਅਤੇ ਵਿਸ਼ਵ ਨਾਲ ਕਿਸੇ ਦੇਸ਼ ਦੇ ਜੁੜਾਅ ਦਾ ਮਾਰਗਦਰਸ਼ਨ ਕਰਦੀਆਂ ਹਨ। ਉਨ੍ਹਾਂ ਨੇ ਭਾਰਤ ਦੇ ਸਭਿਆਚਾਰਕ ਦਰਸ਼ਨ 'ਵਸੁਧੈਵ ਕੁਟੁੰਬਕਮ' (ਵਿਸ਼ਵ ਇੱਕ ਪਰਿਵਾਰ ਹੈ) ਦੀ ਉਦਾਹਰਨ ਦਿੱਤੀ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਵੈਕਸੀਨ ਮੈਤਰੀ ਪਹਿਲਕਦਮੀ, ਆਫ਼ਤਾਂ ਦੌਰਾਨ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਵਾਲੀ ਸੰਸਥਾ ਵਜੋਂ ਇਸ ਦੀ ਭੂਮਿਕਾ ਅਤੇ ਜਲਵਾਯੂ ਪਰਿਵਰਤਨ ਤੇ ਆਫ਼ਤ ਨਾਲ ਨਜਿੱਠਣ ਦੀ ਸਮਰੱਥਾ ਨਾਲ ਸੰਬੰਧਿਤ ਅੰਤਰਰਾਸ਼ਟਰੀ ਪਹਿਲਕਦਮੀਆਂ ਵਿੱਚ ਇਸ ਦੀ ਅਗਵਾਈ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦੀਆਂ ਵਿਹਾਰਕ ਉਦਾਹਰਨਾਂ ਵਜੋਂ ਪੇਸ਼ ਕੀਤਾ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਰਾਸ਼ਟਰੀ ਹਿੱਤ ਪ੍ਰਭੂਸੱਤਾ, ਲੋਕਤੰਤਰ, ਧਰਮ-ਨਿਰਪੱਖਤਾ, ਨਿਆਂ, ਆਜ਼ਾਦੀ, ਬਰਾਬਰੀ, ਭਾਈਚਾਰਕ ਸਾਂਝ ਅਤੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਵਰਗੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹਨ। ਉਨ੍ਹਾਂ ਨੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨਾ; ਇਸ ਦੇ ਲੋਕਤੰਤਰੀ, ਧਰਮ-ਨਿਰਪੱਖ ਅਤੇ ਸੰਘੀ ਸਰੂਪ ਨੂੰ ਬਣਾਏ ਰੱਖਣਾ; ਇਸ ਦੇ ਰਣਨੀਤਕ, ਰਾਜਨੀਤਕ, ਆਰਥਿਕ ਅਤੇ ਫ਼ੌਜੀ ਉਦੇਸ਼ਾਂ ਨੂੰ ਅੱਗੇ ਵਧਾਉਣਾ; ਵਿਕਾਸ ਅਤੇ ਮਨੁੱਖੀ ਵਿਕਾਸ ਲਈ ਇੱਕ ਸਥਿਰ ਤੇ ਸੁਰੱਖਿਅਤ ਵਾਤਾਵਰਨ ਯਕੀਨੀ ਬਣਾਉਣਾ; ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਵਿੱਚ ਯੋਗਦਾਨ ਪਾਉਣਾ ਵਰਗੀਆਂ ਪੰਜ ਵਿਆਪਕ ਤਰਜੀਹਾਂ 'ਤੇ ਜ਼ੋਰ ਦਿੱਤਾ।
ਰਾਸ਼ਟਰੀ ਸੁਰੱਖਿਆ ਦੇ ਵਧਦੇ ਆਪਸੀ ਜੁੜਾਅ ਦਾ ਜ਼ਿਕਰ ਕਰਦਿਆਂ, ਸ਼੍ਰੀ ਰਾਧਾਕ੍ਰਿਸ਼ਨਨ ਨੇ ਅੱਤਵਾਦ, ਸਾਈਬਰ ਖ਼ਤਰਿਆਂ, ਮਹਾਮਾਰੀਆਂ, ਜਲਵਾਯੂ ਪਰਿਵਰਤਨ ਅਤੇ ਅੰਤਰਰਾਸ਼ਟਰੀ ਅਪਰਾਧ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਹਿੱਤਾਂ ਦੀ ਰੱਖਿਆ ਅਤੇ ਸਾਂਝੇ ਆਲਮੀ ਹਿੱਤਾਂ ਨੂੰ ਅੱਗੇ ਵਧਾਉਣਾ ਅਕਸਰ ਆਪਸੀ ਸਹਾਇਕ ਉਦੇਸ਼ ਹੁੰਦੇ ਹਨ, ਜਿਨ੍ਹਾਂ ਲਈ ਤਾਲਮੇਲ ਵਾਲੀ ਕਾਰਵਾਈ, ਜਾਣਕਾਰੀ ਸਾਂਝੀ ਕਰਨ ਅਤੇ ਰਾਸ਼ਟਰਾਂ ਵਿਚਕਾਰ ਆਪਸੀ ਵਿਸ਼ਵਾਸ ਦੀ ਲੋੜ ਹੁੰਦੀ ਹੈ।
ਸਾਲ 2047 ਤੱਕ ਵਿਕਸਿਤ ਭਾਰਤ ਨੂੰ ਇੱਕ ਮਹੱਤਵਪੂਰਨ ਰਾਸ਼ਟਰੀ ਟੀਚਾ ਦੱਸਦਿਆਂ, ਉਪ-ਰਾਸ਼ਟਰਪਤੀ ਨੇ ਉਪਲਬਧ ਸਰੋਤਾਂ, ਮਜ਼ਬੂਤ ਨੀਤੀਗਤ ਵਿਕਲਪਾਂ ਅਤੇ ਰਾਸ਼ਟਰੀ ਤਰਜੀਹਾਂ ਦੇ ਨਾਲ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਤਾਲਮੇਲ ਵਿੱਚ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਸੁਰੱਖਿਆ ਵਿੱਚ ਭਾਰਤ ਦੀ ਭੂਮੀ, ਹਵਾਈ ਖੇਤਰ, ਸਮੁੰਦਰੀ ਹਿੱਤਾਂ ਅਤੇ ਸਾਈਬਰ ਖੇਤਰ ਦੀ ਰੱਖਿਆ ਕਰਨਾ, ਨਾਲ ਹੀ ਟਿਕਾਊ ਵਿਕਾਸ ਅਤੇ ਖ਼ੁਸ਼ਹਾਲੀ ਲਈ ਹਾਲਾਤ ਬਣਾਉਣਾ ਸ਼ਾਮਲ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਟੀਚਾ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਬਣਨਾ ਹੈ, ਪਰ ਦੂਜਿਆਂ 'ਤੇ ਦਬਦਬਾ ਕਾਇਮ ਕਰਨ ਜਾਂ ਉਨ੍ਹਾਂ 'ਤੇ ਆਪਣੀਆਂ ਸ਼ਰਤਾਂ ਥੋਪਣ ਲਈ ਨਹੀਂ, ਸਗੋਂ ਇਹ ਯਕੀਨੀ ਬਣਾਉਣ ਲਈ ਹੈ ਕਿ ਕੋਈ ਵੀ ਦੇਸ਼ ਸਾਡੇ 'ਤੇ ਅਨੈਤਿਕ ਸ਼ਰਤਾਂ ਨਾ ਥੋਪੇ। ਉਨ੍ਹਾਂ ਕਿਹਾ ਕਿ ਹਰੇਕ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਸਵੈ-ਮਾਣ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਦੇਸ਼ਾਂ ਨੂੰ ਇੱਕ-ਦੂਜੇ ਦੀਆਂ ਖੇਤਰੀ ਸਰਹੱਦਾਂ ਦਾ ਉਲੰਘਣ ਕਰਨ ਤੋਂ ਬਚਣਾ ਚਾਹੀਦਾ ਹੈ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਗਲੋਬਲ ਸਾਊਥ (Global South) ਨਾਲ ਮਜ਼ਬੂਤ ਜੁੜਾਵ ਦਾ ਸੱਦਾ ਦਿੰਦੇ ਹੋਏ ਆਪਸੀ ਸਤਿਕਾਰ, ਪ੍ਰਭੂਸੱਤਾ ਦੀ ਸਮਾਨਤਾ ਅਤੇ ਸਾਂਝੀਆਂ ਵਿਕਾਸ ਤਰਜੀਹਾਂ ਦੇ ਸਿਧਾਂਤਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ਾਂ ਨੂੰ ਚੁਣੌਤੀਆਂ ਤੋਂ ਪਰ੍ਹੇ ਦੇਖਣ ਅਤੇ ਤਕਨਾਲੋਜੀ, ਵਪਾਰ, ਸੰਪਰਕ, ਸਿੱਖਿਆ, ਨਵੀਨਤਾ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਗਲੋਬਲ ਸਾਊਥ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ।
ਉਪ-ਰਾਸ਼ਟਰਪਤੀ ਨੇ ਭਵਿੱਖ ਦੇ ਰਣਨੀਤਕ ਆਗੂਆਂ ਵਜੋਂ ਹਾਜ਼ਰ ਭਾਗੀਦਾਰਾਂ ਨੂੰ ਸੰਸਥਾਗਤ ਅਤੇ ਪੇਸ਼ੇਵਰ ਸਰਹੱਦਾਂ ਤੋਂ ਪਰ੍ਹੇ ਇੱਕ ਏਕੀਕ੍ਰਿਤ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਗੀਦਾਰਾਂ ਨੂੰ ਆਪਣੇ ਰਾਸ਼ਟਰਾਂ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਕਦਰਾਂ-ਕੀਮਤਾਂ ਨੂੰ ਸਮਝਣ, ਸੁਰੱਖਿਅਤ ਰੱਖੇ ਜਾਣ ਵਾਲੇ ਹਿੱਤਾਂ ਦੀ ਪਛਾਣ ਕਰਨ, ਸਪੱਸ਼ਟ ਟੀਚੇ ਨਿਰਧਾਰਿਤ ਕਰਨ, ਉਨ੍ਹਾਂ ਨੂੰ ਬੁੱਧੀਮਾਨੀ ਨਾਲ ਤਰਜੀਹ ਦੇਣ ਅਤੇ ਰਾਸ਼ਟਰੀ ਸੰਕਲਪਾਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਲਈ ਰਣਨੀਤੀਆਂ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ 'ਤੇ ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਏਅਰ ਮਾਰਸ਼ਲ ਮਨੀਸ਼ ਕੁਮਾਰ ਗੁਪਤਾ, ਫੈਕਲਟੀ ਮੈਂਬਰ ਅਤੇ 66ਵੇਂ ਐੱਨ.ਡੀ.ਸੀ. ਪਾਠਕ੍ਰਮ ਦੇ ਭਾਗੀਦਾਰ ਮੌਜੂਦ ਸਨ।
*****
ਪੀਆਰ/ਏਐੱਸਐੱਮ/ਵੀਐੱਮਜੇ
(Release ID: 2322646)
ਵਿਜ਼ੀਟਰ ਕਾਊਂਟਰ : 8