ਰੱਖਿਆ ਮੰਤਰਾਲਾ
azadi ka amrit mahotsav

ਆਈਐੱਨਐੱਸ ਤ੍ਰਿਸ਼ੂਲ ਅਭਿਆਸ ਕੋਂਕਣ-2026 ਵਿੱਚ ਹਿੱਸਾ ਲੈਣ ਲਈ ਬ੍ਰਿਟੇਨ ਦੇ ਪਲਾਈਮਾਊਥ ਪਹੁੰਚਿਆ

Posted On: 11 OCT 2026 1:34PM by PIB Chandigarh

ਭਾਰਤੀ ਜਲ ਸੈਨਾ ਦਾ ਆਧੁਨਿਕ ਸਹੂਲਤਾਂ ਨਾਲ ਲੈਸ ਮਿਜ਼ਾਈਲ ਸਟੀਲਥ ਫ੍ਰੀਗੇਟ ਜਹਾਜ਼ ਆਈਐੱਨਐੱਸ ਤ੍ਰਿਸ਼ੂਲ ਬ੍ਰਿਟੇਨ ਦੇ ਪਲਾਈਮਾਊਥ ਪਹੁੰਚ ਗਿਆ ਹੈ। ਇਹ ਜੰਗੀ ਜਹਾਜ਼ ਰਾਇਲ ਨੇਵੀ ਨਾਲ ਅਭਿਆਸ ਕੌਂਕਣ-2026 ਵਿੱਚ ਹਿੱਸਾ ਲਵੇਗਾ।

ਭਾਰਤ ਅਤੇ ਬ੍ਰਿਟੇਨ ਦਰਮਿਆਨ ਆਯੋਜਿਤ ਹੋਣ ਵਾਲਾ ਸਲਾਨਾ ਸਮੁੰਦਰੀ ਅਭਿਆਸ ਕੌਂਕਣ-2026 ਦੋਵਾਂ ਦੇਸ਼ਾਂ ਦੀ ਮਜ਼ਬੂਤ ਸਮੁੰਦਰੀ ਸਾਂਝੇਦਾਰੀ ਦਾ ਪ੍ਰਤੀਕ ਹੈ। ਪਿਛਲੇ ਦੋ ਦਹਾਕਿਆਂ ਵਿੱਚ ਇਸ ਅਭਿਆਸ ਦੀ ਜਟਿਲਤਾ ਅਤੇ ਇਸ ਦਾ ਦਾਇਰਾ ਕਾਫ਼ੀ ਵਧਿਆ ਹੈ, ਜਿਸ ਨਾਲ ਦੋਵਾਂ ਜਲ ਸੈਨਾਵਾਂ ਦਰਮਿਆਨ ਸਮੁੰਦਰੀ ਮੁਹਿੰਮਾਂ ਵਿੱਚ ਬਿਹਤਰ ਤਾਲਮੇਲ ਅਤੇ ਆਪਸੀ ਸਮਝ ਵਿਕਸਿਤ ਹੋਈ ਹੈ। ਆਪਣੀ ਸ਼ੁਰੂਆਤ ਤੋਂ ਹੀ ਅਭਿਆਸ ਕੌਂਕਣ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਦਾ ਇੱਕ ਮਹੱਤਵਪੂਰਨ ਅਧਾਰ ਰਿਹਾ ਹੈ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਦੋਵਾਂ ਜਲ ਸੈਨਾਵਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇਹ ਅਭਿਆਸ 8 ਤੋਂ 15 ਅਕਤੂਬਰ 2026 ਤੱਕ ਬ੍ਰਿਟੇਨ ਦੇ ਪਲਾਈਮਾਊਥ ਦੇ ਨੇੜੇ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪਹਿਲੇ ਬੰਦਰਗਾਹ ਪੜਾਅ ਵਿੱਚ ਵੱਖ-ਵੱਖ ਪੇਸ਼ੇਵਰ ਸੰਵਾਦ, ਇੱਕ-ਦੂਜੇ ਦੇ ਜਹਾਜ਼ਾਂ ਦਾ ਦੌਰਾ, ਖੇਡ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ ਅਤੇ ਸੱਦੇ ਗਏ ਵਿਜ਼ਿਟਰਾਂ ਲਈ ਜੰਗੀ ਜਹਾਜ਼ ਨੂੰ ਦੇਖਣ ਦੇ ਪ੍ਰੋਗਰਾਮ ਸ਼ਾਮਲ ਹਨ।

ਸਮੁੰਦਰੀ ਪੜਾਅ ਦੌਰਾਨ ਦੋਵਾਂ ਦੇਸ਼ਾਂ ਦੇ ਜਹਾਜ਼ਾਂ ਦਰਮਿਆਨ ਤਿੰਨਾਂ ਖੇਤਰਾਂ ਵਿੱਚ ਯਾਨੀ ਕਿ ਹਵਾ,ਸਰਫੇਸ ਅਤੇ ਪਾਣੀ ਦੇ ਹੇਠਾਂ ਗੁੰਝਲਦਾਰ ਸਮੁੰਦਰੀ ਕਾਰਜਸ਼ੀਲ ਅਭਿਆਸ ਕੀਤੇ ਜਾਣਗੇ। ਕੌਂਕਣ ਅਭਿਆਸ ਦੇ ਇਸ ਸੰਸਕਰਣ ਵਿੱਚ ਇੱਕ-ਦੂਜੇ ਦੇ ਜਹਾਜ਼ਾਂ ‘ਤੇ ਜਹਾਜ਼ ਉਤਾਰਨ, ਫਾਇਰਿੰਗ, ਹਵਾਈ ਰੱਖਿਆ, ਗੁੰਝਲਦਾਰ ਨੌਚਾਲਨ ਗਤੀਵਿਧੀਆਂ ਅਤੇ ਪਣਡੁੱਬੀ-ਰੋਧਕ ਅਭਿਆਸਾਂ ਸਮੇਤ ਵੱਖ-ਵੱਖ ਹਵਾਈ ਕਾਰਜਸ਼ੀਲ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਅਭਿਆਸ ਹੋਰ ਵੀ ਚੁਣੌਤੀਪੂਰਨ ਬਣੇਗਾ।

ਇਹ ਅਭਿਆਸ ਸੁਰੱਖਿਅਤ, ਖੁੱਲ੍ਹੇ ਅਤੇ ਸੁਤੰਤਰ ਸਮੁੰਦਰੀ ਖੇਤਰ ਨੂੰ ਯਕੀਨੀ ਬਣਾਉਣ ਪ੍ਰਤੀ ਦੋਵਾਂ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ। ਨਾਲ ਹੀ, ਇਹ ‘ਭਾਰਤ-ਬ੍ਰਿਟੇਨ ਦ੍ਰਿਸ਼ਟੀਕੋਣ 2035’ ਵਿੱਚ ਦਰਸਾਈ ਗਈ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਵੀ ਦਰਸਾਉਂਦਾ ਹੈ।

ਅਭਿਆਸ ਕੌਂਕਣ-2026 ਬਿਹਤਰ ਕਾਰਜਪ੍ਰਣਾਲੀਆਂ ਦੇ ਅਦਾਨ-ਪ੍ਰਦਾਨ ਅਤੇ ਆਪਸੀ ਸਮਝ ਨੂੰ ਹੁਲਾਰਾ ਦੇ ਕੇ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੀ ਗੁੰਝਲਦਾਰ ਸਮੁੰਦਰੀ ਸਥਿਤੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ। ਇਹ ਅਭਿਆਸ ਭਾਰਤੀ ਅਤੇ ਬ੍ਰਿਟਿਸ਼ ਜਲ ਸੈਨਾਵਾਂ ਦਰਮਿਆਨ ਡੂੰਘੇ ਸਬੰਧਾਂ ਅਤੇ ਸਮੁੰਦਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਉਨ੍ਹਾਂ ਦੀ ਸਾਂਝੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

 

**********

ਵੀਐੱਮ/ਐੱਸਪੀਐੱਸ/ਏਕੇ


(Release ID: 2322359) ਵਿਜ਼ੀਟਰ ਕਾਊਂਟਰ : 3