ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਏਮਸ ਦੇਵਘਰ ਦੇ ਦੂਜੇ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ


"ਤੁਹਾਡੇ ਗਿਆਨ ਨਾਲ ਰਾਹਤ ਮਿਲੇ, ਤੁਹਾਡੀ ਖੋਜ ਰਾਹੀਂ ਨਵੀਨਤਾ ਲਿਆਓ ਅਤੇ ਤੁਹਾਡੀ ਸੇਵਾ ਪ੍ਰੇਰਿਤ ਕਰੇ": ਉਪ ਰਾਸ਼ਟਰਪਤੀ ਦੀ ਨੌਜਵਾਨ ਗ੍ਰੈਜੂਏਟਾਂ ਨੂੰ ਅਪੀਲ

ਉਪ-ਰਾਸ਼ਟਰਪਤੀ ਦੀ ਨੌਜਵਾਨ ਮੈਡੀਕਲ ਪੇਸ਼ੇਵਰਾਂ ਨੂੰ ਨਿਪੁੰਨਤਾ, ਦਇਆ ਅਤੇ ਚਰਿੱਤਰ ਨੂੰ ਆਪਣਾ ਮਾਰਗਦਰਸ਼ਕ ਸਿਧਾਂਤ ਬਣਾਉਣ ਦੀ ਅਪੀਲ

“"ਕਬਾਇਲੀ ਅਤੇ ਪੇਂਡੂ ਭਾਈਚਾਰਿਆਂ ਲਈ ਮਿਆਰੀ ਸਿਹਤ ਸੰਭਾਲ ਅਤੇ ਉੱਚ ਸਿੱਖਿਆ ਤੱਕ ਪਹੁੰਚ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਦਾ ਮੁੱਖ ਥੰਮ੍ਹ ਹੈ": ਉਪ ਰਾਸ਼ਟਰਪਤੀ

“ਏਮਸ ਦੇਵਘਰ ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਦੀ ਕਲਪਨਾ ਨੂੰ ਦਰਸਾਉਂਦਾ ਹੈ”: ਉਪ-ਰਾਸ਼ਟਰਪਤੀ

Posted On: 10 OCT 2026 2:24PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਝਾਰਖੰਡ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ), ਦੇਵਘਰ ਦੇ ਦੂਜੇ  ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਗ੍ਰੈਜੂਏਟ ਹੋਣ ਵਾਲੇ ਡਾਕਟਰਾਂ, ਨਰਸਾਂ ਅਤੇ ਸਿਹਤ ਪੇਸ਼ੇਵਰਾਂ ਨੂੰ ਵਧਾਈ ਦਿੱਤੀ। ਇਸ ਡਿਗਰੀ ਵੰਡ ਸਮਾਗਮ ਨੂੰ ਸੰਥਾਲ ਪਰਗਨਾ ਖੇਤਰ ਦੀਆਂ ਇੱਛਾਵਾਂ ਦਾ ਉਤਸਵ ਦੱਸਦਿਆਂ ਉਨ੍ਹਾਂ ਕਿਹਾ ਕਿ ਏਮਸ ਦੇਵਘਰ ਆਦਿਵਾਸੀ ਅਤੇ ਪੇਂਡੂ ਭਾਈਚਾਰਿਆਂ ਲਈ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਧਦੇ ਮੌਕਿਆਂ ਦਾ ਪ੍ਰਤੀਕ ਹੈ।

Highlighting AIIMS Deoghar as a symbol of balanced and inclusive development, the Vice-President emphasised that access to quality healthcare and medical education must reach every corner of the country.

— Vice-President of India (@VPIndia) October 10, 2026

 

ਭਗਵਾਨ ਬਿਰਸਾ ਮੁੰਡਾ, ਸੀਧੋ-ਕਾਨ੍ਹੂ ਅਤੇ ਤਿਲਕਾ ਮਾਂਝੀ ਦੀ ਵਿਰਾਸਤ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਗ੍ਰੈਜੂਏਟਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਆਨ ਨੂੰ ਸੰਸਥਾਨ ਦੀਆਂ ਹੱਦਾਂ ਤੋਂ ਪਾਰ ਲੈ ਜਾਣ ਅਤੇ ਪਿੰਡਾਂ, ਆਦਿਵਾਸੀ ਭਾਈਚਾਰਿਆਂ ਅਤੇ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਮੈਡੀਕਲ ਨਾਲ ਸਬੰਧਿਤ ਜਾਣਕਾਰੀ ਦਾ ਸਰਵਉੱਚ ਮੰਤਵ ਸਮਾਜ ਦੀ ਸੇਵਾ ਕਰਨਾ ਹੈ। ਉਨ੍ਹਾਂ ਨੌਜਵਾਨ ਪੇਸ਼ੇਵਰਾਂ ਨੂੰ ਨਿਪੁੰਨਤਾ, ਸਚਾਈ, ਹਮਦਰਦੀ ਅਤੇ ਨੈਤਿਕ ਆਚਰਣ ਦੀਆਂ  ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਾਕਟਰੀ ਦੀ ਡਿਗਰੀ ਸਿਰਫ਼ ਇੱਕ ਪ੍ਰਾਪਤੀ ਨਹੀਂ, ਸਗੋਂ ਵਾਂਝੇ ਅਤੇ ਕਮਜ਼ੋਰ ਵਰਗਾਂ ਦੀ ਹਮਦਰਦੀ ਅਤੇ ਸਮਰਪਣ ਨਾਲ ਸੇਵਾ ਕਰਨ ਦਾ ਫ਼ਰਜ਼ ਵੀ ਹੈ।

ਉਪ-ਰਾਸ਼ਟਰਪਤੀ ਨੇ ਖੇਤਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ​​ਬਣਾਉਣ ਵਿੱਚ ਏਮਸ ਦੇਵਘਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮਲੇਰੀਆ ਖ਼ਤਮ ਕਰਨ, ਲਸੀਕਾ ਫਾਈਲੇਰੀਆ ਦੀ ਨਿਗਰਾਨੀ, ਅਨੀਮੀਆ, ਸੁਣਨ ਸ਼ਕਤੀ ਦੀ ਸਿਹਤ ਅਤੇ ਸਕੂਲ ਸਿਹਤ ਨਾਲ ਜੁੜੀਆਂ ਸੰਸਥਾ ਦੀਆਂ ਸਮਾਜਿਕ ਪਹੁੰਚ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਮੈਡੀਕਲ ਸੰਸਥਾਨ ਦੀ ਜ਼ਿੰਮੇਵਾਰੀ ਉਸ ਦੇ ਕੈਂਪਸ ਦੀਆਂ ਹੱਦਾਂ ਤੋਂ ਕਿਤੇ ਅੱਗੇ ਤੱਕ ਹੁੰਦੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੈਡੀਕਲ ਸਿੱਖਿਆ ਅਤੇ ਸਿਹਤ ਬੁਨਿਆਦੀ ਢਾਂਚੇ ਦੇ ਵਿਸਤਾਰ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਸਾਲ 2014 ਤੋਂ ਪਹਿਲਾਂ ਦੇ 387 ਤੋਂ ਵਧ ਕੇ 846 ਹੋ ਗਈ ਹੈ। ਉਨ੍ਹਾਂ ਕਿਹਾ ਕਿ ਏਮਸ ਦੇਵਘਰ ਵਰਗੇ ਅਦਾਰੇ ਸੰਤੁਲਿਤ ਅਤੇ  ਸਮਾਵੇਸ਼ੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਲ 2047 ਤੱਕ 'ਵਿਕਸਿਤ ਭਾਰਤ' ਦੇ ਟੀਚੇ ਨੂੰ ਪੂਰਾ ਕਰਨ ਲਈ ਹਰ ਰਾਜ, ਜ਼ਿਲ੍ਹੇ ਅਤੇ ਪਿੰਡ ਵਿੱਚ ਮਿਆਰੀ ਸਿਹਤ ਸੇਵਾਵਾਂ ਅਤੇ ਉੱਚ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣਾ ਜ਼ਰੂਰੀ ਹੈ।

ਉਪ-ਰਾਸ਼ਟਰਪਤੀ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਗ੍ਰੈਜੂਏਟ ਹੋਣ ਵਾਲੇ 173 ਵਿਦਿਆਰਥੀਆਂ ਵਿੱਚੋਂ 132 ਵਿਦਿਆਰਥਣਾਂ ਸਨ। ਉਨ੍ਹਾਂ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਤੋਂ ਅੱਗੇ ਵਧ ਕੇ ਮਹਿਲਾ-ਅਗਵਾਈ ਵਾਲੇ ਵਿਕਾਸ ਵੱਲ ਦੇਸ਼ ਦੀ ਤਰੱਕੀ ਨੂੰ ਦਰਸਾਉਂਦਾ ਹੈ। ਨਾਲ ਹੀ, ਇਹ ਔਰਤਾਂ ਨੂੰ ਆਪਣੀਆਂ ਸਮਰੱਥਾਵਾਂ ਨੂੰ ਪੂਰਾ ਕਰਨ ਵਿੱਚ ਯੋਗ ਬਣਾਉਣ ਵਿੱਚ ਸਿੱਖਿਆ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਵੀ ਰੇਖਾਂਕਿਤ ਕਰਦਾ ਹੈ।

ਗ੍ਰੈਜੂਏਟਾਂ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਨੇ ਉਨ੍ਹਾਂ ਨੂੰ ਉਨ੍ਹਾਂ ਭਾਈਚਾਰਿਆਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ, ਜਿਨ੍ਹਾਂ ਦੀ ਸੇਵਾ ਲਈ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਉੱਭਰਦੀਆਂ ਤਕਨਾਲੋਜੀਆਂ ਨੂੰ ਜ਼ਿੰਮੇਵਾਰੀ ਨਾਲ ਅਪਣਾਉਣ ਅਤੇ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ,ਟੈਲੀਮੈਡੀਸਨ ਅਤੇ ਡਿਜੀਟਲ ਨਿਦਾਨ ਦੇ ਖੇਤਰ ਵਿੱਚ ਹੋਈ ਤਰੱਕੀ ਦਾ ਲਾਭ ਸ਼ਹਿਰਾਂ ਦੇ ਨਾਲ-ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਵੀ ਪਹੁੰਚੇ। ਉਨ੍ਹਾਂ ਨੌਜਵਾਨ ਪੀੜ੍ਹੀ ਵਿੱਚ “ਨਸ਼ਿਆਂ ਨੂੰ ਨਾ” ਦਾ ਸੁਨੇਹਾ ਫੈਲਾਉਣ ਦਾ ਵੀ ਸੱਦਾ ਦਿੱਤਾ ਅਤੇ ਮਰੀਜ਼ਾਂ ਦੀ ਹਮਦਰਦੀ ਭਰੀ ਦੇਖਭਾਲ ਵਿੱਚ ਨਰਸਿੰਗ ਪੇਸ਼ੇਵਰਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।

ਉਪ-ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸੰਸਥਾ ਝਾਰਖੰਡ ਅਤੇ ਵਿਆਪਕ ਪੂਰਬੀ ਖੇਤਰ ਲਈ ਕਲੀਨਿਕਲ ਉੱਤਮਤਾ, ਵਿਗਿਆਨਕ ਖੋਜ ਅਤੇ ਹਮਦਰਦੀ ਭਰੇ ਸੇਵਾ ਕੇਂਦਰ ਵਜੋਂ ਲਗਾਤਾਰ ਤਰੱਕੀ ਕਰਦਾ ਰਹੇਗਾ। ਉਨ੍ਹਾਂ ਗ੍ਰੈਜੂਏਟਾਂ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਨਿਪੁੰਨਤਾ, ਹਮਦਰਦੀ ਅਤੇ ਚਰਿੱਤਰ ਨੂੰ ਮਾਰਗਦਰਸ਼ਕ ਸਿਧਾਂਤ ਬਣਾਉਣ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਾਰਥਕ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਆਪਣੇ ਸੰਬੋਧਨ ਨੂੰ ਸਮਾਪਤ ਕੀਤਾ।

ਡਿਗਰੀ ਵੰਡ ਸਮਾਗਮ ਵਿੱਚ ਝਾਰਖੰਡ ਦੇ ਰਾਜਪਾਲ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ; ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ; ਝਾਰਖੰਡ ਦੇ ਸਿਹਤ, ਮੈਡੀਕਲ ਸਿੱਖਿਆ ਅਤੇ ਪਰਿਵਾਰ ਭਲਾਈ ਮੰਤਰੀ ਡਾ. ਇਰਫਾਨ ਅੰਸਾਰੀ; ਲੋਕ ਸਭਾ ਸੰਸਦ ਮੈਂਬਰ ਡਾ. ਨਿਸ਼ੀਕਾਂਤ ਦੁਬੇ; ਰਾਜ ਸਭਾ ਸੰਸਦ ਮੈਂਬਰ ਸ਼੍ਰੀ ਪ੍ਰਦੀਪ ਕੁਮਾਰ ਵਰਮਾ; ਦੇਵਘਰ ਦੇ ਵਿਧਾਇਕ ਸ਼੍ਰੀ ਸੁਰੇਸ਼ ਪਾਸਵਾਨ; ਏਮਸ ਦੇਵਘਰ ਦੀ ਪ੍ਰਧਾਨ ਪ੍ਰੋਫੈਸਰ ਐੱਮ. ਵੀ. ਪਦਮਾ ਸ੍ਰੀਵਾਸਤਵ; ਅਤੇ ਏਮਸ ਦੇਵਘਰ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰੋਫੈਸਰ ਨਿਤਿਨ ਐੱਮ. ਗੰਗਾਨੇ ਸਮੇਤ ਹੋਰ ਪਤਵੰਤੇ ਸੱਜਣ, ਫੈਕਲਟੀ ਮੈਂਬਰ, ਗ੍ਰੈਜੂਏਟ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

*****

 

ਪੀਆਰ/ਏਐੱਸਐੱਮ/ਵੀਐੱਮਜੇ


(Release ID: 2322342) ਵਿਜ਼ੀਟਰ ਕਾਊਂਟਰ : 7