ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਜੋਧਪੁਰ ਵਿੱਚ ‘ਅਭਿਆਸ ਤਰੰਗ ਸ਼ਕਤੀ 2026’ ਦੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਅਤੇ ਅੰਤਰਰਾਸ਼ਟਰੀ ਸਹਿਯੋਗ 'ਤੇ ਜ਼ੋਰ ਦਿੱਤਾ
"ਵੱਖ-ਵੱਖ ਦੇਸ਼, ਵੱਖ-ਵੱਖ ਜਹਾਜ਼, ਵੱਖ-ਵੱਖ ਅਨੁਭਵ, ਪਰ ਇੱਕੋ ਹੀ ਅਸਮਾਨ। ਇਹ 'ਤਰੰਗ ਸ਼ਕਤੀ' ਦਾ ਸੰਦੇਸ਼ ਹੈ" - ਸ਼੍ਰੀ ਰਾਜਨਾਥ ਸਿੰਘ
"ਭਵਿੱਖ ਦੀ ਫੌਜੀ ਸ਼ਕਤੀ ਦਾ ਨਿਰਧਾਰਣ ਚੀਜ਼ਾਂ ਨੂੰ ਭਾਂਪਣ (sensing), ਸਮਝਣ, ਫੈਸਲਾ ਲੈਣ ਅਤੇ ਕਾਰਵਾਈ ਕਰਨ ਦੀ ਗਤੀ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ" - ਰੱਖਿਆ ਮੰਤਰੀ
ਰਕਸ਼ਾ ਮੰਤਰੀ ਨੇ ਕਿਹਾ, "ਭਵਿੱਖ ਦੇ ਰੱਖਿਆ ਸਬੰਧ ਸਿਰਫ਼ ਪਲੈਟਫਾਰਮਾਂ 'ਤੇ ਨਹੀਂ, ਸਗੋਂ ਤਕਨਾਲੋਜੀ ਅਤੇ ਵਿਸ਼ਵਾਸ 'ਤੇ ਅਧਾਰਿਤ ਹੋਣਗੇ"
Posted On:
10 OCT 2026 2:27PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 10 ਅਕਤੂਬਰ 2026 ਨੂੰ ਏਅਰ ਫੋਰਸ ਸਟੇਸ਼ਨ ਜੋਧਪੁਰ ਵਿਖੇ 'ਅਭਿਆਸ ਤਰੰਗ ਸ਼ਕਤੀ 2026' ਦੇ ਦੂਜੇ ਐਡੀਸ਼ਨ ਦੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਭਾਰਤੀ ਹਵਾਈ ਸੈਨਾ (ਆਈਏਐੱਫ) ਦੁਆਰਾ 26 ਸਤੰਬਰ ਤੋਂ 12 ਅਕਤੂਬਰ 2026 ਤੱਕ ਕਰਵਾਏ ਗਏ ਬਹੁ-ਰਾਸ਼ਟਰੀ ਹਵਾਈ ਅਭਿਆਸ ਵਿੱਚ ਸੱਤ ਦੋਸਤਾਨਾ ਵਿਦੇਸ਼ੀ ਦੇਸ਼ਾਂ (ਐੱਫਐੱਫਸੀ) - ਆਸਟ੍ਰੇਲੀਆ, ਬੰਗਲਾਦੇਸ਼, ਫਰਾਂਸ, ਜਰਮਨੀ, ਸ੍ਰੀਲੰਕਾ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ-ਦੀਆਂ ਹਵਾਈ ਫੌਜਾਂ ਦੇ ਨਾਲ-ਨਾਲ 32 ਨਿਰੀਖਕ ਦੇਸ਼ ਸ਼ਾਮਲ ਹੋਏ।
ਰਕਸ਼ਾ ਮੰਤਰੀ ਨੇ ਇਸ ਅਭਿਆਸ ਦੇ ਸਫਲ ਆਯੋਜਨ ਵਿੱਚ ਸ਼ਾਮਲ ਭਾਰਤੀ ਹਵਾਈ ਸੈਨਾ ਅਤੇ ਸਾਰੇ ਸੰਗਠਨਾਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਹਿੱਸਾ ਲੈਣ ਵਾਲੇ ਦੇਸ਼ਾਂ ਦਾ ਸਵਾਗਤ ਕੀਤਾ ਅਤੇ ਪੇਸ਼ੇਵਰ ਸਮਝ ਅਤੇ ਸੰਚਾਲਨ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਿੱਸਾ ਲੈਣ ਵਾਲੀ ਹਵਾਈ ਸੈਨਾ ਦੀ ਮੌਜੂਦਗੀ ਨੇ ਇਸ ਅਭਿਆਸ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰੇ ਦਲ ਕੀਮਤੀ ਪੇਸ਼ੇਵਰ ਗਿਆਨ ਅਤੇ ਭਾਰਤ ਦੀਆਂ ਸਮਰੱਥਾਵਾਂ ਅਤੇ ਪਹੁੰਚ ਦੀ ਡੂੰਘੀ ਸਮਝ ਨਾਲ ਵਾਪਸ ਆਉਣਗੇ। ਉਨ੍ਹਾਂ ਨੇ ਆਧੁਨਿਕ ਯੁੱਧ ਦੀਆਂ ਬਦਲਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ, ਤਕਨੀਕੀ ਨਵੀਨਤਾ ਅਤੇ ਅੰਤਰਰਾਸ਼ਟਰੀ ਭਾਈਵਾਲੀ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਧੁਨਿਕ ਯੁੱਧ ਇੱਕ ਵੱਡੇ ਬਦਲਾਅ ਵਿੱਚੋਂ ਗੁਜ਼ਰ ਰਿਹਾ ਹੈ। ਇਹ ਹੁਣ ਜ਼ਮੀਨ, ਸਮੁੰਦਰ ਅਤੇ ਹਵਾ ਵਰਗੇ ਰਵਾਇਤੀ ਖੇਤਰਾਂ ਤੋਂ ਪਰੇ ਫੈਲ ਗਿਆ ਹੈ ਜਿਸ ਵਿੱਚ ਪੁਲਾੜ, ਸਾਈਬਰ, ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਅਤੇ ਸੂਚਨਾ ਖੇਤਰ ਸ਼ਾਮਲ ਹਨ। ਉਨ੍ਹਾਂ ਨੇ ਸਮਕਾਲੀ ਫੌਜੀ ਕਾਰਵਾਈਆਂ ਨੂੰ ਆਕਾਰ ਦੇਣ ਵਿੱਚ ਮਨੁੱਖ ਰਹਿਤ ਪ੍ਰਣਾਲੀਆਂ, ਡਰੋਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਇਲੈਕਟ੍ਰੌਨਿਕ ਯੁੱਧ ਅਤੇ ਲੰਬੀ ਦੂਰੀ ਦੇ ਸਟੀਕ ਨਿਸ਼ਾਨਾ ਲਗਾਉਣ ਵਾਲੇ ਹਥਿਆਰਾਂ ਦੇ ਵਧ ਰਹੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ।
ਉਨ੍ਹਾਂ ਕਿਹਾ ਕਿ "ਭਵਿੱਖ ਦੀ ਫੌਜੀ ਸ਼ਕਤੀ ਦੀ ਪਛਾਣ ਸਾਡੇ ਕੋਲ ਮੌਜੂਦ ਪਲੈਟਫਾਰਮਾਂ ਦੀ ਗਿਣਤੀ ਨਾਲ ਘੱਟ ਹੀ ਹੋਵੇਗੀ। ਇਸ ਦਾ ਨਿਰਧਾਰਣ ਚੀਜ਼ਾਂ ਨੂੰ ਭਾਂਪਣ (sensing), ਸਮਝਣ, ਫੈਸਲਾ ਲੈਣ ਅਤੇ ਕਾਰਵਾਈ ਕਰਨ ਦੀ ਗਤੀ ਦੁਆਰਾ ਕੀਤਾ ਜਾਵੇਗਾ।" ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗਤੀ, ਸਟੀਕਤਾ, ਜਾਣਕਾਰੀ ਅਤੇ ਏਕੀਕਰਣ ਫੌਜੀ ਸਮਰੱਥਾ ਦੇ ਮੁੱਖ ਲੱਛਣਾਂ ਵਜੋਂ ਉੱਭਰੇ ਹਨ। ਉਨ੍ਹਾਂ ਨੇ ਤੇਜ਼ੀ ਨਾਲ ਬਦਲਦੇ ਭੂ-ਰਾਜਨੀਤਿਕ ਮਾਹੌਲ ਅਤੇ ਰੱਖਿਆ ਖੇਤਰ ਵਿੱਚ ਤਕਨੀਕੀ ਤਰੱਕੀ ਨਾਲ ਜੁੜੀਆਂ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਲਗਾਤਾਰ ਚੌਕਸੀ ਵਰਤਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਰਕਸ਼ਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਨਵੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਾਸ਼ਟਰੀ ਲਚਕਤਾ ਵਧਾਉਣ ਦੇ ਮਹੱਤਵ ਨੂੰ ਪਛਾਣਿਆ ਹੈ ਅਤੇ ਰੱਖਿਆ ਖੇਤਰ ਵਿੱਚ "ਆਤਮ-ਨਿਰਭਰਤਾ" ਨੂੰ ਇੱਕ ਰਾਸ਼ਟਰੀ ਨੀਤੀ ਵਜੋਂ ਅਪਣਾਇਆ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੰਬੇ ਸਮੇਂ ਤੱਕ ਚੱਲਣ ਵਾਲੇ ਟਕਰਾਅ ਅਤੇ ਅਨਿਸ਼ਚਿਤਤਾ ਦੇ ਦੌਰ ਵਿੱਚ ਆਪਣੇ ਆਪ ਨੂੰ ਕਾਇਮ ਰੱਖਣ ਲਈ, ਇੱਕ ਦੇਸ਼ ਕੋਲ ਆਪਣੇ ਹਥਿਆਰ ਅਤੇ ਜ਼ਰੂਰੀ ਤਕਨਾਲੋਜੀਆਂ ਬਣਾਉਣ ਦੀ ਸਮਰੱਥਾ ਹੋਣੀ ਚਾਹੀਦੀ ਹੈ।
ਭਾਰਤੀ ਰੱਖਿਆ ਬਲਾਂ ਦੇ ਪਰਿਵਰਤਨ ਨੂੰ ਉਜਾਗਰ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਆਜ਼ਾਦੀ ਦੇ ਸਮੇਂ ਸੀਮਤ ਸਰੋਤਾਂ ਨਾਲ ਕੰਮ ਕਰਨ ਵਾਲੀ ਇੱਕ ਫੋਰਸ ਤੋਂ ਉੱਨਤ ਜਹਾਜ਼ਾਂ, ਸ਼ੁੱਧਤਾ ਵਾਲੇ ਹਮਲੇ ਦੇ ਹਥਿਆਰਾਂ, ਅਤਿ-ਆਧੁਨਿਕ ਸੈਂਸਰਾਂ, ਏਕੀਕ੍ਰਿਤ ਨੈੱਟਵਰਕਾਂ ਅਤੇ ਨਿਰੰਤਰ ਉੱਨਤ ਸਵਦੇਸ਼ੀ ਤਕਨਾਲੋਜੀਆਂ ਨਾਲ ਲੈਸ ਇੱਕ ਆਧੁਨਿਕ ਹਵਾਈ ਸੈਨਾ ਵਿੱਚ ਬਦਲ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਆਤਮਨਿਰਭਰ ਭਾਰਤ' ਦਾ ਅਰਥ ਦੁਨੀਆ ਤੋਂ ਅਲੱਗ-ਥਲੱਗ ਹੋਣਾ ਨਹੀਂ ਹੈ, ਸਗੋਂ ਮਹੱਤਵਪੂਰਨ ਰੱਖਿਆ ਤਕਨਾਲੋਜੀਆਂ ਨੂੰ ਡਿਜ਼ਾਈਨ ਕਰਨ, ਵਿਕਸਿਤ ਕਰਨ, ਉਤਪਾਦਨ ਕਰਨ, ਰੱਖ-ਰਖਾਅ ਕਰਨ ਅਤੇ ਅਪਗ੍ਰੇਡ ਕਰਨ ਲਈ ਸਵਦੇਸ਼ੀ ਸਮਰੱਥਾਵਾਂ ਦਾ ਵਿਕਾਸ ਕਰਨਾ ਹੈ।
ਭਾਰਤ ਦੇ ਵਧਦੇ ਏਅਰੋਸਪੇਸ ਅਤੇ ਰੱਖਿਆ ਉਤਪਾਦਨ ਈਕੋਸਿਸਟਮ ਦਾ ਹਵਾਲਾ ਦਿੰਦੇ ਹੋਏ, ਰੱਖਿਆ ਮੰਤਰੀ ਨੇ ਵੱਖ-ਵੱਖ ਸਵਦੇਸ਼ੀ ਪ੍ਰੋਗਰਾਮਾਂ ਅਤੇ ਪ੍ਰਣਾਲੀਆਂ ਨੂੰ ਉਜਾਗਰ ਕੀਤਾ, ਜਿਨ੍ਹਾਂ ਵਿੱਚ ਤੇਜਸ ਲੜਾਕੂ ਜਹਾਜ਼, ਧਰੁਵ, ਰੁਦਰ, ਪ੍ਰਚੰਡ ਅਤੇ ਲਾਈਟ ਯੂਟਿਲਿਟੀ ਹੈਲੀਕੌਪਟਰ (ਐੱਲਯੂਐੱਚ), ਆਕਾਸ਼ ਹਵਾਈ ਰੱਖਿਆ ਪ੍ਰਣਾਲੀ, ਏਈਐੱਸਏ ਰਡਾਰ, ਇਲੈਕਟ੍ਰੌਨਿਕ ਪ੍ਰਣਾਲੀਆਂ ਅਤੇ ਉੱਭਰ ਰਹੀਆਂ ਮਾਨਵ ਰਹਿਤ ਅਤੇ ਏਰੋਸਪੇਸ ਤਕਨਾਲੋਜੀਆਂ ਸ਼ਾਮਲ ਹਨ। ਰਕਸ਼ਾ ਮੰਤਰੀ ਨੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏਐੱਮਸੀਏ) ਪ੍ਰੋਗਰਾਮ ਨੂੰ ਪੰਜਵੀਂ ਪੀੜ੍ਹੀ ਦੀ ਸਟੀਲਥ ਲੜਾਕੂ ਤਕਨਾਲੋਜੀ ਵਿੱਚ ਮੁਹਾਰਤ ਹਾਸਲ ਕਰਨ ਵੱਲ ਇੱਕ ਮੁੱਖ ਕਦਮ ਦੱਸਿਆ ਅਤੇ ਐਡਵਾਂਸਡ ਏਅਰੋ-ਇੰਜਣਾਂ ਦੇ ਸਹਿ-ਉਤਪਾਦਨ ਅਤੇ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਖੋਜ, ਸਹਿ-ਵਿਕਾਸ, ਸਹਿ-ਉਤਪਾਦਨ, ਰੱਖ-ਰਖਾਅ, ਸਿਖਲਾਈ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਸਹਿਯੋਗ ਕਰਨ ਲਈ ਉਤਸੁਕ ਹੈ। ਭਰੋਸੇਯੋਗ ਭਾਈਵਾਲੀ ਅਤੇ ਮਜ਼ਬੂਤ ਸਪਲਾਈ ਚੇਨਾਂ ਦੇ ਵਧਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, "ਭਵਿੱਖ ਦੇ ਰੱਖਿਆ ਸਬੰਧ ਤਕਨਾਲੋਜੀ ਅਤੇ ਵਿਸ਼ਵਾਸ 'ਤੇ ਅਧਾਰਿਤ ਹੋਣਗੇ, ਸਿਰਫ਼ ਪਲੈਟਫਾਰਮਾਂ 'ਤੇ ਨਹੀਂ।"
ਰਕਸ਼ਾ ਮੰਤਰੀ ਨੇ ਕਿਹਾ ਕਿ ਮਜ਼ਬੂਤ ਘਰੇਲੂ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੇ ਨਾਲ-ਨਾਲ, ਭਰੋਸੇਯੋਗ ਭਾਈਵਾਲਾਂ ਨਾਲ ਅਰਥਪੂਰਨ ਸਹਿਯੋਗ ਵੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਲੋੜ ਪੈਣ 'ਤੇ ਸੁਤੰਤਰ ਤੌਰ 'ਤੇ ਕੰਮ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਜਦਕਿ ਹਿੱਤਾਂ ਅਤੇ ਜ਼ਿੰਮੇਵਾਰੀਆਂ ਇਕੱਠੀਆਂ ਹੋਣ 'ਤੇ ਦੂਜੇ ਦੇਸ਼ਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਵੀ ਚਾਹੀਦਾ ਹੈ।

ਇਸ ਸੰਦਰਭ ਵਿੱਚ, ਰਕਸ਼ਾ ਮੰਤਰੀ ਨੇ ਅਭਿਆਸ ਤਰੰਗ ਸ਼ਕਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਅਭਿਆਸ ਨੇ ਸਮਰੱਥਾ, ਤਕਨਾਲੋਜੀ, ਅੰਤਰ-ਕਾਰਜਸ਼ੀਲਤਾ ਅਤੇ ਵਿਸ਼ਵਾਸ ਦੇ ਸਿਧਾਂਤਾਂ ਨੂੰ ਸੰਚਾਲਨ ਅਨੁਭਵ ਵਿੱਚ ਅਨੁਵਾਦ ਕਰਨ ਵਿੱਚ ਮਦਦ ਕੀਤੀ। ਇਸ ਅਭਿਆਸ ਨੇ ਹਿੱਸਾ ਲੈਣ ਵਾਲੀਆਂ ਹਵਾਈ ਸੈਨਾਵਾਂ ਨੂੰ ਇਕੱਠੇ ਕੰਮ ਕਰਨ, ਸੰਚਾਲਨ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ, ਪ੍ਰਕਿਰਿਆਵਾਂ ਦਾ ਮੁਲਾਂਕਣ ਕਰਨ ਅਤੇ ਮਿਸ਼ਨ ਯੋਜਨਾਬੰਦੀ ਦੇ ਵੱਖ-ਵੱਖ ਪਲੈਟਫਾਰਮਾਂ, ਸਿਧਾਂਤਾਂ ਅਤੇ ਤਰੀਕਿਆਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਬਹੁ-ਰਾਸ਼ਟਰੀ ਅਭਿਆਸਾਂ ਨੇ ਹਵਾਈ ਅਮਲੇ ਅਤੇ ਕਮਾਂਡਰਾਂ ਨੂੰ ਇੱਕ ਦੂਜੇ ਤੋਂ ਸਿੱਖਣ, ਮੌਜੂਦਾ ਧਾਰਨਾਵਾਂ ਦੀ ਜਾਂਚ ਕਰਨ ਅਤੇ ਆਪਣੇ ਸਿਸਟਮਾਂ ਅਤੇ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਦੇ ਮੌਕਿਆਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ।

ਇਸ ਅਭਿਆਸ ਦੀ ਭਾਵਨਾ ਬਾਰੇ ਦੱਸਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਵੱਖ-ਵੱਖ ਦੇਸ਼। ਵੱਖ-ਵੱਖ ਜਹਾਜ਼। ਵੱਖ-ਵੱਖ ਅਨੁਭਵ। ਪਰ ਓਹੀ ਅਸਮਾਨ। ਇਹੀ 'ਤਰੰਗ ਸ਼ਕਤੀ' ਦਾ ਸੰਦੇਸ਼ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਅਭਿਆਸ ਦੀ ਮਹੱਤਤਾ ਸਿਰਫ ਉਡਾਨ ਜਾਂ ਅਭਿਆਸ ਕੀਤੇ ਗਏ ਦ੍ਰਿਸ਼ਾਂ ਤੱਕ ਸੀਮਤ ਨਹੀਂ ਹੈ, ਸਗੋਂ ਸਹਿਯੋਗੀ ਫੌਜਾਂ ਨਾਲ ਗੱਲਬਾਤ, ਤਾਲਮੇਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਯੋਗਤਾ ਵੀ ਸ਼ਾਮਲ ਹੈ। ਰਕਸ਼ਾ ਮੰਤਰੀ ਨੇ ਭਾਰਤੀ ਹਵਾਈ ਸੈਨਾ ਨੂੰ ਇਸ ਅਭਿਆਸ ਤੋਂ ਪ੍ਰਾਪਤ ਸਿੱਖਿਆਵਾਂ ਨੂੰ ਆਪਣੀ ਸਿਖਲਾਈ, ਰਣਨੀਤੀਆਂ, ਤਕਨੀਕਾਂ, ਪ੍ਰਕਿਰਿਆਵਾਂ ਅਤੇ ਭਵਿੱਖ ਦੀ ਸਮਰੱਥਾ ਵਿਕਾਸ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਗੀਦਾਰ ਦੇਸ਼ ਅਭਿਆਸ ਦੌਰਾਨ ਵਿਕਸਿਤ ਹੋਏ ਪੇਸ਼ੇਵਰ ਸਬੰਧਾਂ ਅਤੇ ਆਪਸੀ ਸਮਝ ਦਾ ਲਾਭ ਲੈਣਗੇ ਤਾਂ ਜੋ ਏਰੋਸਪੇਸ ਅਤੇ ਰੱਖਿਆ ਸਹਿਯੋਗ ਦੇ ਨਵੇਂ ਰਸਤੇ ਖੋਜੇ ਜਾ ਸਕਣ।
ਅਭਿਆਸ ਤਰੰਗ ਸ਼ਕਤੀ ਦੇ ਦੂਜੇ ਸੰਸਕਰਣ ਨੇ 2024 ਵਿੱਚ ਆਯੋਜਿਤ ਆਪਣੇ ਪਹਿਲੇ ਸੰਸਕਰਣ ਦੀ ਸਫਲਤਾ ਨੂੰ ਅੱਗੇ ਵਧਾਇਆ ਹੈ ਅਤੇ ਰੱਖਿਆ ਖੇਤਰ ਵਿੱਚ ਰਚਨਾਤਮਕ ਸ਼ਮੂਲੀਅਤ ਅਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਅਭਿਆਸ ਨੇ ਲੜਾਕੂ ਜਹਾਜ਼, ਆਵਾਜਾਈ, ਨਿਗਰਾਨੀ ਅਤੇ ਹਵਾਈ ਰਿਫਿਊਲਿੰਗ ਵਰਗੀਆਂ ਵਿਭਿੰਨ ਸਮਰੱਥਾਵਾਂ ਨੂੰ ਇਕਜੁੱਟ ਕੀਤਾ, ਜੋ ਸੰਯੁਕਤ ਮਿਸ਼ਨ ਯੋਜਨਾਬੰਦੀ, ਸੰਚਾਲਨ ਸਬੰਧੀ ਸਿਖਲਾਈ ਅਤੇ ਵਧੇ ਹੋਏ ਆਪਸੀ ਤਾਲਮੇਲ ਲਈ ਮੌਕੇ ਪ੍ਰਦਾਨ ਕਰਦੇ ਹਨ। ਲਾਈਟ ਕੰਬੈਟ ਏਅਰਕ੍ਰਾਫਟ (ਐੱਲਸੀਏ) ਤੇਜਸ ਅਤੇ ਲਾਈਟ ਕੰਬੈਟ ਹੈਲੀਕੌਪਟਰ (ਐੱਲਸੀਐੱਚ) ਪ੍ਰਚੰਡ ਵਰਗੇ ਸਵਦੇਸ਼ੀ ਪਲੈਟਫਾਰਮਾਂ ਦੀ ਭਾਗੀਦਾਰੀ ਨੇ ਵੀ ਸਵਦੇਸ਼ੀ ਏਅਰੋਸਪੇਸ ਡਿਜ਼ਾਈਨ, ਇੰਜੀਨੀਅਰਿੰਗ ਅਤੇ ਨਿਰਮਾਣ ਵਿੱਚ ਭਾਰਤ ਦੀ ਪ੍ਰਗਤੀ ਨੂੰ ਵੀ ਉਜਾਗਰ ਕੀਤਾ।
ਆਪ੍ਰੇਸ਼ਨ ਸਿੰਦੂਰ ਵਿੱਚ ਹਵਾਈ ਸ਼ਕਤੀ ਦੀ ਨਿਰਣਾਇਕ ਭੂਮਿਕਾ ਇਸ ਅਭਿਆਸ ਦੀ ਸਮਕਾਲੀ ਸਾਰਥਕਤਾ ਨੂੰ ਉਜਾਗਰ ਕਰਦੀ ਹੈ। ਇਸ ਆਪ੍ਰੇਸ਼ਨ ਨੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਟੀਕ, ਚੰਗੀ ਤਰ੍ਹਾਂ ਯੋਜਨਾਬੱਧ ਅਤੇ ਪ੍ਰਭਾਵਸ਼ਾਲੀ ਆਪ੍ਰੇਸ਼ਨ ਪ੍ਰਦਾਨ ਕਰਨ ਦੀ ਭਾਰਤੀ ਹਵਾਈ ਸੈਨਾ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਇਸ ਆਪ੍ਰੇਸ਼ਨ ਨੇ ਇੱਕ ਗੁੰਝਲਦਾਰ ਸੁਰੱਖਿਆ ਵਾਤਾਵਰਣ ਵਿੱਚ ਆਪ੍ਰੇਸ਼ਨਲ ਤਿਆਰੀ, ਤਾਲਮੇਲ ਯੋਜਨਾਬੰਦੀ, ਭਰੋਸੇਯੋਗ ਰੋਕਥਾਮ ਅਤੇ ਹਵਾਈ ਸ਼ਕਤੀ ਦੀ ਪ੍ਰਭਾਵਸ਼ਾਲੀ ਵਰਤੋਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਆਪ੍ਰੇਸ਼ਨਲ ਵਰਤੋਂ ਤੋਂ ਪ੍ਰਾਪਤ ਅਨੁਭਵ ਤਰੰਗ ਸ਼ਕਤੀ ਵਰਗੇ ਬਹੁ-ਰਾਸ਼ਟਰੀ ਅਭਿਆਸਾਂ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦੇ ਹਨ, ਜੋ ਪੇਸ਼ੇਵਰ ਸਮਝ ਨੂੰ ਵਧਾਉਣ ਅਤੇ ਆਧੁਨਿਕ ਯੁੱਧ ਦੀਆਂ ਬਦਲਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਿੱਚ ਸਹਾਇਤਾ ਕਰਦੇ ਹਨ।
ਉਡਾਨ ਗਤੀਵਿਧੀਆਂ ਤੋਂ ਇਲਾਵਾ, ਅਭਿਆਸ ਵਿੱਚ ਪੇਸ਼ੇਵਰ ਗੱਲਬਾਤ, ਉਦਯੋਗਿਕ ਦੌਰੇ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਯੋਗਾ ਸੈਸ਼ਨ, ਵਿਰਾਸਤੀ ਸਥਾਨਾਂ ਦੇ ਦੌਰੇ ਅਤੇ ਭਾਗੀਦਾਰ ਦੇਸ਼ਾਂ ਦੀਆਂ ਪਰੰਪਰਾਵਾਂ ਦਾ ਜਸ਼ਨ ਮਨਾਉਣ ਵਾਲੀ ਇੱਕ 'ਇੰਟਰਨੈਸ਼ਨਲ ਨਾਈਟ' ਸ਼ਾਮਲ ਸੀ। ਇਸ ਸਮਾਗਮ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐੱਨ.ਐੱਸ. ਰਾਜਾ ਸੁਬਰਾਮਨੀ, ਚੀਫ਼ ਆਫ਼ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ, ਚੀਫ਼ ਆਫ਼ ਨੇਵਲ ਸਟਾਫ਼ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ, ਹੋਰ ਪਤਵੰਤੇ, ਰੱਖਿਆ ਮੰਤਰਾਲੇ ਦੇ ਅਧਿਕਾਰੀ ਅਤੇ ਭਾਗੀਦਾਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।
***********
ਐੱਸਆਰ/ਜੇਡੀ/ਰੁਚੀ/ਏਕੇ
(Release ID: 2322146)
ਵਿਜ਼ੀਟਰ ਕਾਊਂਟਰ : 8