ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੇੱਮਾਸਾਨੀ ਨਾਲ ਗਲੋਬਲ ਸਿਸਟਮ ਫੋਰ ਮੋਬਾਈਲ ਕਮਿਊਨੀਕੇਸ਼ਨਜ਼ ਐਸੋਸੀਏਸ਼ਨ (GSMA) ਦੇ ਬੋਰਡ ਮੈਂਬਰਾਂ ਨਾਲ ਸੰਵਾਦ (ਗੱਲਬਾਤ) ਦੀ ਅਗਵਾਈ ਕੀਤੀ


ਤਕਨਾਲੋਜੀ ਨੂੰ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦਾ ਸਾਧਨ ਬਣਨਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਸਾਈਬਰ ਧੋਖਾਧੜੀ ਨਾਲ ਨਜਿੱਠਣ ਲਈ ਤਕਨਾਲੋਜੀ-ਅਧਾਰਿਤ ਸਮਾਧਾਨਾਂ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ

GSMA ਬੋਰਡ ਮੈਂਬਰਾਂ ਨੇ ਭਾਰਤ ਦੇ ਡਿਜੀਟਲ ਪਰਿਵਰਤਨ ਅਤੇ ਵਧਦੀ ਵਿਸ਼ਵਵਿਆਪੀ ਤਕਨਾਲੋਜੀ ਸਾਂਝੇਦਾਰੀਆਂ ਦੀ ਸ਼ਲਾਘਾ ਕੀਤੀ

Posted On: 07 OCT 2026 5:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2026 ਤੋਂ ਪਹਿਲਾਂ ਸੇਵਾ ਤੀਰਥ ਵਿੱਚ ਗਲੋਬਲ ਸਿਸਟਮ ਫੋਰ ਮੋਬਾਈਲ ਕਮਿਊਨੀਕੇਸ਼ਨਜ਼ ਐਸੋਸੀਏਸ਼ਨ (ਜੀਐੱਸਐੱਮਏ) ਦੇ ਬੋਰਡ ਮੈਂਬਰਾਂ ਨਾਲ ਸੰਵਾਦ ਕੀਤਾ। ਜੀਐੱਸਐੱਮਏ ਮੋਬਾਈਲ ਈਕੋਸਿਸਟਮ ਨੂੰ ਏਕੀਕ੍ਰਿਤ ਕਰਨ ਵਾਲਾ ਇੱਕ ਆਲਮੀ ਸੰਘ ਹੈ। ਨਾਲ ਹੀ ਮੋਬਾਈਲ ਆਪ੍ਰੇਟਰਾਂ ਅਤੇ ਸੰਗਠਨਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਮੋਬਾਈਲ ਈਕੋਸਿਸਟਮ ਅਤੇ ਉਸ ਨਾਲ ਜੁੜੇ ਉਦਯੋਗਾਂ ਵਿੱਚ ਕੰਮ ਕਰਦੇ ਹਨ। 

ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਪੇੱਮਾਸਾਨੀ ਚੰਦਰ ਸ਼ੇਖਰ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਸੰਵਾਦ ਵਿੱਚ ਹਿੱਸਾ ਲਿਆ। 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਕਨਾਲੋਜੀ ਨੂੰ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦਾ ਸਾਧਨ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਜ ਦਾ ਕੋਈ ਵੀ ਵਰਗ ਪਿੱਛੇ ਨਾ ਰਹੇ, ਇਸ ਲਈ ਤਕਨਾਲੋਜੀ ਦਾ ਲੋਕਤੰਤਰੀਕਰਣ ਜ਼ਰੂਰੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਲਈ ਤਕਨਾਲੋਜੀ ਅਤੇ ਡਿਜੀਟਲ ਸੇਵਾਵਾਂ ਨੂੰ ਕਿਫ਼ਾਇਤੀ ਅਤੇ ਅਸਾਨ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਵਧਦੇ ਡਿਜੀਟਲ ਵਿਭਾਜਨ ਨੂੰ ਰੋਕਣ ਲਈ ਤਕਨਾਲੋਜੀ ਨੂੰ ਆਖਰੀ ਪੜਾਅ ਤੱਕ ਪਹੁੰਚਾਉਣ ਦੇ ਮਹੱਤਵ ‘ਤੇ ਚਾਨਣਾ ਪਾਇਆ। 

ਪ੍ਰਧਾਨ ਮੰਤਰੀ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦੀ ਸਮਰੱਥਾ ਨੂੰ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਪਰਿਵਰਤਨਕਾਰੀ ਸ਼ਕਤੀ ਵਜੋਂ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕਈ ਵਿਸ਼ਵ ਨੇਤਾਵਾਂ ਨਾਲ ਡੀਪੀਆਈ ‘ਤੇ ਹੋਈ ਚਰਚਾਵਾਂ ਨੇ ਇਸ ਦੀ ਵਧਦੀ ਆਲਮੀ ਪ੍ਰਾਸੰਗਿਕਤਾ ਨੂੰ ਪ੍ਰਦਰਸ਼ਿਤ ਕੀਤਾ ਹੈ ਅਤੇ ਅਜਿਹੇ ਪਲੈਟਫਾਰਮ ਗਲੋਬਲ ਸਾਊਥ ਦੇਸ਼ਾਂ ਲਈ ਇੱਕ ਅਧਾਰ ਵਜੋਂ ਕੰਮ ਕਰ ਸਕਦੇ ਹਨ। 

ਡਿਜੀਟਲ ਅਤੇ ਸਾਈਬਰ ਧੋਥਾਧੜੀ ਦੀਆਂ ਵਧਦੀਆਂ ਚੁਣੌਤੀਆਂ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਸਮੱਸਿਆ ਦੇ ਸਮਾਧਾਨ ਲਈ ਤਕਨਾਲੋਜੀ ਅਧਾਰਿਤ ਉਪਾਵਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੰਭਾਵਿਤ ਧੋਖਾਧੜੀ ਵਾਲੇ ਕਾਲਾਂ ਬਾਰੇ ਲੋਕਾਂ ਨੂੰ ਤਾਕੀਦ ਕਰਨ ਲਈ ਖਪਤਕਾਰਾਂ ਪ੍ਰਤੀ ਨਿਰੰਤਰ ਜਾਗਰੂਕਤਾ ਸੰਦੇਸ਼ਾਂ ਦਾ ਸੁਝਾਅ ਦਿੱਤਾ। 

ਪ੍ਰਧਾਨ ਮੰਤਰੀ ਨੇ ਉਭਰਦੀਆਂ ਤਕਨਾਲੋਜੀਆਂ ਲਈ ਆਲਮੀ ਮਾਪਢੰਡਾਂ ਅਤੇ ਆਮ ਨਿਯਮਾਂ ਦੀ ਜ਼ਰੂਰਤਾਂ ‘ਤੇ ਵੀ ਜ਼ੋਰ ਦਿੱਤਾ। ਡੀਪਫੇਕ ਅਤੇ ਏਆਈ ਨਾਲ ਬਣਾਈ ਸਮੱਗਰੀ ਦੇ ਵਧਦੇ ਖ਼ਤਰੇ ‘ਤੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਖ਼ਪਤਕਾਰਾਂ ਨੂੰ ਇਸ ਦੇ ਸਰੋਤ ਦੀ ਤਰੁੰਤ ਪਛਾਣ ਕਰਨ ਵਿੱਚ ਸਮਰੱਥ ਬਣਾਉਣ ਲਈ ਸਿਸਟਮ ਵਿਕਸਿਤ ਕੀਤੇ ਜਾਣ। 

GSMA ਬੋਰਡ ਮੈਂਬਰਾਂ ਨੇ ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਮਾਨਤਾ ਦਿੱਤੀ

GSMA ਬੋਰਡ ਮੈਂਬਰਾਂ ਨੇ ਡਿਜੀਟਲ ਅਤੇ ਮੋਬਾਈਲ ਕਨੈਕਟੀਵਿਟੀ ਵਿੱਚ ਵਿਸ਼ਵਵਿਆਪੀ ਨੇਤਾ ਵਜੋਂ ਭਾਰਤ ਦੇ ਉਭਾਰ ਨੂੰ ਉਜਾਗਰ ਕੀਤਾ। ਉਨ੍ਹਾਂ ਨੇ 4G ਅਤੇ 5G ਦੇ ਤੇਜ਼ ਵਿਸਥਾਰ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਵਿਸ਼ਾਲ ਵਿਸਥਾਰ ਅਤੇ ਭਾਰਤ ਦੇ ਦੂਰਸੰਚਾਰ ਅਤੇ ਮੋਬਾਈਲ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਦਾ ਜ਼ਿਕਰ ਕੀਤਾ।

ਉਨ੍ਹਾਂ ਨੇ ਭਾਰਤ ਦੇ ਨਿਵੇਸ਼-ਅਨੁਕੂਲ ਨੀਤੀਗਤ ਢਾਂਚੇ ਦੀ ਪ੍ਰਸ਼ੰਸਾ ਕੀਤੀ ਅਤੇ ਨਿਰੰਤਰ ਡਿਜੀਟਲ ਵਿਕਾਸ ਨੂੰ ਸਮਰਥਨ ਦੇਣ ਵਿੱਚ ਸੁਰੱਖਿਅਤ, ਲਚਕੀਲੇ ਅਤੇ ਭਰੋਸੇਮੰਦ ਡਿਜੀਟਲ ਬੁਨਿਆਦੀ ਢਾਂਚੇ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ ।

ਬੋਰਡ ਮੈਂਬਰਾਂ ਨੇ 5G, 6G, AI, ਸਾਈਬਰ ਸੁਰੱਖਿਆ, ਡਿਜੀਟਲ ਸਮਾਵੇਸ਼ ਅਤੇ ਸੈਟੇਲਾਈਟ ਕਨੈਕਟੀਵਿਟੀ ਸਮੇਤ ਕਈ ਖੇਤਰਾਂ ਵਿੱਚ ਭਾਰਤ ਨਾਲ ਅੰਤਰਰਾਸ਼ਟਰੀ ਸਹਿਯੋਗ ਦੇ ਵਧ ਰਹੇ ਮੌਕਿਆਂ 'ਤੇ ਵੀ ਚਾਨਣਾ ਪਾਇਆ।

ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਦੀਆਂ ਗਲੋਬਲ ਟੈਲੀਕੌਮ ਗਤੀਵਿਧੀਆਂ ਨਾਲ ਭਾਰਤ ਦੀ ਤਕਨਾਲੋਜੀ ਸਾਂਝੇਦਾਰੀਆਂ ਨੂੰ ਮਜ਼ਬੂਤੀ ਮਿਲਦੀ ਹੈ

ਇਹ ਸੰਵਾਦ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਐਡੀਸ਼ਨ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ। ਇਸ ਵਿੱਚ ਵਿਸ਼ਵਵਿਆਪੀ ਤਕਨਾਲੋਜੀ ਅਤੇ ਦੂਰਸੰਚਾਰ ਖੇਤਰ ਦੇ ਨੇਤਾ ਇਕੱਠੇ ਸ਼ਾਮਲ ਹੋਣਗੇ।

ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਅਗਲੀ ਪੀੜ੍ਹੀ ਦੀ ਕਨੈਕਟੀਵਿਟੀ ਅਤੇ ਡਿਜੀਟਲ ਤਕਨਾਲੋਜੀਆਂ 'ਤੇ ਭਾਰਤ ਦੀਆਂ ਅੰਤਰਰਾਸ਼ਟਰੀ ਗਤੀਵਿਧੀਆਂ ਦੀ ਅਗਵਾਈ ਕਰ ਰਹੇ ਹਨ। ਬਾਰਸੀਲੋਨਾ ਵਿੱਚ ਆਯੋਜਿਤ ਮੋਬਾਈਲ ਵਰਲਡ ਕਾਂਗਰਸ 2026 ਵਿੱਚ ਉਨ੍ਹਾਂ ਨੇ ਗਲੋਬਲ ਟੈਲੀਕੌਮ ਈਕੋਸਿਸਟਮ ਨਾਲ ਭਾਰਤ ਦੀਆਂ ਗਤੀਵਿਧੀਆਂ ਦੀ ਅਗਵਾਈ ਕੀਤੀ ਅਤੇ ਕਨੈਕਟੀਵਿਟੀ ਨੂੰ ਵਧੇਰੇ ਕਿਫਾਇਤੀ, ਸਮਾਵੇਸ਼ੀ ਅਤੇ ਭਵਿੱਖ ਲਈ ਤਿਆਰ ਕਰਨ 'ਤੇ GSMA ਮੰਤਰੀ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਆਲਮੀ ਤਕਨਾਲੋਜੀ ਖੇਤਰ ਦੀਆਂ ਮੋਹਰੀ ਸੰਸਥਾਵਾਂ ਨਾਲ ਭਾਰਤ ਦੀ ਸ਼ਮੂਲੀਅਤ ਦੂਰਸੰਚਾਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਦੇਸ਼ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ। ਇਸ ਵਿੱਚ 6G ਦਾ ਵਿਕਾਸ, ਸੁਰੱਖਿਅਤ ਡਿਜੀਟਲ ਬੁਨਿਆਦੀ ਢਾਂਚਾ, AI ਅਤੇ ਵਿਸ਼ਵ ਪੱਧਰ 'ਤੇ ਅੰਤਰ-ਸੰਚਾਲਿਤ ਤਕਨਾਲੋਜੀ ਮਿਆਰ ਸ਼ਾਮਲ ਹਨ।

ਭਾਰਤ ਅਗਲੀ ਪੀੜ੍ਹੀ ਦੀ ਕਨੈਕਟੀਵਿਟੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ 'ਤੇ ਵਿਸ਼ਵਵਿਆਪੀ ਸੰਵਾਦ ਵਿੱਚ ਲਗਾਤਾਰ ਯੋਗਦਾਨ ਦੇ ਰਿਹਾ ਹੈ, ਅਜਿਹੇ ਵਿੱਚ GSMA ਬੋਰਡ ਦੇ ਨਾਲ ਇਹ ਗੱਲਬਾਤ ਗਲੋਬਲ ਮੋਬਾਈਲ ਈਕੋਸਿਸਟਮ ਨਾਲ ਭਾਰਤ ਦੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਦੀ ਹੈ।

Tweet Link: https://x.com/JM_Scindia/status/2107491794518999394

Follow DoT Handles for more: -

X - https://x.com/DoT_India

Insta-  https://www.instagram.com/department_of_telecom?igsh=MXUxbHFjd3llZTU0YQ==

Fb - https://www.facebook.com/DoTIndia

Youtube: https://youtube.com/@departmentoftelecom?si=DALnhYkt89U5jAaa

*****

ਐੱਨਜੇ/ਏਆਰ/ਏਕੇ


(Release ID: 2320833) ਵਿਜ਼ੀਟਰ ਕਾਊਂਟਰ : 2