ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

Posted On: 05 OCT 2026 2:26PM by PIB Chandigarh

ਮਾਣਯੋਗ ਰਾਸ਼ਟਰਪਤੀ ਜੀ,

ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀ,

ਮੀਡੀਆ ਦੇ ਸਾਥੀਓ,

ਨਮਸਕਾਰ!

ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਜੀ ਦਾ ਭਾਰਤ ਵਿੱਚ ਤਹਿ ਦਿਲੋਂ ਸਵਾਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਸਭ ਤੋਂ ਪਹਿਲਾਂ, ਮੈਂ ਭਾਰਤ-ਸਵਿਟਜ਼ਰਲੈਂਡ ਸਬੰਧਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਾ ਹਾਂ। ਪਿਛਲੇ ਸਾਲ ਅਕਤੂਬਰ ਵਿੱਚ, ਉਨ੍ਹਾਂ ਦੇ ਨਿੱਜੀ ਸਮਰਥਨ ਨਾਲ, ਅਸੀਂ ਭਾਰਤ ਅਤੇ ਯੂਰਪੀ ਮੁਕਤ ਵਪਾਰ ਸੰਘ, ਯਾਨੀ “ਈਐੱਫਟੀਏ” ਦੇਸ਼ਾਂ ਵਿਚਕਾਰ, ਇੱਕ ਇਤਿਹਾਸਕ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤਾ ਲਾਗੂ ਕੀਤਾ। ਇਹ ਯੂਰਪ ਦੇ ਕਿਸੇ ਵੀ ਆਰਥਿਕ ਸਮੂਹ ਨਾਲ ਭਾਰਤ ਦਾ ਪਹਿਲਾ ਐੱਫਟੀਏ ਹੈ।

ਇਹ ਨਿਵੇਸ਼, ਨਵੀਨਤਾ, ਰੁਜ਼ਗਾਰ ਅਤੇ ਸਾਂਝੀ ਖੁਸ਼ਹਾਲੀ ਲਈ ਇੱਕ ਅਭਿਲਾਸ਼ੀ ਖਰੜਾ ਵੀ ਹੈ। ਇਸ ਨਾਲ ਅਸੀਂ ਅਗਲੇ 15 ਸਾਲਾਂ ਵਿੱਚ ਭਾਰਤ ਵਿੱਚ 100 ਬਿਲੀਅਨ ਡਾਲਰ ਦੇ ਨਿਵੇਸ਼ ਅਤੇ 10 ਲੱਖ ਪ੍ਰਤੱਖ ਨੌਕਰੀਆਂ ਦੇ ਟੀਚਿਆਂ ਨੂੰ ਪੂਰਾ ਕਰਾਂਗੇ।

ਸਾਥੀਓ,

ਭਾਰਤ ਅਤੇ ਸਵਿਟਜ਼ਰਲੈਂਡ ਦੀ ਦੋਸਤੀ ਸਦੀਆਂ ਪੁਰਾਣੀ ਹੈ। 19ਵੀਂ ਸਦੀ ਵਿੱਚ ਸਵਾਮੀ ਵਿਵੇਕਾਨੰਦ ਨੇ ਸਵਿਸ ਆਲਪਸ ਵਿੱਚ ਹਿਮਾਲਿਆ ਦੀ ਝਲਕ ਦੇਖੀ ਸੀ। ਮਹਾਤਮਾ ਗਾਂਧੀ ਨੇ ਵੀ ਸਵਿਟਜ਼ਰਲੈਂਡ ਵਿੱਚ ਸਮਾਂ ਬਿਤਾਇਆ ਅਤੇ ਉੱਥੋਂ ਦੇ ਲੋਕਾਂ ਨਾਲ ਸੰਵਾਦ ਕੀਤਾ। ਇਨ੍ਹਾਂ ਇਤਿਹਾਸਕ ਯਾਤਰਾਵਾਂ ਦੀਆਂ ਯਾਦਾਂ ਅੱਜ ਵੀ ਸਾਡੀ ਦੋਸਤੀ ਵਿੱਚ ਗੂੰਜਦੀਆਂ ਹਨ।

ਅੱਜ, ਨਵੀਨਤਾ, ਬੁਨਿਆਦੀ ਢਾਂਚਾ ਅਤੇ ਉੱਨਤ ਤਕਨਾਲੋਜੀ ਸਾਡੀ ਭਾਈਵਾਲੀ ਦੇ ਮਜ਼ਬੂਤ ਥੰਮ੍ਹ ਹਨ। ਅਤੇ ਅੱਜ ਦੇ ਇਸ ਸਿਖ਼ਰ ਸੰਮੇਲਨ ਤੋਂ ਅਸੀਂ ਆਪਣੀ ਭਾਈਵਾਲੀ ਨੂੰ ਇੱਕ ਨਵੀਂ ਗਤੀ ਅਤੇ ਨਵੀਂ ਉਚਾਈ ਦੇਣ ਜਾ ਰਹੇ ਹਾਂ।

ਸਾਥੀਓ,

ਅਸੀਂ ਸਵਿਟਜ਼ਰਲੈਂਡ ਵਿੱਚ ਭਾਰਤ ਦੇ ਨਿਰਯਾਤ ਲਈ ਬਾਜ਼ਾਰ ਤੱਕ ਪਹੁੰਚ ਵਧਾਉਣ ਅਤੇ ਦੋਵੇਂ ਦੇਸ਼ਾਂ ਵਿਚਕਾਰ ਨਿਵੇਸ਼ ਨੂੰ ਹੋਰ ਸੁਖਾਲ਼ਾ ਬਣਾਉਣ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ।

ਇਸ ਨਾਲ ਸਵਿਟਜ਼ਰਲੈਂਡ ਵਿੱਚ ਭਾਰਤ ਦੇ ਖੇਤੀਬਾੜੀ, ਦਵਾਈਆਂ, ਕੱਪੜਾ ਅਤੇ ਇੰਜੀਨੀਅਰਿੰਗ ਵਸਤੂਆਂ ਦੇ ਨਿਰਯਾਤ ਵਿੱਚ ਵਾਧਾ ਹੋਵੇਗਾ। ਅਤੇ ਇਸ ਦੇ ਨਾਲ-ਨਾਲ, ਭਾਰਤ ਦੇ ਬਾਇਓਟੈੱਕ, ਜੀਵਨ ਵਿਗਿਆਨ, ਬੈਂਕਿੰਗ, ਬੀਮਾ, ਖੁਰਾਕ ਪ੍ਰੋਸੈਸਿੰਗ ਅਤੇ ਟਿਕਾਊਪਣ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਅਸੀਂ ਨਵੇਂ ਸਵਿਸ ਨਿਵੇਸ਼ ਨੂੰ ਆਕਰਸ਼ਿਤ ਕਰਾਂਗੇ। ਇਨ੍ਹਾਂ ਪਹਿਲਕਦਮੀਆਂ ਨਾਲ ਅਸੀਂ ਮਿਲ ਕੇ ਪੂਰੀ ਦੁਨੀਆ ਲਈ ਭਰੋਸੇਮੰਦ ਸਪਲਾਈ ਲੜੀਆਂ ਅਤੇ ਭਰੋਸੇਯੋਗ ਹੱਲ ਵਿਕਸਿਤ ਕਰਾਂਗੇ।

ਸਾਥੀਓ,

ਅੱਜ ਅਸੀਂ ਮਿਲਟਰੀ ਆਦਾਨ-ਪ੍ਰਦਾਨ ਅਤੇ ਰੱਖਿਆ ਉਤਪਾਦਨ ਵਿੱਚ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਦੀ ਪਛਾਣ ਕੀਤੀ। ਪਰਮਾਣੂ ਊਰਜਾ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਸਹਿਮਤੀ ਬਣੀ।

ਵਾਰਾਣਸੀ ਦਾ ਰੋਪਵੇਅ, ਨੋਇਡਾ ਦਾ ਜੇਵਰ ਹਵਾਈ ਅੱਡਾ ਅਤੇ ਪਹਾੜੀ ਖੇਤਰਾਂ ਵਿੱਚ ਰੇਲਵੇ ਅਤੇ ਸੁਰੰਗ ਨਿਰਮਾਣ ਪ੍ਰੋਜੈਕਟ, ਸਾਡੇ ਬੁਨਿਆਦੀ ਢਾਂਚੇ ਦੇ ਸਹਿਯੋਗ ਦੀਆਂ ਰੌਸ਼ਨ ਉਦਾਹਰਣਾਂ ਹਨ। ਇਸ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਅੱਜ ਅਸੀਂ ਆਵਾਜਾਈ, ਗਤੀਸ਼ੀਲਤਾ ਅਤੇ ਬੁਨਿਆਦੀ ਢਾਂਚੇ ਬਾਰੇ ਸਮਝੌਤਾ ਕੀਤਾ ਹੈ।

ਅਸੀਂ ਸਵਿਟਜ਼ਰਲੈਂਡ ਦੀਆਂ ਬੁਨਿਆਦੀ ਢਾਂਚਾ ਕੰਪਨੀਆਂ ਨੂੰ ਭਾਰਤ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਅਤੇ ਸਮਰੱਥਾ ਨਿਰਮਾਣ, ਡਿਜ਼ਾਈਨ ਅਤੇ ਨਿਰਮਾਣ ਵਿੱਚ ਭਾਗੀਦਾਰੀ ਲਈ ਸੱਦਾ ਦਿੰਦੇ ਹਾਂ।

ਸਾਥੀਓ,

ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਵੀ ਸਾਡੀ ਭਾਈਵਾਲੀ ਦਾ ਇੱਕ ਮਜ਼ਬੂਤ ਥੰਮ੍ਹ ਹੈ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅਸੀਂ ਜਲਦ ਹੀ ਸਿਹਤ, ਸਾਫ਼ ਊਰਜਾ ਅਤੇ ਪੁਲਾੜ ਵਰਗੇ ਤਰਜੀਹੀ ਖੇਤਰਾਂ ਵਿੱਚ ਨਵੇਂ ਸਾਂਝੇ ਖੋਜ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ। ਅਸੀਂ ਭਾਰਤ ਦੇ ਵਿਗਿਆਨਕ ਸਟਾਰਟ-ਅੱਪਸ ਦੇ ਸਮਰੱਥਾ ਨਿਰਮਾਣ ਲਈ ਜ਼ਿਊਰਿਖ ਯੂਨੀਵਰਸਿਟੀ ਨਾਲ ਹੋਏ ਸਮਝੌਤੇ ਦਾ ਵੀ ਸਵਾਗਤ ਕਰਦੇ ਹਾਂ।

ਸਵਿਟਜ਼ਰਲੈਂਡ ਵਿੱਚ ਯੋਗ ਅਤੇ ਆਯੁਰਵੇਦ ਦੀ ਵਧਦੀ ਹੋਈ ਹਰਮਨਪਿਆਰਤਾ ਨੂੰ ਦੇਖਦੇ ਹੋਏ, ਅੱਜ ਅਸੀਂ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਸਾਰਥਕ ਚਰਚਾ ਕੀਤੀ।

ਸਾਥੀਓ,

ਲੋਕਾਂ ਦਰਮਿਆਨ ਸਬੰਧ ਸਾਡੀ ਭਾਈਵਾਲੀ ਦੀ ਸਭ ਤੋਂ ਵੱਡੀ ਤਾਕਤ ਹਨ। ਅੱਜ ਹੋਏ ਪ੍ਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ ਸਮਝੌਤੇ ਅਤੇ ਨੌਜਵਾਨ ਪੇਸ਼ੇਵਰ ਸਮਝੌਤੇ ਨਾਲ, ਭਾਰਤ ਦੇ ਵਿਦਿਆਰਥੀਆਂ, ਖੋਜਾਰਥੀਆਂ, ਪੇਸ਼ਾਵਰਾਂ ਅਤੇ ਨੌਜਵਾਨਾਂ ਲਈ ਸਵਿਟਜ਼ਰਲੈਂਡ ਵਿੱਚ ਕਈ ਨਵੇਂ ਮੌਕੇ ਖੁੱਲ੍ਹਣਗੇ।

ਸਾਥੀਓ,

ਭਾਰਤ ਅਤੇ ਸਵਿਟਜ਼ਰਲੈਂਡ, ਦੋਵੇਂ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਰਾਜ, ਸੰਵਾਦ ਅਤੇ ਕੂਟਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਮਿਲ ਕੇ ਕੰਮ ਕਰਦੇ ਰਹਾਂਗੇ।

ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਭਾਰਤ ਸ਼ਾਂਤੀ ਦੀ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਹਰ ਸਾਰਥਕ ਯਤਨ ਦਾ ਸਮਰਥਨ ਕਰਦਾ ਰਿਹਾ ਹੈ।

ਅਸੀਂ ਇਸ ਗੱਲ ’ਤੇ ਵੀ ਸਹਿਮਤ ਹਾਂ ਕਿ ਵਧਦੀਆਂ ਹੋਈਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਆਲਮੀ ਸੰਸਥਾਵਾਂ ਵਿੱਚ ਸੁਧਾਰ ਲੋੜੀਂਦੇ ਹਨ।

ਸਾਥੀਓ,

ਮੈਂ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਦਾ ਧੰਨਵਾਦੀ ਹਾਂ ਕਿ ਉਹ ਇੱਕ ਵੱਡੇ ਵਪਾਰਕ ਵਫ਼ਦ ਦੇ ਨਾਲ ਭਾਰਤ ਆਏ ਹਨ। 7 ਅਕਤੂਬਰ ਨੂੰ ਅਸੀਂ ਉਨ੍ਹਾਂ ਦੀ ਮੌਜੂਦਗੀ ਵਿੱਚ ਭਾਰਤ-ਈਐੱਫਟੀਏ ਵਪਾਰਕ ਆਗੂਆਂ ਦੇ ਨਾਲ “ਪ੍ਰੋਸਪੇਰਿਟੀ ਸਮਿਟ” ਆਯੋਜਿਤ ਕਰਨ ਜਾ ਰਹੇ ਹਾਂ। ਇਹ ਸਿਖ਼ਰ ਸੰਮੇਲਨ ਸਾਡੀ ਵਪਾਰ ਅਤੇ ਨਿਵੇਸ਼ ਭਾਈਵਾਲੀ ਦੀਆਂ ਸੰਭਾਵਨਾਵਾਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਲਈ ਇੱਕ ਮਹੱਤਵਪੂਰਨ ਮੰਚ ਬਣੇਗਾ। ਮੈਂ ਇਸ ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਵਾਲੇ ਸਾਰੇ ਵਪਾਰਕ ਆਗੂਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮਾਣਯੋਗ ਰਾਸ਼ਟਰਪਤੀ ਜੀ,

ਇਸ ਸਾਲ ਫਰਵਰੀ ਵਿੱਚ ਭਾਰਤ ਨੇ ਦੁਨੀਆ ਦੇ ਸਭ ਤੋਂ ਵੱਡੇ ਏਆਈ ਸਿਖ਼ਰ ਸੰਮੇਲਨ ਦਾ ਆਯੋਜਨ ਕੀਤਾ। ਅਗਲੇ ਸਾਲ ਸਵਿਟਜ਼ਰਲੈਂਡ “ਜਿਨੇਵਾ ਏਆਈ ਸਮਿਟ” ਰਾਹੀਂ ਇਸ ਯਾਤਰਾ ਨੂੰ ਅੱਗੇ ਵਧਾਏਗਾ। ਜਿਨੇਵਾ ਏਆਈ ਸਿਖ਼ਰ ਸੰਮੇਲਨ ਦੀ ਸਫਲਤਾ ਲਈ ਮੈਂ ਸਵਿਟਜ਼ਰਲੈਂਡ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਮਿਲ ਕੇ ਏਆਈ ਨੂੰ ਜ਼ੁੰਮੇਵਾਰ, ਸੰਮਲਿਤ ਅਤੇ ਮਨੁੱਖ-ਕੇਂਦਰਿਤ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਦੇ ਰਹਾਂਗੇ।

ਇੱਕ ਵਾਰ ਫਿਰ, ਭਾਰਤ ਦੀ ਇਸ ਯਾਤਰਾ ਲਈ ਅਤੇ ਭਾਰਤ-ਸਵਿਟਜ਼ਰਲੈਂਡ ਸਬੰਧਾਂ ਦੇ ਮਜ਼ਬੂਤ ਹਮਾਇਤੀ ਰਹਿਣ ਲਈ, ਤੁਹਾਡਾ ਬਹੁਤ-ਬਹੁਤ ਧੰਨਵਾਦ।

*************

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2319237) ਵਿਜ਼ੀਟਰ ਕਾਊਂਟਰ : 2