ਗ੍ਰਹਿ ਮੰਤਰਾਲਾ
azadi ka amrit mahotsav

ਰਾਸ਼ਟਰੀਯ ਰਕਸ਼ਾ ਯੂਨੀਵਰਿਸਟੀ ਵਿੱਤੀ ਅਤੇ ਆਰਥਿਕ ਸੁਰੱਖਿਆ ਵਿੱਚ ਮਾਸਟਰਜ਼ ਦਾ ਦੂਜਾ ਬੈਚ ਲਾਂਚ ਕਰੇਗੀ

Posted On: 28 SEP 2026 8:44PM by PIB Chandigarh

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਤਹਿਤ ਰਾਸ਼ਟਰੀਯ ਰਕਸ਼ਾ  ਯੂਨੀਵਰਸਿਟੀ (RRU), ਕਾਰਪੋਰੇਟ ਮਾਮਲੇ ਮੰਤਰਾਲੇ ਦੇ ਭਾਰਤੀ ਕਾਰਪੋਰੇਟ ਮਾਮਲਿਆਂ ਦੇ ਸੰਸਥਾਨ (IICA ਦੇ ਨਾਲ ਨਵੰਬਰ 2026 ਵਿੱਚ ਵਿੱਤੀ ਅਤੇ ਆਰਥਿਕ ਸੁਰੱਖਿਆ (MFES) ਪ੍ਰੋਗਰਾਮ ਵਿੱਚ ਆਪਣੇ ਮਾਸਟਰਜ਼ ਦਾ ਦੂਜਾ ਬੈਚ ਸ਼ੁਰੂ ਕਰਨ ਜਾ ਰਿਹਾ ਹੈ। ਇਹ ਪ੍ਰੋਗਰਾਮ ਆਪਣੇ ਪਹਿਲੇ ਬੈਚ ਦੀ ਸਫਲ ਸਮਾਪਤੀ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬੈਂਕਿੰਗ, ਕਾਨੂੰਨ ਲਾਗੂਕਰਨ, ਜਾਂਚ, ਸਿੱਖਿਆ, ਉੱਦਮਤਾ ਅਤੇ ਕਾਨੂੰਨੀ ਸੇਵਾਵਾਂ ਵਰਗੇ ਵੱਖ-ਵੱਖ ਖੇਤਰਾਂ ਦੇ 40 ਤੋਂ ਵੱਧ ਪੇਸ਼ੇਵਰ ਸ਼ਾਮਲ ਸਨ।

ਖਾਸ ਤੌਰ ‘ਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਡਿਜ਼ਾਈਨ ਕੀਤਾ ਗਿਆ ਇਹ ਇੱਕ ਸਾਲ ਦਾ ਕੋਰਸ ਹਾਈਬ੍ਰਿਡ ਮੋਡ ਵਿੱਚ ਸੰਚਾਲਿਤ ਹੁੰਦਾ ਹੈ, ਜੋ ਭਾਗੀਦਾਰਾਂ ਨੂੰ ਵਿਸ਼ੇਸ਼ ਗਿਆਨ ਅਤੇ ਵਿਵਹਾਰਕ ਕੌਸ਼ਲ ਪ੍ਰਾਪਤ ਕਰਦੇ ਹੋਏ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਜਾਰੀ ਰੱਖਣ ਦੇ ਸਮਰੱਥ ਬਣਾਉਂਦਾ ਹੈ। ਇਹ ਪ੍ਰੋਗਰਾਮ ਪ੍ਰੈਕਟੀਕਲ ਲਰਨਿੰਗ, ਹੈਂਡਸ-ਔਨ ਟ੍ਰੇਨਿੰਗ ਅਤੇ ਵਿੱਤੀ ਅਤੇ ਆਰਥਿਕ ਸੁਰੱਖਿਆ ਨਾਲ ਜੁੜੀਆਂ ਮੌਜੂਦਾ ਚੁਣੌਤੀਆਂ ਦੀ ਸਮਝ ‘ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ।

ਉਭਰ ਰਹੇ ਵਿੱਤੀ ਅਤੇ ਆਰਥਿਕ ਖਤਰਿਆਂ ਨਾਲ ਨਜਿੱਠਣ ਲਈ ਸਮਰੱਥਾ ਨਿਰਮਾਣ

ਆਪਸ ਵਿੱਚ ਜੁੜੀਆਂ ਹੋਈ ਆਲਮੀ ਅਰਥਵਿਵਸਥਾ ਵਿੱਚ ਵਿੱਤੀ ਸੁਰੱਖਿਆ ਅਤੇ ਆਰਥਿਕ ਅਖੰਡਤਾ ਤੇਜ਼ੀ ਨਾਲ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਫਾਈਨੈਂਸ਼ੀਅਲ ਟੈਕਨੋਲੋਜੀ, ਡਿਜੀਟਲ ਅਸੈਟਸ ਅਤੇ ਦੇਸ਼ਾਂ ਦਰਮਿਆਨ ਹੋਣ ਵਾਲੀਆਂ ਫਾਈਨੈਂਸ਼ੀਅਲ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਨੇ ਵਿੱਤੀ ਅਪਰਾਧ ਅਤੇ ਆਰਥਿਕ ਗੜਬੜੀ ਦੇ ਨਵੇਂ ਰਾਹ ਵੀ ਖੋਲ੍ਹ ਦਿੱਤੇ ਹਨ। ਇਸ ਲਈ ਅਜਿਹੇ ਪੇਸ਼ੇਵਰਾਂ ਦਾ ਇੱਕ ਵਿਸ਼ੇਸ਼ ਸਮੂਹ ਤਿਆਰ ਕਰਨ ਦੀ ਲੋੜ ਹੈ ਜੋ ਉੱਭਰ ਰਹੇ ਵਿੱਤੀ ਅਤੇ ਆਰਥਿਕ ਅਪਰਾਧਾਂ ਨੂੰ ਸਮਝਣ, ਉਨ੍ਹਾਂ ਨੂੰ ਰੋਕਣ ਅਤੇ ਉਨ੍ਹਾਂ ਨਾਲ ਨਿਪਟਣ ਵਿੱਚ ਸਮਰੱਥ ਹੋਣ। ਇਸ ਨਾਲ ਭਾਰਤ ਦੀ ਆਰਥਿਕ ਮਜ਼ਬੂਤੀ ਵਧੇਗੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਵਿੱਚ ਵੀ ਯੋਗਦਾਨ ਮਿਲੇਗਾ।

ਮੁੰਬਈ ਵਿੱਚ ਨੈਸ਼ਨਲ ਸਟੌਕ ਐਕਸਚੇਂਜ (NSE) ਵਿਖੇ ਬੋਲਦੇ ਹੋਏ, RRU ਦੇ ਸਕੂਲ ਆਫ਼ ਕ੍ਰਿਮੀਨਲ ਲਾਅ ਐਂਡ ਮਿਲਟਰੀ ਲਾਅ ਦੇ ਡਾਇਰੈਕਟਰ, ਸ਼੍ਰੀ ਸੁਨੀਲ ਕਵੀਸ਼ਵਰ ਨੇ ਵਿੱਤੀ ਪ੍ਰਣਾਲੀ ਦੀ ਅਖੰਡਤਾ ਅਤੇ ਲਚਕਤਾ ਦੀ ਸੁਰੱਖਿਆ ਦੇ ਵਧ ਰਹੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿੱਤੀ ਅਪਰਾਧ ਲਗਾਤਾਰ ਬਦਲ ਰਹੇ ਹਨ ਅਤੇ ਰਵਾਇਤੀ ਤਰੀਕਿਆਂ ਤੋਂ ਅੱਗੇ ਵਧ ਕੇ ਵਰਚੁਅਲ ਡਿਜੀਟਲ ਅਸੈਟਸ, ਅੱਤਵਾਦੀ ਵਿੱਤ ਪੋਸ਼ਣ, ਵਿੱਤੀ ਧੋਖਾਧੜੀ, ਅਤੇ ਤਕਨਾਲੋਜੀ-ਸੰਚਾਲਿਤ ਵਿੱਤੀ ਅਪਰਾਧਾਂ ਵਰਗੇ ਨਵੇਂ ਖੇਤਰਾਂ ਵਿੱਚ ਫੈਲ ਰਹੇ ਹਨ। ਅਪਰਾਧਿਕ ਨੈੱਟਵਰਕਾਂ ਦੁਆਰਾ ਆਧੁਨਿਕ ਤਕਨਾਲੋਜੀਆਂ ਦੀ ਵਧਦੀ ਵਰਤੋਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਰੈਗੂਲੇਟਰਾਂ ਅਤੇ ਵਿੱਤੀ ਸੰਸਥਾਵਾਂ ਲਈ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ।

ਸ਼੍ਰੀ ਕਵੀਸ਼ਵਰ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਆਰਆਰਯੂ ਨੇ ਵਿੱਤੀ ਅਤੇ ਆਰਥਿਕ ਸੁਰੱਖਿਆ ਦੇ ਉੱਭਰ ਰਹੇ ਖੇਤਰ ਵਿੱਚ ਸਮਰੱਥਾ ਨਿਰਮਾਣ, ਵਿਸ਼ੇਸ਼ ਸਿਖਲਾਈ ਅਤੇ ਗਿਆਨ ਦੇ ਅਦਾਨ-ਪ੍ਰਦਾਨ ਲਈ ਇੱਕ ਗਲੋਬਲ ਪਲੈਟਫਾਰਮ ਵਿਕਸਿਤ ਕਰਨ ਦੀ ਪਹਿਲ ਕੀਤੀ ਹੈ। ਯੂਨੀਵਰਸਿਟੀ ਇਸ ਖੇਤਰ ਵਿੱਚ ਵਿਸ਼ੇਸ਼ ਸਮਝ ਅਤੇ ਵਿਵਹਾਰਕ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਲਈ ਸਬੰਧਿਤ ਖੇਤਰਾਂ ਦੇ ਪੇਸ਼ੇਵਰਾਂ, ਮਾਹਰਾਂ ਅਤੇ ਸੰਸਥਾਵਾਂ ਨੂੰ ਇਕੱਠੇ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਐਮਐਫਈਐੱਸ ਪ੍ਰੋਗਰਾਮ ਨਾ ਸਿਰਫ਼ ਅਕਾਦਮਿਕਾਂ ਨੂੰ ਸਗੋਂ ਤਜ਼ਰਬੇਕਾਰ ਪ੍ਰੈਕਟੀਸ਼ਨਰਾਂ ਅਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਵੀ ਇਕੱਠਾ ਕਰਦਾ ਹੈ ਜੋ ਖੇਤਰ ਤੋਂ ਸਿੱਧਾ ਤਜ਼ਰਬਾ  ਲੈ ਕੇ ਆਉਂਦੇ ਹਨ ਅਤੇ ਫੈਕਲਟੀ ਅਤੇ ਰਿਸੋਰਸ ਵਿਅਕਤੀ ਵਜੋਂ ਪ੍ਰੋਗਰਾਮ ਵਿੱਚ ਯੋਗਦਾਨ ਪਾਉਣਗੇ।

ਆਰਆਰਯੂ (RRU) ਦੇ ਟੀਚਿੰਗ ਕਮ ਰਿਸਰਚ ਅਧਿਕਾਰੀ ਵਜੋਂ ਤਾਇਨਾਤ ਸ੍ਰੀ ਹਰਸ਼ਿਤ ਸਿੰਘ ਨੇ ਵਿੱਤੀ ਅਤੇ ਆਰਥਿਕ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਇੱਕ ਵਿਸ਼ੇਸ਼ ਪੇਸ਼ੇਵਰ ਕੈਡਰ ਤਿਆਰ ਕਰਨ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਸਿਖਲਾਈ ਪ੍ਰਾਪਤ ਪੇਸ਼ੇਵਰ ਭਾਰਤ ਦੀ ਆਰਥਿਕ ਮਜ਼ਬੂਤੀ ਨੂੰ ਵਧਾਉਣ, ਟਿਕਾਊ ਰਾਸ਼ਟਰੀ ਵਿਕਾਸ ਵਿੱਚ ਸਹਿਯੋਗ ਦੇਣ ਅਤੇ ਆਲਮੀ ਵਿੱਤੀ ਸੁਰੱਖਿਆ ਅਤੇ ਸਥਿਰਤਾ ਵਿੱਚ ਦੇਸ਼ ਦੇ ਯੋਗਦਾਨ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ।

ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਵਿਕਸਿਤ ਭਾਰਤ @2047' ਦੇ ਵਿਆਪਕ ਦ੍ਰਿਸ਼ਟੀਕੋਣ ਦੇ ਅਨੁਸਾਰ ਵੀ ਹੈ। ਇਹ ਅਜਿਹੇ ਹੁਨਰਮੰਦ ਪੇਸ਼ੇਵਰਾਂ ਨੂੰ ਤਿਆਰ ਕਰਨ ਵਿੱਚ ਯੋਗਦਾਨ ਪਾਉਂਦਾ ਹੈ ਜੋ ਵਿੱਤੀ ਪ੍ਰਣਾਲੀਆਂ ਦੀ ਰੱਖਿਆ ਕਰਨ, ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ​​ਕਰਨ ਅਤੇ ਉੱਭਰ ਰਹੀਆਂ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ ਦੇ ਸਮਰੱਥ ਹੋਣ। ਜਿਵੇਂ-ਜਿਵੇਂ ਭਾਰਤ ਦੀ ਅਰਥਵਿਵਸਥਾ ਵਿਸ਼ਵਵਿਆਪੀ ਵਿੱਤੀ ਪ੍ਰਣਾਲੀਆਂ ਨਾਲ ਹੋਰ ਜਿਆਦਾ ਜੁੜ ਰਹੀ ਹੈ, ਅਜਿਹੀ ਵਿਸ਼ੇਸ਼ ਮੁਹਾਰਤ ਸੁਰੱਖਿਅਤ, ਮਜ਼ਬੂਤ ​​ਅਤੇ ਟਿਕਾਊ ਵਿਕਾਸ ਨੂੰ ਸਹਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਦੂਜਾ ਬੈਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਲਈ ਖੁੱਲ੍ਹਾ ਹੈ, ਜੋ ਵੱਖ-ਵੱਖ ਅਧਿਕਾਰ ਖੇਤਰਾਂ ਅਤੇ ਖੇਤਰਾਂ ਦੇ ਪੇਸ਼ੇਵਰਾਂ ਨੂੰ ਵਿੱਤੀ ਅਤੇ ਆਰਥਿਕ ਸੁਰੱਖਿਆ ਦੇ ਸਮਕਾਲੀ ਮੁੱਦਿਆਂ ਬਾਰੇ ਸਿੱਖਣ ਅਤੇ ਉਹਨਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (IRDAI) ਵੀ ਇਸ ਪ੍ਰੋਗਰਾਮ ਲਈ ਇੱਕ ਗਿਆਨ ਭਾਈਵਾਲ ਹੈ।

ਇੱਛੁਕ ਪੇਸ਼ੇਵਰ ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ ਦੇ ਅਧਿਕਾਰਤ ਐਡਮਿਸ਼ਨ ਪੋਰਟਲ ਰਾਹੀਂ ਰਜਿਸਟਰ ਕਰ ਸਕਦੇ ਹਨ। ਪ੍ਰੋਗਰਾਮ ਦਾ ਉਦੇਸ਼ ਭਾਗੀਦਾਰਾਂ ਨੂੰ ਅਕਾਦਮਿਕ ਹਦਾਇਤਾਂ, ਵਿਵਹਾਰਕ ਅਨੁਭਵ ਅਤੇ ਵਿਸ਼ਾ ਵਸਤੂ ਮਾਹਰਾਂ ਨਾਲ ਗੱਲਬਾਤ ਰਾਹੀਂ ਵਿੱਤੀ ਅਤੇ ਆਰਥਿਕ ਸੁਰੱਖਿਆ ਦੀ ਬਹੁ-ਅਨੁਸ਼ਾਸਨੀ ਸਮਝ ਪ੍ਰਦਾਨ ਕਰਨਾ ਹੈ। ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ, ਰਾਸ਼ਟਰੀਯ ਰਕਸ਼ਾ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।

* * *

ਪੀਆਈਬੀ ਮੁੰਬਈ/ ਸ੍ਰੀਯਾਂਕਾ ਚੈਟਰਜੀ/ ਦਰਸ਼ਨਾ ਰਾਣੇ/ਬਲਜੀਤ ਸਿੰਘ


(Release ID: 2316552) ਵਿਜ਼ੀਟਰ ਕਾਊਂਟਰ : 11