ਸੱਭਿਆਚਾਰ ਮੰਤਰਾਲਾ
ਪੀਐੱਮ ਯਾਦਗਾਰੀ ਵਸਤੂਆਂ ਦੀ ਈ-ਨਿਲਾਮੀ 2026 ਵਿੱਚ ਮਹਾਰਾਸ਼ਟਰ ਦੀ ਵਿਰਾਸਤ, ਕਲਾ ਅਤੇ ਸਮਕਾਲੀ ਉਪਲਬਧੀਆਂ ਸ਼ਾਮਲ
89 ਯਾਦਗਾਰੀ ਵਸਤੂਆਂ ਦਾ ਇਹ ਸੰਗ੍ਰਹਿ ਮਹਾਰਾਸ਼ਟਰ ਦੀਆਂ ਸਮ੍ਰਿੱਧ ਸੱਭਿਆਚਾਰਕ ਪਰੰਪਰਾਵਾਂ, ਇਤਿਹਾਸਕ ਵਿਰਾਸਤ, ਕਲਾਤਮਕ ਵਿਰਾਸਤ ਅਤੇ ਸਮਕਾਲੀ ਉਪਲਬਧੀਆਂ ਦੀ ਝਲਕ ਪੇਸ਼ ਕਰਦਾ ਹੈ
Posted On:
26 SEP 2026 5:16PM by PIB Chandigarh
'ਪੀਐੱਮ ਯਾਦਗਾਰੀ ਵਸਤੂਆਂ ਦੀ ਈ-ਨਿਲਾਮੀ 2026' ਵਿੱਚ ਮਹਾਰਾਸ਼ਟਰ ਦੀ ਸਮ੍ਰਿੱਧ ਇਤਿਹਾਸਕ ਵਿਰਾਸਤ, ਅਧਿਆਤਮਿਕ ਪਰੰਪਰਾਵਾਂ, ਸਵਦੇਸ਼ੀ ਕਲਾ ਰੂਪਾਂ ਅਤੇ ਸਮਕਾਲੀ ਪ੍ਰਾਪਤੀਆਂ ਦਿਖਾਈ ਦੇਣਗੀਆਂ। ਇਸ ਰਾਜ ਦੀ ਵਿਭਿੰਨ ਸੱਭਿਆਚਾਰਕ ਪਛਾਣ ਨੂੰ ਦਰਸਾਉਣ ਵਾਲੇ, ਇਸ ਸੰਗ੍ਰਹਿ ਮੂਰਤੀਆਂ, ਚਿੱਤਰਕਾਰੀ, ਕਲਾਕ੍ਰਿਤੀਆਂ, ਯਾਦਗਾਰੀ ਵਸਤੂਆਂ, ਧਾਰਮਿਕ ਚਿੰਨ੍ਹ, ਖੇਡਾਂ ਨਾਲ ਸਬੰਧਿਤ ਯਾਦਗਾਰੀ ਚਿੰਨ੍ਹ ਅਤੇ ਮਾਡਲ ਜਿਹੀਆਂ ਕਈ ਤਰ੍ਹਾਂ ਦੀਆਂ ਵਸਤਾਂ ਸ਼ਾਮਲ ਹਨ।


ਇਸ ਸੰਗ੍ਰਹਿ ਦਾ ਇੱਕ ਮੁੱਖ ਵਿਸ਼ਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸਦੀਵੀ ਵਿਰਾਸਤ ਹੈ। ਇਸ ਵਿੱਚ ਕਈ ਅਜਿਹੀਆਂ ਵਸਤੂਆਂ ਹਨ ਜੋ ਇਸ ਮਰਾਠਾ ਸ਼ਾਸਕ ਨੂੰ ਵੱਖ-ਵੱਖ ਰੂਪਾਂ ਅਤੇ ਕਲਾਤਮਕ ਸ਼ੈਲੀਆਂ ਵਿੱਚ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚ ਉਨ੍ਹਾਂ ਨੂੰ ਘੋੜੇ 'ਤੇ ਸਵਾਰ, ਸਿੰਘਾਸਣ 'ਤੇ ਬੈਠੇ ਹੋਏ, ਸ਼ੇਰ ਦੇ ਨਾਲ ਅਤੇ ਵਿਸ਼ੇਸ਼ ਸਮਾਗਮਾਂ ਦੇ ਰਸਮੀ ਮਾਹੌਲ ਵਿੱਚ ਦਿਖਾਉਂਦੀਆਂ ਮੂਰਤੀਆਂ ਸ਼ਾਮਲ ਹਨ।

ਇਸ ਸੰਗ੍ਰਹਿ ਵਿੱਚ ਚਾਂਦੀ ਦੀ ਮੂਰਤੀ, ਲੱਕੜ ਦੀ ਨੱਕਾਸ਼ੀ, ਫ੍ਰੇਮ ਕੀਤੀ ਕਲਾਕ੍ਰਿਤ ਅਤੇ ਰਾਏਗੜ੍ਹ ਕਿਲ੍ਹੇ ਵਿੱਚ ਸਥਿਤ 'ਮੇਘਡੰਬਰੀ' ਦਾ ਇੱਕ ਮਾਡਲ ਵੀ ਸ਼ਾਮਲ ਹੈ।

ਕਈ ਕਲਾਕ੍ਰਿਤਾਂ ਮਹਾਰਾਸ਼ਟਰ ਦੀਆਂ 'ਭਗਤੀ' ਪਰੰਪਰਾਵਾਂ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚ ਰਵਾਇਤੀ ਸੰਗੀਤਕ ਸਾਜ਼ਾਂ ਨਾਲ ਸੰਤ ਤੁਕਾਰਾਮ ਅਤੇ ਧਿਆਨ ਮੁਦਰਾ ਵਿੱਚ ਸੰਤ ਗਿਆਨੇਸ਼ਵਰ ਨੂੰ ਦਰਸਾਉਣ ਵਾਲੀਆਂ ਕਲਾਕ੍ਰਿਤੀਆਂ ਸ਼ਾਮਲ ਹਨ।

ਇਹ ਸੰਗ੍ਰਹਿ ਵਿੱਚ ਰਾਜ ਦੀਆਂ ਰਵਾਇਤੀ ਕਲਾ ਸ਼ੈਲੀਆਂ, ਖਾਸ ਕਰਕੇ 'ਵਾਰਲੀ ਕਲਾ' ਸ਼ੈਲੀ ਦੀਆਂ ਕਈ ਕ੍ਰਿਤੀਆਂ ਰਾਹੀਂ ਉੱਥੋਂ ਦੀਆਂ ਕਲਾ ਪਰੰਪਰਾਵਾਂ ਦੀ ਝਲਕ ਵੀ ਮਿਲਦੀ ਹੈ । ਇੱਕ ਕਲਾਕ੍ਰਿਤੀ ਵਿੱਚ ਕਬਾਇਲੀ ਨੇਤਾ ਬਿਰਸਾ ਮੁੰਡਾ ਦੇ ਚਿੱਤਰ ਨੂੰ ਵਾਰਲੀ ਕਲਾ ਦੇ ਵਿਸ਼ੇਸ਼ ਡਿਜ਼ਾਈਨਾਂ ਨਾਲ ਜੋੜਿਆ ਗਿਆ ਹੈ। ਜਦਕਿ ਹੋਰ ਕਲਾਕ੍ਰਿਤੀਆਂ ਵਿੱਚ ਵਾਰਲੀ ਕਲਾ ਦੇ ਖਾਸ ਜਿਓਮੈਟ੍ਰਿਕ ਆਕਾਰਾਂ ਦੀ ਵਰਤੋਂ ਕਰਕੇ ਪੇਂਡੂ ਜੀਵਨ, ਖੇਤੀਬਾੜੀ, ਤਿਉਹਾਰਾਂ ਅਤੇ ਭਾਈਚਾਰਕ ਪਰੰਪਰਾਵਾਂ ਨੂੰ ਦਰਸਾਇਆ ਗਿਆ ਹੈ। ਕੱਪੜੇ 'ਤੇ ਬਣੀ ਵਾਰਲੀ ਪੇਂਟਿੰਗਾਂ, ਜਿਨ੍ਹਾਂ ਵਿੱਚ ਗੂੜ੍ਹੇ ਮੈਰੂਨ ਰੰਗ ਦੇ ਕੱਪੜੇ 'ਤੇ ਹੱਥ ਨਾਲ ਬਣਾਏ ਗਏ ਡਿਜ਼ਾਈਨ ਵੀ ਸ਼ਾਮਲ ਹਨ, ਇਸ ਰਵਾਇਤੀ ਕਲਾ ਸ਼ੈਲੀ ਦੀ ਵਿਭਿੰਨਤਾ ਨੂੰ ਹੋਰ ਵੀ ਵਧੀਆ ਢੰਗ ਨਾਲ ਪ੍ਰਦਰਸ਼ਿਤ ਕਰਦੀਆਂ ਹਨ।

ਇਸ ਕੈਟਾਲੌਗ ਵਿੱਚ ਵਿਰਾਸਤ ਅਤੇ ਭਗਤੀ-ਭਾਵ ਵਾਲੀ ਕਲਾ ਤੋਂ ਇਲਾਵਾ ਮਹਾਰਾਸ਼ਟਰ ਦੀਆਂ ਖੇਡਾਂ ਨਾਲ ਜੁੜੀਆਂ ਪ੍ਰਾਪਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਖਾਸ ਯਾਦਗਾਰੀ ਚਿੰਨ੍ਹਾਂ ਵਿੱਚ ਪੈਰਾ-ਬੈਡਮਿੰਟਨ ਖਿਡਾਰੀ ਸੁਕਾਂਤ ਕਦਮ ਦੇ ਦਸਤਖਤਾਂ ਵਾਲਾ ਬੈਡਮਿੰਟਨ ਰੈਕੇਟ ਅਤੇ ਸਚਿਨ ਖਿਲਾਰੀ ਦੇ ਦਸਤਖਤਾਂ ਵਾਲਾ ਇੱਕ ਕੈਰੀ ਬੈਗ ਤੇ ਸ਼ੌਟ-ਪੁੱਟ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਨੇ ਪੈਰਿਸ 2024 ਪੈਰਾਲੰਪਿਕ ਗੇਮਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ।

ਬਹੁਤ ਸਾਰੇ ਯਾਦਗਾਰੀ ਚਿੰਨ੍ਹ ਮਹਾਰਾਸ਼ਟਰ ਦੇ ਬੁਨਿਆਦੀ ਢਾਂਚੇ ਅਤੇ ਸੰਸਥਾਗਤ ਪ੍ਰਾਪਤੀਆਂ ਨੂੰ ਵੀ ਦਰਸਾਉਂਦੇ ਹਨ। ਇਨ੍ਹਾਂ ਵਿੱਚ ਵਧਾਵਨ ਬੰਦਰਗਾਹ (Vadhavan Port), ਠਾਣੇ-ਬੋਰੀਵਲੀ ਜੁੜਵਾਂ ਟਨਲ ਪ੍ਰੋਜੈਕਟ ਅਤੇ ਨਵੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰੈਜੈਂਟੇਸ਼ਨ ਮਾਡਲ ਸ਼ਾਮਲ ਹਨ। ਭਾਰਤ ਦੀ ਸਮਾਜਿਕ ਅਤੇ ਬੌਧਿਕ ਵਿਰਾਸਤ ਨੂੰ ਦਰਸਾਉਣ ਵਾਲੇ ਯਾਦਗਾਰੀ ਚਿੰਨ੍ਹ ਵੀ ਇਸ ਕੈਟਾਲੌਗ ਦਾ ਇੱਕ ਅਹਿਮ ਹਿੱਸਾ ਹਨ। ਇਨ੍ਹਾਂ ਵਿੱਚ ਡਾ. ਬੀ.ਆਰ. ਅੰਬੇਡਕਰ, ਲੋਕਮਾਨਯ ਬਾਲ ਗੰਗਾਧਰ ਤਿਲਕ, ਅਹਿਲਿਆਬਾਈ ਹੋਲਕਰ ਅਤੇ ਪੇਸ਼ਵਾ ਬਾਜੀਰਾਓ- I ਦੇ ਚਿੱਤਰ ਅਤੇ ਬੁੱਤ (ਮੂਰਤੀਆਂ) ਸ਼ਾਮਲ ਹਨ।
ਇਹ ਸਾਰੇ 89 ਯਾਦਗਾਰੀ ਚਿੰਨ੍ਹ ਮਹਾਰਾਸ਼ਟਰ ਦੀ ਸੱਭਿਆਚਾਰਕ ਪਛਾਣ ਦੀ ਝਲਕ ਪੇਸ਼ ਕਰਦੇ ਹਨ, ਜਿਸ ਵਿੱਚ ਇਤਿਹਾਸਕ ਸ਼ਖਸੀਅਤਾਂ, ਅਧਿਆਤਮਿਕ ਪਰੰਪਰਾਵਾਂ, ਲੋਕ ਕਲਾ, ਧਾਰਮਿਕ ਵਾਸਤੂਕਲਾ, ਖੇਡ ਨਾਲ ਜੁੜੀਆਂ ਪ੍ਰਾਪਤੀਆਂ ਅਤੇ ਸਮਕਾਲੀ ਬੁਨਿਆਦੀ ਢਾਂਚਾ ਸ਼ਾਮਲ ਹਨ। ਹੱਥ ਨਾਲ ਬਣੀਆਂ ਵਾਰਲੀ ਕਲਾਕ੍ਰਿਤੀਆਂ ਅਤੇ ਭਗਤੀ-ਭਾਵਨਾ ਵਾਲੀਆਂ ਮੂਰਤੀਆਂ ਤੋਂ ਲੈ ਕੇ ਵੱਖ-ਵੱਖ ਸੰਸਥਾਵਾਂ ਦੇ ਮਾਡਲਾਂ ਅਤੇ ਖੇਡਾਂ ਨਾਲ ਜੁੜੇ ਯਾਦਗਾਰੀ ਚਿੰਨ੍ਹਾਂ ਤੱਕ, ਇਹ ਸੰਗ੍ਰਹਿ ਉਨ੍ਹਾਂ ਵਿਭਿੰਨ ਪਹਿਲੂਆਂ ਨੂੰ ਉਜਾਗਰ ਕਰਦਾ ਹੈ ਜਿਨ੍ਹਾਂ ਰਾਹੀਂ ਮਹਾਰਾਸ਼ਟਰ ਦੀ ਵਿਰਾਸਤ ਅਤੇ ਪ੍ਰਾਪਤੀਆਂ ਦਾ ਪ੍ਰਗਟਾਵਾ ਹੁੰਦਾ ਹੈ।
'ਪੀਐੱਮ ਯਾਦਗਾਰੀ ਚਿੰਨ੍ਹ ਈ-ਨਿਲਾਮੀ 2026' (PM Mementos E-Auction 2026) ਦਾ 8ਵਾਂ ਸੰਸਕਰਣ 2 ਅਕਤੂਬਰ, 2026 ਤੱਕ ਜਾਰੀ ਹੈ। ਨਿਲਾਮੀ ਦੀਆਂ ਮਿਤੀਆਂ, ਇਸ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਅਤੇ ਸੰਪੂਰਨ ਕੈਟਾਲੌਗ ਲਈ, 'ਪੀਐੱਮ ਮੈਮੈਂਟੋਜ਼ ਈ-ਨਿਲਾਮੀ' ਦੇ ਅਧਿਕਾਰਤ ਪੋਰਟਲ pmmementos.gov.in 'ਤੇ ਜਾਓ।
***********
ਐੱਮ.ਅੰਨਾਦੁਰਈ/ਏਕੇ
(Release ID: 2315464)
ਵਿਜ਼ੀਟਰ ਕਾਊਂਟਰ : 8