ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮ ਬੰਗਾਲ ਵਿੱਚ ਅੰਨਪੂਰਨਾ ਯੋਜਨਾ ਤਹਿਤ ਕਿਸ਼ਤ ਜਾਰੀ ਕਰਨ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ

Posted On: 17 SEP 2026 2:23PM by PIB Chandigarh

ਨਮਸਕਾਰ!

ਬੰਗਾਲ ਦੀਆਂ ਮੇਰੀਆਂ ਮਾਵਾਂ ਅਤੇ ਭੈਣਾਂ ਨੂੰ ਮੇਰਾ ਪ੍ਰਣਾਮ ਅਤੇ ਸ਼ੁਭਕਾਮਨਾਵਾਂ!

ਅੱਜ ਇਸ ਖ਼ਾਸ ਮੌਕੇ ’ਤੇ ਆਪ ਸਭ ਨਾਲ ਜੁੜ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਬੰਗਾਲ ਦੀਆਂ ਮਾਵਾਂ-ਭੈਣਾਂ ਵੱਲੋਂ ਮੈਨੂੰ ਹਮੇਸ਼ਾ ਬਹੁਤ ਪਿਆਰ ਮਿਲਿਆ ਹੈ। ਤੁਹਾਡਾ ਭਰੋਸਾ ਅਤੇ ਆਪਣਾਪਣ, ਮੇਰੇ ਲਈ ਬਹੁਤ ਵੱਡੀ ਤਾਕਤ ਹੈ। ਤੁਹਾਡਾ ਭਰੋਸਾ ਹੀ ਮੇਰੀ ਸ਼ਕਤੀ ਹੈ।

ਅੱਜ ਵਿਸ਼ਵਕਰਮਾ ਪੂਜਾ ਦਾ ਪਵਿੱਤਰ ਮੌਕਾ ਵੀ ਹੈ। ਮੈਂ ਆਪ ਸਭ ਨੂੰ ਵਿਸ਼ਵਕਰਮਾ ਪੂਜਾ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਇਸੇ ਪਵਿੱਤਰ ਸਮੇਂ ਵਿੱਚ, ਅੱਜ ਬੰਗਾਲ ਵਿੱਚ ਇੱਕ ਨਵੀਂ ਪਰੰਪਰਾ ਮਜ਼ਬੂਤ ਹੋ ਰਹੀ ਹੈ। ਅੱਜ ਅੰਨਪੂਰਨਾ ਯੋਜਨਾ ਦੇ ਰੂਪ ਵਿੱਚ ਬੰਗਾਲ ਦੀਆਂ ਮਾਵਾਂ-ਭੈਣਾਂ ਨਾਲ ਇੱਕ ਨਵੀਂ ਸਮਰੱਥਾ ਜੁੜੀ ਹੈ। ਮੈਂ ਇਸ ਯੋਜਨਾ ਤੋਂ ਲਾਭ ਪ੍ਰਾਪਤ ਕਰਨ ਵਾਲੀ ਹਰ ਭੈਣ ਨੂੰ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਘਰ ਵਿੱਚ ਸਾਡੀਆਂ ਮਾਵਾਂ-ਭੈਣਾਂ ਦੇ ਮੋਢਿਆਂ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਕਈ ਛੋਟੇ-ਵੱਡੇ ਫ਼ੈਸਲਿਆਂ ਦੇ ਵਿਚਕਾਰ ਇੱਕ ਮਹਿਲਾ ਹਰ ਤਰੀਕੇ ਨਾਲ ਪਰਿਵਾਰ ਦਾ ਖ਼ਿਆਲ ਰੱਖਦੀ ਹੈ ਅਤੇ ਜਦੋਂ ਉਨ੍ਹਾਂ ਕੋਲ ਜ਼ਰੂਰੀ ਖ਼ਰਚਿਆਂ ਦੀ ਚਿੰਤਾ ਘੱਟ ਹੁੰਦੀ ਹੈ, ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਹੋਰ ਵਧ ਜਾਂਦਾ ਹੈ। ਅੰਨਪੂਰਨਾ ਯੋਜਨਾ, ਬੰਗਾਲ ਦੀਆਂ ਮਹਿਲਾਵਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤੀ ਦੇਣ ਦਾ ਅਜਿਹਾ ਹੀ ਮਹੱਤਵਪੂਰਨ ਯਤਨ ਹੈ। ਬੰਗਾਲ ਦੀਆਂ ਸਾਡੀਆਂ ਭੈਣਾਂ ਦੇ ਬੈਂਕ ਖਾਤਿਆਂ ਵਿੱਚ ਹਰ ਮਹੀਨੇ ਇੱਕ ਯਕੀਨੀ ਰਾਸ਼ੀ ਪਹੁੰਚੇ। ਅਜਿਹੀ ਰਾਸ਼ੀ, ਜਿਸ ਲਈ ਉਨ੍ਹਾਂ ਨੂੰ ਕਿਸੇ ਨੂੰ ਕਹਿਣਾ ਨਾ ਪਵੇ, ਇਹ ਉਨ੍ਹਾਂ ਦੇ ਜੀਵਨ ਲਈ ਬਹੁਤ ਵੱਡਾ ਸਹਾਰਾ ਹੈ। ਇਹ ਇੱਕ ਬਹੁਤ ਵੱਡੀ ਮਦਦ ਹੈ!!!

 

ਸਾਥੀਓ,

ਅੱਜ ਕਰੀਬ ਡੇਢ ਕਰੋੜ ਭੈਣਾਂ ਦੇ ਖਾਤਿਆਂ ਵਿੱਚ ਅੰਨਪੂਰਨਾ ਯੋਜਨਾ ਦੀ ਚੌਥੀ ਕਿਸ਼ਤ ਪਹੁੰਚ ਰਹੀ ਹੈ। ਭਾਵ ਹਰ ਮਹੀਨੇ 3 ਹਜ਼ਾਰ ਰੁਪਏ। ਇਹ ਕਿਸੇ ਮਾਂ ਲਈ ਬੱਚੇ ਦੀ ਪੜ੍ਹਾਈ ਦਾ ਖਰਚਾ ਹੋ ਸਕਦਾ ਹੈ। ਕਿਸੇ ਭੈਣ ਲਈ ਦਵਾਈ ਜਾਂ ਘਰ ਦੀ ਜ਼ਰੂਰੀ ਚੀਜ਼ ਖ਼ਰੀਦਣ ਦਾ ਸਹਾਰਾ ਹੋ ਸਕਦਾ ਹੈ।

ਸਾਥੀਓ,

ਸਾਡੀ ਸੋਚ ਹੈ ਕਿ ਬੰਗਾਲ ਦੀਆਂ ਮਹਿਲਾਵਾਂ ਕੋਲ ਫ਼ੈਸਲੇ ਲੈਣ ਦੀ ਤਾਕਤ ਵੀ ਹੋਵੇ ਅਤੇ ਅੱਗੇ ਵਧਣ ਦਾ ਹੌਸਲਾ ਵੀ ਹੋਵੇ। ਅਤੇ ਇਸ ਵਿੱਚ ਅੰਨਪੂਰਨਾ ਯੋਜਨਾ ਦੀ ਵੱਡੀ ਭੂਮਿਕਾ ਹੈ। ਮੈਂ ਅੰਨਪੂਰਨਾ ਯੋਜਨਾ ਦੀ ਲਾਭਪਾਤਰੀ ਸਾਰੀਆਂ ਮਾਵਾਂ-ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।


 

ਸਾਥੀਓ,

ਇਸ ਸਾਲ 4 ਮਈ ਨੂੰ ਬੰਗਾਲ ਨੇ ਤਬਦੀਲੀ ਦਾ ਇੱਕ ਨਵਾਂ ਰਸਤਾ ਚੁਣਿਆ ਅਤੇ ਮੈਂ ਜਾਣਦਾ ਹਾਂ, ਇਸ ਤਬਦੀਲੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਬੰਗਾਲ ਦੀਆਂ ਮਾਵਾਂ-ਭੈਣਾਂ ਦੀ ਰਹੀ ਹੈ। ਤੁਸੀਂ ਆਪਣੇ ਜੀਵਨ ਵਿੱਚ ਬਹੁਤ ਮੁਸ਼ਕਲਾਂ ਵੇਖੀਆਂ ਹਨ। ਬਹੁਤ ਸਾਰੀਆਂ ਚੀਜ਼ਾਂ ਲਈ ਇੰਤਜ਼ਾਰ ਕੀਤਾ ਹੈ। ਇਸ ਲਈ ਸਾਡੀ ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਪਹਿਲੀ ਕਸੌਟੀ ਇਹੀ ਰਹੀ ਕਿ ਬੰਗਾਲ ਦੀਆਂ ਮਹਿਲਾਵਾਂ ਦਾ ਜੀਵਨ ਆਸਾਨ ਹੋਵੇ, ਉਨ੍ਹਾਂ ਦੇ ਜੀਵਨ ਵਿੱਚ ਈਜ਼ ਆਫ ਲਿਵਿੰਗ ਵਧੇ। ਇਸ ਲਈ ਅਸੀਂ ਜਿਸ ਮੂਲ ਮੰਤਰ ਨੂੰ ਲੈ ਕੇ ਚੱਲੇ, ਉਹ ਹੈ—ਕੋਥਾ ਕੌਮ, ਕਾਜ ਬੇਸ਼ੀ! (ਗੱਲਾਂ ਘੱਟ, ਕੰਮ ਜ਼ਿਆਦਾ!)

ਸਾਥੀਓ,

ਅੰਨਪੂਰਨਾ ਯੋਜਨਾ ਦੀ ਸ਼ੁਰੂਆਤ ਇਸੇ ਸੋਚ ਦੇ ਨਾਲ ਹੋਈ ਹੈ। ਸਰਕਾਰ ਬਣਨ ਦੇ ਕੁਝ ਹੀ ਦਿਨਾਂ ਦੇ ਅੰਦਰ ਇਸ ਯੋਜਨਾ ’ਤੇ ਕੰਮ ਸ਼ੁਰੂ ਹੋਇਆ ਅਤੇ ਅੱਜ, ਇੰਨੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੱਕ ਸਿੱਧੇ ਬੈਂਕ ਵਿੱਚ ਪੈਸਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਕੋਈ ਕੱਟ ਮਨੀ ਨਹੀਂ, ਕੋਈ ਵਿਚੌਲਾ ਨਹੀਂ। ਏਖੋਨ ਬਾਂਗਲਾਏ ਕਾਟਮਾਨੀ ਚੋਲੇ ਨਾ!!! (ਹੁਣ ਬੰਗਾਲ ਵਿੱਚ ਕੱਟ ਮਨੀ ਨਹੀਂ ਚੱਲਦੀ!!!)

 

ਸਾਡੀ ਸਰਕਾਰ ਦਾ ਇਹ ਵੀ ਟੀਚਾ ਹੈ ਕਿ ਇੱਕ ਵੀ ਯੋਗ ਮਹਿਲਾ ਅੰਨਪੂਰਨਾ ਯੋਜਨਾ ਦੇ ਲਾਭ ਤੋਂ ਵਾਂਝੀ ਨਾ ਰਹੇ। ਇਸ ਲਈ ਵੀ ਇੱਥੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

ਸਾਥੀਓ,

ਮਾਵਾਂ-ਭੈਣਾਂ-ਧੀਆਂ ਦੇ ਜੀਵਨ ਚੱਕਰ ਨਾਲ ਜੁੜੀ ਹਰ ਸਮੱਸਿਆ ਦਾ ਹੱਲ ਕਰਨਾ ਭਾਜਪਾ ਦੀ ਸਰਬਉੱਚ ਤਰਜੀਹ ਰਹੀ ਹੈ। ਗਰਭ ਅਵਸਥਾ ਦੌਰਾਨ ਬੱਚੇ ਨੂੰ ਪੌਸ਼ਟਿਕ ਖਾਣਾ ਮਿਲੇ, ਇਸ ਲਈ ਅਸੀਂ ਮਾਤਰੂ ਵੰਦਨਾ ਯੋਜਨਾ ਚਲਾਈ, ਮਹਿਲਾਵਾਂ ਦੇ ਬੈਂਕ ਖਾਤੇ ਵਿੱਚ ਪੈਸੇ ਭੇਜਣੇ ਸ਼ੁਰੂ ਕੀਤੇ। ਧੀ ਨੂੰ ਕੁੱਖ ਵਿੱਚ ਹੀ ਨਾ ਮਾਰ ਦਿੱਤਾ ਜਾਵੇ, ਇਸ ਲਈ 'ਬੇਟੀ ਬਚਾਓ-ਬੇਟੀ ਪੜ੍ਹਾਓ' ਵਰਗੇ ਜਨ-ਆੰਦੋਲਨ ਸ਼ੁਰੂ ਕੀਤੇ। ਧੀ ਜਦੋਂ ਵੱਡੀ ਹੋ ਕੇ ਸਕੂਲ ਜਾਣ ਲੱਗੇ, ਤਾਂ ਪਖਾਨਾ ਨਾ ਹੋਣ ਦੀ ਵਜ੍ਹਾ ਨਾਲ ਸਕੂਲ ਨਾ ਛੱਡੇ, ਇਸ ਲਈ ਕਰੋੜਾਂ ਪਖਾਨੇ ਬਣਾਏ। ਧੀ ਦੀ ਸਿੱਖਿਆ ਜਾਰੀ ਰਹੇ, ਇਸ ਲਈ ਸੁਕੰਨਿਆ ਸਮ੍ਰਿੱਧੀ ਯੋਜਨਾ ਵਿੱਚ ਇੰਨਾ ਜ਼ਿਆਦਾ ਵਿਆਜ ਦਿੱਤਾ। ਧੀ ਜੇਕਰ ਸੈਨਿਕ ਸਕੂਲ ਜਾਣਾ ਚਾਹੁੰਦੀ, ਤਾਂ ਉਸ ਲਈ ਅਸੀਂ ਸੈਨਿਕ ਸਕੂਲਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਧੀ ਵੱਡੀ ਹੋ ਕੇ ਕੁਝ ਆਪਣਾ ਕੰਮ ਕਰ ਸਕੇ, ਇਸ ਲਈ ਬਿਨਾਂ ਗਾਰੰਟੀ ਦੇ ਕਰਜ਼ਾ ਦੇਣ ਵਾਲੀ 'ਮੁਦਰਾ ਯੋਜਨਾ' ਸ਼ੁਰੂ ਕੀਤੀ। ਮਾਂ ਬਣਨ ਤੋਂ ਬਾਅਦ ਵੀ ਉਹ ਆਪਣੀ ਨੌਕਰੀ ਜਾਰੀ ਰੱਖ ਸਕੇ, ਇਸ ਲਈ ਪ੍ਰਸੂਤਾ ਛੁੱਟੀ (Maternity Leave) ਵਿੱਚ ਵਾਧਾ ਕੀਤਾ। ਧੀ ਨੂੰ ਪਿੰਡ ਵਿੱਚ ਕਮਾਈ ਦੇ ਨਵੇਂ ਮੌਕੇ ਮਿਲਣ, ਇਸ ਲਈ ਸੈਲਫ ਹੈਲਪ ਗਰੁੱਪਾਂ ਨੂੰ ਮਿਲਣ ਵਾਲੀ ਸਹਾਇਤਾ ਵਿੱਚ ਰਿਕਾਰਡ ਵਾਧਾ ਕੀਤਾ ਗਿਆ। ਧੀ ਨੂੰ ਰਸੋਈ ਵਿੱਚ ਲੱਕੜ ਦੇ ਧੂੰਏਂ ਨੂੰ ਨਾ ਸਹਿਣਾ ਪਵੇ, ਇਸ ਲਈ ਉੱਜਵਲਾ ਯੋਜਨਾ ਦਾ ਗੈਸ ਕੁਨੈਕਸ਼ਨ ਦਿੱਤਾ। ਧੀ ਨੂੰ ਪਾਣੀ ਦੇ ਇੰਤਜ਼ਾਮ ਵਿੱਚ ਪਰੇਸ਼ਾਨ ਨਾ ਹੋਣਾ ਪਵੇ, ਇਸ ਲਈ ਅਸੀਂ 'ਹਰ ਘਰ ਨਲ ਸੇ ਜਲ' ਦੇਣ ਦੀ ਯੋਜਨਾ ਸ਼ੁਰੂ ਕੀਤੀ। ਧੀ ਨੂੰ ਹਨ੍ਹੇਰੇ ਵਿੱਚ ਨਾ ਰਹਿਣਾ ਪਵੇ, ਇਸ ਲਈ ਅਸੀਂ 'ਸੌਭਾਗਿਆ ਯੋਜਨਾ' ਨਾਲ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤਾ। ਧੀ ਪੈਸੇ ਦੀ ਕਮੀ ਦੀ ਵਜ੍ਹਾ ਨਾਲ ਆਪਣੀ ਬਿਮਾਰੀ ਛੁਪਾਏ ਨਾ, ਇਸ ਲਈ ਅਸੀਂ ਉਸ ਨੂੰ ਆਯੁਸ਼ਮਾਨ ਕਾਰਡ ਦੀ ਤਾਕਤ ਦਿੱਤੀ। ਧੀ ਨੂੰ ਬੈਂਕਾਂ ਦਾ ਲਾਭ ਮਿਲੇ, ਇਸ ਲਈ ਜਨ-ਧਨ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਬੈਂਕ ਖਾਤੇ ਖੋਲ੍ਹੇ। ਧੀ ਦਾ ਘਰ ਦੀ ਜਾਇਦਾਦ ’ਤੇ ਵੀ ਅਧਿਕਾਰ ਹੋਵੇ, ਇਸ ਲਈ ਪੀ.ਐੱਮ. ਆਵਾਸ ਦੇ ਘਰਾਂ ਵਿੱਚ ਉਸ ਨੂੰ ਸੰਯੁਕਤ ਭਾਗੀਦਾਰੀ ਦਿੱਤੀ।

 

ਸਾਥੀਓ,

ਬੰਗਾਲ ਦੇ ਲੋਕਾਂ ਦੀ ਇੱਕ ਵੱਡੀ ਪੀੜਾ ਇਹ ਵੀ ਰਹੀ ਹੈ ਕਿ ਬੀਤੇ 12 ਵਰ੍ਹਿਆਂ ਵਿੱਚ ਕੇਂਦਰ ਦੀਆਂ ਅਜਿਹੀਆਂ ਕਈ ਯੋਜਨਾਵਾਂ ਦਾ ਲਾਭ ਇੱਥੇ ਸਮੇਂ ਸਿਰ ਨਹੀਂ ਪਹੁੰਚ ਪਾਇਆ। ਇਸ ਨਾਲ ਗ਼ਰੀਬ ਪਰਿਵਾਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਹੁਣ ਭਾਜਪਾ ਸਰਕਾਰ ਨੇ ਇਨ੍ਹਾਂ ਰੁਕੀਆਂ ਹੋਈਆਂ ਯੋਜਨਾਵਾਂ ਨੂੰ ਤੇਜ਼ ਗਤੀ ਨਾਲ ਅੱਗੇ ਵਧਾਇਆ ਗਿਆ ਹੈ। ਜਿਵੇਂ ਇੱਕ ਉਦਾਹਰਣ ਪੀ.ਐੱਮ. ਆਵਾਸ ਯੋਜਨਾ ਦੀ ਹੈ। ਬੰਗਾਲ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ 50 ਲੱਖ ਤੋਂ ਵੱਧ ਅਜਿਹੇ ਨਵੇਂ ਗ਼ਰੀਬ ਪਰਿਵਾਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀ.ਐੱਮ. ਆਵਾਸ ਯੋਜਨਾ ਦੇ ਪੱਕੇ ਘਰ ਦਿੱਤੇ ਜਾਣਗੇ। ਪੀ.ਐੱਮ. ਵਿਸ਼ਵਕਰਮਾ ਯੋਜਨਾ ਨੂੰ ਵੀ ਇੱਥੇ ਲਾਗੂ ਕੀਤਾ ਗਿਆ ਹੈ। ਹਰ ਲੰਬਿਤ ਯੋਜਨਾ, ਹਰ ਅਟਕੇ ਹੋਏ ਪ੍ਰੋਜੈਕਟ, ਹੁਣ ਬੰਗਾਲ ਵਿੱਚ ਨਵੀਂ ਗਤੀ ਫੜ ਰਹੇ ਹਨ। ਅਤੇ ਇਸ ਵਿੱਚ ਬੰਗਾਲ ਦੀਆਂ ਮਹਿਲਾਵਾਂ ਦਾ, ਇੱਥੇ ਦੇ ਲੋਕਾਂ ਦਾ ਆਸ਼ੀਰਵਾਦ ਭਾਜਪਾ ਦੇ ਨਾਲ ਹੈ।

ਇਸੇ ਲਈ, ਮੈਂ ਬਹੁਤ ਵਿਸ਼ਵਾਸ ਨਾਲ ਕਹਿੰਦਾ ਹਾਂ—ਆਮਰਾ ਏਕਸ਼ਾਂਗੇ ਗੋੜਬੋ ਨੋਤੁਨ ਬਾਂਗਲਾ! (ਅਸੀਂ ਸਾਰੇ ਮਿਲ ਕੇ ਬਣਾਵਾਂਗੇ ਨਵਾਂ ਬੰਗਾਲ।)

 

ਸਾਥੀਓ,

ਦੇਸ਼ ਨੇ ਵਿਕਸਤ ਭਾਰਤ ਦਾ ਸੰਕਲਪ ਲਿਆ ਹੈ। ਮੈਨੂੰ ਵਿਸ਼ਵਾਸ ਹੈ, ਬੰਗਾਲ ਦੀਆਂ ਮਾਵਾਂ-ਭੈਣਾਂ ਵਿਕਾਸ ਦੀ ਯਾਤਰਾ ਨੂੰ ਇਸੇ ਤਰ੍ਹਾਂ ਨਵੀਂ ਗਤੀ ਦੇਣਗੀਆਂ। ਵਿਕਸਤ ਬੰਗਾਲ ਦੀ ਸਮਰੱਥਾ ਨਾਲ, ਵਿਕਸਤ ਭਾਰਤ ਦਾ ਸੰਕਲਪ ਹੋਰ ਮਜ਼ਬੂਤ ਹੋਵੇਗਾ।

ਸਾਥੀਓ,

ਤੁਹਾਡਾ ਸਭ ਦਾ ਪਿਆਰ, ਤੁਹਾਡਾ ਆਸ਼ੀਰਵਾਦ, ਸਾਨੂੰ ਨਿਰੰਤਰ ਸੇਵਾ ਦੀ ਪ੍ਰੇਰਣਾ ਦਿੰਦਾ ਹੈ। ਇੱਕ ਵਾਰ ਫਿਰ, ਤੁਹਾਨੂੰ ਸਭ ਨੂੰ ਅੰਨਪੂਰਨਾ ਦਿਵਸ ਦੀ ਬਹੁਤ-ਬਹੁਤ ਵਧਾਈਆਂ। ਵਿਸ਼ਵਕਰਮਾ ਪੂਜਾ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਧੰਨਵਾਦ!

 

******

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ


(Release ID: 2312033) ਵਿਜ਼ੀਟਰ ਕਾਊਂਟਰ : 8