ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਨੇ ਨਿਊਜ਼ੀਲੈਂਡ ਦੁਆਰਾ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਲੇ ਕਾਨੂੰਨ ਦੇ ਪਾਸ ਹੋਣ ਦਾ ਸੁਆਗਤ ਕੀਤਾ ਹੈ


ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਭਾਰਤੀ ਨਿਰਯਾਤ ਦੇ 100 ਪ੍ਰਤੀਸ਼ਤ ਹਿੱਸੇ ਲਈ ਡਿਊਟੀ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ।

Posted On: 17 SEP 2026 6:01PM by PIB Chandigarh

ਭਾਰਤ 16 ਸਤੰਬਰ, 2026 ਨੂੰ ਨਿਊਜ਼ੀਲੈਂਡ ਦੀ ਸੰਸਦ ਦੁਆਰਾ ਪਾਸ ਬਿਲ ਦਾ ਸੁਆਗਤ ਕਰਦਾ ਹੈ। ਇਹ ਬਿਲ 27 ਅਪ੍ਰੈਲ, 2026 ਨੂੰ ਨਵੀਂ ਦਿੱਲੀ ਵਿੱਚ ਹਸਤਾਖਰ ਕੀਤੇ ਗਏ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਪ੍ਰਭਾਵਸ਼ਾਲੀ ਬਣਾਏਗਾ। ਇਸ ਬਿਲ ਦਾ ਪਾਸ ਹੋਣਾ ਸਮਝੌਤੇ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਭਾਰਤ ਅਤੇ ਨਿਊਜ਼ੀਲੈਂਡ ਦੀ ਆਰਥਿਕ ਸਾਂਝੇਦਾਰੀ ਨੂੰ ਡੂੰਘਾ ਅਤੇ ਵਿਆਪਕ ਬਣਾਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜੁਲਾਈ 2026 ਵਿੱਚ ਨਿਊਜ਼ੀਲੈਂਡ ਯਾਤਰਾ ਨੇ ਦੁਵੱਲੇ ਸਬੰਧਾਂ ਨੂੰ ਗਤੀ ਪ੍ਰਦਾਨ ਕੀਤੀ। ਇਹ ਯਾਤਰਾ ਚਾਰ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਪਹਿਲੀ ਯਾਤਰਾ ਸੀ। ਇਸ ਯਾਤਰਾ ਦੌਰਾਨ ਦੋਵਾਂ ਪ੍ਰਧਾਨ ਮੰਤਰੀਆਂ ਨੇ ਆਰਥਿਕ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (ਐੱਫਟੀਏ) ਦੇ ਜਲਦੀ ਲਾਗੂਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਦੀਰਘਕਾਲੀ ਅਤੇ ਡੂੰਘੇ ਸਬੰਧ ਹਨ। ਇਹ ਸਬੰਧ ਮਜ਼ਬੂਤ ਜਨਤਕ-ਸਬੰਧਾਂ ਅਤੇ ਵਪਾਰ ਅਤੇ ਨਿਵੇਸ਼, ਖੇਤੀਬਾੜੀ, ਸਿੱਖਿਆ, ਖੇਡਾਂ, ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਵਧਦੇ ਸਹਿਯੋਗ ‘ਤੇ ਅਧਾਰਿਤ ਹਨ। ਇਹ ਮੁਕਤ ਵਪਾਰ ਸਮਝੌਤਾ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਹਾਂ ਦੇਸ਼ਾਂ ਦੇ ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਨਵੇਂ ਮੌਕੇ ਸਿਰਜਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਹ ਸਮਝੌਤਾ ਲਾਗੂ ਹੋਣ ਦੀ ਮਿਤੀ ਤੋਂ ਨਿਊਜ਼ੀਲੈਂਡ ਨੂੰ ਹੋਣ ਵਾਲੇ ਭਾਰਤੀ ਨਿਰਯਾਤ ਦੇ 100 ਪ੍ਰਤੀਸ਼ਤ ਹਿੱਸੇ ‘ਤੇ ਡਿਊਟੀ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ। ਇਸ ਨਾਲ ਟੈਕਸਟਾਈਲ ਅਤੇ ਲਿਬਾਸ, ਚਮੜਾ ਅਤੇ ਜੁੱਤੇ, ਇੰਜੀਨੀਅਰਿੰਗ ਉਤਪਾਦ, ਫਾਰਮਾਸਿਊਟੀਕਲਸ, ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਉਤਪਾਦਾਂ ਸਮੇਤ ਭਾਰਤੀ ਨਿਰਯਾਤ ਦੇ ਨਵੇਂ ਮੌਕੇ ਖੁੱਲ੍ਹਦੇ ਹਨ। ਇਸ ਦੇ ਨਾਲ ਹੀ, ਇਹ ਲਕੜੀ, ਉੱਨ, ਭੇਡਾਂ ਦਾ ਮਾਸ ਅਤੇ ਕੱਚੇ ਚਮੜੇ ਸਮੇਤ ਨਿਊਜ਼ੀਲੈਂਡ ਦੇ ਨਿਰਯਾਤ ਲਈ ਭਾਰਤੀ ਬਜ਼ਾਰ ਵਿੱਚ ਬਿਹਤਰ ਅਤੇ ਤਰਜੀਹੀ ਪਹੁੰਚ ਪ੍ਰਦਾਨ ਕਰਦਾ ਹੈ।

ਇਹ ਸਮਝੌਤਾ ਸੇਵਾਵਾਂ, ਨਿਵੇਸ਼ ਅਤੇ ਪੇਸ਼ੇਵਰ, ਵਿਦਿਆਰਥੀ ਅਤੇ ਯੁਵਾ ਗਤੀਸ਼ੀਲਤਾ ਦੇ ਖੇਤਰ ਵਿੱਚ ਨਵੇਂ ਮੌਕੇ ਪੈਦਾ ਕਰਦਾ ਹੈ, ਜਿਸ ਵਿੱਚ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਬਿਹਤਰ ਰਾਹ ਪੱਧਰਾ ਕਰਨਾ ਸ਼ਾਮਲ ਹੈ। ਇਹ ਭਾਰਤ ਵਿੱਚ 20 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਨੂੰ ਪਹੁੰਚਯੋਗ ਬਣਾਉਣ ਦਾ ਪ੍ਰਾਵਧਾਨ ਕਰਦਾ ਹੈ ਅਤੇ ਖੇਤੀਬਾੜੀ ਉਤਪਾਦਕਤਾ, ਫਾਰਮਾਸਿਊਟੀਕਲ ਅਤੇ ਚਿਕਿਤਸਾ ਉਪਕਰਣ, ਰਵਾਇਤੀ ਚਿਕਿਤਸਾ ਅਤੇ ਆਯੁਸ਼, ਤਕਨਾਲੋਜੀ ਅਤੇ ਵਪਾਰ ਪਹੁੰਚਯੋਗਤਾ ਸਮੇਤ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਦਾ ਹੈ।

ਭਾਰਤ ਅਤੇ ਨਿਊਜ਼ੀਲੈਂਡ ਆਪਣੀਆਂ-ਆਪਣੀਆਂ ਘਰੇਲੂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਅਤੇ ਸਮਝੌਤੇ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਵਿੱਚ ਸੁਵਿਧਾ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

*********

ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਇਸ਼ਿਤਾ ਬਿਸਵਾਸ/ਸ਼ੀਨਮ


(Release ID: 2311884) ਵਿਜ਼ੀਟਰ ਕਾਊਂਟਰ : 5