ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡਾਕ ਕਰਮਚਾਰੀ ਸੰਗਠਨਾਂ ਨੇ ਇੰਡੀਆ ਪੋਸਟ ਨੂੰ ਨਵੇਂ ਰੂਪ ਵਿੱਚ ‘ਬਦਲਣ’ ਲਈ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇਸ ਨੂੰ ਆਧੁਨਿਕ, ਨਾਗਰਿਕ-ਕੇਂਦਰਿਤ ਸੇਵਾ ਨੈੱਟਵਰਕ ਵਿੱਚ ਬਦਲਣ ਲਈ ਧੰਨਵਾਦ ਕੀਤਾ


ਡਾਕ ਕਰਮਚਾਰੀ ਸੰਗਠਨਾਂ ਨੇ ਡਾ. ਜਿਤੇਂਦਰ ਸਿੰਘ ਨਾਲ ਸੇਵਾ ਵੰਡ, ਕਰਮਚਾਰੀਆਂ ਨਾਲ ਸਬੰਧਤ ਮੁੱਦਿਆਂ ਅਤੇ ਇੰਡੀਆ ਪੋਸਟ ਦੇ ਭਵਿੱਖੀ ਵਿਸਥਾਰ 'ਤੇ ਚਰਚਾ ਕੀਤੀ

ਡਾ. ਜਿਤੇਂਦਰ ਸਿੰਘ ਨੇ ਇੰਡੀਆ ਪੋਸਟ ਦੇ ਦੇਸ਼-ਵਿਆਪੀ ਨੈੱਟਵਰਕ ਨੂੰ ਆਖ਼ਰੀ ਸਿਰੇ ਤੱਕ ਜਨਤਕ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ‘ਸਰਮਾਇਆ’ ਦੱਸਿਆ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੰਡੀਆ ਪੋਸਟ ਦੇ ਵਿਸਥਾਰਿਤ ਸੇਵਾ ਨੈੱਟਵਰਕ ਨਾਲ ਸਰਕਾਰ ਅਤੇ ਨਾਗਰਿਕਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ

Posted On: 14 SEP 2026 4:54PM by PIB Chandigarh

ਡਾਕ ਵਿਭਾਗ ਦੇ ਆਲ ਇੰਡੀਆ ਕਰਮਚਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਇੰਡੀਆ ਪੋਸਟ ਨੂੰ ਨਵਾਂ ਰੂਪ ਦੇਣ ਲਈ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਆਧੁਨਿਕ, ਨਾਗਰਿਕ-ਕੇਂਦਰਿਤ ਸੇਵਾ ਨੈੱਟਵਰਕ ਵਿੱਚ ਬਦਲਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬਦਲਾਵਾਂ ਨਾਲ ਇੰਡੀਆ ਪੋਸਟ ਦੀ ਭੂਮਿਕਾ ਦਾ ਕਾਫ਼ੀ ਵਿਸਥਾਰ ਹੋਇਆ ਹੈ ਅਤੇ ਦੇਸ਼ ਭਰ ਦੇ ਲੋਕਾਂ ਤੱਕ ਨਾਗਰਿਕ-ਕੇਂਦਰਿਤ ਸੇਵਾਵਾਂ ਦੀ ਵਿਆਪਕ ਪਹੁੰਚ ਬਣੀ ਹੈ। ਉਨ੍ਹਾਂ ਕਿਹਾ ਕਿ ਅੱਜ ਇੰਡੀਆ ਪੋਸਟ ਰਵਾਇਤੀ ਡਾਕ ਵੰਡ ਤੋਂ ਕਿਤੇ ਅੱਗੇ ਵਧ ਕੇ ਕੰਮ ਕਰ ਰਿਹਾ ਹੈ, ਜਿਸ ਵਿੱਚ ਤੇਜ਼ ਡਾਕ ਵੰਡ ਸੇਵਾਵਾਂ, ਆਧਾਰ ਕਾਰਡ ਨਾਲ ਸਬੰਧਤ ਸਹੂਲਤਾਂ, ਪੈਨ ਅਤੇ ਪਾਸਪੋਰਟ ਸੇਵਾ, ਘਰ ਬੈਠੇ ਬੈਂਕਿੰਗ ਅਤੇ ਡਿਜੀਟਲ ਪੈਨਸ਼ਨ ਸੇਵਾਵਾਂ ਸ਼ਾਮਲ ਹਨ, ਜੋ ਇਸ ਦੀ ਜਨਤਕ ਸੇਵਾ ਭੂਮਿਕਾ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ।

ਡਾਕ ਵਿਭਾਗ ਦੇ ਆਲ ਇੰਡੀਆ ਕਰਮਚਾਰੀ ਸੰਗਠਨਾਂ ਦੇ ਇੱਕ ਵਫ਼ਦ ਨੇ ਅੱਜ ਨਵੀਂ ਦਿੱਲੀ ਸਥਿਤ ਕਰਤੱਵਿਆ ਭਵਨ ਵਿਖੇ ਵਿਗਿਆਨ ਅਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਡਾਕ ਸੇਵਾਵਾਂ ਵਿੱਚ ‘ਤਬਦੀਲੀ’ ਦੇ ਨਾਲ-ਨਾਲ ਕਰਮਚਾਰੀਆਂ, ਕਰਮਚਾਰੀ ਸੰਗਠਨਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।

 

ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਪਿਛਲੇ ਇੱਕ ਦਹਾਕੇ ਵਿੱਚ ਇੰਡੀਆ ਪੋਸਟ ਦੀਆਂ ਸੇਵਾਵਾਂ ਦੇ ਹੋਏ ਵਿਸਥਾਰ ਬਾਰੇ ਦੱਸਿਆ, ਜਿਸ ਵਿੱਚ ਲਾਗੂ ਸੇਵਾਵਾਂ ਵਿੱਚ 24 ਘੰਟਿਆਂ ਦੇ ਅੰਦਰ ਡਿਲੀਵਰੀ, ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਅਤੇ ਡਾਕ ਨੈੱਟਵਰਕ ਰਾਹੀਂ ਪੈਨ ਤੇ ਪਾਸਪੋਰਟ ਸੇਵਾ ਸੁਵਿਧਾਵਾਂ ਦੀ ਉਪਲਬਧਤਾ ਸ਼ਾਮਲ ਹੈ। ਉਨ੍ਹਾਂ ਨੇ ਘਰ-ਘਰ ਜਾ ਕੇ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੰਡੀਆ ਪੋਸਟ ਦੀ ਵਧਦੀ ਭੂਮਿਕਾ ਬਾਰੇ ਵੀ ਗੱਲ ਕੀਤੀ, ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ ਵਿੱਚ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੰਡੀਆ ਪੋਸਟ ਵਿੱਚ ਤਬਦੀਲੀ ਦੀ ਝਲਕ ਡਾਕੀਏ ਦੀ ਬਦਲਦੀ ਭੂਮਿਕਾ ਵਿੱਚ ਦਿਖਾਈ ਦਿੰਦੀ ਹੈ, ਜੋ ਅੱਜ ਬੈਂਕਿੰਗ ਅਤੇ ਹੋਰ ਜ਼ਰੂਰੀ ਸੇਵਾਵਾਂ ਸਿੱਧੇ ਨਾਗਰਿਕਾਂ ਤੱਕ ਪਹੁੰਚਾ ਰਿਹਾ ਹੈ। ਰਵਾਇਤੀ ਚਿੱਠੀ ਵੰਡ ਤੋਂ ਅੱਗੇ ਵਧ ਕੇ ਡਾਕ ਨੈੱਟਵਰਕ ਵਿੱਤੀ ਅਤੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਵਿਆਪਕ ਮੰਚ ਵਿੱਚ ਬਦਲ ਗਿਆ ਹੈ। ਇਸ ਦੀ ਵਿਆਪਕ ਪਹੁੰਚ ਸਰਕਾਰੀ ਸੇਵਾਵਾਂ ਅਤੇ ਲੋਕਾਂ ਵਿਚਕਾਰ ਅੰਤਿਮ ਸਿਰੇ ਤੱਕ ਸੰਪਰਕ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਇੰਡੀਆ ਪੋਸਟ ਪੇਮੈਂਟਸ ਬੈਂਕ ਅਤੇ ਡੋਰਸਟੈਪ ਬੈਂਕਿੰਗ ਦੇ ਵਿਸਥਾਰ ਨਾਲ ਡਾਕ ਨੈੱਟਵਰਕ ਪਿੰਡਾਂ ਅਤੇ ਘਰਾਂ ਤੱਕ ਵਿੱਤੀ ਸੇਵਾਵਾਂ ਪਹੁੰਚਾਉਣ ਵਿੱਚ ਸਮਰੱਥ ਹੋਇਆ ਹੈ, ਜਿਸ ਨਾਲ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਬੈਂਕਿੰਗ ਸੁਵਿਧਾਵਾਂ ਮਿਲ ਰਹੀਆਂ ਹਨ। ਡਾਕ ਨੈੱਟਵਰਕ ਨੇ ਪੈਨਸ਼ਨਰਾਂ ਲਈ ਡਿਜੀਟਲ ਜੀਵਨ ਪ੍ਰਮਾਣ ਪੱਤਰ ਵਰਗੀਆਂ ਸੇਵਾਵਾਂ ਦਾ ਵੀ ਵਿਸਥਾਰ ਕੀਤਾ ਹੈ, ਜਿਸ ਨਾਲ ਪੈਨਸ਼ਨ ਨਾਲ ਸਬੰਧਤ ਜ਼ਰੂਰੀ ਸੇਵਾਵਾਂ ਹੋਰ ਅਸਾਨ ਅਤੇ ਸੁਖਾਲ਼ੀਆਂ ਹੋ ਗਈਆਂ ਹਨ।

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੌਰਾਨ ਡਾਕ ਕਰਮਚਾਰੀਆਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਵੀ ਯਾਦ ਕੀਤਾ, ਜਦੋਂ ਦੇਸ਼-ਵਿਆਪੀ ਲੌਕਡਾਊਨ ਦੇ ਬਾਵਜੂਦ ਡਾਕ ਨੈੱਟਵਰਕ ਨੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਿਆ। ਡਾਕ ਕਰਮਚਾਰੀਆਂ ਨੇ ਨਾਗਰਿਕਾਂ ਦੇ ਘਰਾਂ ਤੱਕ ਬੈਂਕਿੰਗ ਸੇਵਾਵਾਂ ਅਤੇ ਨਕਦੀ ਪਹੁੰਚਾਉਣ ਵਿੱਚ ਮਦਦ ਕੀਤੀ। ਉੱਥੇ ਹੀ, ਡਾਕ ਵਾਹਨਾਂ ਅਤੇ ਬੁਨਿਆਦੀ ਢਾਂਚੇ ਦੀ ਵਰਤੋਂ ਜ਼ਰੂਰੀ ਡਾਕਟਰੀ ਅਤੇ ਸੁਰੱਖਿਆ ਨਾਲ ਸਬੰਧਤ ਸਮਗਰੀ ਦੀ ਡਿਲੀਵਰੀ ਅਤੇ ਆਵਾਜਾਈ ਲਈ ਵੀ ਕੀਤੀ ਗਈ।

ਕੇਂਦਰੀ ਮੰਤਰੀ ਨੇ ਕਿਹਾ ਕਿ ਡਾਕ ਵਿਭਾਗ ਦਾ ਵਿਸ਼ਾਲ ਦੇਸ਼-ਵਿਆਪੀ ਨੈੱਟਵਰਕ ਇੱਕ ਕੀਮਤੀ ਜਨਤਕ-ਸੇਵਾ ‘ਸਰਮਾਇਆ’ ਹੈ ਅਤੇ ਇਸ ਦੀ ਵਰਤੋਂ ਸਰਕਾਰ ਦੇ ਪ੍ਰੋਗਰਾਮਾਂ, ਨਾਗਰਿਕਾਂ ਤੱਕ ਪਹੁੰਚ ਅਤੇ ਅੰਤਿਮ ਸਿਰੇ ਤੱਕ ਸੇਵਾਵਾਂ ਦੀ ਡਿਲੀਵਰੀ ਲਈ ਹੋਰ ਵੀ ਵਿਆਪਕ ਰੂਪ ਵਿੱਚ ਕੀਤੀ ਜਾ ਸਕਦੀ ਹੈ। ਵਫ਼ਦ ਨੇ ਇਨ੍ਹਾਂ ਜਨਤਕ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਅਤੇ ਸਰਕਾਰੀ ਪਹਿਲਕਦਮੀਆਂ ਲਈ ਡਾਕ ਨੈੱਟਵਰਕ ਦੀ ਹੋਰ ਵੱਧ ਪ੍ਰਭਾਵਸ਼ਾਲੀ ਵਰਤੋਂ ਦੇ ਯਤਨਾਂ ਵਿੱਚ ਯੋਗਦਾਨ ਪਾਉਣ ਦੀ ਇੱਛਾ ਵੀ ਪ੍ਰਗਟਾਈ।

ਮੀਟਿੰਗ ਦੌਰਾਨ ਵਫ਼ਦ ਨੇ ਡਾ. ਜਿਤੇਂਦਰ ਸਿੰਘ ਦੇ ਸਾਹਮਣੇ ਡਾਕ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਸੇਵਾ-ਸਬੰਧੀ ਅਤੇ ਸੰਗਠਨਾਤਮਕ ਮੁੱਦੇ ਰੱਖੇ। ਇਨ੍ਹਾਂ ਵਿੱਚ ਕਰਮਚਾਰੀ ਸੰਗਠਨਾਂ ਦੀ ਪੜਤਾਲ ਅਤੇ ਮਾਨਤਾ, ਵਿਭਾਗੀ ਮੰਚਾਂ ਵਿੱਚ ਨੁਮਾਇੰਦਗੀ, ਪੈਨਸ਼ਨਰਾਂ ਨਾਲ ਸਬੰਧਤ ਮੁੱਦੇ ਅਤੇ ਕੁਝ ਲੰਬੇ ਸਮੇਂ ਤੋਂ ਲਟਕਦੇ ਸੇਵਾ-ਸਬੰਧੀ ਮਾਮਲੇ ਸ਼ਾਮਲ ਸਨ।

ਵਫ਼ਦ ਨੇ ਕਰਮਚਾਰੀਆਂ ਦੀਆਂ ਕੁਝ ਸ਼੍ਰੇਣੀਆਂ ਅਤੇ ਸੇਵਾ ਲਾਭਾਂ ਨਾਲ ਸਬੰਧਤ ਮੁੱਦੇ ਵੀ ਚੁੱਕੇ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਜਾਂਚ ਜਾਂ ਪਰਖ ਜ਼ਰੂਰੀ ਹੈ, ਉਨ੍ਹਾਂ 'ਤੇ ਲਾਗੂ ਨਿਯਮਾਂ ਅਤੇ ਵਿੱਤੀ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਢੁੱਕਵੀਂ ਪ੍ਰਸ਼ਾਸਨਿਕ ਪ੍ਰਕਿਰਿਆ ਰਾਹੀਂ ਵਿਚਾਰ ਕੀਤਾ ਜਾਵੇਗਾ।

ਮੀਟਿੰਗ ਵਿੱਚ ਡਾਕ ਨੈੱਟਵਰਕ ਰਾਹੀਂ ਨਾਗਰਿਕ-ਕੇਂਦਰਿਤ ਸੇਵਾਵਾਂ ਦੀ ਡਿਲੀਵਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਕਾਰੀ ਪਹਿਲਕਦਮੀਆਂ ਦੇ ਸਮਰਥਨ ਵਿੱਚ ਇਸ ਦੇ ਵਿਸ਼ਾਲ ਦੇਸ਼-ਵਿਆਪੀ ਨੈੱਟਵਰਕ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਦੀ ਲੋੜ 'ਤੇ ਵੀ ਚਰਚਾ ਹੋਈ।

ਵਫ਼ਦ ਨੇ ਡਾ. ਜਿਤੇਂਦਰ ਸਿੰਘ ਨੂੰ ਗੱਲਬਾਤ ਲਈ ਸਮਾਂ ਦੇਣ ਅਤੇ ਨੁਮਾਇੰਦਿਆਂ ਨੂੰ ਸਰਕਾਰ ਅੱਗੇ ਆਪਣੇ ਸੇਵਾ-ਸਬੰਧੀ ਮੁੱਦੇ ਰੱਖਣ ਦਾ ਮੌਕਾ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ।

 

 

 

 

 

***********

 

ਐਨ.ਕੇ.ਆਰ./ਏ.ਕੇ.


(Release ID: 2310482) ਵਿਜ਼ੀਟਰ ਕਾਊਂਟਰ : 3