ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਭਾਸ਼ਿਣੀ ਦੇ ਸੀਈਓ ਨੇ ਆਈਆਈਐੱਮ ਕਲਕੱਤਾ ਵਿੱਚ ਲੈਟੀਸ 2026 ਨੂੰ ਸੰਬੋਧਨ ਕੀਤਾ; ਆਬਾਦੀ-ਪੱਧਰ ਦੇ ਪ੍ਰਭਾਵ ਲਈ ਏਆਈ ਈਕੋਸਿਸਟਮ 'ਤੇ ਚਾਨਣਾ ਪਾਇਆ
ਕੋਲਕਾਤਾ ਵਿੱਚ 'ਦ ਕੈਪੇਬਿਲਿਟੀ ਡਿਕੇਡ' ਥੀਮ ਦੇ ਤਹਿਤ ਇੱਕ ਸਲਾਨਾ ਵਪਾਰਕ ਸੰਮੇਲਨ ਦਾ ਆਯੋਜਨ ਕੀਤਾ ਗਿਆ
Posted On:
12 SEP 2026 7:41PM by PIB Chandigarh
ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ ਕਲਕੱਤਾ (ਆਈਆਈਐੱਮ ਕਲਕੱਤਾ) ਦੇ ਸਲਾਨਾ ਵਪਾਰਕ ਸੰਮੇਲਨ ‘ਲੈਟੀਸ 2026’ ਦਾ ਆਯੋਜਨ ਅੱਜ ਕੋਲਕਾਤਾ ਵਿੱਚ 'ਦ ਕੈਪੇਬਿਲਿਟੀ ਡਿਕੇਡ' ਥੀਮ ਦੇ ਤਹਿਤ ਕੀਤਾ ਗਿਆ । ਇਸ ਸੰਮੇਲਨ ਵਿੱਚ ਵਿਦਿਆਰਥੀਆਂ, ਉਦਯੋਗ ਜਗਤ ਦੇ ਲੀਡਰਸ ਅਤੇ ਪੇਸ਼ੇਵਰ ਇਕੱਠੇ ਹੋਏ ਤਾਂ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ, ਤਕਨਾਲੋਜੀ, ਨਵੀਨਤਾ, ਲੀਡਰਸ਼ਿਪ ਅਤੇ ਤੇਜ਼ੀ ਨਾਲ ਬਦਲਦੇ ਤਕਨੀਕੀ ਦ੍ਰਿਸ਼ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਲੋੜੀਂਦੀਆਂ ਸਮਰੱਥਾਵਾਂ 'ਤੇ ਚਰਚਾ ਕੀਤੀ ਜਾ ਸਕੇ ।
ਇਸ ਸੰਮੇਲਨ ਵਿੱਚ ਸ਼੍ਰੀ ਅਮਿਤਾਭ ਨਾਗ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ), ਡਿਜੀਟਲ ਇੰਡੀਆ ਕਾਰਪੋਰੇਸ਼ਨ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮਈਆਈਟੀਵਾਈ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਭਾਸ਼ਾ ਤਕਨਾਲੋਜੀ ਦੇ ਨਿਰਮਾਣ ਅਤੇ ਤਾਇਨਾਤ ਕਰਨ ਦੇ ਭਾਰਤ ਦੇ ਤਜ਼ਰਬੇ ਤੋਂ ਪ੍ਰਾਪਤ ਅੰਤਰਦ੍ਰਿਸ਼ਟੀ ਸਾਂਝੀ ਕੀਤੀ, ਜਿਸ ਵਿੱਚ ਏਆਈ ਮਾਡਲ ਅਤੇ ਪ੍ਰਯੋਗਾਂ ਤੋਂ ਪਰੇ ਵੱਡੇ ਪੈਮਾਨੇ ‘ਤੇ ਅਸਲ-ਦੁਨੀਆ ਵਿੱਚ ਅਪਣਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ 'ਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ।

ਵਿਭਿੰਨ ਆਬਾਦੀ ਤੱਕ ਪਹੁੰਚਣ ਦੀਆਂ ਚੁਣੌਤੀਆਂ ਬਾਰੇ ਬੋਲਦੇ ਹੋਏ, ਸ਼੍ਰੀ ਨਾਗ ਨੇ ਡਿਜੀਟਲ, ਭਾਸ਼ਾ ਅਤੇ ਸਾਖਰਤਾ ਦੇ ਅੰਤਰ ਨੂੰ ਆਪਸ ਵਿੱਚ ਜੁੜੀਆਂ ਹੋਈਆਂ ਚੁਣੌਤੀਆਂ ਦੱਸਿਆ ਅਤੇ ਕਿਹਾ ਕਿ ਤਕਨਾਲੋਜੀ ਨੂੰ ਲੋਕਾਂ ਅਤੇ ਉਨ੍ਹਾਂ ਦੇ ਹਾਲਾਤਾਂ ਦੇ ਅਨੁਕੂਲ ਢਲਣਾ ਚਾਹੀਦਾ ਹੈ। ਉਨ੍ਹਾਂ ਨੇ ਪਹੁੰਚ ਵਧਾਉਣ ਵਿੱਚ ਵੌਇਸ-ਫਸਟ ਅਤੇ ਬਹੁ-ਭਾਸ਼ਾਈ ਤਕਨਾਲੋਜੀਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਏਆਈ ਪ੍ਰਣਾਲੀ ਨੂੰ ਭਾਸ਼ਾ, ਬੋਲੀ, ਖੇਤਰ ਅਤੇ ਸੰਦਰਭ ਦੇ ਅੰਤਰ ‘ਤੇ ਧਿਆਨ ਦੇਣ ਹੋਵੇਗਾ ।
ਸੈਸ਼ਨ ਦੇ ਦੌਰਾਨ ਇਸ ਦ੍ਰਿਸ਼ਟੀਕੋਣ ਦਾ ਵਿਵਹਾਰਕ ਉਪਯੋਗ ਵੀ ਪ੍ਰਦਰਸ਼ਿਤ ਕੀਤਾ ਗਿਆ, ਜਦੋਂ ਸ਼੍ਰੀ ਨਾਗ ਦੇ ਭਾਸ਼ਣ ਦੌਰਾਨ ਭਾਸ਼ਿਣੀ ਦੀ ਸ਼੍ਰੁਤਲੇਖ ਲਾਈਵ ਤਾਇਨਾਤ ਕੀਤਾ ਗਿਆ, ਜਿਸ ਨਾਲ ਵਾਸਤਵਿਕ-ਸਮੇਂ ਵਿੱਚ ਭਾਸ਼ਾ ਅਨੁਵਾਦ ਅਤੇ ਟ੍ਰਾਂਸਕ੍ਰਿਪਸ਼ਨ ਸੰਭਵ ਹੋਇਆ। ਇਸ ਪ੍ਰਦਰਸ਼ਨ ਤੋਂ ਪਤਾ ਲੱਗਿਆ ਕਿ ਭਾਸ਼ਾ-ਅਧਾਰਿਤ ਏਆਈ ਲਾਈਵ ਮਾਹੌਲ ਵਿੱਚ ਕਿਵੇਂ ਕੰਮ ਕਰ ਸਕਦੀ ਹੈ ਅਤੇ ਨਿਯੰਤਰਿਤ ਜਾਂ ਪ੍ਰਯੋਗਾਤਮਕ ਵਾਤਾਵਰਣ ਤੋਂ ਪਰੇ ਬਹੁ-ਭਾਸ਼ਾਈ ਸੰਚਾਰ ਵਿੱਚ ਮਦਦ ਕਰ ਸਕਦੀ ਹੈ।

ਇਸ ਗੱਲਬਾਤ ਵਿੱਚ ਉਨ੍ਹਾਂ ਸੰਗਠਨਾਤਮਕ ਅਤੇ ਉਤਪਾਦ ਵਿਕਲਪਾਂ 'ਤੇ ਵੀ ਚਰਚਾ ਕੀਤੀ ਗਈ ਜੋ ਉੱਭਰ ਰਹੀਆਂ ਤਕਨਾਲੋਜੀਆਂ ਦੀ ਸਫਲਤਾ ਨੂੰ ਆਕਾਰ ਦਿੰਦੇ ਹਨ । ਭਾਸ਼ਿਣੀ ਦੇ ਤਜ਼ਰਬੇ ਨੂੰ ਅਧਾਰ ‘ਤੇ ਸ਼੍ਰੀ ਨਾਗ ਨੇ ਲੋਕਾਂ ਨਾਲ ਅਤੇ ਲੋਕਾਂ ਲਈ ਕੰਮ ਕਰਨ ਬਾਰੇ ਗੱਲ ਕੀਤੀ, ਜਿਸ ਵਿੱਚ ਭਾਸ਼ਾਦਾਨ ਰਾਹੀਂ ਭਾਸ਼ਾ ਸਰੋਤ ਬਣਾਉਣ ਵਿੱਚ ਭਾਈਚਾਰਕ ਭਾਗੀਦਾਰੀ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਸਪੱਸ਼ਟ ਵਰਤੋਂ ਦੇ ਮਾਮਲਿਆਂ, ਤੇਜ਼ ਪ੍ਰਯੋਗ, ਗਲਤੀਆਂ ਤੋਂ ਸਿੱਖਣ ਅਤੇ ਛੋਟੇ ਫੀਡਬੈਕ ਲੂਪਾਂ ਦਾ ਮਹੱਤਵ ਹੈ ਤਾਂ ਜੋ ਵਿਚਾਰਾਂ ਤੋਂ ਵਾਸਤਵਿਕ ਇਸਤੇਮਾਲ ਯੋਗ ਹੱਲਾਂ ਤੱਕ ਪਹੁੰਚਿਆ ਜਾ ਸਕੇ ਅਤੇ ਖੋਜ ਅਤੇ ਉਤਪਾਦ ਟੀਮਾਂ ਨੂੰ ਵਾਸਤਵਿਕ ਦੁਨੀਆ ਦੀਆਂ ਜ਼ਰੂਰਤਾਂ ਦੇ ਨੇੜੇ ਲਿਆਂਦਾ ਜਾ ਸਕੇ।
ਭਾਸ਼ਿਣੀ ਨੂੰ ਬਣਾਉਣ ਦੇ ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਸਾਨੂੰ ਜੋ ਸਭ ਤੋਂ ਮੁਸ਼ਕਿਲ ਚੁਣੌਤੀਆਂ ਆਈਆਂ, ਲਗਭਗ ਕਦੇ ਵੀ ਮਾਡਲ ਨਾਲ ਜੁੜੀਆਂ ਨਹੀਂ ਸਨ। ਉਹ ਮਾਰਕੀਟ ਡਿਜ਼ਾਈਨ, ਪ੍ਰੋਤਸਾਹਨ ਡਿਜ਼ਾਈਨ, ਸੰਗਠਨਾਤਮਕ ਡਿਜ਼ਾਈਨ ਅਤੇ ਈਕੋਸਿਸਟਮ ਡਿਜ਼ਾਈਨ ਨਾਲ ਜੁੜੀਆਂ ਸਨ।" ਉਨ੍ਹਾਂ ਨੇ ਅੱਗੇ ਕਿਹਾ, "ਵਿਭਿੰਨਤਾ ਹੁਣ ਨਵੀਂ ਆਮ ਸਥਿਤੀ ਹੈ ਅਤੇ ਸਾਨੂੰ ਜਲਦੀ ਖੁਦ ਨੂੰ ਉਸ ਦੇ ਅਨੁਕੂਲ ਹੋਣ ਦੀ ਲੋੜ ਹੈ।"
ਚਰਚਾ ਵਿੱਚ ਤਕਨਾਲੋਜੀ ਨੂੰ ਵਿਅਕਤੀਗਤ ਉਤਪਾਦਾਂ ਤੋਂ ਅੱਗੇ ਲਿਜਾਣ ਵਿੱਚ ਭਾਈਵਾਲੀ, ਖੁੱਲ੍ਹੇ ਬੁਨਿਆਦੀ ਢਾਂਚੇ, ਸਹਿ-ਸਿਰਜਣਾ ਅਤੇ ਟੀਮ ਵਰਕ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸੰਵਾਦ, ਪ੍ਰਯੋਗ, ਵਿਚਾਰ-ਮੰਥਨ ਅਤੇ ਸਾਂਝੇਦਾਰੀ ਦੇ ਸੱਭਿਆਚਾਰ ਵਿਕਸਿਤ ਕਰਨ ਦੀ ਲੋੜ ਹੈ, ਨਾਲ ਹੀ ਅਜਿਹਾ ਬੁਨਿਆਦੀ ਢਾਂਚਾ ਤਿਆਰ ਕਰਨਾ ਚਾਹੀਦਾ ਹੈ ਜੋ ਕਈ ਭਾਗੀਦਾਰਾਂ ਨੂੰ ਇੱਕ ਵੱਡੇ ਈਕੋਸਿਸਟਮ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਏ।
ਸੰਮੇਲਨ ਵਿੱਚ ਉੱਭਰ ਰਹੀਆਂ ਤਕਨਾਲੋਜੀਆਂ, ਕਾਰੋਬਾਰ ਅਤੇ ਲੀਡਰਸ਼ਿਪ 'ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਭਾਗੀਦਾਰਾਂ ਨੇ ਏਆਈ-ਸੰਚਾਲਿਤ ਅਰਥਵਿਵਸਥਾ ਵਿੱਚ ਸੰਗਠਨਾਂ ਅਤੇ ਪੇਸ਼ੇਵਰਾਂ ਦੀਆਂ ਬਦਲਦੀਆਂ ਜ਼ਰੂਰਤਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਸਮਰੱਥਾ ਨਿਰਮਾਣ 'ਤੇ ਜ਼ੋਰ ਦੇਣ ਦਾ ਮਤਲਬ ਸਿਰਫ਼ ਤਕਨਾਲੋਜੀ ਵਿਕਾਸ ਹੀ ਨਹੀਂ ਸੀ, ਸਗੋਂ ਇਸ ਤੋਂ ਅੱਗੇ ਵਧਕੇ ਸਾਰਥਕ ਰੂਪ ਵਿੱਚ ਅਪਣਾਉਣ ਦੇ ਲਈ ਜ਼ਰੂਰੀ ਸੰਗਠਨਾਤਮਕ ਅਤੇ ਈਕੋਸਿਸਟਮ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ।
ਵਿਦਿਆਰਥੀਆਂ ਨਾਲ ਆਪਣੇ ਸੰਵਾਦ ਨੂੰ ਸਮਾਪਤ ਕਰਦੇ ਹੋਏ, ਸ਼੍ਰੀ ਨਾਗ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸਿਰਫ਼ ਵਿਅਕਤੀਗਤ ਐਪਲੀਕੇਸ਼ਨਾਂ ਤੱਕ ਹੀ ਸੀਮਤ ਨਾ ਰਹਿਣ ਸਗੋਂ ਵੱਡੇ ਪਲੈਟਫਾਰਮਾਂ, ਮਿਆਰਾਂ ਅਤੇ ਈਕੋਸਿਸਟਮ 'ਤੇ ਵੀ ਧਿਆਨ ਦੇਣ ਜਿਨ੍ਹਾਂ ਨੂੰ ਉਹ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ "ਇਸਦੀ ਬਜਾਏ ਪੁੱਛੋ, ਕਿ ਅਸੀਂ ਕਿਹੜਾ ਈਕੋਸਿਸਟਮ ਸਟੈਂਡਰਡ ਸਥਾਪਿਤ ਕਰ ਸਕਦੇ ਹਾਂ, ਅਤੇ ਕਿੰਨੀ ਤੇਜ਼ੀ ਨਾਲ ਦੂਜਿਆਂ ਦੀ ਮਦਦ ਨਾਲ ਇਸਦੇ ਆਲੇ-ਦੁਆਲੇ ਨੈੱਟਵਰਕ ਪ੍ਰਭਾਵ ਤਿਆਰ ਕਰ ਸਕਦੇ ਹਾਂ ?"
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਸੰਦਰਭ ਵਿੱਚ
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ ਦਾ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ, ਏਆਈ-ਅਧਾਰਿਤ ਬਹੁ-ਭਾਸ਼ਾਈ ਡਿਜੀਟਲ ਸਮਾਵੇਸ਼ ਲਈ ਭਾਰਤ ਦਾ ਰਾਸ਼ਟਰੀ ਪਲੈਟਫਾਰਮ ਹੈ। ਭਾਸ਼ਿਣੀ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਨੂੰ ਸਮਰਥਨ ਦਿੰਦੀ ਹੈ, ਇਸ ਨੇ ਕੁੱਲ ਮਿਲਾ ਕੇ 9 ਅਰਬ ਤੋਂ ਵੱਧ ਸੰਚਤ ਏਆਈ ਅਨੁਮਾਨਾਂ ਨੂੰ ਸਮਰੱਥ ਬਣਾਇਆ ਹੈ, ਰੋਜ਼ਾਨਾ 2.4 ਕਰੋੜ ਤੋਂ ਵੱਧ ਏਆਈ ਅਨੁਮਾਨਾਂ ਨੂੰ ਪ੍ਰੌਸੈੱਸ ਕਰਦੀ ਹੈ, ਅਤੇ 36 ਭਾਰਤੀ ਟੈਕਸਟ ਭਾਸ਼ਾਵਾਂ, 23 ਭਾਰਤੀ ਵੌਇਸ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਦਾ ਸਮਰਥਨ ਕਰਦੀ ਹੈ, ਜਿਸ ਨਾਲ 'ਲੈਂਗਵੇਜ ਏਆਈ' ਦੇ ਰਾਹੀਂ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਵਧੇਰੇ ਪਹੁੰਚਯੋਗ ਬਣਦਾ ਹੈ।
****
ਵਿਨੋਦ ਕੁਮਾਰ / ਕਨਿਸ਼ਕ ਸ਼ਰਮਾ /ਏਕੇ
(Release ID: 2310479)
ਵਿਜ਼ੀਟਰ ਕਾਊਂਟਰ : 3