ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਨੂੰ 'ਮਿਨੀ ਇੰਡੀਆ' ਦੱਸਿਆ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਦੀ ਅਗਵਾਈ ਵਿੱਚ ਹੋਏ ਵਿਕਾਸ ਦੀ ਸ਼ਲਾਘਾ ਕੀਤੀ
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਲੋਕ-ਕੇਂਦਰਿਤ ਵਿਕਾਸ ਦੇ ਇੱਕ ਮਾਡਲ ਵਜੋਂ ਉੱਭਰ ਰਿਹਾ ਹੈ ਜਿਸ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਹੈ: ਉਪ-ਰਾਸ਼ਟਰਪਤੀ
"ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਵਿੱਚ ਹੋ ਰਹੀ ਤਬਦੀਲੀ ਵਿਕਸਿਤ ਭਾਰਤ 2047 ਦੇ ਵਿਜ਼ਨ ਵਿੱਚ ਯੋਗਦਾਨ ਦੇ ਰਹੀ ਹੈ": ਉਪ-ਰਾਸ਼ਟਰਪਤੀ
ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਿਹਤ ਸੰਭਾਲ, ਸਿੱਖਿਆ, ਸੈਰ-ਸਪਾਟਾ ਅਤੇ ਕਨੈਕਟੀਵਿਟੀ ਨਾਲ ਤਬਦੀਲੀ ਆ ਰਹੀ ਹੈ: ਉਪ-ਰਾਸ਼ਟਰਪਤੀ
Posted On:
11 SEP 2026 5:31PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਸਿਲਵਾਸਾ ਸਥਿਤ ਡਾ. ਏ.ਪੀ.ਜੇ. ਅਬਦੁਲ ਕਲਾਮ ਗੌਰਮਿੰਟ ਕਾਲਜ ਵਿੱਚ ਇੱਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ।
ਇਸ ਮੌਕੇ 'ਤੇ, ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੂੰ ਮਾਨਯੋਗ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਅਤੇ ਮਾਨਯੋਗ ਸੰਸਦ ਮੈਂਬਰ ਸ਼੍ਰੀਮਤੀ ਕਾਲਾਬੇਨ ਮੋਹਨਭਾਈ ਡੇਲਕਰ ਸਮੇਤ ਜ਼ਿਲ੍ਹਾ ਪੰਚਾਇਤਾਂ, ਨਗਰ ਕੌਂਸਲਾਂ, ਉਦਯੋਗ ਅਤੇ ਹੋਟਲ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ, ਵੱਖ-ਵੱਖ ਕਾਲਜਾਂ ਦੇ ਹੋਣਹਾਰ ਵਿਦਿਆਰਥੀਆਂ ਅਤੇ ਤਮਿਲ ਸੰਗਮ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਲਾਭਪਾਤਰੀਆਂ ਨੂੰ ਟੂਲਕਿੱਟਾਂ ਅਤੇ ਨਵੇਂ ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ।
ਮੌਜੂਦਾ ਇਕੱਠ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਹ ਕੇਂਦਰ ਸ਼ਾਸਤ ਪ੍ਰਦੇਸ਼ ਇਸ ਗੱਲ ਦੀ ਇੱਕ ਸ਼ਾਨਦਾਰ ਮਿਸਾਲ ਹੈ ਕਿ ਕਿਸ ਤਰ੍ਹਾਂ ਨਵੀਨਤਾਕਾਰੀ ਸ਼ਾਸਨ ਅਤੇ ਲੋਕਾਂ ਦੀ ਭਾਗੀਦਾਰੀ ਪਰਿਵਰਤਨਕਾਰੀ ਵਿਕਾਸ ਨੂੰ ਗਤੀ ਦੇ ਸਕਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਦੇ ਅਣਥੱਕ ਯਤਨਾਂ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਪਿਛਲੇ ਇੱਕ ਦਹਾਕੇ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ।
ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 13,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 450 ਤੋਂ ਵੱਧ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ 4,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀਆਂ ਲਗਭਗ 800 ਕਿਲੋਮੀਟਰ ਸੜਕਾਂ ਵੀ ਸ਼ਾਮਲ ਹਨ।
ਸਿਹਤ ਸੰਭਾਲ ਵਿੱਚ ਆਏ ਬਦਲਾਅ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਿਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 2019 ਤੋਂ ਪਹਿਲਾਂ ਇੱਕ ਵੀ ਮੈਡੀਕਲ ਕਾਲਜ ਨਹੀਂ ਸੀ, ਉੱਥੇ ਹੁਣ 177 ਸੀਟਾਂ ਵਾਲਾ ਇੱਕ ਮੈਡੀਕਲ ਕਾਲਜ ਹੈ। ਇਸ ਦੇ ਨਾਲ ਹੀ ਸਿਲਵਾਸਾ ਵਿੱਚ 450 ਬੈੱਡਾਂ ਵਾਲਾ ਨਮੋ ਹਸਪਤਾਲ ਅਤੇ ਦਮਨ ਵਿੱਚ ਹਾਲ ਹੀ ਵਿੱਚ ਉਦਘਾਟਨ ਕੀਤਾ ਗਿਆ 350 ਬੈੱਡਾਂ ਵਾਲਾ ਨਮੋ ਹਸਪਤਾਲ ਵੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਟੀਬੀ ਦੇ ਮਾਮਲਿਆਂ ਵਿੱਚ 57 ਪ੍ਰਤੀਸ਼ਤ ਅਤੇ ਕੁਪੋਸ਼ਣ ਵਿੱਚ 58 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਸਾਰਿਆਂ ਦੀ ਰਜਿਸਟ੍ਰੇਸ਼ਨ ਦੇ ਨਾਲ-ਨਾਲ ਹੈਲਥ ਐਂਡ ਵੈੱਲਨੈੱਸ ਸੈਂਟਰਾਂ (ਸਿਹਤ ਅਤੇ ਤੰਦਰੁਸਤੀ ਕੇਂਦਰ ) ਅਤੇ ਸੰਸਥਾਗਤ ਜਣੇਪੇ ਵਿੱਚ ਵੀ 100 ਪ੍ਰਤੀਸ਼ਤ ਦਾ ਟੀਚਾ ਹਾਸਲ ਕਰ ਲਿਆ ਹੈ।
ਸਿੱਖਿਆ ਦੇ ਖੇਤਰ ਵਿੱਚ, ਉਪ-ਰਾਸ਼ਟਰਪਤੀ ਨੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮਾਂ ਤੋਂ ਇਲਾਵਾ, 700 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 21 ਨਵੇਂ ਸਕੂਲਾਂ ਦੇ ਨਿਰਮਾਣ ਅਤੇ 16 ਹੋਰ ਸਕੂਲਾਂ ਦੇ ਨਿਰਮਾਣ ਕਾਰਜ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨਿਫਟ (NIFT), ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ ਅਤੇ ਹੋਰ ਪੇਸ਼ੇਵਰ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਦੇ ਨੌਜਵਾਨਾਂ ਲਈ ਮੌਕੇ ਵਧ ਰਹੇ ਹਨ।
ਸੈਰ-ਸਪਾਟੇ ਦੇ ਵਧਦੇ ਮਹੱਤਵ 'ਤੇ ਚਾਨਣਾ ਪਾਉਂਦਿਆਂ, ਉਪ-ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਸੈਲਾਨੀਆਂ ਦੀ ਗਿਣਤੀ 2021 ਦੇ ਲਗਭਗ 6 ਲੱਖ ਤੋਂ ਵੱਧ ਕੇ 2025 ਵਿੱਚ ਲਗਭਗ 50 ਲੱਖ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦਮਨ ਨਾਈਟ ਮਾਰਕੀਟ, ਰਾਮ-ਸੇਤੂ ਸੀ-ਫਰੰਟ, ਨਵੀਨੀਕਰਨ ਕੀਤੇ ਗਏ ਵਿਰਾਸਤੀ ਸਥਾਨਾਂ, ਸਮੁੰਦਰੀ ਤੱਟਾਂ, ਵਾਟਰ ਸਪੋਰਟਸ ਅਤੇ ਈਕੋ-ਟੂਰਿਜ਼ਮ ਜਿਹੇ ਪ੍ਰੋਜੈਕਟਾਂ ਵਰਗੀਆਂ ਪਹਿਲਕਦਮੀਆਂ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ ਅਤੇ ਖੇਤਰ ਦੀ ਅਮੀਰ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ।
ਉਪ-ਰਾਸ਼ਟਰਪਤੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਉਦਯੋਗਿਕ ਸਮਰੱਥਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਐੱਮਐੱਸਐੱਮਈ ਖੇਤਰ ਰਾਹੀਂ 7,500 ਤੋਂ ਵੱਧ ਉਤਪਾਦਨ ਇਕਾਈਆਂ ਅਤੇ 2.8 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਸ਼ਾਮਲ ਹਨ। ਦਮਨ ਵਿੱਚ ਨਮੋ ਹਵਾਈ ਅੱਡੇ ਦੇ ਉਦਘਾਟਨ ਨਾਲ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਨਾਲ ਹਵਾਈ ਸੰਪਰਕ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਸਰਕਾਰੀ ਇਮਾਰਤਾਂ ਦੇ 100 ਪ੍ਰਤੀਸ਼ਤ ਸੌਰ ਊਰਜਾ ਹਾਸਲ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵੀ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸ਼ਲਾਘਾ ਕੀਤੀ, ਜਿਸ ਦੀ ਸਥਾਪਿਤ ਸਮਰੱਥਾ ਲਗਭਗ 12 ਮੈਗਾਵਾਟ ਹੈ।
ਗੁਜਰਾਤ ਦੇ ਤਿੰਨ ਮਹਾਨ ਆਗੂਆਂ ਮਹਾਤਮਾ ਗਾਂਧੀ, ਸਰਦਾਰ ਵੱਲਭਭਾਈ ਪਟੇਲ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਅਹਿੰਸਾ ਅਤੇ ਆਜ਼ਾਦੀ ਸੰਗਰਾਮ ਦੀ ਨੁਮਾਇੰਦਗੀ ਕਰਦੇ ਹਨ, ਸਰਦਾਰ ਪਟੇਲ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਹਨ, ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਕਾਸ ਦੀ ਨੁਮਾਇੰਦਗੀ ਕਰਦੇ ਹਨ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਮਾਜਿਕ ਵਿਭਿੰਨਤਾ, ਸੱਭਿਆਚਾਰਕ ਵਿਰਾਸਤ ਅਤੇ ਸਦਭਾਵਨਾ ਦੀ ਭਾਵਨਾ ਇਸ ਨੂੰ 'ਮਿਨੀ ਇੰਡੀਆ' ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕ ਇੱਥੋਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ।
*****
ਪੀਆਰ/ਏਐੱਸਐੱਮ/ਵੀਐੱਮਜੇ
(Release ID: 2309951)
ਵਿਜ਼ੀਟਰ ਕਾਊਂਟਰ : 4