ਪ੍ਰਧਾਨ ਮੰਤਰੀ ਦਫਤਰ
azadi ka amrit mahotsav

8ਵੇਂ ਬ੍ਰਿਕਸ ਸੰਮੇਲਨ ਦੇ ਸੈਸ਼ਨ ‘ਸਮਾਵੇਸ਼ੀ ਆਲਮੀ ਸ਼ਾਸਨ ਅਤੇ ਮਜ਼ਬੂਤੀ’ ਦੌਰਾਨ ਪ੍ਰਧਾਨ ਮੰਤਰੀ ਦਾ ਸ਼ੁਰੂਆਤੀ ਸੰਬੋਧਨ


Posted On: 12 SEP 2026 4:08PM by PIB Chandigarh

ਹਿਜ਼ ਹਾਈਨੈੱਸ,
ਮਹਾਮਹਿਮ,
ਨਮਸਕਾਰ!

ਭਾਰਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।

ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ-ਪੱਖੀ ਅਤੇ ‘ਸਭ ਤੋਂ ਪਹਿਲਾਂ ਇਨਸਾਨੀਅਤ’ ਦੀ ਸੋਚ ’ਤੇ ਟਿਕੀ ਹੋਈ ਹੈ। ਮਜ਼ਬੂਤੀ, ਨਵੀਆਂ ਖੋਜਾਂ, ਸਹਿਯੋਗ ਅਤੇ ਟਿਕਾਊਪਨ ਸਾਡੀਆਂ ਤਰਜੀਹਾਂ ਰਹੀਆਂ ਹਨ। ਇਨ੍ਹਾਂ ਤਰਜੀਹਾਂ ਦੇ ਨਾਲ ਅਸੀਂ ਬ੍ਰਿਕਸ ਸਹਿਯੋਗ ਨੂੰ ਆਮ ਲੋਕਾਂ ਨਾਲ ਜੋੜਨ ’ਤੇ ਖਾਸ ਜ਼ੋਰ ਦਿੱਤਾ ਹੈ।

ਇਸੇ ਸੋਚ ਨਾਲ ਸਾਢੇ ਤਿੰਨ ਸੌ ਤੋਂ ਵੱਧ ਮੀਟਿੰਗਾਂ ਕਰਵਾਈਆਂ ਗਈਆਂ। ਤਕਰੀਬਨ 30 ਸ਼ਹਿਰਾਂ ਵਿੱਚ ਤੁਹਾਡੀਆਂ ਟੀਮਾਂ ਦਾ ਸਵਾਗਤ ਕਰਨ ਦਾ ਸਾਨੂੰ ਮੌਕਾ ਮਿਲਿਆ। ਭਾਰਤ ਦੀ ਬ੍ਰਿਕਸ ਪ੍ਰਧਾਨਗੀ ਨੂੰ ਸਫਲ ਬਣਾਉਣ ਵਿੱਚ ਤੁਹਾਡੇ ਸਰਗਰਮ ਯੋਗਦਾਨ ਅਤੇ ਹਮਾਇਤ ਲਈ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਦੋਸਤੋ,

ਇਸ ਸਾਲ ਦਾ ਬ੍ਰਿਕਸ ਸੰਮੇਲਨ ਇਤਿਹਾਸਕ ਪੜਾਅ ਹੈ। ਅਸੀਂ ਬ੍ਰਿਕਸ ਦੀ 20ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਮਨੁੱਖੀ ਜੀਵਨ ਵਿੱਚ 20 ਸਾਲ ਦੀ ਉਮਰ, ਸਮਝਦਾਰੀ ਅਤੇ ਜ਼ਿੰਮੇਵਾਰੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੁੰਦੀ ਹੈ। ਇਹ ਉਹ ਉਮਰ ਹੁੰਦੀ ਹੈ, ਜਦੋਂ ਸੁਪਨਿਆਂ ਨਾਲ ਜ਼ਿੰਮੇਵਾਰੀਆਂ ਜੁੜਦੀਆਂ ਹਨ, ਅਤੇ ਸਮਰੱਥਾ ਨੂੰ ਨਵੀਂ ਦਿਸ਼ਾ ਮਿਲਦੀ ਹੈ।

ਅੱਜ ਬ੍ਰਿਕਸ ਵੀ ਆਪਣੇ ਸਿਆਣੇ ਹੋਣ ਦੇ ਪੜਾਅ ’ਚੋਂ ਲੰਘ ਰਿਹਾ ਹੈ। ਪਿਛਲੇ 20 ਸਾਲਾਂ ਵਿੱਚ ਬ੍ਰਿਕਸ ਨੇ ਆਲਮੀ ਮੰਚ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਅਸੀਂ ਇੱਕ-ਦੂਜੇ ਦੇ ਨਜ਼ਰੀਏ ਦਾ ਸਤਿਕਾਰ ਕਰਦੇ ਹਾਂ ਅਤੇ ਆਪਸੀ ਸਹਿਮਤੀ ਨਾਲ ਅੱਗੇ ਵਧਦੇ ਹਾਂ। ਅਸੀਂ ਕਿਸੇ ਦੇ ਖਿਲਾਫ਼ ਨਹੀਂ, ਸਗੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ।

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਬ੍ਰਿਕਸ ਵਿੱਚ ਆਪਣੀ ਏਕਤਾ ਅਤੇ ਸਹਿਮਤੀ ਨੂੰ ਆਲਮੀ ਮੰਚ ’ਤੇ ਠੋਸ ਨਤੀਜਿਆਂ ਵਿੱਚ ਬਦਲੀਏ। ਅਗਲੇ 20 ਸਾਲਾਂ ਲਈ ਸਾਨੂੰ ਨਵੇਂ ਅਤੇ ਵੱਡੇ ਟੀਚਿਆਂ ਵਾਲੇ ਏਜੰਡੇ ’ਤੇ ਕੰਮ ਕਰਨਾ ਪਵੇਗਾ। ਇਸ ਦੀ ਸ਼ੁਰੂਆਤ ਸਾਨੂੰ ਆਪਣੇ ਖੁਦ ਦੇ ਕੰਮ ਕਰਨ ਦੇ ਤਰੀਕੇ ਤੋਂ ਕਰਨੀ ਪਵੇਗੀ।

ਬ੍ਰਿਕਸ ਦੀ ਪ੍ਰਧਾਨਗੀ ਹਰ ਸਾਲ ਬਦਲਦੀ ਹੈ, ਪਰ ਇਸ ਕਾਰਨ ਸਾਡੀ ਸੰਸਥਾਗਤ ਰਫ਼ਤਾਰ ਨਹੀਂ ਰੁਕਣੀ ਚਾਹੀਦੀ। ਮੈਂ ‘ਬ੍ਰਿਕਸ ਕੰਟੀਨਿਊਟੀ ਐਂਡ ਇੰਪਲੀਮੈਂਟੇਸ਼ਨ ਮਕੈਨਿਜ਼ਮ’ ਦਾ ਮਤਾ ਰੱਖਦਾ ਹਾਂ। ਇਸ ਤਹਿਤ ਟਰੋਇਕਾ ਰਾਹੀਂ ਸਾਰੀਆਂ ਪਹਿਲਕਦਮੀਆਂ ਅਤੇ ਨਤੀਜਿਆਂ ਦੀ ਪੈਰਵੀ ਹੋ ਸਕੇਗੀ।

ਅਸੀਂ ਇੱਕ ਸੁਰੱਖਿਅਤ ਡਿਜੀਟਲ ਰਿਪੋਜ਼ਟਰੀ ਬਣਾ ਸਕਦੇ ਹਾਂ। ਇਸ ਵਿੱਚ ਹਰ ਫੈਸਲੇ ਦੇ ਨਾਲ ਨੋਡਲ ਪੁਆਇੰਟ, ਸਮਾਂ-ਸੀਮਾ ਅਤੇ ਲਾਗੂ ਹੋਣ ਦੀ ਸਥਿਤੀ ਦਰਜ ਕੀਤੀ ਜਾ ਸਕਦੀ ਹੈ।

ਦੋਸਤੋ,

ਬ੍ਰਿਕਸ ਨੂੰ ਮਜ਼ਬੂਤ ਕਰਦਿਆਂ, ਸਾਨੂੰ ਆਲਮੀ ਸੁਧਾਰਾਂ ਦੀ ਦਿਸ਼ਾ ਵੀ ਤੈਅ ਕਰਨੀ ਪਵੇਗੀ। ਆਲਮੀ ਸ਼ਾਸਨ ਦਾ ਮੌਜੂਦਾ ਢਾਂਚਾ, ਇੱਕ ਪਿਰਾਮਿਡ ਵਰਗਾ ਲੱਗਦਾ ਹੈ। ਇਸ ਦੇ ਉੱਪਰਲੇ ਹਿੱਸੇ ਵਿੱਚ ਤਾਕਤ ਅਤੇ ਫੈਸਲੇ ਲੈਣ ਦਾ ਅਧਿਕਾਰ ਕੇਂਦਰਿਤ ਹੈ, ਅਤੇ ਹੇਠਲੇ ਹਿੱਸੇ ਵਿੱਚ ਉਹ ਦੇਸ਼ ਹਨ ਜੋ ਇਨ੍ਹਾਂ ਫੈਸਲਿਆਂ ਤੋਂ ਪ੍ਰਭਾਵਿਤ ਤਾਂ ਹੁੰਦੇ ਹਨ, ਪਰ ਉਨ੍ਹਾਂ ਨੂੰ ਤੈਅ ਨਹੀਂ ਕਰ ਸਕਦੇ।

ਗਲੋਬਲ ਸਾਊਥ ਅੱਜ ਆਲਮੀ ਸੰਕਟਾਂ ਦੀ ਮੂਹਰਲੀ ਕਤਾਰ ਵਿੱਚ ਹੈ, ਪਰ ਫੈਸਲੇ ਲੈਣ ਦੇ ਮਾਮਲੇ ਵਿੱਚ ਪਿਛਲੀ ਕਤਾਰ ਵਿੱਚ ਹੈ। ਸਾਨੂੰ ਇਸ “ਵਿਸ਼ੇਸ਼ ਅਧਿਕਾਰਾਂ ਵਾਲੇ ਪਿਰਾਮਿਡ” ਨੂੰ ‘ਭਾਈਵਾਲੀ ਵਾਲੇ ਮੰਚ’ ਵਿੱਚ ਬਦਲਣਾ ਪਵੇਗਾ, ਜਿੱਥੇ ਹਰ ਦੇਸ਼ ਦੀ ਆਵਾਜ਼ ਸੁਣੀ ਜਾਵੇ, ਹਰ ਮੈਂਬਰ ਦੀ ਹਿੱਸੇਦਾਰੀ ਹੋਵੇ ਅਤੇ ਹਰ ਕੋਸ਼ਿਸ਼ ਦੇ ਕੇਂਦਰ ਵਿੱਚ ਮਨੁੱਖਤਾ ਦਾ ਵਿਕਾਸ ਹੋਵੇ।

ਇਸ ਮਕਸਦ ਨਾਲ ਮੈਂ ਮਤਾ ਰੱਖਦਾ ਹਾਂ ਕਿ ਅਸੀਂ ਰਲ ਕੇ ਆਲਮੀ ਸ਼ਾਸਨ ਵਿੱਚ ਸੁਧਾਰ ਲਈ ਦਸ ਮਤੇ ਤਿਆਰ ਕਰੀਏ, ਜਿਨ੍ਹਾਂ ਨੂੰ ਅਸੀਂ ਅਗਲੇ ਸੰਮੇਲਨ ਤੱਕ ਇੱਕ ‘ਬ੍ਰਿਕਸ ਰਿਫਾਰਮ ਰੋਡਮੈਪ’ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਇਸ ਰੋਡਮੈਪ ਨੂੰ ਬਣਾਉਣ ਵਿੱਚ ਸਾਨੂੰ ਤਿੰਨ ਮੁੱਖ ਪਹਿਲੂਆਂ- ਨੁਮਾਇੰਦਗੀ, ਜਵਾਬਦੇਹੀ ਅਤੇ ਨਿਯਮ ਬਣਾਉਣ ਦਾ ਧਿਆਨ ਰੱਖਣਾ ਪਵੇਗਾ।

ਪਹਿਲਾ, ਨੁਮਾਇੰਦਗੀ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨ ਸਕਿਓਰਿਟੀ ਕੌਂਸਲ) ਵਿੱਚ ਸੁਧਾਰ ਨੂੰ ਹੁਣ ਹੋਰ ਟਾਲਿਆ ਨਹੀਂ ਜਾ ਸਕਦਾ। ਇਸ ਵਿਸ਼ੇ ’ਤੇ ਲਿਖਤੀ ਗੱਲਬਾਤ ਨੂੰ ਪੱਕੀ ਸਮਾਂ-ਸੀਮਾ ਅਤੇ ਸਪੱਸ਼ਟ ਨਤੀਜਿਆਂ ਨਾਲ ਜੋੜਨਾ ਪਵੇਗਾ।

ਇਸੇ ਤਰ੍ਹਾਂ, ਵਿੱਤੀ ਸੰਸਥਾਵਾਂ ਵਿੱਚ ਵੋਟਿੰਗ ਦਾ ਅਧਿਕਾਰ, ਅਗਵਾਈ ਵਾਲੇ ਅਹੁਦੇ ਅਤੇ ਨੀਤੀਗਤ ਤਰਜੀਹਾਂ ਅੱਜ ਦੀਆਂ ਆਰਥਿਕ ਹਕੀਕਤਾਂ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਹਨ। ਜਿਹੜੇ ਦੇਸ਼ ਆਲਮੀ ਆਰਥਿਕ ਵਿਕਾਸ ਨੂੰ ਰਫ਼ਤਾਰ ਦਿੰਦੇ ਹਨ, ਉਨ੍ਹਾਂ ਨੂੰ ਆਲਮੀ ਆਰਥਿਕ ਸ਼ਾਸਨ ਨੂੰ ਦਿਸ਼ਾ ਦੇਣ ਵਿੱਚ ਵੀ ਢੁਕਵੀਂ ਭੂਮਿਕਾ ਮਿਲਣੀ ਚਾਹੀਦੀ ਹੈ।

ਦੂਜਾ, ਜਵਾਬਦੇਹੀ। ਆਲਮੀ ਸੰਸਥਾਵਾਂ ਵਿੱਚ ਮਨੁੱਖਤਾ ਦਾ ਭਰੋਸਾ ਤਾਂ ਹੀ ਬਣੇਗਾ ਜਦੋਂ ਉਹ ਸਮੱਸਿਆਵਾਂ ਦਾ ਅਸਰਦਾਰ ਹੱਲ ਕਰਨ ਦੇ ਕਾਬਲ ਹੋਣਗੀਆਂ। ਸਾਨੂੰ ਸਮੂਹਿਕ ਕਾਰਵਾਈ ਦੀ ਰਫ਼ਤਾਰ, ਦਾਇਰੇ ਅਤੇ ਹੇਠਲੇ ਪੱਧਰ ਤੱਕ ਅਸਰ ’ਤੇ ਧਿਆਨ ਦੇਣਾ ਪਵੇਗਾ।

ਆਲਮੀ ਵਪਾਰ ਵਿੱਚ ਸਮੁੰਦਰੀ ਕਾਮਿਆਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਅਕਸਰ ਔਖੇ ਸਮੇਂ ਵਿੱਚ ਉਨ੍ਹਾਂ ਨੂੰ ਸਹਾਰੇ ਦੀ ਘਾਟ ਮਹਿਸੂਸ ਹੁੰਦੀ ਹੈ। ਮੇਰਾ ਸੁਝਾਅ ਹੈ ਕਿ ਕੀ ਅਸੀਂ ‘ਸੀਫੇਰਰਸ ਐਮਰਜੈਂਸੀ ਸਪੋਰਟ ਨੈੱਟਵਰਕ’ ਬਣਾ ਸਕਦੇ ਹਾਂ? ਇਸ ਰਾਹੀਂ ਸਬੰਧਤ ਦੇਸ਼ਾਂ ਦੀਆਂ ਸਮੁੰਦਰੀ ਅਥਾਰਟੀਆਂ ਅਤੇ ਮਿਸ਼ਨਾਂ ਨੂੰ ਜੋੜਿਆ ਜਾਵੇਗਾ। ਇਸ ਨਾਲ ਖਤਰੇ ਦੀ ਚਿਤਾਵਨੀ, ਡਾਕਟਰੀ ਮਦਦ, ਪਰਿਵਾਰਾਂ ਨੂੰ ਸੂਚਨਾ ਅਤੇ ਸੁਰੱਖਿਅਤ ਬਾਹਰ ਕੱਢਣ ਵਿੱਚ ਸਹਿਯੋਗ ਦਿੱਤਾ ਜਾ ਸਕਦਾ ਹੈ।

ਅਤੇ ਤੀਜੀ ਗੱਲ ਮੈਂ ਨਿਯਮ ਬਣਾਉਣ ਬਾਰੇ ਕਹਿਣਾ ਚਾਹੁੰਦਾ ਹਾਂ। ਭਵਿੱਖ ਦੇ ਆਲਮੀ ਨਿਯਮ ਤੈਅ ਕਰਨ ਵਿੱਚ ਬਰਾਬਰ ਦੀ ਭਾਈਵਾਲੀ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ।

ਏਆਈ, ਸਾਈਬਰ ਸਪੇਸ, ਆਊਟਰ ਸਪੇਸ (ਬਾਹਰੀ ਪੁਲਾੜ), ਬਾਇਓਟੈਕਨੋਲੋਜੀ ਅਤੇ ਨਾਜ਼ੁਕ ਤਕਨੀਕਾਂ, ਭਵਿੱਖ ਦੇ ਮੌਕਿਆਂ ਦੇ ਨਾਲ-ਨਾਲ ਭਵਿੱਖ ਦੇ ਨਿਯਮ ਵੀ ਤੈਅ ਕਰ ਰਹੀਆਂ ਹਨ।

ਸਾਨੂੰ ਗਲੋਬਲ ਸਾਊਥ ਨੂੰ ਸਿਰਫ ਨਿਯਮ ਮੰਨਣ ਵਾਲਿਆਂ ਦੀ ਥਾਂ ਨਿਯਮ ਘੜਨ ਵਾਲਿਆਂ ਵਿੱਚ ਬਦਲਣ ਲਈ ਯਤਨ ਕਰਨੇ ਪੈਣਗੇ। ਬ੍ਰਿਕਸ ਰਾਹੀਂ ਅਸੀਂ ਗਲੋਬਲ ਸਾਊਥ ਦੇ ਦੇਸ਼ਾਂ ਦੇ ਨੌਜਵਾਨ ਡਿਪਲੋਮੈਟਾਂ ਅਤੇ ਨੀਤੀ-ਘਾੜਿਆਂ ਨੂੰ ਗੱਲਬਾਤ ਦੇ ਹੁਨਰ, ਅਮਲੀ ਸਿਖਲਾਈ ਅਤੇ ਕਾਨੂੰਨੀ ਮੁਹਾਰਤ ਮੁਹੱਈਆ ਕਰਵਾ ਸਕਦੇ ਹਾਂ।

ਇਹ ਬੜਾ ਸੁਖਾਵਾਂ ਸਬੱਬ ਹੈ ਕਿ ਅੱਜ ‘ਸਾਊਥ-ਸਾਊਥ ਕੋਆਪਰੇਸ਼ਨ ਲਈ ਸੰਯੁਕਤ ਰਾਸ਼ਟਰ ਦਿਵਸ’ ਹੈ। ਗਲੋਬਲ ਸਾਊਥ ਨੂੰ ਸਮਰਪਿਤ ਇਸ ਦਿਨ ’ਤੇ ਅਜਿਹਾ ਫੈਸਲਾ ਲਿਆ ਜਾਣਾ ਖਾਸ ਅਹਿਮੀਅਤ ਰੱਖਦਾ ਹੈ। ਭਾਰਤ ਇਸ ਮਾਮਲੇ ਵਿੱਚ ਅਗਵਾਈ ਕਰਨ ਲਈ ਤਿਆਰ ਹੈ।

ਦੋਸਤੋ,

ਭਾਰਤ ਵਿੱਚ ਕਰਵਾਏ ਗਏ ਇਸ ਬ੍ਰਿਕਸ ਸੰਮੇਲਨ ਦਾ ਸੁਨੇਹਾ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਹੈ: ਜੇ ਸਾਡਾ ਭਵਿੱਖ ਸਾਂਝਾ ਹੈ, ਤਾਂ ਉਸ ਨੂੰ ਬਣਾਉਣ ਦਾ ਹੱਕ ਵੀ ਸਾਂਝਾ ਹੋਣਾ ਚਾਹੀਦਾ ਹੈ।

ਆਵਾਜ਼ ਤੋਂ ਲੈ ਕੇ ਅਸਰ ਤੱਕ। ਵਿਸ਼ੇਸ਼ ਅਧਿਕਾਰ ਤੋਂ ਲੈ ਕੇ ਭਾਈਵਾਲੀ ਤੱਕ।

ਇਹੀ ‘ਬ੍ਰਿਕਸ ਐਟ 20’ ਦਾ ਸੰਕਲਪ ਹੋਵੇ।

ਬਹੁਤ-ਬਹੁਤ ਧੰਨਵਾਦ।

 

***********



ਐੱਮਜੇਪੀਐੱਸ/ਐੱਸਐੱਸ/ਐੱਸਟੀ 
 


(Release ID: 2309503) ਵਿਜ਼ੀਟਰ ਕਾਊਂਟਰ : 5