ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਨੂੰ ਗਲੋਬਲ ਮੈਡੀਕਲ ਅਤੇ ਹੈਲਥਕੇਅਰ ਡੈਸਟੀਨੇਸ਼ਨ ਵਜੋਂ ਉਭਰਨ ਦਾ ਸੱਦਾ ਦਿੱਤਾ


ਭਾਰ ਦਾ ਐੱਫਟੀਏ ਨੈੱਟਵਰਕ ਹੈਲਥਕੇਅਰ ਉਦਯੋਗ ਲਈ ਬਜ਼ਾਰ ਪਹੁੰਚ ਦੇ ਮੌਕਿਆਂ ਦਾ ਵਿਸਥਾਰ ਕਰਦਾ ਹੈ: ਸ਼੍ਰੀ ਗੋਇਲ

ਭਾਰਤ ਨੂੰ ਮੈਡਟੈੱਕ ਇਨੋਵੇਸ਼ਨ, ਇਨਕਿਊਬੇਸ਼ਨ ਅਤੇ ਸੰਪਦਾ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ: ਸ਼੍ਰੀ ਗੋਇਲ

Posted On: 07 SEP 2026 2:46PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਨੂੰ ‘ਵਿਸ਼ਵ ਦੀ ਫਾਰਮੇਸੀ’ ਵਜੋਂ ਆਪਣਾ ਦਰਜਾ ਕਾਇਮ ਕਰਨ ਅਤੇ ਗਲੋਬਲ ਮੈਡੀਕਲ ਅਤੇ ਹੈਲਥਕੇਅਰ ਡੈਸਟੀਨੇਸ਼ਨ ਵਜੋਂ ਉਭਰਨ ਦਾ ਸੱਦਾ ਦਿੱਤਾ। ਨਵੀਂ ਦਿੱਲੀ ਵਿਖੇ ਫਾਰਮਾ ਮੈਕਟੈੱਕ ਅਤੇ ਲੈਬਨੈਕਸਟ ਐਕਸਪੋ 2026 ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗੋਇਲ ਨੇ ਇਲਾਜ ਤੋਂ ਪਰ੍ਹੇ ਸਿਹਤ ਸੰਭਾਲ ਦੇ ਵਧ ਰਹੇ ਮਹੱਤਵ ‘ਤੇ ਚਾਨਣਾ ਪਾਇਆ, ਜਿਸ ਵਿੱਚ ਰੋਕਥਾਮ, ਭਲਾਈ, ਦੇਖਭਾਲ, ਇਲਾਜ, ਪ੍ਰਯੋਗਸ਼ਾਲਾ ਸਮਰੱਥਾ, ਮੈਡੀਕਲ ਡਿਵਾਇਸਿਜ਼, ਟੈਲੀਕੰਸਲਟੇਸ਼ਨ, ਡਿਜੀਟਲ ਹੈਲਥ ਸੌਲਿਊਸ਼ਨਸ, ਨਵੀਆਂ ਦਵਾਈਆਂ ਅਤੇ ਆਧੁਨਿਕ ਉਪਕਰਣਾਂ ਲਈ ਨਵੀਨਤਾ ਅਤੇ ਖੋਜ ਤੇ ਵਿਕਾਸ ਸ਼ਾਮਲ ਹਨ।

ਸ਼੍ਰੀ ਗੋਇਲ ਨੇ ਉਦਯੋਗ ਜਗਤ ਨੂੰ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ ਤੋਂ ਪੈਦਾ ਹੋਣ ਵਾਲੇ ਮੌਕਿਆਂ ਦੀ ਵਰਤੋਂ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ, ਭਾਰਤ ਦੇ ਮੁਕਤ ਵਪਾਰ ਸਮਝੌਤਿਆਂ ਵਿੱਚ ਸਮੂਹਿਕ ਤੌਰ ‘ਤੇ ਲਗਭਗ 10 ਟ੍ਰਿਲੀਅਨ ਡਾਲਰ ਦੇ ਕੁੱਲ ਘਰੇਲੂ ਉਤਪਾਦ ਵਾਲੀਆਂ ਅਰਥਵਿਵਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਦਕਿ ਪਿਛਲੇ ਚਾਰ ਤੋਂ ਸਾਢੇ ਚਾਰ ਵਰ੍ਹਿਆਂ ਵਿੱਚ ਅੰਤਿਮ ਰੂਪ ਦਿੱਤੇ ਗਏ ਨੌਂ ਮੁਕਤ ਵਪਾਰ ਅਤੇ ਦੁਵੱਲੇ ਵਪਾਰ ਸਮਝੌਤਿਆਂ ਵਿੱਚ ਲਗਭਗ 60 ਟ੍ਰਿਲੀਅਨ ਡਾਲਰ ਦੀ ਸੰਯੁਕਤ ਜੀਡੀਪੀ ਵਾਲੀਆਂ ਅਰਥਵਿਵਸਥਾਵਾਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਗੱਲਬਾਤ ਇਸ ਕਵਰੇਜ ਨੂੰ ਲਗਭਗ 75 ਟ੍ਰਿਲੀਅਨ ਡਾਲਰ ਤੱਕ ਵਧਾ ਸਕਦੀ ਹੈ, ਜੋ ਤਰਜੀਹੀ ਘੱਟ-ਡਿਊਟੀ ਮਾਰਕਿਟ ਐਕਸੈੱਸ, ਸਰਵਿਸਿਜ਼ ਅਤੇ ਮੋਬੀਲਿਟੀ ਦੇ ਮੌਕੇ ਪ੍ਰਦਾਨ ਕਰਦੀ ਹੈ।

ਸ਼੍ਰੀ ਗੋਇਲ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਰਕਾਰ ਨੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕੀਤੇ ਹਨ ਅਤੇ ਇੱਕ ਭਰੋਸੇਮੰਦ ਅੰਤਰਰਾਸ਼ਟਰੀ ਭਾਈਵਾਲ ਵਜੋਂ ਭਾਰਤ ਦੇ ਦਰਜੇ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਹਿਤਧਾਰਕਾਂ ਨੂੰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਹਿੱਸਾ ਲੈਣ ਅਤੇ ਸਾਰਿਆਂ ਲਈ ਗੁਣਵੱਤਾਪੂਰਨ ਸਿੱਖਿਆ, ਸਿਹਤ ਸੰਭਾਲ ਅਤੇ ਮੌਕਿਆਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਮੈਡੀਕਲ ਅਤੇ ਫਾਰਮਾਸਿਊਟੀਕਲ ਮਸ਼ੀਨਰੀ, ਖਪਤਕਾਰੀ ਸਮਾਨਾਂ ਅਤੇ ਸਬੰਧਿਤ ਖੇਤਰ ਵਪਾਰਕ ਨਿਰਯਾਤ, ਆਯਾਤ ਬਦਲ ਅਤੇ ਸੇਵਾਵਾਂ ਦੇ ਨਿਰਯਾਤ ਲਈ ਮਹੱਤਵਪੂਰਨ ਸੰਭਾਵਨਾਵਾਂ ਨਾਲ ਇੱਕ ਵਧਦੇ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹੈਲਥਕੇਅਰ ਈਕੋਸਿਸਟਮ ਵਿੱਚ ਵਿਸ਼ੇਸ਼ ਤੌਰ ‘ਤੇ ਮੈਡਟੈੱਕ ਖੇਤਰ ਵਿੱਚ ਕਰੋੜਾਂ ਰੁਜ਼ਗਾਰ, ਵਪਾਰ ਦੇ ਹਜ਼ਾਰਾਂ ਮੌਕੇ ਅਤੇ ਲੱਖਾਂ ਨਵੇਂ ਸਟਾਰਟਅੱਪਸ ਉੱਦਮ ਪੈਦਾ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਦੇਸ਼ ਭਰ ਵਿੱਚ ਗੁਣਵੱਤਾਪੂਰਨ ਸਿਹਤ ਸੰਭਾਲ ਦੀ ਉਪਲਬਧਤਾ ਵਿੱਚ ਯੋਗਦਾਨ ਦਿੰਦੇ ਹੋਏ ਨੌਜਵਾਨਾਂ ਲਈ ਵਪਾਰ ਦੇ ਮੌਕੇ, ਰੁਜ਼ਗਾਰ ਅਤੇ ਆਮਦਨ ਪੈਦਾ ਕਰ ਸਕਦਾ ਹੈ।

ਸ਼੍ਰੀ ਗੋਇਲ ਨੇ ਡਿਜ਼ਾਈਨ, ਕੌਪੀਰਾਈਟ, ਪੇਟੈਂਟ ਕਾਨੂੰਨਾਂ ਅਤੇ ਬੌਧਿਕ ਸੰਪਦਾ ਈਕੋਸਿਸਟਮ ਵਿੱਚ ਸੁਧਾਰ ਦੇ ਨਾਲ-ਨਾਲ ਮੈਡਟੈੱਕ, ਮੈਡੀਕਲ ਉਪਕਰਣ ਅਤੇ ਖਪਤਕਾਰ ਸਮੱਗਰੀਆਂ ਲਈ ਸਟਾਰਟਅੱਪ ਇਨਕਿਊਬੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਹੋਰ ਦੇਸ਼ਾਂ ਵਿੱਚ ਖੋਜ ਅਤੇ ਵਿਕਾਸ ਕੇਂਦਰਾਂ ਨਾਲ ਸਹਿਯੋਗ ਨੂੰ ਉਤਸ਼ਾਹਿਤ ਕੀਤਾ, ਆਲਮੀ ਨਵੀਨਤਾਕਾਂ ਅਤੇ ਵੱਡੀਆਂ ਦਵਾਈ ਕੰਪਨੀਆਂ ਨੂੰ ਭਾਰਤ ਵਿੱਚ ਸੱਦਾ ਦਿੱਤਾ ਅਤੇ ਦੇਸ਼ ਵਿੱਚ ਡਿਜ਼ਾਈਨ ਸੈਂਟਰ ਸਥਾਪਿਤ ਕੀਤੇ।

ਸ਼੍ਰੀ ਗੋਇਲ ਨੇ ਇਸ ਖੇਤਰ ਵਿੱਚ ਆਤਮ-ਨਿਰਭਰਤਾ ਨੂੰ ਅੱਗੇ ਵਧਾਉਣ ਲਈ ਤਕਨਾਲੋਜੀ ਸਾਂਝੇਦਾਰੀ, ਮਜ਼ਬੂਤ ਬਾਇਰ-ਸੈਲਰ ਸਬੰਧ ਅਤੇ ਸੰਯੁਕਤ ਉੱਦਮਾਂ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਇਸ ਕਦਮ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਲੋੜ ਨਹੀਂ ਹੈ ਅਤੇ ਭਾਰਤੀ ਤਕਨਾਲੋਜੀਆਂ ਨੂੰ ਆਲਮੀ ਬਜ਼ਾਰਾਂ ਵਿੱਚ ਲੈ ਜਾਂਦੇ ਹੋਏ ਭਾਰਤ ਨੂੰ ਉਚਿਤ ਆਲਮੀ ਤਕਨਾਲੋਜੀਆਂ ਲਿਆ ਸਕਦਾ ਹੈ। ਉਨ੍ਹਾਂ ਨੇ ਕੋ-ਡਿਜ਼ਾਈਨਿੰਗ, ਕੋ-ਡਿਵੈਲਪਿੰਗ, ਲਾਈਸੈਂਸਿੰਗ, ਨਾਲੇਜ਼ ਸ਼ੇਅਰਿੰਗ ਅਤੇ ਨਾਲੇਜ਼ ਟ੍ਰਾਂਸਫਰ ਨੂੰ ਵੀ ਉਤਸ਼ਾਹਿਤ ਕੀਤਾ।

ਸ਼੍ਰੀ ਪੀਯੂਸ਼ ਗੋਇਲ ਨੇ ਖੋਜ, ਦਵਾਈਆਂ ਅਤੇ ਮੈਡੀਕਲ ਉਪਕਰਣਾਂ ਵਿੱਚ ਆਤਮ-ਨਿਰਭਰਤਾ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਐਕਸਪੋਰਟ ਪ੍ਰਮੋਸ਼ਨ ਕੌਂਸਲਾਂ ਅਤੇ ਉਦਯੋਗ ਹਿਤਧਾਰਕਾਂ ਨੂੰ ਇਸ ਯਤਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਦੇ ਲਈ ਸਮਰੱਥਾ ਅਤੇ ਮੌਕਿਆਂ ਵਿੱਚ ਸੁਧਾਰ ਲਈ ਗੁੱਡਸ ਐਂਡ ਸਰਵਿਸ ਟੈਕਸ (GST) ਵਿੱਚ ਸੋਧ ਕੀਤੀ ਗਈ ਹੈ। ਉਨ੍ਹਾਂ ਨੇ ਖੋਜ ਅਤੇ ਵਿਕਾਸ, ਨਵੀਨਤਾ ਅਤੇ ਵਿੱਤ ਪੋਸ਼ਣ ਲਈ 1 ਲੱਖ ਕਰੋੜ ਰੁਪਏ ਦੀ ਵਚਨਬੱਧਤਾ ‘ਤੇ ਵੀ ਚਾਨਣਾ ਪਾਇਆ ਅਤੇ ਹਿਤਧਾਰਕਾਂ ਨੂੰ ਨਵੇਂ ਉਪਕਰਣਾ, ਨਵੀਆਂ ਦਵਾਈਆਂ ਅਤੇ ਦਵਾਈਆਂ ਨੂੰ ਵਿਕਸਿਤ ਕਰਨ ਲਈ ਇਨ੍ਹਾਂ ਮੌਕਿਆਂ ਦਾ  ਲਾਭ ਲੈਣ ਦੀ ਤਾਕੀਦ ਕੀਤੀ।

ਸ਼੍ਰੀ ਗੋਇਲ ਨੇ ਉਪਕਰਣਾਂ ਦੇ ਵਧੇਰੇ ਸਵਦੇਸ਼ੀਕਰਣ ਰਾਹੀਂ ਹੈਲਥਕੇਅਰ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਆਕਸੀਜਨ ਨੇਟਰ ਅਤੇ ਵੈਂਟੀਲੇਟਰ ਦੀ ਕਮੀ ਸਮੇਤ ਕੋਵਿਡ-19 ਦੌਰਾਨ ਅਨੁਭਵ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਅਨੁਭਵ ਤੋਂ ਸਿੱਖਣ ਅਤੇ ਮਿਆਰਾਂ ‘ਤੇ ਜ਼ੀਰੋ ਸਮਝੌਤੇ ਦੇ ਨਾਲ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੂੰ ਨਾ ਸਿਰਫ਼ ਹਰੇਕ ਭਾਰਤੀ ਨੂੰ ਉੱਚ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ, ਸਗੋਂ ਭਾਰਤ ਨੂੰ ਦੁਨੀਆ ਨੂੰ ਤੰਦਰੁਸਤੀ ਅਤੇ ਸਿਹਤ ਸੰਭਾਲ ਪ੍ਰਦਾਨ ਕਰਨਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤੀ ਮੈਡੀਕਲ ਉਪਕਰਣ ਅਤੇ ਫਾਰਮਾਸਿਊਟੀਕਲ, ਭਾਰਤੀ ਡਾਕਟਰਾਂ ਦੁਆਰਾ ਮਰੀਜ਼ ਦੀ ਦੇਖਭਾਲ, ਨਰਸਿੰਗ ਅਤੇ ਦੇਖਭਾਲ ਕਰਨ ਵਾਲੇ, ਤਕਨੀਸ਼ੀਅਨਾਂ, ਹਸਪਤਾਲ ਪ੍ਰਸ਼ਾਸਕਾਂ, ਪ੍ਰਬੰਧਨ ਕਰਮਚਾਰੀਆਂ ਅਤੇ ਇੰਜੀਨੀਅਰਿੰਗ ਕਰਮਚਾਰੀਆਂ ਨਾਲ ਲੈਸ ਇੱਕ ਏਕੀਕ੍ਰਿਤ ਹੈਲਥਕੇਅਰ ਈਕੋਸਿਸਮਟ ਦੀ ਸੰਭਾਵਨਾ ਨੂੰ ਉਜਾਗਰ ਕੀਤਾ।

ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਧੇਰੇ ਕੁਸ਼ਲਤਾ ਲਿਆਏਗੀ ਅਤੇ ਸਿਹਤ ਪੇਸ਼ੇਵਰਾਂ ਨੂੰ ਆਪਣੇ ਕੰਮ ਨੂੰ ਬਿਹਤਰ, ਸਮਾਰਟ ਅਤੇ ਤੇਜ਼ੀ ਨਾਲ ਕਰਨ ਵਿੱਚ ਮਦਦ ਕਰੇਗੀ, ਜਦਕਿ ਮਨੁੱਖੀ ਦੇਖਭਾਲ ਅਤੇ ਨਰਸਿੰਗ ਜ਼ਰੂਰਤ ਬਣੀ ਰਹੇਗੀ।

ਸ਼੍ਰੀ ਪੀਯੂਸ਼ ਗੋਇਲ ਨੇ ਖੋਜ ਅਤੇ ਵਿਕਾਸ ਵਿੱਚ ਭਾਰਤ ਦੇ ਲਾਗਤ ਸਬੰਧੀ ਲਾਭ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਦਯੋਗ, ਅਕਾਦਮਿਕਾਂ, ਮੈਡੀਕਲ ਕਾਲਜਾਂ, ਆਈਆਈਟੀ ਅਤੇ ਹੋਰ ਉੱਤਮਤਾ ਕੇਂਦਰਾਂ ਦਰਮਿਆਨ ਵਧੇਰੇ ਸਹਿਯੋਗ ਖੋਜ ਅਤੇ ਵਿਕਾਸ ਦੇ ਪੱਧਰ ਦਾ ਕਾਫੀ ਵਿਸਤਾਰ ਕਰ ਸਕਦਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਮੈਨੂਫੈਕਚਰਿੰਗ ਉਪਕਰਣਾਂ ਦੇ ਨਾਲ-ਨਾਲ ਭਾਰਤ ਵਿੱਚ ਨਵੀਨਤਾ, ਡਿਜ਼ਾਈਨ ਅਤੇ ਕਲੀਨਿਕਲ ਟ੍ਰਾਇਲਜ਼ ਦੀ ਸਮਰੱਥਾ ‘ਤੇ ਚਾਨਣਾ ਪਾਇਆ।

ਸ਼੍ਰੀ ਗੋਇਲ ਨੇ ਕਿਹਾ ਕਿ ਸਵੈ-ਚਾਲਿਤ ਮਾਰਗ ਰਾਹੀਂ 100 ਪ੍ਰਤੀਸ਼ਤ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਮਨਜ਼ੂਰੀ ਹੈ। ਆਰਥਿਕ ਸਮੀਖਿਆ 2025-26 ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਫਾਰਮਾਸਿਊਟੀਕਲ ਇੰਡਸਟ੍ਰੀ ਵੌਲਿਊਮ ਤੋਂ ਵੈਲਿਊ ਵੱਲ ਵਧ ਰਿਹਾ ਹੈ।

ਉਨ੍ਹਾਂ ਨੇ ਗੁਣਵੱਤਾ ‘ਤੇ ਕੋਈ ਸਮਝੌਤਾ ਨਾ ਕਰਦੇ ਹੋਏ ਉੱਚ ਗੁਣਵੱਤਾ ਵਾਲੇ ਉਪਕਰਣਾ ਰਾਹੀਂ ਮਹੱਤਵਪੂਰਨ ਕੰਪੋਨੈਂਟ ਈਕੋਸਿਸਟਮ ਅਤੇ ਘਰੇਲੂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਾਂਝੇ ਪ੍ਰੀਖਣ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਨਿਰਮਾਣ ਦਾ ਮਤਾ ਰੱਖਿਆ, ਜਿੱਥੇ ਭਾਰਤੀ ਉਪਕਰਣਾਂ ਦਾ ਪ੍ਰੀਖਣ ਕੀਤਾ ਜਾ ਸਕਦਾ ਹੈ, ਦੁਨੀਆ ਵਿੱਚ ਸਰਬਸ਼੍ਰੇਸ਼ਠ ਦੇ ਮੁਕਾਬਲੇ ਬੈਂਚਮਾਰਕ ਕੀਤਾ ਜਾ ਸਕਦਾ ਹੈ, ਆਲਮੀ ਗਾਹਕਾਂ ਨੂੰ ਪ੍ਰਮਾਣਿਤ ਅਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੁਆਰਾ ਸਪਾਂਸਰਡ ਜਾਂ ਯੂਨੀਵਰਸਿਟੀ ਲੈਬਸ ਵਿੱਚ ਅਜਿਹੀਆਂ ਸਹੂਲਤਾਂ ਲਈ ਸਰਬਸ਼੍ਰੇਸ਼ਠ ਤਕਨੀਕੀ ਪ੍ਰੀਖਣ ਉਪਕਰਣਾਂ ਦੇ ਅਧਿਗ੍ਰਹਿਣ ਦਾ ਸਮਰਥਨ ਕਰੇਗੀ।  

ਸ਼੍ਰੀ ਪੀਯੂਸ਼ ਗੋਇਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਦਯੋਗ, ਉੱਦਮੀਆਂ, ਸਟਾਰਟਅੱਪਸ, ਖੋਜਕਰਤਾਵਾਂ, ਸਿਹਤ ਪੇਸ਼ੇਵਰਾਂ ਅਤੇ ਹੋਰ ਹਿਤਧਾਰਕਾਂ ਦੇ ਸਾਂਝੇ ਯਤਨ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਯੋਗਦਾਨ ਦੇ ਸਕਦੇ ਹਨ।

***************

ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ/ਬਲਜੀਤ ਸਿੰਘ


(Release ID: 2307868) ਵਿਜ਼ੀਟਰ ਕਾਊਂਟਰ : 2