ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਆਪਣਾ 9ਵਾਂ ਸਥਾਪਨਾ ਦਿਵਸ ਮਨਾਇਆ; ਵਪਾਰੀਆਂ ਲਈ ਡਾਕਪੇ ਸਾਊਂਡ ਬੌਕਸ ਅਤੇ ਗ੍ਰਾਹਕਾਂ ਲਈ ਨਵੇਂ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਕੀਤੀ
Posted On:
01 SEP 2026 7:50PM by PIB Chandigarh
ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਨੇ ਅੱਜ ਆਪਣਾ 9ਵਾਂ ਸਥਾਪਨਾ ਦਿਵਸ ਮਨਾਇਆ, ਜਿਸ ਵਿੱਚ ਦੇਸ਼ ਭਰ ਵਿੱਚ ਪਹੁੰਚਯੋਗ, ਸਮਾਵੇਸ਼ੀ ਅਤੇ ਤਕਨਾਲੋਜੀ-ਸਮਰੱਥ ਵਿੱਤੀ ਸੇਵਾਵਾਂ ਦੇ ਵਿਸਥਾਰ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਹਰ ਨਾਗਰਿਕ ਤੱਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ, ਆਈਪੀਪੀਬੀ ਨੇ ਅੰਤਿਮ ਸਿਰ੍ਹੇ ਤੱਕ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਦਾ ਇੱਕ ਵਿਲੱਖਣ ਮਾਡਲ ਤਿਆਰ ਕਰਨ ਲਈ ਇੰਡੀਆ ਪੋਸਟ ਦੇ ਵਿਆਪਕ ਨੈੱਟਵਰਕ ਅਤੇ ਡਿਜੀਟਲ ਤਕਨੀਕ ਦੀ ਵਰਤੋਂ ਕੀਤੀ ਹੈ। ਪਿਛਲੇ 9 ਵਰ੍ਹਿਆਂ ਵਿੱਚ, ਇਹ ਬੈਂਕ ਨਾਗਰਿਕਾਂ ਨੂੰ ਬੈਂਕਿੰਗ, ਡਿਜੀਟਲ ਭੁਗਤਾਨ, ਸਰਕਾਰੀ ਲਾਭਾਂ ਅਤੇ ਹੋਰ ਜ਼ਰੂਰੀ ਵਿੱਤੀ ਸੇਵਾਵਾਂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਪਲੈਟਫਾਰਮ ਬਣ ਕੇ ਉਭਰਿਆ ਹੈ।
9ਵੇਂ ਸਥਾਪਨਾ ਦਿਵਸ ਸਮਾਰੋਹ ਦੇ ਹਿੱਸੇ ਵਜੋਂ, ਆਈਪੀਪੀਬੀ ਨੇ ਵਪਾਰੀਆਂ ਦੇ ਲਈ ਡਾਕਪੇ ਸਾਊਂਡ ਬੌਕਸ ਲਾਂਚ ਕਰਨ ਦਾ ਐਲਾਨ ਕੀਤਾ, ਜਿਸ ਨੂੰ ਵਪਾਰੀਆਂ ਲਈ ਰੋਜ਼ਾਨਾ ਡਿਜੀਟਲ ਭੁਗਤਾਨ ਮਨਜ਼ੂਰੀ ਨੂੰ ਸਰਲ ਅਤੇ ਮਜ਼ਬੂਤ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਬੈਂਕ ਨੇ ਆਪਣੇ ‘ਡਿਜੀਟਲ ਇੰਸ਼ੋਰੈਂਸ ਟੈਕਨੋਲੋਜੀ ਪਲੈਟਫਾਰਮ’ ਦੀ ਸ਼ੁਰੂਆਤ ਦਾ ਵੀ ਐਲਾਨ ਕੀਤਾ, ਜਿਸ ਨੂੰ ਗ੍ਰਾਹਕਾਂ ਨੂੰ ਜੀਵਨ, ਸਿਹਤ ਅਤੇ ਆਮ ਬੀਮਾ ਦੇ ਮੌਕਿਆਂ ਨਾਲ ਜੋੜ ਕੇ ਬੀਮਾ ਸਮਾਧਾਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਆਈਪੀਪੀਬੀ ਨੇ ਇੱਕ ਡਿਜੀਟਲ ਮਿਊਚੁਅਲ ਫੰਡ ਪਲੈਟਫਾਰਮ ਵੀ ਸ਼ੂਰੂ ਕੀਤਾ ਹੈ, ਜਿਸ ਦਾ ਉਦੇਸ਼ ਗ੍ਰਾਹਕਾਂ ਨੂੰ ਇੱਕ ਸਰਲ, ਪਹੁੰਚਯੋਗ ਅਤੇ ਸਹਿਜ ਡਿਜੀਟਲ ਨਿਵੇਸ਼ ਅਨੁਭਵ ਪ੍ਰਦਾਨ ਕਰਨਾ ਹੈ।
ਇਹ ਨਵੇਂ ਪਲੈਟਫਾਰਮ ਇਕੱਠੇ ਮਿਲ ਕੇ ਆਈਪੀਪੀਬੀ ਦੇ ਪ੍ਰਸਤਾਵ ਵਿੱਚ ਇੱਕ ਮਹੱਤਵਪੂਰਨ ਵਿਸਥਾਰ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਰੋਜ਼ਾਨਾ ਬੈਂਕਿੰਗ ਅਤੇ ਭੁਗਤਾਨਾਂ ਨੂੰ ਸਮਰੱਥ ਬਣਾਉਣ ਤੋਂ ਲੈ ਕੇ ਸੁਰੱਖਿਆ, ਨਿਵੇਸ਼ ਅਤੇ ਵਿੱਤੀ ਸੁਰੱਖਿਆ ਤੱਕ ਬਿਹਤਰ ਪਹੁੰਚ ਨੂੰ ਯਕੀਨੀ ਬਣਾਉਂਦੇ ਹਨ।
ਮੁੱਖ ਉਪਲਬਧੀਆਂ (31 ਮਾਰਚ 2026 ਤੱਕ)
-
ਪੂਰੇ ਭਾਰਤ ਵਿੱਚ 13.25 ਕਰੋੜ ਗ੍ਰਾਹਕ ਹਨ, ਜਿਨ੍ਹਾਂ ਵਿੱਚੋਂ 77% ਗ੍ਰਾਮੀਣ ਇਲਾਕਿਆਂ ਤੋਂ ਹਨ ਅਤੇ 49% ਮਹਿਲਾ ਗ੍ਰਾਹਕ ਹਨ। ਇਨ੍ਹਾਂ ਗ੍ਰਾਹਕਾਂ ਨੇ ਬੈਂਕ ਵਿੱਚ 29,104 ਕਰੋੜ ਰੁਪਏ ਜਮ੍ਹਾਂ ਕੀਤੇ ਹਨ।
-
21.61 ਲੱਖ ਕਰੋੜ ਰੁਪਏ ਦੇ ਡਿਜੀਟਲ ਵਿੱਤੀ ਲੈਣ-ਦੇਣ ਹੋਏ, ਜਿਸ ਵਿੱਚ 7.41 ਲੱਖ ਕਰੋੜ ਰੁਪਏ ਮੁੱਲ ਦਾ ਯੂਪੀਆਈ ਰੈਮਿਟੈਂਸ ਸ਼ਾਮਲ ਹਨ।
-
6.5 ਕਰੋੜ ਡੀਬੀਟੀ ਲਾਭਾਰਥੀਆਂ ਨੂੰ ਲਗਭਗ 1.55 ਲੱਖ ਕਰੋੜ ਰੁਪਏ ਦਾ ਲਾਭ ਮਿਲਿਆ।
-
12.06 ਕਰੋੜ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (ਏਈਪੀਐੱਸ) ਲੈਣ-ਦੇਣ ਦਰਜ ਕੀਤੇ ਗਏ, ਜਿਸ ਦੇ ਰਾਹੀਂ 36,140 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ।
-
ਪੈਨਸ਼ਨਰਜ਼ ਨੂੰ 29.43 ਲੱਖ ਡਿਜੀਟਲ ਲਾਈਫ ਸਰਟੀਫਿਕੇਟ ਜਾਰੀ ਕੀਤੇ ਗਏ।
-
9.47 ਕਰੋੜ ਆਧਾਰ ਮੋਬਾਈਲ ਅੱਪਡੇਟ ਅਤੇ 1.35 ਕਰੋੜ ਬਾਲ ਆਧਾਰ ਨਾਮਾਂਕਣ ਕੀਤੇ ਗਏ।
ਆਈਪੀਪੀਬੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਆਰ. ਵਿਸ਼ਵੇਸ਼ਵਰਨ ਨੇ ਕਿਹਾ, “ਸਾਡਾ 9ਵਾਂ ਸਥਾਪਨਾ ਦਿਵਸ ਸਿਰਫ਼ ਆਈਪੀਪੀਬੀ ਦੀਆਂ ਉਪਲਬਧੀਆਂ ਦਾ ਉਤਸਵ ਹੀ ਨਹੀਂ ਹੈ, ਸਗੋਂ ਇਹ ਉਨ੍ਹਾਂ ਉਮੀਦਾਂ ਲਈ ਇੱਕ ਲਾਂਚਪੈਡ ਵੀ ਹੈ, ਜਿਨ੍ਹਾਂ ਨੂੰ ਅਸੀਂ ਆਉਣ ਵਾਲੇ ਵਰਿਆਂ ਵਿੱਚ ਹਾਸਲ ਕਰਨਾ ਚਾਹੁੰਦੇ ਹਾਂ। ਅੱਜ ਅਸੀਂ ਆਪਣੀਆਂ ਤਕਨੀਕੀ ਸਮਰੱਥਾਵਾਂ ਦੇ ਵਿਸਥਾਰ ਦਾ ਐਲਾਨ ਕਰ ਰਹੇ ਹਾਂ ਤਾਂ ਜੋ ਡਿਜੀਟਲ ਭੁਗਤਾਨ, ਬੀਮਾ ਅਤੇ ਨਿਵੇਸ਼ ਨੂੰ ਆਮ ਨਾਗਰਿਕ ਲਈ ਵਧੇਰੇ ਸਰਲ ਅਤੇ ਪਹੁੰਚਯੋਗ ਬਣਾਇਆ ਜਾ ਸਕੇ। ਆਈਪੀਪੀਬੀ ਦੀ ਤਾਕਤ ਇੰਡੀਆ ਪੋਸਟ ਦੇ ਵਿਸ਼ਵਾਸ ਅਤੇ ਵਿਆਪਕ ਪਹੁੰਚ ਦੇ ਨਾਲ ਤਕਨਾਲੋਜੀ ਨੂੰ ਜੋੜਨ ਵਿੱਚ ਸ਼ਾਮਲ ਹੈ, ਜਿਸ ਨਾਲ ਅਸੀਂ ਅੰਤਿਮ ਸਿਰ੍ਹੇ ਤੱਕ ਆਧੁਨਿਕ ਵਿੱਤੀ ਸੇਵਾਵਾਂ ਪਹੁੰਚਾ ਪਾ ਰਹੇ ਹਾਂ।”
ਵਿੱਤੀ ਸਮਾਵੇਸ਼ ਦੀ ਯਾਤਰਾ ਨੂੰ ਅੱਗੇ ਵਧਾਉਣ ਲਈ, ਆਈਪੀਪੀਬੀ ਨੇ ਪਿਛਲੇ ਵਰ੍ਹੇ ਦੌਰਾਨ ਤਿੰਨ ਤਰ੍ਹਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ:
-
ਐੱਸਐੱਚਜੀ ਬੱਚਤ ਖਾਤਾ: ਵਿਸ਼ੇਸ਼ ਤੌਰ ‘ਤੇ ਸਵੈ ਸਹਾਇਤਾ ਸਮੂਹਾਂ ਅਤੇ ਗ੍ਰਾਮੀਣ ਸੂਖਮ ਉੱਦਮੀਆਂ ਲਈ ਡਿਜ਼ਾਈਨ ਕੀਤਾ ਗਿਆ ਇੱਕ ਸਰਲ ਅਤੇ ਸੁਰੱਖਿਅਤ ਬੈਂਕਿੰਗ ਸਮਾਧਾਨ ਹੈ।
-
ਸੁਰੱਖਿਅਤ ਬੱਚਤ ਖਾਤਾ: ਪ੍ਰੀਮੀਅਮ ਬੱਚਤ ਖਾਤੇ ਦੇ ਨਿਯਮਿਤ ਲਾਭਾਂ ਦੇ ਨਾਲ-ਨਾਲ ਫਿਸ਼ਿੰਗ, ਸਪੂਫਿੰਗ ਅਤੇ ਸਿਮ ਜੈਕਿੰਗ ਤੋਂ ਬਚਾਅ ਲਈ 25,000 ਰੁਪਏ ਦਾ ਐਡਵਾਂਸਡ ਸਾਈਬਰ-ਬੀਮਾ ਕਵਰ ਪ੍ਰਦਾਨ ਕਰਦਾ ਹੈ।
-
ਸੰਪੂਰਨ ਬੱਚਤ ਖਾਤਾ: ਆਰੋਗਯ ਅਤੇ ਸੁਰੱਖਿਅਤ ਸਾਈਬਰ ਸੁਰੱਖਿਆ ਨੂੰ ਪ੍ਰੀਮੀਅਮ ਬੱਚਤ ਖਾਤੇ ਦੇ ਨਿਯਮਿਤ ਲਾਭਾਂ ਦੇ ਨਾਲ ਜੋੜ ਕੇ ਵਿੱਤੀ ਸੁਰੱਖਿਆ, ਨਿਜੀ ਸਿਹਤ ਸਾਭ ਅਤੇ ਉੱਨਤ ਸੁਵਿਧਾਵਾਂ ਦਿੰਦਾ ਹੈ।
ਜਿਵੇਂ-ਜਿਵੇਂ ਆਈਪੀਪੀਬੀ ਆਪਣੇ ਵਿਕਾਸ ਦੇ ਅਗਲੇ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਇਸ ਦਾ ਧਿਆਨ ਤਕਨਾਲੋਜੀ, ਅੰਤਰ-ਕਾਰਜਸ਼ੀਲਤਾ ਅਤੇ ਇੰਡੀਆ ਪੋਸਟ ਦੇ ਵਿਆਪਕ ਨੈੱਟਵਰਕ ਦਾ ਲਾਭ ਉਠਾ ਕੇ ਇੱਕ ਵਧੇਰੇ ਜੁੜੇ ਹੋਏ ਅਤੇ ਸਮਾਵੇਸ਼ੀ ਵਿੱਤੀ ਵਿਧੀ ਦੇ ਨਿਰਮਾਣ ‘ਤੇ ਕੇਂਦ੍ਰਿਤ ਹੈ। ਹੁਣ ਤੱਕ, ਆਈਪੀਪੀਬੀ ਨੇ ਡਿਜੀਟਲ ਭੁਗਤਾਨਾਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ, ਜਿਸ ਨਾਲ ਦੇਸ਼ ਦੇ ਘੱਟ-ਕੈਸ਼ ਅਤੇ ਡਿਜੀਟਲ ਤੌਰ ‘ਤੇ ਸਮਰੱਥ ਅਰਥਵਿਵਸਥਾ ਵੱਲ ਵਧਣ ਵਿੱਚ ਮਦਦ ਮਿਲੀ ਹੈ।
ਇੰਡੀਆ ਪੋਸਟ ਪੇਮੈਂਟਸ ਬੈਂਕ ਬਾਰੇ
ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੀ ਸਥਾਪਨਾ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਦੇ ਤਹਿਤ ਕੀਤੀ ਗਈ ਹੈ ਅਤੇ ਇਸ ਵਿੱਚ ਭਾਰਤ ਸਰਕਾਰ ਦੀ 100% ਹਿੱਸੇਦਾਰੀ ਹੈ। ਆਈਪੀਪੀਬੀ ਨੂੰ 1 ਸਤੰਬਰ 2018 ਨੂੰ ਸ਼ੁਰੂ ਕੀਤਾ ਗਿਆ ਸੀ। ਬੈਂਕ ਦੀ ਸਥਾਪਨਾ ਭਾਰਤ ਵਿੱਚ ਆਮ ਆਦਮੀ ਲਈ ਸਭ ਤੋਂ ਪਹੁੰਚਯੋਗ, ਕਿਫਾਇਤੀ ਅਤੇ ਭਰੋਸੇਯੋਗ ਬੈੰਕ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਹੈ। ਇੰਡੀਆ ਪੋਸਟ ਪੇਮੈਂਟਸ ਬੈਂਕ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਤੱਕ ਬੈਂਕਿੰਗ ਸੇਵਾਵਾਂ ਪਹੁੰਚਾਉਣਾ ਹੈ ਜਿਨ੍ਹਾਂ ਦੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਨਹੀਂ ਹੈ ਜਾਂ ਬਹੁਤ ਘੱਟ ਹੈ। ਇਸ ਦੇ ਲਈ ਬੈਂਕ ਆਪਣੇ ਵਿਸ਼ਾਲ ਡਾਕ ਨੈੱਟਵਰਕ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਲਗਭਗ 1,65000 ਡਾਕ ਘਰ (ਜਿਨ੍ਹਾਂ ਵਿੱਚੋਂ ਲਗਭਗ 1,40,000 ਗ੍ਰਾਮੀਣ ਇਲਾਕਿਆਂ ਵਿੱਚ ਹਨ) ਅਤੇ ਲਗਭਗ 3,00,000 ਡਾਕ ਕਰਮਚਾਰੀ ਸ਼ਾਮਲ ਹਨ।
ਆਈਪੀਪੀਬੀ ਦੀ ਪਹੁੰਚ ਅਤੇ ਕੰਮ ਕਰਨ ਦਾ ਤਰੀਕਾ ‘ਇੰਡੀਆ ਸਟੈਕׄ’ ਦੇ ਮੁੱਖ ਅਧਾਰਾਂ ‘ਤੇ ਬਣਿਆ ਹੈ। ਇਹ ਸੀਬੀਐੱਸ ਨਾਲ ਜੁੜੇ ਸਮਾਰਟਫੋਨ ਅਤੇ ਬਾਇਓਮੈਟ੍ਰਿਕ ਡਿਵਾਈਸ ਦੇ ਜ਼ਰੀਏ ਗ੍ਰਾਹਕਾਂ ਦੇ ਘਰ ਤੱਕ ਅਸਾਨ ਅਤੇ ਸੁਰੱਖਿਅਤ ਤਰੀਕੇ ਨਾਲ ਪੇਪਰਲੈਸ, ਕੈਸ਼ਲੈਸ ਅਤੇ ਬਿਨਾਂ ਮੌਜੂਦਗੀ ਵਾਲੀ ਬੈਂਕਿੰਗ ਸੁਵਿਧਾਵਾਂ ਪਹੁੰਚਾਉਂਦਾ ਹੈ। ਘੱਟ ਲਾਗਤ ਵਾਲੇ ਨਵੀਨਤਾ ਅਤੇ ਆਮ ਲੋਕਾਂ ਲਈ ਬੈਂਕਿੰਗ ਨੂੰ ਅਸਾਨ ਬਣਾਉਣ ‘ਤੇ ਖਾਸ ਧਿਆਨ ਦਿੰਦੇ ਹੋਏ, ਆਈਪੀਪੀਬੀ ਭਾਰਤ ਦੇ 5.57 ਲੱਖ ਪਿੰਡਾਂ ਅਤੇ ਕਸਬਿਆਂ ਵਿੱਚ 13 ਕਰੋੜ ਤੋਂ ਵੱਧ ਗ੍ਰਾਹਕਾਂ ਨੂੰ ਅਸਾਨ ਅਤੇ ਕਿਫਾਇਤੀ ਬੈਂਕਿੰਗ ਸੁਵਿਧਾਵਾਂ ਦਿੰਦਾ ਹੈ। ਇਹ ਸੁਵਿਧਾਵਾਂ 13 ਭਾਸ਼ਾਵਾਂ ਵਿੱਚ ਉਪਲਬਧ ਅਸਾਨ ਇੰਟਰਫੇਸ ਦੇ ਜ਼ਰੀਏ ਦਿੱਤੀਆਂ ਜਾਂਦੀਆਂ ਹਨ।
ਆਈਪੀਪੀਬੀ-ਘੱਟ ਕੈਸ਼ ਵਾਲੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ‘ਡਿਜੀਟਲ ਇੰਡੀਆ’ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣ ਲਈ ਵਚਨਬੱਧ ਹੈ। ਭਾਰਤ ਉਦੋਂ ਸਮ੍ਰਿੱਧ ਹੋਵੇਗਾ ਜਦੋਂ ਹਰ ਨਾਗਰਿਕ ਨੂੰ ਆਰਥਿਕ ਤੌਰ ‘ਤੇ ਸੁਰੱਖਿਅਤ ਅਤੇ ਸਸ਼ਕਤ ਬਣਾਉਣ ਦਾ ਸਮਾਨ ਮੌਕਾ ਮਿਲੇਗਾ। ਆਈਪੀਪੀਬੀ ਦਾ ਆਦਰਸ਼ ਵਾਕ ਹੈ: “ਹਰ ਗ੍ਰਾਹਕ ਮਹੱਤਵਪੂਰਨ ਹੈ, ਹਰ ਲੈਣ-ਦੇਣ ਅਹਿਮ ਹੈ ਅਤੇ ਹਰ ਜਮ੍ਹਾਂ ਰਾਸ਼ੀ ਕੀਮਤੀ ਹੈ।”
****
ਏਐੱਮਕੇ/ਐੱਨਏ/ਬਲਜੀਤ
(Release ID: 2305937)
ਵਿਜ਼ੀਟਰ ਕਾਊਂਟਰ : 2