ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ 16 ਰੱਖਿਆ ਜਨਤਕ ਖੇਤਰ ਦੇ ਅਦਾਰਿਆਂ ਦੇ ਸਲਾਨਾ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਰਿਕਾਰਡ ਰੱਖਿਆ ਉਤਪਾਦਨ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ


ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਜਨਤਕ ਖੇਤਰ ਦੇ ਅਦਾਰਿਆਂ ਨੂੰ ਸਮੇਂ ਸਿਰ ਡਿਲੀਵਰੀ, ਸਵੈ-ਨਿਰਭਰਤਾ, ਰੱਖਿਆ ਨਿਰਯਾਤ ਅਤੇ ਵਿਸ਼ਵ ਪੱਧਰੀ ਮਿਆਰਾਂ ਦੇ ਅਨੁਰੂਪ ਗੁਣਵੱਤਾ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ

"'ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਸਾਨੂੰ ਡੀਪੀਐੱਸਯੂ ਨੂੰ ਵੱਡੀਆਂ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਕੰਪਨੀਆਂ ਵਿੱਚ ਬਦਲਣਾ ਹੋਵੇਗਾ"

ਡੀਪੀਐੱਸਯੂ ਦਾ ਵਿਕਾਸ ਸਿਰਫ਼ ਇੱਕ ਆਰਥਿਕ ਜਾਂ ਉਦਯੋਗਿਕ ਜ਼ਰੂਰਤ ਨਹੀਂ ਹੈ, ਸਗੋਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਵੀ ਬਹੁਤ ਜ਼ਰੂਰੀ ਹੈ: ਰਕਸ਼ਾ ਮੰਤਰੀ

Posted On: 01 SEP 2026 6:12PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 1 ਸਤੰਬਰ, 2026 ਨੂੰ ਨਵੀਂ ਦਿੱਲੀ ਵਿੱਚ 16 ਰੱਖਿਆ ਜਨਤਕ ਖੇਤਰ ਦੇ ਅਦਾਰਿਆਂ (DPSUs) ਦੇ ਸਲਾਨਾ ਕੰਮਕਾਜ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ, ਰੱਖਿਆ ਉਤਪਾਦਨ ਸਕੱਤਰ ਸੰਜੀਵ ਕੁਮਾਰ ਅਤੇ DPSUs ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰਾਂ (CMDs) ਨੇ ਰਕਸ਼ਾ ਮੰਤਰੀ ਰਾਜਨਾਥ ਸਿੰਘ ਅਤੇ ਰੱਖਿਆ ਰਾਜ ਮੰਤਰੀ ਸੰਜੈ ਸੇਠ ਨੂੰ ਉਨ੍ਹਾਂ ਦੇ ਸਬੰਧਿਤ ਸੰਗਠਨਾਂ ਦੇ ਕੰਮਕਾਜ, ਮੁੱਖ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਰਕਸ਼ਾ ਮੰਤਰੀ ਨੇ ਸਵਦੇਸ਼ੀ ਉਤਪਾਦਨ ਅਤੇ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ, ਉੱਨਤ ਰੱਖਿਆ ਤਕਨਾਲੋਜੀਆਂ ਵਿਕਸਿਤ ਕਰਨ, ਰੱਖਿਆ ਨਿਰਯਾਤ ਨੂੰ ਉਤਸ਼ਾਹਿਤ ਕਰਨ, ਸਪਲਾਈ ਚੇਨ ਨੂੰ ਮਜ਼ਬੂਤ ​​ਕਰਨ ਅਤੇ ਵੱਡੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਵੱਲ DPSUs ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਆਪਣੇ ਸੰਬੋਧਨ ਵਿੱਚ, ਰਕਸ਼ਾ ਮੰਤਰੀ ਨੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਦੇ ਰੱਖਿਆ ਨਿਰਮਾਣ ਵਾਤਾਵਰਣ ਨੂੰ ਮਜ਼ਬੂਤ ​​ਕਰਨ ਅਤੇ ਇੱਕ ਮਜ਼ਬੂਤ ​​ਰੱਖਿਆ ਉਦਯੋਗਿਕ ਅਧਾਰ ਬਣਾਉਣ ਵਿੱਚ DPSUs ਦੇ ਨਿਰੰਤਰ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ 16 DPSUs ਵੱਖ-ਵੱਖ ਖੇਤਰਾਂ ਵਿੱਚ ਮੀਲ ਪੱਥਰ ਪ੍ਰਾਪਤ ਕਰ ਰਹੇ ਹਨ। ਸ਼੍ਰੀ ਸਿੰਘ ਨੇ DPSUs ਨੂੰ ਉਨ੍ਹਾਂ ਦੇ ਨਿਰੰਤਰ ਸਮਰਪਣ ਅਤੇ ਸ਼ਾਨਦਾਰ ਕੰਮ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2025-26 ਵਿੱਚ, ਭਾਰਤ ਨੇ ਲਗਭਗ 1.8 ਲੱਖ ਕਰੋੜ ਰੁਪਏ ਦਾ ਰੱਖਿਆ ਉਤਪਾਦਨ ਪ੍ਰਾਪਤ ਕੀਤਾ, ਜਿਸ ਵਿੱਚੋਂ DPSUs ਨੇ ਲਗਭਗ 1.29 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਇਆ। ਰਕਸ਼ਾ ਮੰਤਰੀ ਨੇ ਇਸ ਪ੍ਰਾਪਤੀ ਨੂੰ ਇੱਕ ਸਵੈ-ਨਿਰਭਰ ਰੱਖਿਆ ਉਦਯੋਗਿਕ ਅਧਾਰ ਵਿਕਸਿਤ  ਕਰਨ ਵੱਲ ਦੇਸ਼ ਦੀ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਦੱਸਿਆ।

ਸ਼੍ਰੀ ਰਾਜਨਾਥ ਸਿੰਘ ਨੇ ਡੀਪੀਐੱਸਓਜ਼ (DPSUs) ਨੂੰ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਉਣ, ਆਯਾਤ ਨਿਰਭਰਤਾ ਘਟਾਉਣ, ਖੋਜ ਅਤੇ ਵਿਕਾਸ ਨੂੰ ਤਕਨੀਕੀ ਲੀਡਰਸ਼ਿਪ ਵਿੱਚ ਬਦਲਣ, ਰੱਖਿਆ ਨਿਰਯਾਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ, ਪੂੰਜੀ ਖਰਚ ਦਾ ਵਿਸਤਾਰ ਕਰਕੇ ਉਤਪਾਦਕਤਾ ਵਧਾਉਣ, ਸਟਾਰਟਅੱਪਸ ਅਤੇ ਐੱਮਐੱਸਐੱਮਈਜ਼ ਨੂੰ ਵਧੇਰੇ ਸਹਾਇਤਾ ਪ੍ਰਦਾਨ ਕਰਨ ਅਤੇ ਵਿਸ਼ਵ ਪੱਧਰੀ ਮਿਆਰਾਂ ਦੇ ਬਰਾਬਰ ਗੁਣਵੱਤਾ ਪ੍ਰਾਪਤ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡੀਪੀਐੱਸਯੂਜ਼ ਦੀ ਤਰੱਕੀ ਸਿਰਫ਼ ਇੱਕ ਆਰਥਿਕ ਜਾਂ ਉਦਯੋਗਿਕ ਜ਼ਰੂਰਤ ਨਹੀਂ ਹੈ, ਸਗੋਂ ਰਾਸ਼ਟਰੀ ਸੁਰੱਖਿਆ ਲਈ ਵੀ ਮਹੱਤਵਪੂਰਨ ਹੈ। ਰਕਸ਼ਾ ਮੰਤਰੀ ਨੇ ਕਿਹਾ ਕਿ ਹਾਲ ਹੀ ਦੇ ਵਿਸ਼ਵਵਿਆਪੀ ਟਕਰਾਵਾਂ ਨੇ ਦਿਖਾਇਆ ਹੈ ਕਿ ਕਿਸੇ ਵੀ ਦੇਸ਼ ਲਈ ਇੱਕ ਭਰੋਸੇਯੋਗ ਸਪਲਾਈ ਚੇਨ, ਲੋੜ ਪੈਣ 'ਤੇ ਉਤਪਾਦਨ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਦੀ ਯੋਗਤਾ, ਜ਼ਰੂਰੀ ਸਪੇਅਰ ਪਾਰਟਸ ਦੀ ਉਪਲਬਧਤਾ, ਤੇਜ਼ ਮੁਰੰਮਤ ਸਮਰੱਥਾ ਅਤੇ ਲੰਬੇ ਸਮੇਂ ਤੱਕ ਚੱਲੇ ਸੰਘਰਸ਼ਾਂ ਦੌਰਾਨ ਉਤਪਾਦਨ ਜਾਰੀ ਰੱਖਣ ਦੀ ਯੋਗਤਾ ਕਿੰਨੀ ਮਹੱਤਵਪੂਰਨ ਹੈ।

ਇਸ ਸਮਾਗਮ ਦੌਰਾਨ, ਸੱਤ ਡੀਪੀਐੱਸਓ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ - ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (ਐੱਚਏਐੱਲ), ਮਜ਼ਗਾਂਵ ਡੌਕ ਸ਼ਿਪਬਿਲਡਰਸ ਲਿਮਿਟੇਡ (ਐੱਮਡੀਐੱਲ), ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (ਬੀਈਐੱਲ), ਭਾਰਤ ਡਾਇਨਾਮਿਕਸ ਲਿਮਿਟੇਡ (ਬੀਡੀਐੱਲ), ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਜ਼ ਲਿਮਿਟੇਡ (ਜੀਆਰਐੱਸਈ), ਬੀਈਐੱਮਐੱਲ ਅਤੇ ਮਿਧਾਨੀ ਨੇ ਰਕਸ਼ਾ ਮੰਤਰੀ ਨੂੰ ਵਿੱਤੀ ਸਾਲ 2025-26 ਲਈ ਸਰਕਾਰ ਦੇ ਇਕੁਇਟੀ ਸ਼ੇਅਰ 'ਤੇ ਕੁੱਲ 3,951 ਕਰੋੜ ਰੁਪਏ ਦੇ ਲਾਭਅੰਸ਼ ਦੇ ਚੈੱਕ ਸੌਂਪੇ।

ਇਸ ਮੌਕੇ 'ਤੇ, ਰਕਸ਼ਾ ਮੰਤਰੀ ਨੇ ਚਾਰ ਕਿਤਾਬਾਂ ਜਾਰੀ ਕੀਤੀਆਂ। ਇਨ੍ਹਾਂ ਵਿੱਚ "ਆਤਮਨਿਰਭਰ ਡੀਪੀਐੱਸਯੂ—ਡੀਪੀਐੱਸਯੂ ਦੀ ਸਵੈ-ਨਿਰਭਰਤਾ ਵੱਲ ਯਾਤਰਾ" ਸ਼ਾਮਲ ਹੈ, ਜੋ ਅਗਲੇ ਪੰਜ ਵਰ੍ਹਿਆਂ ਵਿੱਚ ਸਵਦੇਸ਼ੀਕਰਣ, ਨਵੇਂ ਉਤਪਾਦ ਵਿਕਾਸ ਅਤੇ ਨਵੀਆਂ ਪ੍ਰਕਿਰਿਆਵਾਂ ਨੂੰ ਅਪਣਾਉਣ ਦੀਆਂ ਯੋਜਨਾਵਾਂ ਦਾ ਵੇਰਵਾ ਦਿੰਦੀ ਹੈ। ਦੂਜਾ ਪ੍ਰਕਾਸ਼ਨ, "ਦਿਸ਼ਾ", ਨੌਜਵਾਨ ਪੀੜ੍ਹੀ ਨੂੰ ਰੱਖਿਆ ਤਕਨਾਲੋਜੀ ਅਤੇ ਆਧੁਨਿਕ ਨਿਰਮਾਣ ਪ੍ਰਕਿਰਿਆਵਾਂ ਦਾ ਵਿਹਾਰਕ ਗਿਆਨ ਪ੍ਰਦਾਨ ਕਰਨ ਲਈ ਰੱਖਿਆ ਉਦਯੋਗ ਅਤੇ ਵਿਦਿਆਰਥੀਆਂ ਵਿਚਕਾਰ ਸੰਵਾਦ ਨੂੰ ਉਤਸ਼ਾਹਿਤ ਕਰੇਗਾ। ਇਸ ਤੋਂ ਇਲਾਵਾ, "ਐੱਚਏਐੱਲ ਦਾ ਆਧੁਨਿਕੀਕਰਣ ਰੋਡਮੈਪ" ਅਤੇ "ਐੱਚਏਐੱਲ ਦਾ ਸਵਦੇਸ਼ੀਕਰਨ ਰੋਡਮੈਪ" ਵੀ ਜਾਰੀ ਕੀਤਾ ਗਿਆ। ਇਹ ਦੋ ਪ੍ਰਕਾਸ਼ਨ ਐੱਚਏਐੱਲ ਦੀਆਂ ਭਵਿੱਖ ਲਈ ਤਿਆਰ ਏਰੋਸਪੇਸ ਕੰਪਨੀ ਵਿੱਚ ਬਦਲਣ ਅਤੇ ਏਰੋਸਪੇਸ ਅਤੇ ਰੱਖਿਆ ਖੇਤਰਾਂ ਵਿੱਚ ਸਵੈ-ਨਿਰਭਰਤਾ ਵਧਾਉਣ ਦੀਆਂ ਯੋਜਨਾਵਾਂ ਦੀ ਰੂਪਰੇਖਾ ਦਿੰਦੇ ਹਨ। ਇਹ ਪ੍ਰਕਾਸ਼ਨ ਸਵੈ-ਨਿਰਭਰਤਾ, ਸਵਦੇਸ਼ੀਕਰਣ, ਨਵੀਨਤਾ ਅਤੇ ਭਵਿੱਖ ਲਈ ਤਿਆਰ ਰੱਖਿਆ ਸਮਰੱਥਾਵਾਂ ਦੇ ਵਿਕਾਸ 'ਤੇ ਜ਼ੋਰ ਦਿੰਦੇ ਹਨ।

*********

ਵੀਕੇ/ਸੇਵੀ/ਏਕੇ


(Release ID: 2305932) ਵਿਜ਼ੀਟਰ ਕਾਊਂਟਰ : 2