ਭਾਰੀ ਉਦਯੋਗ ਮੰਤਰਾਲਾ
ਪ੍ਰਧਾਨ ਮੰਤਰੀ ਮੋਦੀ ਦਾ ਵਿਕਸਿਤ ਭਾਰਤ ਵਿਜ਼ਨ: ਭਾਰਤ ਨੂੰ ਗਲੋਬਲ ਆਟੋਮੋਟਿਵ ਉਦਯੋਗ ਲਈ ਭਵਿੱਖ ਦੇ ਕਾਰਜਬਲ ਦਾ ਨਿਰਮਾਣ ਕਰਨਾ ਹੋਵੇਗਾ
ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਦੀਆਂ ਨੌਕਰੀਆਂ ਅਤੇ ਵਿਸ਼ਵ ਭਰ ਵਿੱਚ ਮੌਕਿਆਂ ਲਈ ਕੁਸ਼ਲ ਬਣਾਉਣਾ: ਐੱਚਡੀ ਕੁਮਾਰਸਵਾਮੀ
ਭਾਰਤ ਦੇ ਗਲੋਬਲ ਆਟੋਮੋਟਿਵ ਹੱਬ ਦੇ ਰੂਪ ਵਿੱਚ ਉਭਰਨ ਦੇ ਨਾਲ ਹੀ ਆਟੋ ਉਦਯੋਗ ਨੂੰ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣਾ ਚਾਹੀਦਾ ਹੈ: ਐੱਚ.ਡੀ. ਕੁਮਾਰਸਵਾਮੀ
ਏਐੱਸਡੀਸੀ ਦਾ ਅਗਲਾ ਖੇਤਰ: ਭਾਰਤ ਅਤੇ ਵਿਸ਼ਵ ਲਈ ਕੁਸ਼ਲ ਆਟੋਮੋਟਿਵ ਪ੍ਰਤਿਭਾ ਦਾ ਨਿਰਮਾਣ
ਭਾਰਤ ਦੁਆਰਾ ਕੁਸ਼ਲ ਨੌਜਵਾਨਾਂ ਲਈ ਗਲੋਬਲ ਮੌਕਿਆਂ ਦਾ ਵਿਸਥਾਰ ਕਰਦੇ ਹੋਏ 43 ਉਮੀਦਵਾਰਾਂ ਨੂੰ ਰੋਮਾਨੀਆ ਲਈ ਰਵਾਨਾ ਕੀਤਾ ਗਿਆ
Posted On:
31 AUG 2026 5:51PM by PIB Chandigarh
ਕੇਂਦਰੀ ਭਾਰੀ ਉਦਯੋਗ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਸੋਮਵਾਰ ਨੂੰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੇ ਯੁਵਾ ਵਰਗ ਲਈ ਹੁਨਰ ਵਿਕਾਸ,
ਅਪਸਕਿੱਲਿੰਗ ਅਤੇ ਰੁਜ਼ਗਾਰ ਸਿਰਜਣ ਨੂੰ ਕੇਂਦਰੀ ਤਰਜੀਹ ਬਣਾਉਣਾ ਜ਼ਰੂਰੀ ਹੈ ਕਿਉਂਕਿ ਦੇਸ਼ ਵਿਕਸਿਤ ਭਾਰਤ@2047 ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੇ ਹੁਨਰ ਕਾਰਜਬਲ ਨੂੰ ਨਾ ਸਿਰਫ਼ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਗੋਂ ਵਿਸ਼ਵ ਭਰ ਦੇ ਉਦਯੋਗਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।
ਨਵੀਂ ਦਿੱਲੀ ਵਿੱਚ ਆਟੋਮੋਟਿਵ ਸਕਿੱਲਸ ਡਿਵੈਲਪਮੈਂਟ ਕੌਂਸਲ (ਏਐੱਸਡੀਸੀ) ਦੇ ਸਲਾਨਾ ਸੰਮੇਲਨ 2026 ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦਾ ਆਟੋਮੋਟਿਵ ਖੇਤਰ ਇਲੈਕਟ੍ਰਿਕ ਮੋਬਿਲਿਟੀ, ਆਟੋਮੇਸ਼ਨ, ਕਨੈਕਟਿਡ ਤਕਨਾਲੋਜੀਆਂ, ਐਡਵਾਂਸਡ ਮੈਨੂਫੈਕਚਰਿੰਗ ਅਤੇ ਇੰਡਸਟ੍ਰੀ 4.0 ਦੁਆਰਾ ਸੰਚਾਲਿਤ ਪਰਿਵਰਤਨ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਕੁਮਾਰਸਵਾਮੀ ਨੇ ਕਿਹਾ ਕਿ ਭਾਰਤ ਸਿਰਫ਼ ਇੱਕ ਵੱਡਾ ਆਟੋਮੋਟਿਵ ਬਜ਼ਾਰ ਹੋਣ ਤੋਂ ਵੀ ਅੱਗੇ ਆਟੋਮੋਟਿਵ ਮੈਨੂਫੈਕਚਰਿੰਗ, ਤਕਨਾਲੋਜੀ ਅਤੇ ਗਤੀਸ਼ੀਲਤਾ ਸਮਾਧਾਨਾਂ ਲਈ ਇੱਕ ਪ੍ਰਮੁੱਖ ਗਲੋਬਲ ਸੈਂਟਰ ਵਜੋਂ ਉਭਰ ਰਿਹਾ ਹੈ।
“ਭਾਰਤ ਦੀ ਇੱਛਾ ਸਿਰਫ਼ ਘਰੇਲੂ ਕਿਰਤ ਸ਼ਕਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਹੈ। ਸਾਨੂੰ ਭਾਰਤ ਨੂੰ ਹੁਨਰ ਆਟੋਮੋਟਿਵ ਪ੍ਰਤਿਭਾਵਾਂ ਦਾ ਗਲੋਬਲ ਸਰੋਤ ਬਣਾਉਣ ਦੀ ਉਮੀਦ ਰੱਖਣੀ ਚਾਹੀਦੀ ਹੈ।”
ਮੰਤਰੀ ਜੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਟੋਮੋਟਿਵ ਉਦਯੋਗ ਦੇ ਤੇਜ਼ੀ ਨਾਲ ਪਰਿਵਰਤਨ ਲਈ ਅਜਿਹੇ ਕਾਰਜਬਲ ਦੀ ਜ਼ਰੂਰਤ ਹੋਵੇਗੀ ਜੋ ਨਵੀਆਂ ਤਕਨੀਕਾਂ ਅਤੇ ਬਦਲਦੇ ਕਾਰਜ ਸਥਾਨਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਧਿਆਨ ਸਿਰਫ਼ ਉਮੀਦਵਾਰਾਂ ਨੂੰ ਟ੍ਰੇਨਿੰਗ ਦੇਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਹੈ, ਸਗੋਂ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਅਜਿਹੇ ਹੁਨਰ ਪ੍ਰਾਪਤ ਹੋਣ ਜੋ ਸਾਰਥਕ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਸਕਣ।
“ਯੁਵਾ ਪੀੜ੍ਹੀ ਨੂੰ ਹੁਨਰ ਪ੍ਰਦਾਨ ਕਰਕੇ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰ ਕੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ ਨਾ ਸਿਰਫ਼ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਜ਼ਰੂਰੀ ਹੈ।”
ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਮੋਬਿਲਿਟੀ, ਆਟੋਮੇਸ਼ਨ ਅਤੇ ਐਡਵਾਂਸ ਆਟੋਮੋਟਿਵ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਅਪਣਾਉਣ ਨਾਲ ਵਾਹਨ ਨਿਰਮਾਣ, ਬੈਟਰੀ ਉਤਪਾਦਨ, ਚਾਰਜਿੰਗ ਇਨਫ੍ਰਾਸਟ੍ਰਕਚਰ, ਸਰਵਿਸਿੰਗ ਅਤੇ ਵਿਕਰੀ ਤੋਂ ਬਾਅਦ ਸਹਾਇਤਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਨਾਲ ਉਦਯੋਗ ਨਾਲ ਸਬੰਧਿਤ ਵਿਸ਼ੇਸ਼ ਸਮਰੱਥਾਵਾਂ ਵਾਲੇ ਟੈਕਨੀਸ਼ੀਅਨਾਂ, ਇੰਜੀਨੀਅਰਾਂ ਅਤੇ ਪੇਸ਼ੇਵਰਾਂ ਨੂੰ ਵਿਕਸਿਤ ਕਰਨਾ ਲਾਜ਼ਮੀ ਹੋ ਜਾਂਦਾ ਹੈ।
ਉਦਯੋਗ ਅਤੇ ਹੁਨਰ ਦਰਮਿਆਨ ਮਜ਼ਬੂਤ ਸਬੰਧ
ਕੁਮਾਰਸਵਾਮੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਕਾਰਜਬਲ ਦੇ ਨਿਰਮਾਣ ਦੀ ਜ਼ਿੰਮੇਵਾਰੀ ਸਿਰਫ਼ ਹੁਨਰ ਟ੍ਰੇਨਿੰਗ ਸੰਸਥਾਨਾਂ ‘ਤੇ ਨਹੀਂ ਪਾਈ ਜਾ ਸਕਦੀ। ਆਟੋਮੋਬਾਈਲ ਨਿਰਮਾਤਾ, ਕੰਪੋਨੈਂਟ ਨਿਰਮਾਤਾ, ਡੀਲਰਸ਼ਿਪ ਅਤੇ ਉਦਯੋਗ ਦੇ ਹੋਰ ਹਿਤਧਾਰਕਾਂ ਦੀ ਭਵਿੱਖ ਲਈ ਜ਼ਰੂਰੀ ਹੁਨਰ ਨੂੰ ਪਰਿਭਾਸ਼ਿਤ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਹੋਵੇਗੀ ਕਿ ਟ੍ਰੇਨਿੰਗ ਅਸਲ ਦੁਨੀਆ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੀ ਹੈ।
“ ਕੰਮ ਵਾਲੀ ਥਾਂ ਤੋਂ ਵੱਖ ਰਹਿ ਕੇ ਹੁਨਰ ਵਿਕਾਸ ਸਫ਼ਲ ਨਹੀਂ ਹੋ ਸਕਦਾ। ਇਹ ਯਕੀਨੀ ਬਣਾਉਣ ਲਈ ਉਦਯੋਗ ਦੀ ਭਾਗੀਦਾਰੀ ਜ਼ਰੂਰੀ ਹੈ ਕਿ ਟ੍ਰੇਨਿੰਗ ਅਸਲ ਦੁਨੀਆ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੀ ਹੈ ਅਤੇ ਉਭਰਦੀਆਂ ਤਕਨਾਲੋਜੀਆਂ ਦੇ ਨਾਲ ਤਾਲਮੇਲ ਬਣਾਈ ਰੱਖੇ।”

ਉਨ੍ਹਾਂ ਨੇ ਸਿੱਖਿਆ, ਹੁਨਰ ਅਤੇ ਰੁਜ਼ਗਾਰ ਦਰਮਿਆਨ ਇੱਕ ਮਜ਼ਬੂਤ ਅਤੇ ਵਧੇਰੇ ਪਹੁੰਚਯੋਗ ਸਬੰਧ ਦੀ ਵਕਾਲਤ ਕੀਤੀ, ਜਿਸ ਵਿੱਚ ਉਦਯੋਗ ਦੇ ਨਾਲ ਸਲਾਹ-ਮਸ਼ਵਰਾ ਕਰਕੇ ਕੋਰਸ, ਟ੍ਰੇਨਿੰਗ ਵਿਧੀਆਂ ਅਤੇ ਮੁਲਾਂਕਣ ਪ੍ਰਣਾਲੀਆਂ ਨੂੰ ਲਗਾਤਾਰ ਅੱਪਡੇਟ ਕੀਤਾ ਜਾਣਾ ਚਾਹੀਦਾ ਹੈ।
ਮੰਤਰੀ ਜੀ ਨੇ ਕਿਹਾ ਕਿ ਆਟੋਮੋਬਾਈਲ ਨਿਰਮਾਤਾਵਾਂ ਨੂੰ ਇਸ ਪ੍ਰਕਿਰਿਆ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਅਜਿਹੀਆਂ ਪ੍ਰਤਿਭਾਵਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ ਜੋ ਤੇਜ਼ੀ ਨਾਲ ਤਕਨਾਲੋਜੀ-ਅਧਾਰਿਤ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣ।
ׅ“ਸਾਨੂੰ ਸਿੱਖਿਆ, ਹੁਨਰ ਅਤੇ ਰੁਜ਼ਗਾਰ ਦਰਮਿਆਨ ਇੱਕ ਮਜ਼ਬੂਤ ਅਤੇ ਵਧੇਰੇ ਪਹੁੰਚਯੋਗ ਸਬੰਧ ਬਣਾਉਣ ਦੀ ਜ਼ਰੂਰਤ ਹੈ। ਸਾਡੀ ਕੌਸ਼ਲ ਵਿਕਾਸ ਵਿਧੀ ਨੂੰ ਆਟੋਮੋਟਿਵ ਉਦਯੋਗ ਦੇ ਵਿਕਾਸ ਅਤੇ ਪਰਿਵਰਤਨ ਦੇ ਨਾਲ-ਨਾਲ ਵਿਕਸਿਤ ਹੋਣਾ ਚਾਹੀਦਾ ਹੈ।”
ਗਲੋਬਲ ਟੈਲੇਂਟ ਪੂਲ ਬਣਾਉਣ ਵਿੱਚ ਏਐੱਸਡੀਸੀ ਦੀ ਭੂਮਿਕਾ
ਕੁਮਾਰਸਵਾਮੀ ਨੇ ਕਿਹਾ ਕਿ ਏਐੱਸਡੀਸੀ ਜਿਹੀਆਂ ਸੰਸਥਾਵਾਂ ਦੀ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਹੈ ਕਿ ਭਾਰਤ ਦਾ ਕਾਰਜਬਲ ਆਟੋਮੋਟਿਵ ਖੇਤਰ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਅਨੁਰੂਪ ਬਣਿਆ ਰਹੇ।
ਉਨ੍ਹਾਂ ਨੇ ਕਿਹਾ ਕਿ ਭਵਿੱਖ ਦੀਆਂ ਜ਼ਰੂਰਤਾਂ ਦਾ ਅਨੁਮਾਨ ਲਗਾਉਣ ਅਤੇ ਯੁਵਾ ਭਾਰਤੀਆਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਾਸੰਗਿਕ ਹੁਨਰ ਨਾਲ ਲੈਸ ਕਰਨ ਲਈ ਏਐੱਸਡੀਸੀ ਨੂੰ ਉਦਯੋਗ ਦੇ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਮੰਤਰੀ ਜੀ ਨੇ ਕਿਹਾ ਕਿ ਭਾਰਤ ਨੂੰ ਸਿਰਫ਼ ਆਪਣੀਆਂ ਜ਼ਰੂਰਤਾਂ ਲਈ ਕਾਰਜਬਲ ਤਿਆਰ ਕਰਨ ਤੋਂ ਅੱਗੇ ਵਧ ਕੇ ਖੁਦ ਨੂੰ ਹੁਨਰ ਆਟੋਮੋਟਿਵ ਪੇਸ਼ੇਵਰਾਂ ਦੇ ਗਲੋਬਲ ਸਪਲਾਇਰ ਦੇ ਰੂਪ ਵਿੱਚ ਸਥਾਪਿਤ ਕਰਨਾ ਚਾਹੀਦਾ ਹੈ।

“ਸਾਡੀ ਜ਼ਿੰਮੇਵਾਰੀ ਸਿਰਫ਼ ਪ੍ਰਮਾਣਿਤ ਉਮੀਦਵਾਰਾਂ ਨੂੰ ਤਿਆਰ ਕਰਨਾ ਨਹੀਂ ਹੈ, ਸਗੋਂ ਅਜਿਹੇ ਪੇਸ਼ੇਵਰਾਂ ਨੂੰ ਤਿਆਰ ਕਰਨਾ ਹੈ ਜੋ ਭਾਰਤ ਦੇ ਆਟੋਮੋਟਿਵ ਵਿਕਾਸ ਵਿੱਚ ਯੋਗਦਾਨ ਦੇ ਸਕਣ ਅਤੇ ਗਲੋਬਲ ਮਿਆਰਾਂ ‘ਤੇ ਮੁਕਾਬਲਾ ਕਰ ਸਕਣ।”
ਉਨ੍ਹਾਂ ਨੇ ਨਿਰੰਤਰ ਅੱਪਸਕਿੱਲਿੰਗ ਅਤੇ ਰੀਸਕਿੱਲਿੰਗ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ, ਵਿਸ਼ੇਸ਼ ਤੌਰ ‘ਤੇ ਇਸ ਲਈ ਕਿਉਂਕਿ ਨਵੀਆਂ ਤਕਨਾਲੋਜੀਆਂ ਆਟੋਮੋਟਿਵ ਖੇਤਰ ਵਿੱਚ ਨੌਕਰੀਆਂ ਦੀ ਪ੍ਰਕਿਰਿਤੀ ਨੂੰ ਤੇਜ਼ੀ ਨਾਲ ਬਦਲ ਰਹੀਆਂ ਹਨ।
ਰੋਮਾਨੀਆ ਲਈ 43 ਉਮੀਦਵਾਰਾਂ ਨੂੰ ਰਵਾਨਾ ਕੀਤਾ ਗਿਆ
ਪ੍ਰੋਗਰਾਮ ਦੌਰਾਨ, ਕੁਮਾਰਸਵਾਮੀ ਨੇ ਏਐੱਸਡੀਸੀ ਦੀ ਸਲਾਨਾ ਰਿਪੋਰਟ ਲਾਂਚ ਕੀਤੀ ਅਤੇ ਰੋਮਾਨੀਆ ਵਿੱਚ ਨਿਯੁਕਤ 43 ਉਮੀਦਵਾਰਾਂ ਨੂੰ ਰਵਾਨਾ ਕੀਤਾ, ਜੋ ਹੁਨਰ ਭਾਰਤੀ ਨੌਜਵਾਨਾਂ ਲਈ ਉਪਲਬਧ ਵਧਦੇ ਅੰਤਰਰਾਸ਼ਟਰੀ ਮੌਕਿਆਂ ਨੂੰ ਉਜਾਗਰ ਕਰਦਾ ਹੈ।
ਮੰਤਰੀ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਕੇ ਇਹ ਦਰਸਾਉਂਦੇ ਹਨ ਕਿ ਹੁਨਰ ਵਿੱਚ ਭਾਰਤ ਦਾ ਨਿਵੇਸ਼ ਕਿਸ ਤਰ੍ਹਾਂ ਯੁਵਾ ਭਾਰਤੀਆਂ ਲਈ ਗਲੋਬਲ ਕਾਰਜਬਲ ਵਿੱਚ ਹਿੱਸਾ ਲੈਣ ਦੇ ਰਾਹ ਪੱਧਰਾ ਕਰ ਸਕਦਾ ਹੈ।
ਏਐੱਸਡੀਸੀ ਦਾ ਕੰਮ ਪਹਿਲਾਂ ਤੋਂ ਹੀ ਕਾਫੀ ਵਿਸਤਾਰ ਕਰ ਰਿਹਾ ਹੈ। ਵਿੱਤ ਵਰ੍ਹੇ 2025-26 ਦੇ ਦੌਰਾਨ, ਪਰਿਸ਼ਦ ਤੋਂ 5,08,173 ਸਿਖਿਆਰਥੀਆਂ ਨੂੰ ਲਾਭ ਹੋਇਆ, 1,53,240 ਮੁਲਾਂਕਣ ਕੀਤੇ ਅਤੇ ਲਗਭਗ 3,700 ਸੰਸਥਾਨਾਂ ਵਿੱਚ 2,88,756 ਅਪ੍ਰੈਂਟਿਸਸ਼ਿਪ ਕਾਂਟ੍ਰੈਕਟ ਤਿਆਰ ਕੀਤੇ।
ਕੁਮਾਰਸਵਾਮੀ ਨੇ ਕਿਹਾ ਕਿ ਆਟੋਮੋਟਿਵ ਉਦਯੋਗ ਵਿੱਚ ਹੋ ਰਹੇ ਬੁਨਿਆਦੀ ਤਕਨੀਕੀ ਪਰਿਵਰਤਨ ਨੂੰ ਦੇਖਦੇ ਹੋਏ, ਸਰਕਾਰ, ਉਦਯੋਗ, ਸਿੱਖਿਆ ਜਗਤ ਅਤੇ ਹੁਨਰ ਵਿਕਾਸ ਸੰਸਥਾਨਾਂ ਦਰਮਿਆਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਹੋਣਾ ਚਾਹੀਦਾ ਹੈ।
“ਭਾਰਤ ਦੇ ਕੋਲ ਮਹੱਤਵਾਕਾਂਖਿਆ, ਬਜ਼ਾਰ ਅਤੇ ਮੈਨੂਫੈਕਚਰਿੰਗ ਦੇ ਮੌਕੇ ਹਨ। ਸਾਡੀ ਸਮੂਹਿਕ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਕੋਲ ਉਸ ਇੱਛਾ ਨੂੰ ਸਾਕਾਰ ਕਰਨ ਵਿੱਚ ਸਮਰੱਥ ਕੁਸ਼ਲ ਕਾਰਜਬਲ ਵੀ ਹੋਵੇ।”
ਉਨ੍ਹਾਂ ਨੇ ਕਿਹਾ ਕਿ ਸਰਕਾਰ ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਤਕਨਾਲੋਜੀ ਨੂੰ ਅਪਣਾਉਣ ਨੂੰ ਹੁਲਾਰਾ ਦੇਣ ਅਤੇ ਭਵਿੱਖ ਦੇ ਉਦਯੋਗਾਂ ਲਈ ਜ਼ਰੂਰੀ ਕੌਸ਼ਲ ਵਿਕਸਿਤ ਕਰਨ ਵਾਲੀ ਪਹਿਲ ਦਾ ਸਮਰਥਨ ਕਰਨਾ ਜਾਰੀ ਰੱਖੇਗੀ।
“ਭਵਿੱਖ ਲਈ ਤਿਆਰ ਭਾਰਤ ਨੂੰ ਭਵਿੱਖ ਲਈ ਤਿਆਰ ਕਾਰਜਬਲ ਦੀ ਜ਼ਰੂਰਤ ਹੈ। ਕੌਸ਼ਲ ਵਿਕਾਸ, ਅੱਪਸਕਿੱਲਿੰਗ ਅਤੇ ਉਦਯੋਗ ਦੀ ਮਜ਼ਬੂਤ ਭਾਗੀਦਾਰੀ ਰਾਹੀਂ, ਅਸੀਂ ਭਾਰਤ ਅਤੇ ਵਿਸ਼ਵ ਭਰ ਵਿੱਚ ਆਪਣੇ ਨੌਜਵਾਨਾਂ ਲਈ ਮੌਕੇ ਪੈਦਾ ਕਰ ਸਕਦੇ ਹਾਂ।”
ਕੇਂਦਰੀ ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਸ ਗੱਲ ‘ਤੇ ਜ਼ੋਰ ਦਿੰਦੇ ਹੋਈ ਕੀਤੀ ਕਿ ਜੇਕਰ ਭਾਰਤ ਆਪਣੀ ਯੁਵਾ ਪੀੜ੍ਹੀ ਨੂੰ ਸਹੀ ਹੁਨਰ ਨਾਲ ਲੈਸ ਕਰਨ ਅਤੇ ਉਨ੍ਹਾਂ ਹੁਨਰਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਵਿੱਚ ਸਫਲ ਹੁੰਦਾ ਹੈ, ਤਾਂ ਭਾਰਤ ਦੀ ਜਨਸੰਖਿਆ ਸ਼ਕਤੀ ਉਸ ਦੀ ਸਭ ਤੋਂ ਵੱਡੀ ਆਰਥਿਕ ਸੰਪੱਤੀਆਂ ਵਿੱਚੋਂ ਇੱਕ ਬਣ ਸਕਦੀ ਹੈ।
****
ਟੀਪੀਜੇ/ਏਕੇ
(Release ID: 2305829)
ਵਿਜ਼ੀਟਰ ਕਾਊਂਟਰ : 2