ਰੇਲ ਮੰਤਰਾਲਾ
azadi ka amrit mahotsav

ਰੇਲ ਸੰਪਰਕ ਮਜ਼ਬੂਤ ਹੋਣ ਨਾਲ ਗਵਾਲੀਅਰ-ਚੰਬਲ ਖੇਤਰ ਨੂੰ ਨਵੀਂ ਰਫ਼ਤਾਰ ਮਿਲੇਗੀ


ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕੈਲਾਰਸ-ਸਬਲਗੜ੍ਹ-ਬੀਰਪੁਰ ਗੇਜ-ਕਨਵਰਟ ਕੀਤੇ ਰੇਲ ਸੈਕਸ਼ਨ ਦਾ ਉਦਘਾਟਨ ਕੀਤਾ; ਗਵਾਲੀਅਰ-ਕੈਲਾਰਸ ਰੇਲ ਲਾਈਨ ਦੇ ਬੀਰਪੁਰ ਤੱਕ ਵਧਾਉਣ (ਵਿਸਤਾਰਿਤ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਕੈਲਾਰਸ-ਬੀਰਪੁਰ ਗੇਜ ਪਰਿਵਰਤਨ ਨਾਲ ਮੋਰੈਨਾ ਅਤੇ ਸ਼ਿਓਪੁਰ ਜ਼ਿਲ੍ਹਿਆਂ ਦੇ 100 ਤੋਂ ਵੱਧ ਪਿੰਡਾਂ ਨੂੰ ਲਾਭ ਹੋਵੇਗਾ: ਸ਼੍ਰੀ ਅਸ਼ਵਿਨੀ ਵੈਸ਼ਣਵ

ਬੀਰਪੁਰ-ਸੇਰੋਨੀ ਰੋਡ ਅਤੇ ਸੇਰੋਨੀ ਰੋਡ-ਸ਼ਿਓਪੁਰ ਕਲਾਂ ਸੈਕਸ਼ਨਾਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ: ਸ਼੍ਰੀ ਅਸ਼ਵਿਨੀ ਵੈਸ਼ਣਵ

ਭਾਰਤੀ ਰੇਲਵੇ ਨੇ 2014 ਤੋਂ ਲੈ ਕੇ ਹੁਣ ਤੱਕ 5.54 ਲੱਖ ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕੀਤੀ ਹੈ: ਸ਼੍ਰੀ ਅਸ਼ਵਿਨੀ ਵੈਸ਼ਣਵ

ਮੱਧ ਪ੍ਰਦੇਸ਼ ਲਈ ਰੇਲਵੇ ਬਜਟ 2009-14 ਵਿੱਚ 632 ਕਰੋੜ ਰੁਪਏ ਤੋਂ ਵਧ ਕੇ ਸਾਲ 2026-27 ਵਿੱਚ ਲਗਭਗ 24 ਗੁਣਾ ਦੇ ਵਾਧੇ ਨਾਲ 15,188 ਕਰੋੜ ਰੁਪਏ ਹੋਇਆ

Posted On: 18 AUG 2026 5:40PM by PIB Chandigarh

ਰੇਲ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤਿਰਆਦਿੱਤਿਆ ਐੱਮ. ਸਿੰਧੀਆ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੱਧ ਪ੍ਰਦੇਸ਼ ਵਿੱਚ ਬਦਲੇ ਗਏ ਕੈਲਾਰਸ-ਸਬਲਗੜ੍ਹ-ਬੀਰਪੁਰ ਰੇਲ ਸੈਕਸ਼ਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਗਵਾਲੀਅਰ-ਕੈਲਾਰਸ ਰੇਲ ਲਾਈਨ ਨੂੰ ਬੀਰਪੁਰ ਤੱਕ ਵਧਾਉਣ ਲਈ ਹਰੀ ਝੰਡੀ ਦਿਖਾਈ।

ਗਵਾਲੀਅਰ-ਕੈਲਾਰਸ ਰੇਲ ਸੇਵਾ ਦਾ ਬੀਰਪੁਰ ਤੱਕ ਵਿਸਥਾਰ ਹੋਣ ਨਾਲ ਬੀਰਪੁਰ, ਵਿਜੇਪੁਰ ਅਤੇ ਸਬਲਗੜ੍ਹ ਨੂੰ ਗਵਾਲੀਅਰ ਨਾਲ ਸਿੱਧਾ ਰੇਲ ਸੰਪਰਕ ਮਿਲੇਗਾ, ਜਿਸ ਨਾਲ ਪੇਂਡੂ ਅਤੇ ਕਬਾਇਲੀ ਖੇਤਰਾਂ ਨੂੰ ਵਧੇਰੇ ਕਿਫ਼ਾਇਤੀ ਅਤੇ ਸੁਵਿਧਾਜਨਕ ਯਾਤਰਾ ਦੇ ਬਦਲ ਮੁਹੱਈਆ ਹੋਣਗੇ। ਇਸ ਨਾਲ ਗਵਾਲੀਅਰ ਵਿੱਚ ਸਿੱਖਿਆ, ਸਿਹਤ ਸੰਭਾਲ ਅਤੇ ਰੋਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ, ਨਾਲ ਹੀ ਖੇਤਰ ਵਿੱਚ ਸਥਾਨਕ ਕਾਰੋਬਾਰ ਅਤੇ ਖੇਤਰੀ ਆਰਥਿਕ ਗਤੀਵਿਧੀਆਂ ਨੂੰ  ਵੀ ਉਤਸ਼ਾਹ ਮਿਲੇਗਾ।

ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਗੇਜ ਪਰਿਵਰਤਨ ਤੋਂ ਲਾਭ ਪ੍ਰਾਪਤ ਕਰਨ ਵਾਲੇ 56 ਕਿੱਲੋਮੀਟਰ ਲੰਬੇ ਕੈਲਾਰਸ-ਬੀਰਪੁਰ ਸੈਕਸ਼ਨ ਦਾ ਉਦਘਾਟਨ ਗਵਾਲੀਅਰ-ਚੰਬਲ ਖੇਤਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਦੇ ਸਾਂਝੇ ਯਤਨਾਂ ਨਾਲ ਇਹ ਪ੍ਰੋਜੈਕਟ ਸਾਕਾਰ ਹੋ ਸਕਿਆ ਹੈ। ਸ਼੍ਰੀ ਵੈਸ਼ਣਵ ਨੇ ਕਿਹਾ ਕਿ ਇਸ ਗੇਜ ਪਰਿਵਰਤਨ ਨਾਲ ਮੋਰੈਨਾ ਜ਼ਿਲ੍ਹੇ ਦੀਆਂ ਬਾਮੋਰ, ਜੌੜਾ, ਕੈਲਾਰਸ ਅਤੇ ਸਬਲਗੜ੍ਹ ਤਹਿਸੀਲਾਂ ਅਤੇ ਸ਼ਿਓਪੁਰ ਜ਼ਿਲ੍ਹੇ ਦੀਆਂ ਬੀਰਪੁਰ, ਸ਼ਿਓਪੁਰ ਅਤੇ ਕਰਾਹਲ ਤਹਿਸੀਲਾਂ ਦੇ 100 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ।

ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਰੇਲ ਲਿੰਕ ਨੂੰ ਅੱਗੇ ਸ਼ਿਓਪੁਰ ਕਲਾਂ ਅਤੇ ਅੰਤ ਵਿੱਚ : ਕੋਟਾ ਤੱਕ ਵਧਾਇਆ ਜਾਵੇਗਾ, ਜਿਸ ਨਾਲ ਖੇਤਰ ਪ੍ਰਮੁੱਖ ਵਿੱਦਿਅਕ ਅਤੇ ਉਦਯੋਗਿਕ ਕੇਂਦਰਾਂ ਨਾਲ ਜੁੜ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ ਗਈ ਹੈ ਅਤੇ 117 ਕਿੱਲੋਮੀਟਰ ਲੰਬੇ ਬਿਰਲਾਨਗਰ-ਬੀਰਪੁਰ ਸੈਕਸ਼ਨ ’ਤੇ ਕੰਮ ਹਾਲ ਹੀ ਦੇ ਸਾਲਾਂ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਹੈ। ਇਸ ਖੇਤਰ ਦੇ ਵੱਖ-ਵੱਖ ਸੈਕਸ਼ਨਾਂ ਦੇ ਚਾਲੂ ਹੋਣ ਦੀ ਪ੍ਰਕਿਰਿਆ ਦੇ ਵੇਰਵਾ ਇਸ ਪ੍ਰਕਾਰ ਹੈ ।

 

ਲੜੀ ਸੰਖਿਆ

ਸੈਕਸ਼ਨ


 

ਲੰਬਾਈ

ਯਾਤਰੀਆਂ ਅਤੇ ਆਵਾਜਾਈ ਲਈ ਖੋਲ੍ਹਿਆ ਗਿਆ

1.

ਬਿਰਲਾਨਗਰ – ਰਾਇਰੂ

11 ਕਿੱਲੋਮੀਟਰ

ਮਈ 2023

2.

ਰਾਇਰੂ – ਸੁਮਾਓਲੀ

22 ਕਿੱਲੋਮੀਟਰ

ਅਗਸਤ 2023

3.

ਸੁਮਾਓਲੀ – ਜੌਰਾ

14 ਕਿੱਲੋਮੀਟਰ

ਨਵੰਬਰ 2023

4.

ਜੌਰਾ – ਕੈਲਾਰਸ

14 ਕਿੱਲੋਮੀਟਰ

ਫਰਵਰੀ 2024

5.

ਕੈਲਾਰਸ – ਸਬਲਗੜ੍ਹ

29 ਕਿੱਲੋਮੀਟਰ

ਸਾਲ 2025

6.

ਸਬਲਗੜ੍ਹ – ਬੀਰਪੁਰ

27 ਕਿੱਲੋਮੀਟਰ

ਸਾਲ 2026

 

ਸ਼੍ਰੀ ਵੈਸ਼ਣਵ ਨੇ ਦੱਸਿਆ ਕਿ ਬੀਰਪੁਰ ਤੋਂ ਸੈਰੋਨੀ ਰੋਡ (37 ਕਿੱਲੋਮੀਟਰ) ਅਤੇ ਸੈਰੋਨੀ ਰੋਡ ਤੋਂ ਸ਼ਿਓਪੁਰ ਕਲਾਂ (33 ਕਿੱਲੋਮੀਟਰ) ਤੱਕ ਦੇ ਅਗਲੇ ਸੈਕਸ਼ਨ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਵਾਲੀਅਰ-ਸ਼ਿਓਪੁਰ ਕਲਾਂ ਰੇਲਵੇ ਲਾਈਨ ਅਗਲੇ ਕੁਝ ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ ਅਤੇ ਯਾਤਰੀਆਂ ਲਈ ਉਪਲਬਧ ਹੋ ਜਾਵੇਗੀ। ਸ਼੍ਰੀ ਵੈਸ਼ਣਵ ਨੇ ਕਿਹਾ ਕਿ ਇਹ ਪ੍ਰੋਜੈਕਟ ਅਨੇਕਾਂ ਮਹੱਤਵਪੂਰਨ ਸਟੇਸ਼ਨਾਂ ਨੂੰ ਆਪਸ ਵਿੱਚ ਜੋੜੇਗਾ ਅਤੇ ਮੱਧ ਪ੍ਰਦੇਸ਼ ਵਿੱਚ ਰੇਲ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ।

ਸ਼੍ਰੀ ਵੈਸ਼ਣਵ ਨੇ ਮੱਧ ਪ੍ਰਦੇਸ਼ ਵਿੱਚ ਰੇਲ ਵਿਕਾਸ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ ਲਈ ਰੇਲ ਬਜਟ ਸਾਲ 2009-14 ਦੇ 632 ਕਰੋੜ ਰੁਪਏ ਤੋਂ ਵਧ ਕੇ ਸਾਲ 2026-27 ਵਿੱਚ ਲਗਭਗ 24 ਗੁਣਾ ਦੇ ਵਾਧੇ ਨਾਲ 15,188 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਲਗਭਗ 1.55 ਲੱਖ ਕਰੋੜ ਰੁਪਏ ਦੇ ਰੇਲ ਪ੍ਰੋਜੈਕਟ ਹਾਲ ਹੀ ਵਿੱਚ ਚੱਲ ਰਹੇ ਹਨ। ਰਾਜ ਵਿੱਚ 80 ਸਟੇਸ਼ਨਾਂ ਦਾ ਮੁੜ-ਵਿਕਾਸ ਕੀਤਾ ਜਾ ਰਿਹਾ ਹੈ, ਸੂਬੇ ਨੂੰ ਆਪਸ ਵਿੱਚ ਜੋੜਨ ਵਾਲੀਆਂ ਪੰਜ ਵੰਦੇ ਭਾਰਤ ਰੇਲਗੱਡੀਆਂ ਚੱਲ ਰਹੀਆਂ ਹਨ ਅਤੇ ਸੱਤ ਅੰਮ੍ਰਿਤ ਭਾਰਤ ਰੇਲਗੱਡੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਸ਼੍ਰੀ ਵੈਸ਼ਣਵ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕਈ ਨਵੇਂ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮਨਮਾਡ-ਇੰਦੌਰ ਨਵੀਂ ਲਾਈਨ ਅਤੇ ਰਾਜ ਭਰ ਵਿੱਚ ਕਈ ਤੀਜੀ ਅਤੇ ਚੌਥੀ ਲਾਈਨ ਦੇ ਪ੍ਰੋਜੈਕਟ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਤੀਜੇ ਕਾਰਜਕਾਲ ਦੌਰਾਨ ਮੱਧ ਪ੍ਰਦੇਸ਼ ਨਾਲ ਸੰਬੰਧਿਤ ਮਨਜ਼ੂਰਸ਼ੁਦਾ ਪ੍ਰੋਜੈਕਟਾਂ ਦੀ ਕੁੱਲ ਲਾਗਤ ਲਗਭਗ 64,512 ਕਰੋੜ ਰੁਪਏ ਹੈ।

ਸ਼੍ਰੀ ਵੈਸ਼ਣਵ ਨੇ ਦੱਸਿਆ ਕਿ 2014 ਤੋਂ ਰੇਲਵੇ ਵਿੱਚ 5.54 ਲੱਖ ਤੋਂ ਵੱਧ ਲੋਕਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦਾ ਬਿਜਲੀਕਰਨ ਅਤੇ ਆਧੁਨਿਕੀਕਰਨ ਸਰਕਾਰ ਲਈ ਮੁੱਖ ਤਰਜੀਹਾਂ ਹਨ, ਅਤੇ ਬਿਜਲੀਕਰਨ ਨਾਲ ਭਾਰਤੀ ਰੇਲਵੇ ਦੀ ਡੀਜ਼ਲ ’ਤੇ ਨਿਰਭਰਤਾ ਘਟੀ ਹੈ ਅਤੇ ਦਰਾਮਦ ਕੀਤੇ ਈਂਧਨ ’ਤੇ ਹੋਣ ਵਾਲਾ ਖਰਚਾ ਵੀ ਘਟਿਆ ਹੈ ।

ਸ਼੍ਰੀ ਜਯੋਤਿਰਆਦਿੱਤਿਆ ਸਿੰਧੀਆ ਨੇ ਕਿਹਾ ਕਿ ਗਵਾਲੀਅਰ-ਚੰਬਲ ਖੇਤਰ ਲਈ ਇਹ ਇੱਕ ਇਤਿਹਾਸਕ ਦਿਨ ਹੈ ਉਨ੍ਹਾਂ ਨੇ ਕੈਲਾਰਸ ਤੋਂ ਬੀਰਪੁਰ ਤੱਕ ਰੇਲਵੇ ਲਾਈਨ ਦੇ ਵਿਸਥਾਰ ਨੂੰ ਇਸ ਖੇਤਰ ਲਈ ਇੱਕ ਨਵੀਂ ਸ਼ੁਰੂਆਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ, ਗਵਾਲੀਅਰ, ਬਾਮੋਰ, ਸੁਮਾਓਲੀ, ਜੌਰਾ ਅਤੇ ਕੈਲਾਰਸ ਤੋਂ ਬੀਰਪੁਰ ਤੱਕ ਵਧ ਰਹੀ ਹੈ ਅਤੇ ਅੱਗੇ ਇਸ ਦਾ ਵਿਸਥਾਰ ਸ਼ਿਓਪੁਰ ਅਤੇ ਅੰਤ ਵਿੱਚ ਕੋਟਾ ਵਧਾਇਆ ਜਾਵੇਗਾ।

ਸ਼੍ਰੀ ਸਿੰਧੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੇਲਵੇ ਲਾਈਨ ਕੇਵਲ ਆਵਾਜਾਈ  ਦਾ ਸਾਧਨ ਨਹੀਂ ਹੈ, ਸਗੋਂ ਇਸ ਨਾਲ ਸਿੱਖਿਆ, ਸਿਹਤ ਸੰਭਾਲ ਅਤੇ ਹੋਰ ਆਧੁਨਿਕ ਸੇਵਾਵਾਂ ਤੱਕ ਪਹੁੰਚ ਵੀ ਸੁਖਾਲੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬੀਰਪੁਰ ਤੱਕ ਵਿਸਥਾਰ ਨਾਲ ਕੈਲਾਰਸ, ਸਬਲਗੜ੍ਹ, ਰਾਮਪਹਾੜੀ, ਵਿਜੇਪੁਰ ਅਤੇ ਬੀਰਪੁਰ ਦੇ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਕੈਲਾਰਸ ਸੈਕਸ਼ਨ ਵਰਤਮਾਨ ਵਿੱਚ ਰੋਜ਼ਾਨਾ ਲਗਭਗ 10,000 ਲੋਕਾਂ ਨੂੰ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਪਰ ਵਿਸਥਾਰ ਨਾਲ ਰੇਲਵੇ ਦੀ ਪਹੁੰਚ ਹੋਰ ਵਧੇਗੀ ਅਤੇ ਵਧੇਰੇ ਆਬਾਦੀ ਨੂੰ ਫ਼ਾਇਦਾ ਹੋਵੇਗਾ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਦੱਸਿਆ ਕਿ ਇੰਦੌਰ-ਮਨਮਾਡ ਨਵੀਂ ਲਾਈਨ ਸਮੇਤ ਮੱਧ ਪ੍ਰਦੇਸ਼ ਵਿੱਚ ਰੇਲਵੇ ਨੈੱਟਵਰਕ ਦੇ ਵਿਸਥਾਰ ਨਾਲ ਨਵੇਂ ਰਾਹ ਖੁੱਲ੍ਹਣਗੇ ਅਤੇ ਗਵਾਲੀਅਰ-ਚੰਬਲ ਖੇਤਰ ਤੇ ਮਾਲਵਾ ਵਿਚਕਾਰ ਸੰਪਰਕ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਇੱਕ ਨਵੇਂ ਉਦਯੋਗਿਕ ਖੇਤਰ ਦਾ ਵਿਕਾਸ ਹੋਵੇਗਾ ਅਤੇ ਸੈਰ-ਸਪਾਟੇ ਤੇ ਹੋਰ ਆਰਥਿਕ ਗਤੀਵਿਧੀਆਂ ਦਾ ਲਾਭ ਮਿਲੇਗਾ।

ਡਾ. ਮੋਹਨ ਯਾਦਵ ਨੇ ਉਦਯੋਗਾਂ ਅਤੇ ਰੋਜ਼ਗਾਰ ਦੇ ਵਿਕਾਸ ਲਈ ਰੇਲ ਸੰਪਰਕ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ  ਬੈਟਰੀ ਊਰਜਾ ਭੰਡਾਰਨ , ਜੁੱਤੇ, ਹਾਈਡ੍ਰੋਜਨ ਅਤੇ ਸੈਰ-ਸਪਾਟੇ ਵਰਗੇ ਖੇਤਰਾਂ ਵਿੱਚ ਗਵਾਲੀਅਰ-ਚੰਬਲ ਖੇਤਰ ਦੀ ਸਮਰੱਥਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਬਿਹਤਰ ਰੇਲ ਸੰਪਰਕ ਨਾਲ ਇਹਨਾਂ ਉੱਭਰਦੇ ਖੇਤਰਾਂ ਨੂੰ ਹੁਲਾਰਾ ਮਿਲੇਗਾ। ਡਾ. ਮੋਹਨ ਯਾਦਵ ਨੇ ਕਿਹਾ ਕਿ ਗਵਾਲੀਅਰ ਤੋਂ ਸ਼ਿਵਪੁਰੀ ਅਤੇ ਸ਼ਿਓਪੁਰ ਵੱਲ ਰੇਲ ਸੰਪਰਕ ਦਾ ਵਿਸਥਾਰ ਗਵਾਲੀਅਰ ਅਤੇ ਆਲੇ ਦੁਆਲੇ ਦੇ ਖੇਤਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ਵਿੱਚ ਚੱਲ ਰਹੇ ਰੇਲਵੇ ਲਾਈਨਾਂ ਦੇ ਦੋਹਰੀਕਰਨ ਤੀਹਰੀਕਰਨ ਅਤੇ ਚੌਗੁਣੀਕਰਨ ਦੇ ਕੰਮਾਂ ਨਾਲ ਸੰਪਰਕ ਹੋਰ ਮਜ਼ਬੂਤ ਹੋਵੇਗਾ।

ਇਸ ਮੌਕੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਮੋਰੇਨਾ ਤੋਂ ਸੰਸਦ ਮੈਂਬਰ ਸ਼੍ਰੀ ਸ਼ਿਵਮੰਗਲ ਸਿੰਘ ਤੋਮਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ  ਸਨ।

*****

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਮਾਨਿਕ ਸ਼ਰਮਾ


(Release ID: 2305825) ਵਿਜ਼ੀਟਰ ਕਾਊਂਟਰ : 6