ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਬੰਗਲੁਰੂ ਵਿੱਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਰਾਮਕ੍ਰਿਸ਼ਨ ਹੇਗੜੇ ਦੇ ਜਨਮ ਸ਼ਤਾਬਦੀ ਸਮਾਗਮ ਵਿੱਚ ਸ਼ਾਮਲ ਹੋਏ
ਰਾਮਕ੍ਰਿਸ਼ਨ ਹੇਗੜੇ ਜੀ ਇੱਕ ਮਹਾਨ ਸਿਆਸਤਦਾਨ, ਰਾਸ਼ਟਰਵਾਦੀ ਅਤੇ ਆਗੂਆਂ ਦੇ ਸਿਰਜਣਹਾਰ ਸਨ: ਉਪ-ਰਾਸ਼ਟਰਪਤੀ
ਵਿਕੇਂਦਰੀਕਰਨ, ਜਵਾਬਦੇਹੀ ਅਤੇ ਨਾਗਰਿਕਾਂ ਦੀ ਭਾਗੀਦਾਰੀ ਰਾਮਕ੍ਰਿਸ਼ਨ ਹੇਗੜੇ ਜੀ ਦੇ ਸ਼ਾਸਨ ਦੀ ਪਛਾਣ ਸੀ: ਉਪ-ਰਾਸ਼ਟਰਪਤੀ
ਰਾਮਕ੍ਰਿਸ਼ਨ ਹੇਗੜੇ ਜੀ ਦੀ ਅਗਵਾਈ ਵਿੱਚ ਕਰਨਾਟਕ ਸ਼ਾਸਨ ਲਈ ਇੱਕ ਆਦਰਸ਼ ਸੂਬਾ ਬਣਿਆ: ਉਪ-ਰਾਸ਼ਟਰਪਤੀ
Posted On:
29 AUG 2026 7:25PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਬੰਗਲੁਰੂ ਦੇ ਵਿਧਾਨ ਸੌਧਾ ਵਿਖੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਨੇਤਾ ਸ਼੍ਰੀ ਰਾਮਕ੍ਰਿਸ਼ਨ ਹੇਗੜੇ ਨੂੰ ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੂੰ ਇੱਕ ਮਹਾਨ ਰਾਜਨੇਤਾ, ਰਾਸ਼ਟਰਵਾਦੀ ਅਤੇ ਆਗੂਆਂ ਦੇ ਸਿਰਜਣਹਾਰ ਵਜੋਂ ਦਰਸਾਉਂਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਹੇਗੜੇ ਦੀ ਅਗਵਾਈ ਵਿੱਚ, ਕਰਨਾਟਕ ਸ਼ਾਸਨ ਦੇ ਮਾਮਲੇ ਵਿੱਚ ਇੱਕ ਆਦਰਸ਼ ਸੂਬੇ ਵਜੋਂ ਉੱਭਰਿਆ।
ਵਿਕੇਂਦਰੀਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ 'ਕਰਨਾਟਕ ਜ਼ਿਲ੍ਹਾ ਪ੍ਰੀਸ਼ਦ, ਤਾਲੁਕ ਪੰਚਾਇਤ ਸਮਿਤੀ, ਮੰਡਲ ਪੰਚਾਇਤ ਅਤੇ ਨਿਆਂ ਪੰਚਾਇਤ ਐਕਟ, 1985' ਦਾ ਜ਼ਿਕਰ ਕੀਤਾ, ਜਿਸ ਨੇ ਪ੍ਰਸ਼ਾਸਨ ਨੂੰ ਲੋਕਾਂ ਦੇ ਹੋਰ ਨੇੜੇ ਲਿਆਂਦਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬਾਅਦ ਵਿੱਚ 73ਵੇਂ ਸੰਵਿਧਾਨਕ ਸੋਧ ਰਾਹੀਂ ਇਸ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਮਿਲੀ, ਜਿਸ ਨਾਲ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਦਰਜਾ ਮਿਲਿਆ।
ਆਪਣੀ ਇੱਕ ਨਿੱਜੀ ਯਾਦ ਨੂੰ ਸਾਂਝਾ ਕਰਦੇ ਹੋਏ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਸ਼੍ਰੀ ਹੇਗੜੇ ਜੀ ਨੇ ਪੈਸੇ ਦੀ ਇੱਕ ਸਰਲ ਪਰਿਭਾਸ਼ਾ ਦਿੱਤੀ ਸੀ: ਇੱਕ ਚੰਗਾ ਘਰ, ਚੰਗੀ ਸਿਹਤ, ਚੰਗੀ ਸਿੱਖਿਆ ਅਤੇ ਇੱਕ ਚੰਗੀ ਕਾਰ ਦੇ ਨਾਲ ਇੱਕ ਆਰਾਮਦਾਇਕ ਜੀਵਨ - "ਪੈਸਾ ਇਸ ਤੋਂ ਵੱਧ ਹੋਰ ਕੀ ਹੈ?" ਉਨ੍ਹਾਂ ਕਿਹਾ ਕਿ ਇਹ ਗੱਲ ਸ਼੍ਰੀ ਹੇਗੜੇ ਜੀ ਦੀ ਸਾਦਗੀ ਅਤੇ ਜੀਵਨ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਦਰਸਾਉਂਦੀ ਹੈ।
ਜਵਾਬਦੇਹੀ ’ਤੇ ਉਨ੍ਹਾਂ ਦੇ ਜ਼ੋਰ ਦਾ ਜ਼ਿਕਰ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ ਕਰਨਾਟਕ ਵਿੱਚ ਲੋਕਾਯੁਕਤ ਦੀ ਮਜ਼ਬੂਤੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਜਨਤਕ ਦਫ਼ਤਰ ਦਾ ਮਤਲਬ ਭਰੋਸੇ ਦੀ ਮੁਖ਼ਤਿਆਰੀ ਹੁੰਦਾ ਹੈ। ਉਨ੍ਹਾਂ ਨੇ ਸ਼੍ਰੀ ਹੇਗੜੇ ਜੀ ਦੀ ਇਸ ਸੋਚ ’ਤੇ ਵੀ ਜ਼ੋਰ ਦਿੱਤਾ ਕਿ ਮਜ਼ਬੂਤ ਸੂਬੇ ਭਾਰਤ ਨੂੰ ਮਜ਼ਬੂਤ ਬਣਾਉਂਦੇ ਹਨ, ਮਜ਼ਬੂਤ ਸਥਾਨਕ ਸਰਕਾਰਾਂ ਸੂਬਿਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਮਜ਼ਬੂਤ ਨਾਗਰਿਕ ਸਥਾਨਕ ਸਰਕਾਰਾਂ ਨੂੰ ਮਜ਼ਬੂਤ ਬਣਾਉਂਦੇ ਹਨ।
ਸ਼੍ਰੀ ਹੇਗੜੇ ਜੀ ਨੂੰ ਸੰਸਥਾਵਾਂ ਅਤੇ ਆਗੂਆਂ ਦੇ ਸਿਰਜਣਹਾਰ ਦੱਸਦੇ ਹੋਏ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ, "ਮਹਾਨ ਨੇਤਾ ਇੱਕ ਪਲ ਬਦਲ ਸਕਦੇ ਹਨ। ਮਹਾਨ ਸੰਸਥਾਨ ਬਣਾਉਣ ਵਾਲੇ ਪੀੜ੍ਹੀਆਂ ਨੂੰ ਬਦਲ ਦਿੰਦੇ ਹਨ।" ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸ਼੍ਰੀ ਹੇਗੜੇ ਜੀ ਦੀ ਇਮਾਨਦਾਰੀ, ਹਿੰਮਤ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਨੂੰ ਅਪਣਾਉਣ ਅਤੇ 'ਰਾਸ਼ਟਰ ਪਹਿਲਾਂ' ਦੀ ਭਾਵਨਾ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣਾ ਹੀ ਉਨ੍ਹਾਂ ਦੀ ਵਿਰਾਸਤ ਨੂੰ ਸਭ ਤੋਂ ਸਾਰਥਕ ਸ਼ਰਧਾਂਜਲੀ ਹੋਵੇਗੀ।
ਇਸ ਪ੍ਰੋਗਰਾਮ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਡੀ. ਕੇ. ਸ਼ਿਵਕੁਮਾਰ, ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ, ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ, ਸਾਬਕਾ ਮੁੱਖ ਮੰਤਰੀ ਸ਼੍ਰੀ ਸਿੱਧਾਰਮਈਆ ਅਤੇ ਹੋਰ ਪਤਵੰਤਿਆਂ ਦੇ ਨਾਲ-ਨਾਲ ਸ਼੍ਰੀ ਹੇਗੜੇ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਵੀ ਸ਼ਾਮਲ ਹੋਏ।
*****
ਪੀਆਰ/ਏਐੱਸਐੱਮ/ਵੀਐੱਮਜੇ
(Release ID: 2305305)
ਵਿਜ਼ੀਟਰ ਕਾਊਂਟਰ : 2