ਰੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਰਾਜਨਾਥ ਸਿੰਘ ਅਤੇ ਸ਼੍ਰੀ ਯੋਗੀ ਆਦਿੱਤਿਆਨਾਥ ਨੇ ਲਖਨਊ ਛਾਉਣੀ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ 14 ਵਿਕਾਸ ਪ੍ਰੋਜੈਕਟਾਂ ਲਈ ਭੂਮੀ ਪੂਜਨ ਕੀਤਾ


ਇਹ ਪ੍ਰੋਜੈਕਟ ਪਾਣੀ ਦੀ ਸਪਲਾਈ, ਸਿੱਖਿਆ, ਸਿਹਤ ਸੰਭਾਲ, ਖੇਡਾਂ, ਸਵੱਛਤਾ, ਪਾਰਕਿੰਗ ਅਤੇ ਨਾਗਰਿਕ ਸਹੂਲਤਾਂ ਨੂੰ ਮਜ਼ਬੂਤ ​​ਕਰਨਗੇ

ਰਕਸ਼ਾ ਮੰਤਰੀ ਨੇ ਲਗਭਗ 4,000 ਲੋਕਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਸੁਣੀ

ਰਕਸ਼ਾ ਮੰਤਰੀ ਨੇ ਕਿਹਾ-ਵਿਕਸਿਤ ਭਾਰਤ ਦਾ ਅਰਥ ਹੈ ਬੱਚਿਆਂ ਲਈ ਮਿਆਰੀ ਸਿੱਖਿਆ, ਹਰ ਘਰ ਵਿੱਚ ਸਵੱਛ ਪਾਣੀ, ਨੌਜਵਾਨਾਂ ਲਈ ਮੌਕੇ ਅਤੇ ਇੱਕ ਸਮਾਵੇਸ਼ੀ ਸਮਾਜ

Posted On: 30 AUG 2026 1:42PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੇ 30 ਅਗਸਤ, 2026 ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਛਾਉਣੀ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ 14 ਵਿਕਾਸ ਪ੍ਰੋਜੈਕਟਾਂ ਲਈ ਭੂਮੀ ਪੂਜਨ ਕੀਤਾ। ਇਨ੍ਹਾਂ ਵਿੱਚ ਰਾਜ ਸਰਕਾਰ ਦੇ ਸਮਰਥਨ ਨਾਲ ਲਾਗੂ ਕੀਤੇ ਜਾ ਰਹੇ ਦੋ ਪ੍ਰੋਜੈਕਟ ਵੀ ਸ਼ਾਮਲ ਹਨ । ਆਰਟੀਫਿਸ਼ੀਅਲ ਇੰਟੈਲੀਜੈਂਸ-ਅਧਾਰਿਤ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ; ਬਹੁ-ਮੰਤਵੀ ਖੇਡ ਕੰਪਲੈਕਸ; ਆਧੁਨਿਕ ਸ਼ਮਸ਼ਾਨਘਾਟ; 1500 ਕਿਲੋਲੀਟਰ ਭੂਮੀਗਤ ਭੰਡਾਰ; ਪੁਰਾਣੀਆਂ/ਖਰਾਬ ਹੋ ਚੁੱਕੀਆਂ ਪਾਣੀ ਸਪਲਾਈ ਪਾਈਪਲਾਈਨਾਂ ਦੀ ਤਬਦੀਲੀ; ਐੱਸਸੀਏਡੀਏ ਆਟੋਮੇਸ਼ਨ ਨਾਲ 8 ਟਿਊਬਵੈੱਲਾਂ ਦਾ ਨਿਰਮਾਣ; ਐੱਸਸੀਏਡੀਏ ਨਾਲ ਇੱਕ ਓਵਰਹੈੱਡ ਟੈਂਕ; ਲਖਨਊ ਛਾਉਣੀ ਵਿੱਚ ਦਿਵਿਆਂਗ ਬੱਚਿਆਂ ਲਈ ਇੱਕ ਵਿਸ਼ੇਸ਼ ਸਕੂਲ; ਆਰਏ ਬਜ਼ਾਰ ਸੈਕੰਡਰੀ ਸਕੂਲ ਵਿੱਚ ਵਾਧੂ ਕਲਾਸਰੂਮਾਂ ਅਤੇ ਪਖਾਨਿਆਂ ਦਾ ਨਿਰਮਾਣ; ਰੇਨਬੋ ਮਾਡਲ ਸਕੂਲ ਵਿੱਚ ਵਾਧੂ ਕਲਾਸਰੂਮਾਂ ਅਤੇ ਪਖਾਨਿਆਂ ਦਾ ਨਿਰਮਾਣ; ਇੱਕ ਬਹੁ-ਪੱਧਰੀ ਰੋਬੋਟਿਕ ਕਾਰ ਪਾਰਕਿੰਗ ਅਤੇ ਵਪਾਰਕ ਕੰਪਲੈਕਸ; ਅਤੇ ਵਿਰਾਸਤੀ ਰਹਿੰਦ-ਖੂੰਹਦ ਬਾਇਓ-ਮਾਈਨਿੰਗ ਅਤੇ ਬਾਇਓ-ਰੀਮੀਡੀਏਸ਼ਨ ਲਈ ਪ੍ਰੋਜੈਕਟ ਸ਼ੁਰੁ ਕੀਤੇ ਜਾਣਗੇ ।

ਰਾਜ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤੇ ਜਾ ਰਹੇ ਦੋ ਪ੍ਰੋਜੈਕਟ ਹਨ: ਆਰਏ ਬਜ਼ਾਰ ਸਿਟੀ ਪੌਲੀਕਲੀਨਿਕ ਅਤੇ ਮੁੱਖ ਮੰਤਰੀ ਅਭਯੁਦਯ ਕੋਚਿੰਗ ਸੈਂਟਰ। ਅੱਜ, ਰਕਸ਼ਾ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ ਨੇ ਵੀ ਲਗਭਗ 4,000 ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਨੂੰ ਸੁਣਿਆ।

ਇਸ ਮੌਕੇ 'ਤੇ ਰਕਸ਼ਾ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਛਾਉਣੀ ਖੇਤਰ ਵਿੱਚ ਨਾਗਰਿਕ ਸਹੂਲਤਾਂ, ਸਿੱਖਿਆ, ਸਿਹਤ ਸੰਭਾਲ, ਖੇਡ ਸਹੂਲਤਾਂ, ਸਵੱਛਤਾ, ਸਫਾਈ, ਪਾਣੀ ਦੀ ਸਪਲਾਈ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੇ ਵਿਆਪਕ ਯਤਨਾਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ, "ਲਖਨਊ ਛਾਉਣੀ ਦਾ ਵਿਕਾਸ ਲਖਨਊ ਦੀ ਤਰੱਕੀ ਨਾਲ ਨੇੜਿਓਂ ਜੁੜਿਆ ਹੋਇਆ ਹੈ। ਕੇਂਦਰ ਅਤੇ ਰਾਜ ਦੁਆਰਾ ਤਾਲਮੇਲ ਵਾਲੇ ਯਤਨਾਂ ਨਾਲ ਵਿਕਾਸ ਅਤੇ ਸੁਸ਼ਾਸਨ ਨੂੰ ਗਤੀ ਮਿਲ ਸਕਦੀ ਹੈ ।"

ਰਕਸ਼ਾ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਰਤ 2047 ਤੱਕ 'ਵਿਕਸਿਤ ਭਾਰਤ' ਬਣਨ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਵਿਕਸਿਤ ਭਾਰਤ ਦਾ ਅਰਥ ਸਿਰਫ਼ ਸ਼ਾਨਦਾਰ ਪ੍ਰੋਜੈਕਟ ਅਤੇ ਆਧੁਨਿਕ ਇਮਾਰਤਾਂ ਹੀ ਨਹੀਂ ਹਨ, ਸਗੋਂ ਇਸਦਾ ਅਰਥ ਇਹ ਵੀ ਹੈ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲੇ, ਹਰ ਘਰ ਵਿੱਚ ਸਵੱਛ ਪਾਣੀ ਉਪਲਬਧ ਹੋਵੇ, ਨੌਜਵਾਨਾਂ ਨੂੰ ਖੇਡਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਮਿਲਣ ਅਤੇ ਕੋਈ ਵੀ ਦਿਵਿਆਂਗ ਬੱਚਾ ਸਮਾਜ ਤੋਂ ਅਲੱਗ-ਥਲੱਗ ਮਹਿਸੂਸ ਨਾ ਕਰੇ। ਉਨ੍ਹਾਂ ਇਸ ਗੱਲ ਨੂੰ ਦੁਹਰਾਇਆ ਕਿ ਸਰਕਾਰ ਵਿਕਾਸ ਰਾਹੀਂ ਲੋਕਾਂ ਦੇ ਜੀਵਨ ਪੱਧਰ ਵਿੱਚ ਪ੍ਰਤੱਖ ਸੁਧਾਰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਲਖਨਊ ਛਾਉਣੀ ਦੇ ਕਈ ਬਜ਼ਾਰਾਂ ਦੇ ਨਾਮ ਬਦਲਣ ਦੀ ਚਰਚਾ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਬ੍ਰਿਟਿਸ਼ ਕਾਲ ਨਾਲ ਜੁੜੇ ਨਾਮਾਂ ਨੂੰ ਭਾਰਤ ਦੇ ਆਜ਼ਾਦੀ ਸੰਗ੍ਰਾਮ ਅਤੇ ਰਾਸ਼ਟਰੀ ਜੀਵਨ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਵਾਂ ਨਾਲ ਬਦਲ ਦਿੱਤਾ ਗਿਆ ਹੈ। ਰੌਇਲ ਆਰਟਿਲਰੀ ਬਜ਼ਾਰ ਦਾ ਨਾਮ ਏਕਤਾ ਬਜ਼ਾਰ, ਬ੍ਰਿਟਿਸ਼ ਕੈਵਲਰੀ ਬਜ਼ਾਰ ਦਾ ਨਾਮ ਉਦਾ ਦੇਵੀ ਬਜ਼ਾਰ, ਬ੍ਰਿਟਿਸ਼ ਇਨਫੈਂਟਰੀ ਬਜ਼ਾਰ ਦਾ ਨਾਮ ਮਾਤਾਦੀਨ ਵਾਲਮੀਕੀ ਬਜ਼ਾਰ ਅਤੇ ਇੱਕ ਹੋਰ ਬ੍ਰਿਟਿਸ਼ ਇਨਫੈਂਟਰੀ ਬਜ਼ਾਰ ਦਾ ਨਾਮ ਮੰਗਲ ਪਾਂਡੇ ਬਜ਼ਾਰ ਰੱਖਿਆ ਗਿਆ ਹੈ, ਜਦਕਿ ਦੂਜੇ ਪਾਸੇ, ਕੈਨੇਡੀ ਬਜ਼ਾਰ ਦਾ ਨਾਮ ਅਟਲ ਬਿਹਾਰੀ ਵਾਜਪਾਈ ਬਜ਼ਾਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰਤ ਦੀ ਵਿਰਾਸਤ ਨਾਲ ਜੋੜਨਾ ਅਤੇ ਰਾਸ਼ਟਰੀ ਸੇਵਾ ਲਈ ਪ੍ਰੇਰਿਤ ਕਰਨਾ ਹੈ।

ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ; ਉੱਤਰ ਪ੍ਰਦੇਸ਼ ਰਾਜ ਮੰਤਰੀ ਸ਼੍ਰੀ ਅਸੀਮ ਅਰੁਣ; ਕੇਂਦਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ; ਰਾਜ ਸਭਾ ਮੈਂਬਰ ਸ਼੍ਰੀ ਦਿਨੇਸ਼ ਸ਼ਰਮਾ; ਲਖਨਊ ਦੇ ਮੇਅਰ ਸ਼੍ਰੀਮਤੀ ਸੁਸ਼ਮਾ ਖਰਵਾਲ; ਰੱਖਿਆ ਅਸਟੇਟ ਦੇ ਡਾਇਰੈਕਟਰ ਜਨਰਲ ਸ਼੍ਰੀਮਤੀ ਸ਼ੋਭਾ ਗੁਪਤਾ; ਐੱਚਏਐੱਲ ਦੇ ਸੀਐੱਮਡੀ ਸ਼੍ਰੀ ਰਵੀ ਕੇ; ਬੀਈਐੱਲ ਦੇ ਸੀਐੱਮਡੀ ਸ਼੍ਰੀ ਮਨੋਜ ਜੈਨ; ਅਤੇ ਰੱਖਿਆ ਬਲਾਂ, ਕੇਂਦਰ ਅਤੇ ਰਾਜ ਸਰਕਾਰਾਂ ਅਤੇ ਲਖਨਊ ਛਾਉਣੀ ਬੋਰਡ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ।

****

ਵੀਕੇ/ਐੱਸਪੀਐੱਸ/ਸੈਵੀ/ਕਮਲੇਸ਼ /ਏਕੇ


(Release ID: 2304966) ਵਿਜ਼ੀਟਰ ਕਾਊਂਟਰ : 19