ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਅਰਨਮੁਲਾ ਉਥ੍ਰਿਤਾਥੀ ਵੱਲਮਕਾਲੀ ਦਾ ਉਦਘਾਟਨ ਕੀਤਾ, ਕੇਰਲਮ ਦੀ ਅਮੀਰ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਇਆ
ਅਰਨਮੁਲਾ ਵੱਲਮਕਾਲੀ ਕੇਰਲਮ ਦੀਆਂ ਅਟੁੱਟ ਪਰੰਪਰਾਵਾਂ, ਸ਼ਰਧਾ ਅਤੇ ਏਕਤਾ ਦੀਆਂ ਭਾਵਨਾਵਾਂ ਨੂੰ ਦਰਸਾਉਂਦੀ ਹੈ: ਉਪ-ਰਾਸ਼ਟਰਪਤੀ
ਪਰੰਪਰਾ ਅਤੇ ਆਧੁਨਿਕਤਾ ਨਾਲ-ਨਾਲ ਚੱਲ ਸਕਦੀਆਂ ਹਨ: ਅਰਨਮੁਲਾ ਵੱਲਮਕਾਲੀ ਵਿੱਚ ਉਪ-ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਿਕਾਸ ਵੀ, ਵਿਰਾਸਤ ਵੀ’ ਦੇ ਦ੍ਰਿਸ਼ਟੀਕੋਣ ਬਾਰੇ ਦੱਸਿਆ
Posted On:
30 AUG 2026 4:24PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਪੰਬਾ ਨਦੀ ’ਤੇ ਅਰਨਮੁਲਾ ਉਥ੍ਰਿਤਾਥੀ ਵੱਲਮਕਾਲੀ ਉਦਘਾਟਨ ਕੀਤਾ। ਉਪ-ਰਾਸ਼ਟਰਪਤੀ ਨੇ ਇਸ ਤਿਉਹਾਰ ਨੂੰ ਕੇਰਲਮ ਦੀ ਅਮੀਰ ਸਭਿਆਚਾਰਕ ਵਿਰਾਸਤ, ਸ਼ਰਧਾ ਅਤੇ ਅਟੁੱਟ ਪਰੰਪਰਾਵਾਂ ਦਾ ਇੱਕ ਸ਼ਾਨਦਾਰ ਪ੍ਰਤੀਕ ਦੱਸਿਆ।
ਕੇਰਲਮ ਦੇ ਲੋਕਾਂ ਨੂੰ ਹਾਲ ਹੀ ਵਿੱਚ ਰਾਜ ਦਾ ਨਾਂ ਬਦਲਣ ’ਤੇ ਵਧਾਈ ਦਿੰਦੇ ਹੋਏ ਉਪ-ਰਾਸ਼ਟਰਪਤੀ ਨੇ ਯਾਦ ਦਿਵਾਇਆ ਕਿ ਰਾਜ ਸਭਾ ਦੇ ਸਭਾਪਤੀ ਵਜੋਂ ਉਨ੍ਹਾਂ ਨੂੰ ਹਾਲ ਹੀ ਵਿੱਚ ਖ਼ਤਮ ਹੋਏ ਸੈਸ਼ਨ ਦੌਰਾਨ ਰਾਜ ਦਾ ਨਾਂ ਬਦਲਣ ਵਾਲੇ ਬਿੱਲ ਨੂੰ ਪਾਸ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਓਣਮ ਦੇ ਤਿਉਹਾਰ ’ਤੇ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਓਣਮ ਅਤੇ ਵੱਲਾਸਦਿਆ ਦੀ ਪਵਿੱਤਰ ਪਰੰਪਰਾ ਨਾਲ ਜੁੜਿਆ ਅਰਨਮੁਲਾ ਵੱਲਮਕਾਲੀ, ਟੀਮ ਵਰਕ, ਅਨੁਸ਼ਾਸਨ ਅਤੇ ਖੇਡ ਭਾਵਨਾ ਦੀ ਸ਼ਾਨਦਾਰ ਮਿਸਾਲ ਹੈ, ਜਿਸ ਵਿੱਚ ਸੁੰਦਰਤਾ ਨਾਲ ਸਜਾਈਆਂ ਪੱਲੀਓਡਮ ਕਿਸ਼ਤੀਆਂ ਅਤੇ ਸੌ ਤੋਂ ਵੱਧ ਮਲਾਹ ਲੈਅਬੱਧ ਢੰਗ ਨਾਲ ਚੱਪੂ ਚਲਾਉਂਦੇ ਹਨ।
ਪੰਬਾ ਨਦੀ ਦੇ ਅਧਿਆਤਮਿਕ ਮਹੱਤਵ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਬਰੀਮਾਲਾ ਤੀਰਥ ਯਾਤਰਾ ਦਾ ਅਨਿੱਖੜਵਾਂ ਅੰਗ ਹੈ ਅਤੇ ਵਿਸ਼ਵਾਸ, ਪਵਿੱਤਰਤਾ ਤੇ ਅਧਿਆਤਮਿਕ ਸ਼ਰਧਾ ਦਾ ਪ੍ਰਤੀਕ ਹੈ। ਸਬਰੀਮਾਲਾ ਦੀਆਂ ਆਪਣੀਆਂ ਸੱਤ ਯਾਤਰਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਵਜੋਂ ਨਾਮਜ਼ਦਗੀ ਤੋਂ ਕੁਝ ਸਮਾਂ ਪਹਿਲਾਂ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਉਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਗਵਾਨ ਅਯੱਪਾ ਦੇ ਆਸ਼ੀਰਵਾਦ ਨੇ ਉਨ੍ਹਾਂ ਦੀ ਚੋਣ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਅਰਨਮੁਲਾ ਦੀ ਵਿਰਾਸਤ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਪ੍ਰਾਚੀਨ ਸ਼੍ਰੀ ਪਾਰਥਸਾਰਥੀ ਮੰਦਰ ਅਤੇ ਪ੍ਰਸਿੱਧ ਜੀ.ਆਈ.-ਟੈਗ ਪ੍ਰਾਪਤ ਅਰਨਮੁਲਾ ਕੰਨਾਡੀ ਬਾਰੇ ਵਿਸ਼ੇਸ਼ ਤੌਰ ’ਤੇ ਦੱਸਿਆ। ਉਨ੍ਹਾਂ ਨੇ ਪਿਛਲੇ ਸਾਲ ਉਪ-ਰਾਸ਼ਟਰਪਤੀ ਨਿਵਾਸ ’ਤੇ ਹੋਏ ਸਮਾਗਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਹਿਮਾਨਾਂ ਨੂੰ ਅਰਨਮੁਲਾ ਕੰਨਾਡੀ ਭੇਟ ਕੀਤੀ ਸੀ, ਜਿਸ ਦੀ ਸ਼ਾਨਦਾਰ ਕਾਰੀਗਰੀ ਦੀ ਮਹਿਮਾਨਾਂ ਨੇ ਬਹੁਤ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਵਾਇਤੀ ਕਲਾਵਾਂ, ਸ਼ਿਲਪਾਂ ਅਤੇ ਗਿਆਨ ਪ੍ਰਣਾਲੀਆਂ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਦੇ ਮਹੱਤਵ ’ਤੇ ਜ਼ੋਰ ਦਿੱਤਾ ।
ਇਹ ਦੱਸਦੇ ਹੋਏ ਕਿ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਲੋਕ ਵੀ ਅਜਿਹੀਆਂ ਪਿਆਰੀਆਂ ਪਰੰਪਰਾਵਾਂ ਵਿੱਚ ਹਿੱਸਾ ਲੈਣ ਲਈ ਵਾਪਸ ਆਉਂਦੇ ਹਨ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਅਰਨਮੁਲਾ ਇਹ ਦਰਸਾਉਂਦਾ ਹੈ ਕਿ ਕਿਵੇਂ ਸਭਿਆਚਾਰਕ ਪਰੰਪਰਾਵਾਂ ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜ ਕੇ ਰੱਖਦੀਆਂ ਹਨ।
ਪਰੰਪਰਾ ਅਤੇ ਆਧੁਨਿਕਤਾ ਦੇ ਨਾਲ-ਨਾਲ ਚੱਲਣ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ “ਵਿਕਾਸ ਵੀ, ਵਿਰਾਸਤ ਵੀ” ਦੇ ਵਿਜ਼ਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਭਿੰਨ ਤਿਉਹਾਰ ਦੇਸ਼ ਦੀ ਸਭਿਆਚਾਰਕ ਏਕਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ, “ਸਾਡੀ ਵੱਖਰਤਾ/ਵਿਭਿੰਨਤਾ ਵੰਡ ਦਾ ਸਰੋਤ ਨਹੀਂ ਹੈ; ਇਹ ਸਾਡੀ ਤਾਕਤ ਦਾ ਸਰੋਤ ਹੈ।”
ਸਮਾਗਮ ਵਿੱਚ ਕੇਰਲਮ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਗ੍ਰਹਿ ਮੰਤਰੀ ਸ਼੍ਰੀ ਰਮੇਸ਼ ਚੇੰਨੀਥਲਾ, ਉੱਚ ਸਿੱਖਿਆ ਮੰਤਰੀ ਸ਼੍ਰੀ ਰੋਜ਼ੀ ਐਮ. ਜੌਨ, ਜਲ ਸਰੋਤ ਮੰਤਰੀ ਸ਼੍ਰੀ ਮੌਂਸ ਜੋਸਫ, ਸੰਸਦ ਮੈਂਬਰ ਸ਼੍ਰੀ ਐਂਟੋ ਐਂਟਨੀ, ਅਰਨਮੁਲਾ ਦੇ ਵਿਧਾਇਕ ਸ਼੍ਰੀ ਅਭਿਨ ਵਰਕੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
*****
ਪੀਆਰ/ਏਐਸਐਮ/ਵੀਐਮਜੇ
(Release ID: 2304889)
ਵਿਜ਼ੀਟਰ ਕਾਊਂਟਰ : 3