ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਚੌਥੀ ਭਾਰਤ-ਅਰਜਨਟੀਨਾ ਸੰਯੁਕਤ ਵਾਰਤਾ ਦੀ ਪ੍ਰਧਾਨਗੀ ਕੀਤੀ; ਦੋਵੇਂ ਧਿਰਾਂ ਨੇ ਰਣਨੀਤਕ ਅਤੇ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ


ਭਾਰਤ ਅਤੇ ਅਰਜਨਟੀਨਾ ਨੇ ਲਿਥੀਅਮ, ਊਰਜਾ ਅਤੇ ਖੇਤੀਬਾੜੀ ਵਿੱਚ ਸਹਿਯੋਗ ਨੂੰ ਅੱਗੇ ਵਧਾਇਆ; ਐੱਸਪੀਐੱਸ ਗੱਲਬਾਤ ਨਾਲ ਭਾਰਤੀ ਖੇਤੀਬਾੜੀ ਉਤਪਾਦਾਂ ਲਈ ਬਜ਼ਾਰ ਪਹੁੰਚ ਦੇ ਨਵੇਂ ਮੌਕੇ

ਭਾਰਤ-ਅਰਜਨਟੀਨਾ ਨੇ ਫਾਰਮਾਸਿਊਟੀਕਲ ਮਾਰਕੀਟ ਪਹੁੰਚ ਨੂੰ ਮਜ਼ਬੂਤ ​​ਕੀਤਾ ਅਤੇ ਡਿਜੀਟਲ, ਸਪੇਸ ਅਤੇ ਉੱਭਰਦੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਦਾ ਵਿਸਤਾਰ ਕੀਤਾ

ਅਰਜਨਟੀਨਾ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਭਾਰਤੀ ਵਪਾਰਕ ਵਫ਼ਦ ਨਵੇਂ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਦੀਆਂ ਸੰਭਾਵਨਾਵਾਂ ਦੀ ਪੜਚੋਲ ਕੀਤੀ

Posted On: 29 AUG 2026 10:11AM by PIB Chandigarh

ਭਾਰਤ-ਅਰਜਨਟੀਨਾ ਸੰਯੁਕਤ ਵਪਾਰ ਕਮੇਟੀ (ਜੇਟੀਸੀ) ਦੀ ਚੌਥੀ ਮੀਟਿੰਗ 24 ਅਗਸਤ, 2026 ਨੂੰ ਬਿਊਨਸ ਆਇਰਸ ਦੇ ਪਲਾਸੀਓ ਸੈਨ ਮਾਰਟਿਨ ਵਿਖੇ ਆਯੋਜਿਤ ਕੀਤੀ ਗਈ। ਭਾਰਤੀ ਵਫ਼ਦ ਦੀ ਅਗਵਾਈ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਕੀਤੀ, ਜਦਕਿ ਅਰਜਨਟੀਨਾ ਦੇ ਵਫ਼ਦ ਦੀ ਅਗਵਾਈ ਅੰਤਰਰਾਸ਼ਟਰੀ ਆਰਥਿਕ ਸਬੰਧਾਂ ਦੇ ਸਕੱਤਰ ਰਾਜਦੂਤ ਫਰਨਾਂਡੋ ਬਰੂਨ ਨੇ ਕੀਤੀ। ਦੋਵਾਂ ਧਿਰਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 2025 ਵਿੱਚ ਅਰਜਨਟੀਨਾ ਫੇਰੀ ਦੌਰਾਨ ਸਹਿਮਤ ਹੋਏ ਰੋਡਮੈਪ 'ਤੇ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਅਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਭਾਰਤ ਅਤੇ ਅਰਜਨਟੀਨਾ ਵਿਚਕਾਰ ਦੁਵੱਲਾ ਵਪਾਰ 2025 ਵਿੱਚ 6.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਗਿਆ, ਜਿਸ ਨਾਲ ਸਲਾਨਾ 17 ਪ੍ਰਤੀਸ਼ਤ ਤੋਂ ਵੱਧ ਦਾ ਲਗਾਤਾਰ ਵਾਧਾ ਦਰਜ ਕੀਤਾ ਗਿਆ । ਭਾਰਤ ਅਰਜਨਟੀਨਾ ਦੇ ਪੰਜਵੇਂ ਸਭ ਤੋਂ ਵੱਡੇ ਵਪਾਰਕ ਭਾਈਵਾਲ ਵਜੋਂ ਉਭਰਿਆ ਹੈ, ਜੋ ਕਿ ਦੁਵੱਲੇ ਵਪਾਰ ਦੇ ਵਿਸਥਾਰ ਅਤੇ ਵਿਭਿੰਨਤਾ ਲਈ ਅਥਾਹ ਸੰਭਾਵਨਾ ਨੂੰ ਦਰਸਾਉਂਦਾ ਹੈ। ਵਿਦੇਸ਼ੀ ਵਪਾਰ ਨੂੰ ਸੁਵਿਧਾਜਨਕ ਬਣਾਉਣ, ਗੈਰ-ਟੈਰਿਫ ਰੁਕਾਵਟਾਂ ਨੂੰ ਘਟਾਉਣ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਅਰਜਨਟੀਨਾ ਦੇ ਨਿਰੰਤਰ ਯਤਨਾਂ ਨਾਲ ਅਰਜਨਟੀਨਾ ਦੇ ਬਜ਼ਾਰ ਵਿੱਚ ਭਾਰਤੀ ਕੰਪਨੀਆਂ ਦੀ ਭਾਗੀਦਾਰੀ ਵਧਣ ਦੀ ਉਮੀਦ ਹੈ। ਦੋਵਾਂ ਧਿਰਾਂ ਨੇ ਆਰਥਿਕ ਭਾਈਵਾਲੀ ਨੂੰ ਵਧਾਉਣ ਦੇ ਨਾਲ-ਨਾਲ ਵਧੇਰੇ ਆਪਸੀ ਸਹਿਯੋਗ ਅਤੇ ਕਾਰੋਬਾਰਾਂ ਲਈ ਮੌਕਿਆਂ ਦੇ ਵਧੇਰੇ ਸੰਤੁਲਿਤ ਢਾਂਚੇ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਮਾਈਨਿੰਗ, ਐਨਰਜੀ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ 'ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਅਰਜਨਟੀਨਾ ਦੇ ਲਿਥੀਅਮ ਖੇਤਰ ਵਿੱਚ ਭਾਰਤ ਦੀ ਨਿਰੰਤਰ ਭਾਗੀਦਾਰੀ ਸ਼ਾਮਲ ਹੈ। ਅਰਜਨਟੀਨਾ ਵਿੱਚ ਇੱਕ ਭਾਰਤੀ ਕੰਪਨੀ ਦੁਆਰਾ ਸ਼ੁਰੂ ਕੀਤਾ ਗਿਆ ਪਹਿਲਾ ਲਿਥੀਅਮ ਮਾਈਨਿੰਗ ਪ੍ਰੋਜੈਕਟ, ਕਾਬਿਲ ਦੇ ਕੈਟਾਮਾਰਕਾ ਵਿਖੇ ਮਾਈਨਿੰਗ ਗਤੀਵਿਧੀਆਂ, ਦੂਜੇ ਪੜਾਅ ਦੇ ਪੂਰਾ ਹੋਣ ਦੇ ਨਾਲ ਕਾਫ਼ੀ ਅੱਗੇ ਵਧ ਚੁੱਕਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਾਲਟਾ ਅਤੇ ਜੁਜੂਏ ਪ੍ਰਾਂਤਾਂ ਵਿੱਚ ਅੱਗੇ ਦੀ ਭਾਈਵਾਲੀ ਦੇ ਮੌਕਿਆਂ ਦੀ ਵੀ ਖੋਜ ਕੀਤੀ ਜਾ ਰਹੀ ਹੈ।

ਵਿਚਾਰ-ਵਟਾਂਦਰੇ ਵਿੱਚ ਅਰਜਨਟੀਨਾ ਦੇ ਬਜ਼ਾਰ ਵਿੱਚ ਭਾਰਤੀ ਖੇਤੀਬਾੜੀ ਉਤਪਾਦਾਂ ਦੇ ਪ੍ਰਵੇਸ਼ ਨੂੰ ਸੁਚਾਰੂ ਬਣਾਉਣ ਵੱਲ ਹੋਈ ਉਤਸ਼ਾਹਜਨਕ ਪ੍ਰਗਤੀ ਨੂੰ ਵੀ ਉਜਾਗਰ ਕੀਤਾ ਗਿਆ। ਭਾਰਤੀ ਪਿਆਜ਼, ਦੁੱਧ ਅਤੇ ਦੁੱਧ ਉਤਪਾਦਾਂ, ਅੰਗੂਰ, ਆਲੂ, ਕੇਲੇ ਅਤੇ ਦਾਲਾਂ ਲਈ ਸੈਨੇਟਰੀ ਅਤੇ ਫਾਈਟੋਸੈਨੇਟਰੀ (ਐੱਸਪੀਐੱਸ) ਉਪਾਵਾਂ 'ਤੇ ਤਕਨੀਕੀ-ਪੱਧਰੀ ਵਿਚਾਰ-ਵਟਾਂਦਰੇ ਅੱਗੇ ਵਧ ਰਹੇ ਹਨ, ਜੋ ਕਿ ਇਨ੍ਹਾਂ ਉਤਪਾਦਾਂ ਲਈ ਬਜ਼ਾਰ ਪਹੁੰਚ ਵੱਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਨ੍ਹਾਂ ਘਟਨਾਕ੍ਰਮਾਂ ਤੋਂ ਭਾਰਤੀ ਕਿਸਾਨਾਂ ਅਤੇ ਨਿਰਯਾਤਕਾਂ ਲਈ ਵਧੇਰੇ ਮੌਕੇ ਪੈਦਾ ਹੋਣ, ਦੁਵੱਲੇ ਖੇਤੀਬਾੜੀ ਵਪਾਰ ਨੂੰ ਮਜ਼ਬੂਤ ​​ਕਰਨ ਅਤੇ 2047 ਤੱਕ ਵਿਕਸਿਤ ਭਾਰਤ ਦੇ ਭਾਰਤ ਦੇ ਵਿਆਪਕ ਟੀਚੇ ਵਿੱਚ ਯੋਗਦਾਨ ਪਾਉਣ ਦੀ ਉਮੀਦ ਹੈ।

ਭਾਰਤੀ ਫਾਰਮਾਸਿਊਟੀਕਲ ਪ੍ਰੋਡਕਟਸ ਲਈ ਬਜ਼ਾਰ ਪਹੁੰਚ ਨੂੰ ਸੁਚਾਰੂ ਬਣਾਉਣ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ। ਅਰਜਨਟੀਨਾ ਨੇ ਆਪਣੇ ਡਰੱਗ ਰੈਗੂਲੇਟਰੀ ਢਾਂਚੇ ਦੇ ਤਹਿਤ ਭਾਰਤ ਨੂੰ ਅਨੁਬੰਧ II ਤੋਂ ਅਨੁਬੰਧ I ਵਿੱਚ ਅੱਪਗ੍ਰੇਡ ਕਰਨ ਅਤੇ ਪ੍ਰਵੇਸ਼ ਰੁਕਾਵਟਾਂ ਨੂੰ ਘਟਾਉਣ ਲਈ ਕੰਮ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। ਇਸ ਨਾਲ ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਲਈ ਵਧੇਰੇ ਮੌਕੇ ਪ੍ਰਦਾਨ ਕਰਨ ਅਤੇ ਅਰਜਨਟੀਨਾ ਵਿੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਉਮੀਦ ਹੈ। ਅਰਜਨਟੀਨਾ ਦੇ ਏਐੱਨਐੱਮਏਟੀ ਅਤੇ ਭਾਰਤ ਦੇ ਸੀਡੀਐੱਸਸੀਓ ਵਿਚਕਾਰ 2019 ਵਿੱਚ ਹੋਏ ਸਮਝੌਤਾ ਪੱਤਰ ਦੇ ਅਧਾਰ 'ਤੇ, ਦੋਵੇਂ ਧਿਰਾਂ ਨੇ ਆਯੁਰਵੇਦ ਅਤੇ ਯੋਗਾ ਵਿੱਚ ਸੰਯੁਕਤ ਪਹਿਲਾਂ ਰਾਹੀਂ ਸਹਿਯੋਗ ਨੂੰ ਮਜ਼ਬੂਤ ​​ਕਰਨ ਦੀ ਵੀ ਵਚਨਬੱਧਤਾ ਪ੍ਰਗਟਾਈ ਹੈ।

ਹਵਾਬਾਜ਼ੀ, ਪੁਲਾੜ ਤਕਨਾਲੋਜੀ, ਦੂਰਸੰਚਾਰ ਅਤੇ ਡਿਜੀਟਲ ਸੇਵਾਵਾਂ ਸਮੇਤ ਸਹਿਯੋਗ ਦੇ ਉੱਭਰ ਰਹੇ ਖੇਤਰਾਂ ਦੀ ਪਛਾਣ ਖਾਸ ਕਰਕੇ 5ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਲਈ ਅੱਗੇ ਦੇ ਮੌਕਿਆਂ ਵਜੋਂ ਕੀਤੀ ਗਈ। 

ਭਾਰਤ-ਮਰਕੋਸੁਰ ਤਰਜੀਹੀ ਵਪਾਰ ਸਮਝੌਤਾ ਵੀ ਬਜ਼ਾਰ ਪਹੁੰਚ ਨੂੰ ਵਧਾਉਣ ਅਤੇ ਆਰਥਿਕ ਏਕੀਕਰਣ ਨੂੰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਸਾਧਨ ਬਣਿਆ ਹੋਇਆ ਹੈ। ਸੰਦਰਭ ਸ਼ਰਤਾਂ 'ਤੇ ਪ੍ਰਗਤੀ, ਨਾਲ ਹੀ ਡਿਜੀਟਲ ਮੂਲ ਸਰਟੀਫਿਕੇਟਾਂ ਨੂੰ ਅਪਣਾਉਣ ਨਾਲ, ਵਪਾਰ ਨੂੰ ਸੌਖਾ ਬਣਾਉਣ ਅਤੇ ਕਾਰੋਬਾਰਾਂ ਲਈ ਸਰਹੱਦ ਪਾਰ ਵਪਾਰ ਨੂੰ ਵਧੇਰੇ ਕੁਸ਼ਲ ਬਣਾਉਣ ਦੀ ਉਮੀਦ ਹੈ।

ਸੰਯੁਕਤ ਵਪਾਰ ਸੰਮੇਲਨ (ਜੇਟੀਸੀ) ਤੋਂ ਬਾਅਦ ਅਰਜਨਟੀਨਾ ਦੇ ਵਿਦੇਸ਼, ਅੰਤਰਰਾਸ਼ਟਰੀ ਵਪਾਰ ਅਤੇ ਪੂਜਾ (Worship) ਮੰਤਰੀ, ਮਹਾਮਹਿਮ ਸ਼੍ਰੀ ਪਾਬਲੋ ਕੁਇਨੋ (Pablo Quirno) ਅਤੇ ਜੀ6 ਉਦਯੋਗ ਚੈਂਬਰਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਹੋਈ। ਇਸ ਸੰਵਾਦ ਨਾਲ ਭਾਰਤ-ਅਰਜਨਟੀਨਾ ਆਰਥਿਕ ਸਬੰਧਾਂ ਵਿੱਚ ਮੌਜੂਦ ਮੌਕਿਆਂ ‘ਤੇ ਅਰਜਨਟੀਨਾ ਦੇ ਵਪਾਰਕ ਭਾਈਚਾਰੇ ਤੋਂ ਕੀਮਤੀ ਜਾਣਕਾਰੀ ਪ੍ਰਾਪਤ ਹੋਈ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੇ ਅਨੁਸਾਰ ਸਰਕਾਰੀ ਉਪਲਬਧੀਆਂ ਨੂੰ ਇਕਸਾਰ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ।

ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਪਿਆਜ਼, ਖੱਟੇ ਫਲ, ਡੇਅਰੀ, ਅਖਰੋਟ, ਅੰਗੂਰ ਅਤੇ ਕੇਲੇ ਨਾਲ ਸਬੰਧਿਤ ਏਜੰਡਾ ਦੀ ਸਮੀਖਿਆ ਕਰਨ ਲਈ ਖੇਤੀਬਾੜੀ, ਪਸ਼ੂਧਨ ਅਤੇ ਮੱਛੀ ਪਾਲਣ ਦੇ ਰਾਸ਼ਟਰੀ ਸਕੱਤਰ, ਸ਼੍ਰੀ ਸਰਜੀਓ ਇਰਾਏਟਾ ਨਾਲ ਮੁਲਾਕਾਤ ਕੀਤੀ; ਭਾਰਤੀ ਫਾਰਮਾਸਿਊਟੀਕਲ ਲਈ ਨੌਨ-ਟੈਰਿਫ ਰੁਕਾਵਟਾਂ ਅਤੇ ਰੈਗੂਲੇਟਰੀ ਮਾਨਤਾ ਬਾਰੇ ਚਰਚਾ ਕਰਨ ਲਈ ਰੈਗੂਲੇਸ਼ਨ ਸਕੱਤਰ, ਸ਼੍ਰੀ ਅਲੈਜੈਂਡ੍ਰੋ ਕਾਕੇਸ ਨਾਲ ਮੁਲਾਕਾਤ ਕੀਤੀ; ਅਤੇ ਨਵੀਨਤਾ, ਵਿਗਿਆਨ ਅਤੇ ਤਕਨਾਲੋਜੀ ਸਕੱਤਰ, ਸ਼੍ਰੀਮਤੀ ਐਡਰੀਆਨਾ ਬਾਰਾਵੱਲੇ, ਸੀਓਐੱਨਏਈ ਦੀ ਸ਼੍ਰੀਮਤੀ ਜੋਸੇਫਿਨਾ ਪੇਰੇਜ਼ ਅਤੇ ਪ੍ਰਮਾਣੂ ਅਤੇ ਪੁਲਾੜ ਖੇਤਰ ਦੀ ਨਿਰਦੇਸ਼ਕ ਸੁਸ਼੍ਰੀ ਜਿਮੇਨਾ ਸ਼ਿਆਫਿਨੋ ਨਾਲ ਪੁਲਾੜ ਅਤੇ ਪ੍ਰਮਾਣੂ ਸਹਿਯੋਗ ਬਾਰੇ ਚਰਚਾ ਕਰਨ ਲਈ ਮੁਲਾਕਾਤ ਕੀਤੀ, ਜਿਸ ਵਿੱਚ ਇਸਰੋ- ਸੀਓਐੱਨਏਈ ਪ੍ਰਸਤਾਵਿਤ ਮੀਟਿੰਗ ਵੀ ਸ਼ਾਮਲ ਹੈ।

25 ਅਗਸਤ, 2026 ਨੂੰ ਪਲਾਸੀਓ ਸੈਨ ਮਾਰਟਿਨ ਵਿਖੇ ਆਯੋਜਿਤ ਭਾਰਤ-ਅਰਜਨਟੀਨਾ ਬਿਜ਼ਨਸ ਫੋਰਮ  ਰਾਹੀਂ ਦੋਵੇਂ ਦੇਸ਼ਾਂ ਵਿਚਕਾਰ ਸਬੰਧ ਹੋਰ ਮਜ਼ਬੂਤ ​​ਹੋਏ। ਇਸ ਫੋਰਮ ਨੇ ਦੋਵਾਂ ਦੇਸ਼ਾਂ ਦੇ ਸਰਕਾਰੀ ਪ੍ਰਤੀਨਿਧੀਆਂ ਅਤੇ ਪ੍ਰਮੁੱਖ ਕਾਰੋਬਾਰਾਂ ਨੂੰ ਇਕੱਠਾ ਕੀਤਾ। ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਅਰਜਨਟੀਨਾ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਭਾਰਤੀ ਵਪਾਰਕ ਵਫ਼ਦ ਦੀ ਅਗਵਾਈ ਕੀਤੀ, ਜਿਸ ਵਿੱਚ ਯੂਪੀਐੱਲ, ਕਿਰਲੋਸਕਰ ਅਤੇ ਆਦਿਤਿਆ ਬਿਰਲਾ ਸਮੂਹ ਦੇ ਪ੍ਰਤੀਨਿਧੀਆਂ ਸਮੇਤ 25 ਤੋਂ ਵੱਧ ਬਿਜਨਿਸ਼ ਲੀਡਰਸ ਸ਼ਾਮਲ ਸਨ। ਵਫ਼ਦ ਨੇ ਅਰਜਨਟੀਨਾ ਦੇ ਵਪਾਰਕ ਭਾਈਚਾਰੇ ਨਾਲ ਮਿਲ ਕੇ ਦੋਵੇਂ ਦੇਸ਼ਾਂ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਠੋਸ ਵਪਾਰਕ ਨਤੀਜਿਆਂ ਵਿੱਚ ਬਦਲਣ ਲਈ ਗੱਲਬਾਤ ਕੀਤੀ।

ਇਸ ਫੋਰਮ ਨੇ ਭਾਰਤੀ ਕੰਪਨੀਆਂ ਨੂੰ ਅਰਜਨਟੀਨਾ ਦੀਆਂ ਕੰਪਨੀਆਂ ਨਾਲ ਸਿੱਧੇ ਤੌਰ 'ਤੇ ਸੰਵਾਦ ਸਥਾਪਿਤ ਕਰਨ, ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਲੱਭਣ ਅਤੇ ਖੇਤੀਬਾੜੀ, ਖਣਿਜ, ਊਰਜਾ, ਫਾਰਮਾਸਿਊਟੀਕਲ, ਸਿਹਤ ਸੰਭਾਲ, ਟੂਰਿਜ਼ਮ, ਬੈਂਕਿੰਗ ਅਤੇ ਦੂਰਸੰਚਾਰ ਸਮੇਤ ਮੁੱਖ ਖੇਤਰਾਂ ਵਿੱਚ ਭਾਈਵਾਲੀ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕੀਤਾ। ਵਿਚਾਰ-ਵਟਾਂਦਰੇ ਦਾ ਮੁੱਖ ਉਦੇਸ਼ ਬਜ਼ਾਰ ਪਹੁੰਚ ਵਿੱਚ ਸੁਧਾਰ ਕਰਨ, ਰੈਗੂਲੇਟਰੀ ਅਤੇ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ, ਅਤੇ ਵਪਾਰ-ਤੋਂ-ਵਪਾਰ ਸਬੰਧਾਂ ਨੂੰ ਉਤਸ਼ਾਹਿਤ ਕਰਨ  ਰਾਹੀਂ ਸਰਕਾਰ-ਤੋਂ-ਸਰਕਾਰ ਦੇ ਵਿਚਕਾਰ ਸਬੰਧਾਂ ਨੂੰ ਠੋਸ ਵਪਾਰਕ ਨਤੀਜਿਆਂ ਵਿੱਚ ਬਦਲਣਾ ਸੀ।

ਭਾਰਤ-ਅਰਜਨਟੀਨਾ ਆਰਥਿਕ ਭਾਈਵਾਲੀ ਵਪਾਰ ਵਿਸਤਾਰ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਮੁੱਲ ਸਿਰਜਣ ਲਈ ਨਵੇਂ ਰਸਤੇ ਖੋਲ੍ਹਣ ਦੇ ਮਹੱਤਵਪੂਰਨ ਮੌਕੇ ਪ੍ਰਦਾਨ ਕਰਦੀ ਹੈ। ਰਵਾਇਤੀ ਅਤੇ ਉੱਭਰ ਰਹੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ​​ਕਰਨ ਨਾਲ ਦੋਵੇਂ ਅਰਥਵਿਵਸਥਾਵਾਂ ਦੇ ਵਿਕਾਸ ਅਤੇ ਸਮ੍ਰਿੱਧੀ ਵਿੱਚ ਹੋਰ ਯੋਗਦਾਨ ਮਿਲ ਸਕਦਾ ਹੈ।

 
 

 

************

ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ /ਏਕੇ


(Release ID: 2304882) ਵਿਜ਼ੀਟਰ ਕਾਊਂਟਰ : 8