ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵਿਕਾਸ ਅਤੇ ਸੰਭਾਲ ਇੱਕ ਦੂਜੇ ਦੇ ਵਿਰੋਧੀ ਨਹੀਂ, ਇਹ ਹਮੇਸ਼ਾ ਇਕੱਠੇ ਚੱਲ ਸਕਦੇ ਹਨ: ਉਪ-ਰਾਸ਼ਟਰਪਤੀ


ਆਧੁਨਿਕ ਵਿਗਿਆਨਕ ਜੰਗਲਾਤ ਅਤੇ ਭਾਰਤ ਦੀ ਸਭਿਅਤਾ ਦੀ ਬੁੱਧੀ ਦਾ ਤਾਲਮੇਲ ਇੱਕ ਟਿਕਾਊ ਭਵਿੱਖ ਦੀ ਕੁੰਜੀ ਹੈ: ਉਪ-ਰਾਸ਼ਟਰਪਤੀ

ਪੀੜ੍ਹੀਆਂ ਤੋਂ ਜੰਗਲੀ ਖੇਤਰਾਂ ਦੇ ਨਾਲ-ਨਾਲ ਰਹਿਣ ਵਾਲੇ ਭਾਈਚਾਰਿਆਂ ਦੇ ਰਵਾਇਤੀ ਗਿਆਨ ਦਾ ਸਤਿਕਾਰ ਕਰੋ: ਉਪ-ਰਾਸ਼ਟਰਪਤੀ

ਜੰਗਲਾਂ, ਜੰਗਲੀ ਜੀਵਾਂ ਅਤੇ ਭਾਈਚਾਰਿਆਂ ਦੀ ਰੱਖਿਆ ਨੂੰ ਆਪਣੇ ਕਰੀਅਰ ਦੀ ਸਫਲਤਾ ਦਾ ਪੈਮਾਨਾ ਬਣਾਓ: ਉਪ-ਰਾਸ਼ਟਰਪਤੀ

Posted On: 19 AUG 2026 6:10PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਦੇਹਰਾਦੂਨ ਵਿੱਚ ਇੰਦਰਾ ਗਾਂਧੀ ਰਾਸ਼ਟਰੀ ਜੰਗਲਾਤ ਅਕਾਦਮੀ (ਆਈ.ਜੀ.ਐਨ.ਐੱਫ਼.ਏ.) ਵਿਖੇ ਭਾਰਤੀ ਜੰਗਲਾਤ ਸੇਵਾ (ਆਈ.ਐੱਫ਼.ਐੱਸ.) ਦੇ 2025-2027 ਬੈਚ ਦੇ ਸਿਖਲਾਈ ਅਧੀਨ ਅਧਿਕਾਰੀਆਂ ਅਤੇ ਸਿਖਲਾਈ ਪ੍ਰਾਪਤ ਕਰ ਰਹੇ ਰਾਇਲ ਭੂਟਾਨ ਜੰਗਲਾਤ ਸੇਵਾ ਦੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ।

ਅਫ਼ਸਰ ਟ੍ਰੇਨੀਆਂ ਨੂੰ ਵਧਾਈ ਦਿੰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ‘ਵਿਕਸਿਤ ਭਾਰਤ@2047’ ਦੀ ਦਿਸ਼ਾ ਵਿੱਚ ਅੱਗੇ ਵਧਦਿਆਂ ਆਉਣ ਵਾਲੇ ਮਹੱਤਵਪੂਰਨ ਦਹਾਕਿਆਂ ਵਿੱਚ ਉਹ ਭਾਰਤ ਦੇ ਜੰਗਲਾਂ, ਜੰਗਲੀ-ਜੀਵਾਂ, ਜੈਵ ਵਿਭਿੰਨਤਾ ਅਤੇ ਕੀਮਤੀ ਕੁਦਰਤੀ ਸਰੋਤਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲਣਗੇ।

ਉਨ੍ਹਾਂ ਕਿਹਾ ਕਿ ਦੇਸ਼ ਦੀ ਵਾਤਾਵਰਣ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਸਾਲ 2070 ਤੱਕ ਸ਼ੁੱਧ-ਜ਼ੀਰੋ ਨਿਕਾਸ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਭਾਰਤੀ ਜੰਗਲਾਤ ਸੇਵਾ ਦਾ ਯੋਗਦਾਨ ਮਹੱਤਵਪੂਰਨ ਹੈ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਵਿਕਾਸ ਅਤੇ ਸੰਭਾਲ ਇੱਕ-ਦੂਜੇ ਦੇ ਵਿਰੋਧੀ ਨਹੀਂ ਹਨ ਅਤੇ ਹਮੇਸ਼ਾ ਇਕੱਠੇ ਰਹਿ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸੰਭਾਲ ਅਤੇ ਵਿਕਾਸ, ਵਾਤਾਵਰਣ ਸੁਰੱਖਿਆ ਅਤੇ ਰੋਜ਼ੀ-ਰੋਟੀ ਅਤੇ ਵਰਤਮਾਨ ਲੋੜਾਂ ਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਹਿੱਤਾਂ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਅਪੀਲ ਕੀਤੀ ।

ਵਿਅਕਤੀਗਤ ਉੱਤਮਤਾ ਦੀ ਬਜਾਏ ਟੀਮ ਉੱਤਮਤਾ ਦਾ ਸੱਦਾ ਦਿੰਦੇ ਹੋਏ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਨਿਰੰਤਰ ਸਮੂਹਿਕ ਯਤਨ ਹੀ ਰਾਸ਼ਟਰਾਂ ਅਤੇ ਸੰਸਥਾਵਾਂ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਨੇ ਪੀੜ੍ਹੀਆਂ ਤੋਂ ਜੰਗਲਾਂ ਅਤੇ ਕੁਦਰਤੀ ਵਾਤਾਵਰਣ ਪ੍ਰਣਾਲੀਆਂ ਦੇ ਨਾਲ ਤਾਲਮੇਲ ਵਿੱਚ ਜੀਵਨ ਜਿਊਣ ਵਾਲੇ ਭਾਈਚਾਰਿਆਂ ਵੱਲੋਂ ਇਕੱਠੇ ਕੀਤੇ ਰਵਾਇਤੀ ਗਿਆਨ ਦਾ ਸਤਿਕਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਲੋਕ ਸੇਵਾ ਵਿੱਚ ਇਮਾਨਦਾਰੀ  ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ “ਇਮਾਨਦਾਰੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ” ਅਤੇ ਔਖੇ ਫ਼ੈਸਲਿਆਂ ਵਿੱਚ ਸੰਵਿਧਾਨ, ਕਾਨੂੰਨ, ਵਿਗਿਆਨ ਅਤੇ ਵਿਆਪਕ ਜਨਤਕ ਹਿੱਤਾਂ ਤੋਂ ਮਾਰਗਦਰਸ਼ਨ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਾਲਾਤਾਂ ਦੇ ਅਨੁਕੂਲ ਸਭ ਤੋਂ ਵਧੀਆ ਕਾਰਜ-ਪ੍ਰਣਾਲੀਆਂ ਨੂੰ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ।

ਜੰਗਲਾਤ ਵਿੱਚ ਤਕਨਾਲੋਜੀ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਨਵੀਂ ਪੀੜ੍ਹੀ ਦੇ ਅਧਿਕਾਰੀਆਂ ਨੂੰ ਜ਼ਮੀਨੀ ਤਜਰਬੇ, ਸੂਝਵਾਨ ਫ਼ੈਸਲਾ ਲੈਣ ਦੀ ਸਮਰੱਥਾ ਅਤੇ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਦੇ ਨਾਲ ਰਿਮੋਟ ਸੈਂਸਿੰਗ, ਜੀ.ਆਈ.ਐੱਸ. ਡਰੋਨ, ਆਰਟੀਫੀਸ਼ਿਅਲ ਇੰਟੈਲੀਜੈਂਸ  ਅਤੇ ਡਾਟਾ-ਆਧਾਰਿਤ ਪ੍ਰਣਾਲੀਆਂ ਦਾ ਤਾਲਮੇਲ ਬਣਾਉਣ ਦਾ ਸੱਦਾ ਦਿੱਤਾ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਟਿਕਾਊ ਭਵਿੱਖ ਦੇ ਨਿਰਮਾਣ ਵਿੱਚ ਆਧੁਨਿਕ ਵਿਗਿਆਨਕ ਜੰਗਲਾਤ ਵਿਗਿਆਨ ਅਤੇ ਭਾਰਤ ਦੇ ਸਭਿਅਤਾ ਸੰਬੰਧੀ ਗਿਆਨ ਨੂੰ ਇੱਕ-ਦੂਜੇ ਦਾ ਪੂਰਕ ਬਣਨਾ ਪਵੇਗਾ।

ਉਪ-ਰਾਸ਼ਟਰਪਤੀ ਨੇ ਜੰਗਲਾਤ ਸੇਵਾਵਾਂ ਵਿੱਚ ਔਰਤਾਂ ਦੀ ਵਧਦੀ ਭਾਗੀਦਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਮੌਜੂਦਾ ਬੈਚ ਵਿੱਚ ਲਗਭਗ 17 ਪ੍ਰਤੀਸ਼ਤ ਔਰਤਾਂ ਹਨ, ਇਸ ਨੂੰ ਇੱਕ ਉਤਸ਼ਾਹਜਨਕ ਤਬਦੀਲੀ ਅਤੇ ਮਹਿਲਾ ਸਸ਼ਕਤੀਕਰਨ ਦਾ ਪ੍ਰਮਾਣ ਦੱਸਿਆ।

ਅਧਿਕਾਰੀਆਂ ਨੂੰ ਆਪਣੇ ਕਰੀਅਰ ਦਾ ਮੁਲਾਂਕਣ ਸਿਰਫ਼ ਉਨ੍ਹਾਂ ਵੱਲੋਂ ਸੰਭਾਲੇ ਗਏ ਅਹੁਦਿਆਂ ਤੋਂ ਨਾ ਕਰਨ ਦੀ ਸਲਾਹ ਦਿੰਦਿਆਂ ਉਪ-ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੇ ਯੋਗਦਾਨ ਦਾ ਮੁਲਾਂਕਣ ਮੁੜ-ਸੁਰਜੀਤ ਕੀਤੇ ਗਏ ਜੰਗਲਾਂ, ਸੁਰੱਖਿਅਤ ਕੀਤੇ ਗਏ ਜੰਗਲੀ -ਜੀਵਾਂ, ਜਿਨ੍ਹਾਂ ਭਾਈਚਾਰਿਆਂ ਦਾ ਵਿਸ਼ਵਾਸ ਉਨ੍ਹਾਂ ਨੇ ਜਿੱਤਿਆ ਹੈ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਛੱਡੀ ਗਈ ਵਿਰਾਸਤ ਦੇ ਆਧਾਰ ’ਤੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਦਾ ਦੇਸ਼ ਦੇ ਹਿਤ ਨੂੰ ਸਭ ਤੋਂ ਉੱਪਰ ਰੱਖਣ ਦਾ ਸੱਦਾ ਦਿੰਦਿਆਂ ਕਿਹਾ: “ਰਾਸ਼ਟਰ ਪਹਿਲਾਂ” ।

ਇਸ ਮੌਕੇ ’ਤੇ ਉੱਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ), ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ, ਆਈ.ਜੀ.ਐੱਨ.ਐੱਫ.ਏ. ਦੇ ਡਾਇਰੈਕਟਰ ਡਾ: ਰਾਜਿੰਦਰ ਪ੍ਰਸਾਦ, ਕੋਰਸ ਡਾਇਰੈਕਟਰ ਸ੍ਰੀਮਤੀ ਅਜੀਤਾ ਲੋਂਗਜਾਮ ਅਤੇ ਹੋਰ ਪਤਵੰਤੇ ਮੌਜੂਦ ਸਨ।

******

ਪੀਆਰ/ਏਐਸਐਮ/ਵੀਐਮ


(Release ID: 2302750) ਵਿਜ਼ੀਟਰ ਕਾਊਂਟਰ : 54