ਪ੍ਰਿਥਵੀ ਵਿਗਿਆਨ ਮੰਤਰਾਲਾ
ਬ੍ਰਿਕਸ ਸਮੁੰਦਰੀ (ਮਹਾਸਾਗਰ) ਅਤੇ ਧਰੁਵੀ ਵਿਗਿਆਨ ਅਤੇ ਤਕਨਾਲੋਜੀ ਕਾਰਜ ਸਮੂਹ ਦੀ 8ਵੀਂ ਮੀਟਿੰਗ
प्रविष्टि तिथि:
20 AUG 2026 5:33PM by PIB Chandigarh
ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੌਰਾਨ, ਧਰਤੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਨੇ 12-14 ਅਗਸਤ, 2026 ਤੱਕ ਸਮੁੰਦਰੀ ਅਤੇ ਧਰੁਵੀ ਵਿਗਿਆਨ ਅਤੇ ਤਕਨਾਲੋਜੀ (ਓਪੀਐੱਸਟੀ) 'ਤੇ ਬ੍ਰਿਕਸ ਵਰਕਿੰਗ ਗਰੁੱਪ ਦੀ 8ਵੀਂ ਮੀਟਿੰਗ ਦਾ ਆਯੋਜਨ ਕੀਤਾ, ਜਿਸਦੀ ਮੇਜ਼ਬਾਨੀ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ (ਐੱਨਸੀਪੀਓਆਰ) ਨੇ ਗੋਆ ਵਿੱਚ ਕੀਤੀ। ਬ੍ਰਿਕਸ ਓਪੀਐੱਸਟੀ ਵਰਕਿੰਗ ਗਰੁੱਪ ਦੀ ਸਥਾਪਨਾ ਤੋਂ ਬਾਅਦ, ਇਹ ਗਤੀਵਿਧੀਆਂ ਬ੍ਰਿਕਸ ਮੈਂਬਰ ਦੇਸ਼ਾਂ ਵਿੱਚ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ (ਐੱਸਟੀਆਈ) ਸਹਿਯੋਗ ਗਤੀਵਿਧੀਆਂ ਦੇ ਢਾਂਚੇ ਦੇ ਤਹਿਤ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਤਾਲਮੇਲ ਵਿੱਚ ਧਰਤੀ ਵਿਗਿਆਨ ਮੰਤਰਾਲੇ ਦੁਆਰਾ ਕੀਤੀਆਂ ਜਾਂਦੀਆਂ ਹਨ। ਮੀਟਿੰਗ ਨੇ ਬ੍ਰਾਜ਼ੀਲ, ਚੀਨ, ਮਿਸਰ, ਭਾਰਤ, ਇੰਡੋਨੇਸ਼ੀਆ, ਰੂਸ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਸੀਨੀਅਰ ਅਧਿਕਾਰੀਆਂ, ਵਿਗਿਆਨੀਆਂ, ਮਾਹਿਰਾਂ ਅਤੇ ਪ੍ਰਤੀਨਿਧੀਆਂ ਨੂੰ ਆਪਸੀ ਹਿੱਤ ਦੇ ਖੇਤਰਾਂ 'ਤੇ ਚਰਚਾ ਕਰਨ ਅਤੇ ਸਮੁੰਦਰ ਅਤੇ ਧਰੁਵੀ ਵਿਗਿਆਨ ਅਤੇ ਤਕਨਾਲੋਜੀ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇਕੱਠੇ ਕੀਤਾ। ਇਸ ਮੀਟਿੰਗ ਦਾ ਉਦਘਾਟਨ 12 ਅਗਸਤ ਨੂੰ ਐੱਨਸੀਪੀਓਆਰ ਦੇ ਡਾਇਰੈਕਟਰ ਡਾ. ਥੰਬਨ ਮੇਲੋਥ ਨੇ ਕੀਤਾ ਸੀ ਅਤੇ ਡਾ. ਮਾਧਵਨ ਨਾਇਰ ਰਾਜੀਵ, ਵਾਈਸ ਚਾਂਸਲਰ, ਅਟਰੀਆ ਯੂਨੀਵਰਸਿਟੀ ਅਤੇ ਸਾਬਕਾ ਸਕੱਤਰ, ਧਰਤੀ ਵਿਗਿਆਨ ਮੰਤਰਾਲੇ, ਮੁੱਖ ਮਹਿਮਾਨ ਸਨ। ਤਿੰਨ ਦਿਨਾਂ ਇਸ ਸਮਾਗਮ ਦੀ ਪ੍ਰਧਾਨਗੀ ਐੱਨਸੀਪੀਓਆਰ, ਗੋਆ ਦੇ ਡਾਇਰੈਕਟਰ ਨੇ ਕੀਤੀ ਅਤੇ ਇਸ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਫ਼ਦਾਂ ਨੇ ਸ਼ਿਰਕਤ ਕੀਤੀ। ਭਾਰਤੀ ਵਫ਼ਦ ਵਿੱਚ ਧਰਤੀ ਵਿਗਿਆਨ ਮੰਤਰਾਲੇ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਦੇ ਅਧਿਕਾਰੀ ਅਤੇ ਵਿਗਿਆਨੀ ਸ਼ਾਮਲ ਸਨ, ਜਿਨ੍ਹਾਂ ਦੀ ਅਗਵਾਈ ਡਾ. ਸੰਦੀਪ ਕੁਮਾਰ ਮੁਖੋਪਾਧਿਆਏ, ਵਿਗਿਆਨੀ 'ਜੀ' ਅਤੇ ਸਲਾਹਕਾਰ, ਧਰਤੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਨੇ ਕੀਤੀ।
ਇਹ ਵਰਕਿੰਗ ਗਰੁੱਪ ਮੀਟਿੰਗ ਨੇ ਬ੍ਰਿਕਸ ਮੈਂਬਰ ਦੇਸ਼ਾਂ ਵਿਚਕਾਰ ਵਿਗਿਆਨਕ ਸਹਿਯੋਗ, ਗਿਆਨ ਦੇ ਆਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਸਮੁੰਦਰ ਅਤੇ ਧਰੁਵੀ ਖੋਜ ਦੇ ਖੇਤਰ ਵਿੱਚ ਸਹਿਯੋਗੀ ਖੋਜ ਗਤੀਵਿਧੀਆਂ ਦੇ ਵਿਕਾਸ 'ਤੇ ਵਿਚਾਰ-ਵਟਾਂਦਰੇ ਅਤੇ ਚਰਚਾ ਲਈ ਇੱਕ ਪਲੈਟਫਾਰਮ ਵਜੋਂ ਕੰਮ ਕੀਤਾ। ਵਿਚਾਰ-ਵਟਾਂਦਰੇ ਬ੍ਰਿਕਸ ਦੇਸ਼ਾਂ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਅਤੇ ਮੌਕਿਆਂ 'ਤੇ ਕੇਂਦ੍ਰਿਤ ਸਨ, ਜਿਵੇਂ ਕਿ ਤਟਵਰਤੀ ਖੇਤਰਾਂ ਦਾ ਸਾਹਮਣਾ ਕਰ ਰਹੀਆਂ ਚੁਣੌਤੀਆਂ, ਖਾਸ ਤੌਰ 'ਤੇ ਤਟਵਰਤੀ ਸ਼ਹਿਰਾਂ ਦੀ ਸੁਰੱਖਿਆ 'ਤੇ ਜ਼ੋਰ ਦੇਣ, ਮਜ਼ਬੂਤ ਅਤੇ ਲਚਕੀਲੇ ਸਮੁੰਦਰੀ ਜਾਣਕਾਰੀ ਸੇਵਾਵਾਂ ਦੇ ਵਿਕਾਸ ਵਿੱਚ ਸਹਿਯੋਗੀ ਯੋਗਦਾਨ ਦੁਆਰਾ ਗਲੋਬਲ ਓਸ਼ਨ ਓਬਜ਼ਰਵਿੰਗ ਸਿਸਟਮ (ਜੀਓਓਐੱਸ) ਨੂੰ ਮਜ਼ਬੂਤ ਕਰਨ, ਅੰਟਾਰਕਟਿਕ ਮੁਹਿੰਮਾਂ ਵਿੱਚ ਸੰਯੁਕਤ ਧਰੁਵੀ ਖੋਜ ਅਤੇ ਸਮਾਵੇਸ਼ੀ ਭਾਗੀਦਾਰੀ ਦੇ ਵਿਕਾਸ ਅਤੇ ਖਾਸ ਕਰਕੇ ਨੌਜਵਾਨ ਖੋਜਕਰਤਾਵਾਂ ਲਈ ਸਮਰੱਥਾ ਨਿਰਮਾਣ ਦੇ ਮੌਕਿਆਂ ਨੂੰ ਵਧਾਉਣ। ਮੀਟਿੰਗ ਦੌਰਾਨ, ਬ੍ਰਿਕਸ ਵਫ਼ਦ ਸਾਂਝੇ ਤੌਰ 'ਤੇ ਤਟਵਰਤੀ ਲਚਕਤਾ ਨੂੰ ਵਧਾਉਣ, ਸਾਂਝੇ ਧਰੁਵੀ ਸਮੁੰਦਰੀ ਜੈਵ ਵਿਭਿੰਨਤਾ ਅਧਿਐਨ ਕਰਨ, ਅੰਤਰਰਾਸ਼ਟਰੀ ਧਰੁਵੀ ਵਰ੍ਹੇ(ਸਾਲ)- 5 ਲਈ ਮੁੱਖ ਟੀਚੇ ਨਿਰਧਾਰਤ ਕਰਨ ਅਤੇ ਨੌਜਵਾਨ ਖੋਜਕਰਤਾਵਾਂ ਦੀ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗੀ ਪਹਿਲਕਦਮੀਆਂ 'ਤੇ ਸਹਿਮਤ ਹੋਏ। ਆਪਣੀ ਬ੍ਰਿਕਸ ਪ੍ਰਧਾਨਗੀ ਦੌਰਾਨ, ਭਾਰਤ ਵਰਕਿੰਗ ਗਰੁੱਪ ਲਈ ਇੱਕ ਰੋਡਮੈਪ ਦੇ ਵਿਕਾਸ 'ਤੇ ਚੱਲ ਰਹੇ ਕੰਮ ਨੂੰ ਅੰਤਿਮ ਰੂਪ ਦੇਣ ਦਾ ਤਾਲਮੇਲ ਕਰੇਗਾ, ਜਿਸ ਵਿੱਚ ਇਸਦੇ ਥੋੜ੍ਹੇ ਸਮੇਂ ਦੇ ਲਾਗੂਕਰਨ ਲਈ ਇੱਕ ਕਾਰਜ ਯੋਜਨਾ ਵੀ ਸ਼ਾਮਲ ਹੈ।
ਵਰਚੁਅਲ ਮੋਡ ਰਾਹੀਂ ਬ੍ਰਿਕਸ ਕਾਨਫਰੰਸ ਦੀ 8ਵੀਂ ਮੀਟਿੰਗ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਰਤ ਸਰਕਾਰ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਦੇ ਸਕੱਤਰ ਡਾ. ਟੀ. ਸ੍ਰੀਨਿਵਾਸ ਕੁਮਾਰ ਤੁਮਾਲ ਨੇ ਗੋਆ ਵਿੱਚ ਹੋਈ ਤਿੰਨ ਦਿਨਾ ਮੀਟਿੰਗ ਦੇ ਸਫ਼ਲ ਵਿਚਾਰ-ਵਟਾਂਦਰੇ ਅਤੇ ਨਤੀਜਿਆਂ ਲਈ ਬ੍ਰਿਕਸ ਮੈਂਬਰ ਦੇਸ਼ਾਂ ਦੇ ਪ੍ਰਤੀਨਿਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੀਟਿੰਗ ਨੇ ਸਮੁੰਦਰ ਅਤੇ ਧਰੁਵੀ ਵਿਗਿਆਨ ਵਿੱਚ ਵਿਗਿਆਨਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕੀਤਾ। ਸਕੱਤਰ ਨੇ ਮੁੱਖ ਤਰਜੀਹੀ ਖੇਤਰਾਂ 'ਤੇ ਹੋਈ ਸਹਿਮਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਮੈਂਬਰ ਦੇਸ਼ਾਂ ਨੂੰ ਮੀਟਿੰਗ ਦੇ ਨਤੀਜਿਆਂ ਨੂੰ ਠੋਸ ਸਹਿਯੋਗੀ ਕਾਰਵਾਈਆਂ ਵਿੱਚ ਅਨੁਵਾਦ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਵਿੱਚ ਸੰਯੁਕਤ ਖੋਜ ਪਹਿਲਕਦਮੀਆਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ, ਖੋਜ ਬੁਨਿਆਦੀ ਢਾਂਚੇ ਦੀ ਵੰਡ ਅਤੇ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਮੀਟਿੰਗ ਦੀਆਂ ਸਿਫ਼ਾਰਸ਼ਾਂ ਅਤੇ ਨਤੀਜੇ ਸਮੁੰਦਰ ਅਤੇ ਧਰੁਵੀ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬ੍ਰਿਕਸ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਮੀਟਿੰਗ ਬ੍ਰਿਕਸ ਦੇਸ਼ਾਂ ਦੀ ਸਹਿਯੋਗੀ ਯਤਨਾਂ ਅਤੇ ਮਜ਼ਬੂਤ ਸਾਂਝੇਦਾਰੀ ਰਾਹੀਂ ਸਮੁੰਦਰ ਅਤੇ ਧਰੁਵੀ ਵਿਗਿਆਨ ਅਤੇ ਤਕਨਾਲੋਜੀ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਮਾਪਤ ਹੋਈ।

*****
ਐੱਨਕੇਆਰ/ਜੇਕੇਪੀ/ਬਲਜੀਤ ਸਿੰਘ
(रिलीज़ आईडी: 2302001)
आगंतुक पटल : 4