ਰੱਖਿਆ ਮੰਤਰਾਲਾ
azadi ka amrit mahotsav

ਇੰਡੀਆ ਓਪਟੈਲ ਲਿਮਟਿਡ ਨੇ ਉੱਚ ਵਿਸਤਾਰ ਸਮਰੱਥਾ ਵਾਲੀ ਸਵਦੇਸ਼ੀ ਦੂਰਬੀਨ 'ਗਰੁੜ' ਨਾਗਰਿਕ ਬਾਜ਼ਾਰ ਲਈ ਪੇਸ਼ ਕੀਤੀ

Posted On: 13 AUG 2026 4:56PM by PIB Chandigarh

ਇੰਡੀਆ ਓਪਟੈਲ ਲਿਮਟਿਡ (ਆਈਓਐਲ), ਨੇ ਉੱਚ ਵਿਸਤਾਰ ਸਮਰੱਥਾ ਵਾਲੀ ਸਵਦੇਸ਼ੀ ਦੂਰਬੀਨ, "ਗਰੁੜ" ਆਮ ਲੋਕਾਂ ਦੇ ਇਸਤੇਮਾਲ ਲਈ ਨਾਗਰਿਕ ਬਾਜ਼ਾਰ ਵਿੱਚ ਪੇਸ਼ ਕੀਤੀ ਹੈ । ਇਹ ਰੱਖਿਆ ਉਤਪਾਦਨ ਵਿਭਾਗ ਦੇ ਅਧੀਨ ਆਉਣ ਵਾਲੀ ਇੱਕ ਮਿੰਨੀ ਰਤਨ ਸ਼੍ਰੇਣੀ-1 ਦੀ ਰੱਖਿਆ ਜਨਤਕ ਖੇਤਰ ਦੀ ਕੰਪਨੀ ਹੈ। ਇੰਡੀਆ ਓਪਟੈਲ ਲਿਮਟਿਡ ਦੀ ਇੱਕ ਇਕਾਈ, ਆਰਡਨੈਂਸ ਫੈਕਟਰੀ ਦੇਹਰਾਦੂਨ ਦੁਆਰਾ ਵਿਕਸਿਤ ਅਤੇ ਨਿਰਮਿਤ, "ਗਰੁੜ" ਸਵਦੇਸ਼ੀ ਕਲਪਨਾ ਅਤੇ ਨਿਰਮਾਣ ਦੁਆਰਾ "ਆਤਮਨਿਰਭਰ ਭਾਰਤ" ਦੀ ਭਾਵਨਾ ਨੂੰ ਸਾਕਾਰ ਕਰਦੀ ਹੈ। ਸਾਲ 1943 ਤੋਂ ਸਟੀਕ ਆਪਟੀਕਲ ਨਿਰਮਾਣ ਦੀ ਇੱਕ ਸਮ੍ਰਿੱਧ ਵਿਰਾਸਤ ਦੇ ਨਾਲ, "ਗਰੁੜ" ਦੂਰਬੀਨ ਵਿੱਚ ਰੱਖਿਆ ਖੇਤਰ ਲਈ ਸਾਬਿਤ ਮੁਹਾਰਤ ਅਤੇ ਅਤਿ-ਆਧੁਨਿਕ ਤਕਨਾਲੋਜੀ ਨੂੰ ਜੋੜਿਆ ਗਿਆ ਹੈ ਤਾਂਕਿ ਆਮ ਲੋਕਾਂ ਨੂੰ ਵੀ ਭਰੋਸੇਮੰਦ ਅਤੇ ਬਿਹਤਰੀਨ ਦੇਖਣ ਦਾ ਅਨੁਭਵ ਉਪਲਬਧ ਕਰਾਇਆ ਜਾ ਸਕੇ ।

ਗਰੁੜ ਦੂਰਬੀਨ ਵਿੱਚ 8 ਗੁਣਾ ਵਿਸਤਾਰ ਅਤੇ 7.6 ਡਿਗਰੀ ਦਾ ਵਿਸ਼ਾਲ ਦ੍ਰਿਸ਼ਟੀਕੋਣ ਮਿਲਦਾ ਹੈ। ਇਸ ਨਾਲ ਦੂਰ ਦੀਆਂ ਵਸਤੂਆਂ ਨੂੰ ਸਪਸ਼ਟ ਤੌਰ 'ਤੇ ਦੇਖਣ ਦੇ ਨਾਲ-ਨਾਲ ਵਿਆਪਕ-ਖੇਤਰ ਨਿਰੀਖਣ ਕਰਨਾ ਵੀ ਸੰਭਵ ਹੁੰਦਾ ਹੈ। ਇਸ ਦੂਰਬੀਨ ਵਿੱਚ ਵੱਖ-ਵੱਖ ਲੋਕਾਂ ਦੀ ਦ੍ਰਿਸ਼ਟੀ ਦੇ ਅਨੁਕੂਲ 5 ਡਾਇਓਪਟਰ ਐਡਜਸਟਮੈਂਟ, ਲੰਬੇ ਸਮੇਂ ਤੱਕ ਆਰਾਮਦਾਇਕ ਦੇਖਣ ਲਈ ਸਾਫਟ-ਟਚ ਆਈਕਪ, ਅਤੇ ਆਰਾਮਦਾਇਕ ਪਕੜ ਲਈ ਗ੍ਰਿਪ ਦਿੱਤੀ ਗਈ ਹੈ। ਇਸਦੀ ਮੌਸਮ-ਰੋਧਕ ਬਨਾਵਟ ਇਸਨੂੰ ਵੱਖ-ਵੱਖ ਬਾਹਰੀ ਸਥਿਤੀਆਂ ਵਿੱਚ ਭਰੋਸੇਯੋਗ ਵਰਤੋਂ ਲਈ ਢੁਕਵਾਂ ਬਣਾਉਂਦੀ ਹੈ।

ਗਰੁੜ ਦੂਰਬੀਨ ਲਗਭਗ 610 ਗ੍ਰਾਮ ਵਜ਼ਨ ਵਾਲਾ ਇੱਕ ਵਿਲੱਖਣ ਉਪਕਰਣ ਹੈ ਅਤੇ ਇਹ ਇੱਕ ਸੰਖੇਪ ਡਿਜ਼ਾਈਨ ਵਿੱਚ ਆਸਾਨ ਪੋਰਟੇਬਿਲਟੀ ਅਤੇ ਭਰੋਸੇਮੰਦ ਨਤੀਜਿਆਂ ਨੂੰ ਜੋੜਦਾ ਹੈ । ਇਹ ਪੰਛੀ-ਦਰਸ਼ਨ, ਜੰਗਲੀ ਜੀਵ ਦਰਧਨ, ਕੁਦਰਤ ਨਿਰੀਖਣ, ਯਾਤਰਾ, ਖੇਡਾਂ, ਜੰਗਲਾਤ, ਸਮੁੰਦਰੀ ਗਤੀਵਿਧੀਆਂ ਅਤੇ ਸੁਰੱਖਿਆ ਸਮੇਤ  ਕਈ ਤਰ੍ਹਾਂ ਦੇ ਉਪਯੋਗਾਂ ਲਈ ਕਾਫ਼ੀ ਢੁਕਵੀਂ ਹੈ।

ਇਸ ਵਿਲੱਖਣ ਪਹਿਲਕਦਮੀ ਨਾਲ, ਇੰਡੀਆ ਓਪਟੈਲ ਲਿਮਟਿਡ ਆਮ ਲੋਕਾਂ ਲਈ ਆਪਟਿਕਸ ਮਾਰਕੀਟ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਗਰੁੜ ਰਾਹੀਂ, ਦੇਸ਼ ਦੀਆਂ ਭਰੋਸੇਮੰਦ ਰੱਖਿਆ ਆਪਟੀਕਲ ਸਮਰੱਥਾਵਾਂ ਹੁਣ ਆਮ ਲੋਕਾਂ ਲਈ ਉਪਲਬਧ ਹੋਣਗੀਆਂ। ਇਸ ਨਾਲ ਆਉਟਡੋਰ ਗਤੀਵਿਧੀਆਂ ਦੇ ਸ਼ੌਕੀਨਾਂ ਅਤੇ ਪੇਸ਼ੇਵਰਾਂ ਨੂੰ ਉਸ ਸਟੀਕਤਾ ਅਤੇ ਭਰੋਸੇਯੋਗਤਾ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ, ਜਿਸ ਨੂੰ ਦੇਸ ਦੀ ਦਹਾਕਿਆਂ ਲੰਬ ਫੌਜੀ ਸੇਵਾ ਦੌਰਾਨ ਵਿਕਸ਼ਿਤ ਕੀਤਾ ਗਿਆ ਹੈ । ਇਹ ਉਪਕਰਣ ਇੱਕ ਦੂਰਬੀਨ ਪਲੈਟਫਾਰਮ 'ਤੇ ਅਧਾਰਿਤ ਹੈ ਜਿਸਨੇ ਚੁਣੌਤੀਪੂਰਨ ਸੰਚਾਲਨ ਹਾਲਤਾਂ ਵਿੱਚ ਹਥਿਆਰਬੰਦ ਸੈਨਾਵਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਲਈ ਇੱਕ ਭਰੋਸੇਮੰਦ ਸਾਥੀ ਵਜੋਂ ਸੇਵਾ ਕੀਤੀ ਹੈ।

ਸੰਯੁਕਤ ਸਕੱਤਰ (ਲੈਂਡ ਸਿਸਟਮਸ) ਡਾ. ਗਰਿਮਾ ਭਗਤ, ਦੀ ਮੌਜੂਦਗੀ ਵਿੱਚ 13 ਅਗਸਤ, 2026 ਨੂੰ ਨਵੀਂ ਦਿੱਲੀ ਦੇ ਡੀਪੀਐਸਯੂ ਭਵਨ ਵਿਖੇ, ਇਸ ਸਵਦੇਸ਼ੀ ਦੂਰਬੀਨ ਨੂੰ ਆਮ ਲੋਕਾਂ ਲਈ ਪੇਸ਼ ਕੀਤਾ ਗਿਆ । ਇਸ ਸਮਾਗਮ ਵਿੱਚ ਰੱਖਿਆ ਉਤਪਾਦਨ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਵਾਈਲਡਲਾਈਫ ਸੋਸਾਇਟੀ ਆਫ਼ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਇੰਡੀਆ ਓਪਟੈਲ ਲਿਮਟਿਡ ਦੇ ਡਾਇਰੈਕਟਰ ਬੋਰਡ ਦੇ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

****

ਐਸਆਰ/ਸੈਵੀ /ਬਲਜੀਤ


(Release ID: 2300482) ਵਿਜ਼ੀਟਰ ਕਾਊਂਟਰ : 59