ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਿੱਚ ‘ਹਰ ਘਰ ਤਿਰੰਗਾ ਮੁਹਿੰਮ’ ਦੀ ਸ਼ੁਰੂਆਤ ਕੀਤੀ
ਉਪ-ਰਾਸ਼ਟਰਪਤੀ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਕੁਰਬਾਨੀ ਦੀ ਪਵਿੱਤਰ ਧਰਤੀ ਅਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਸਦੀਵੀ ਪ੍ਰਤੀਕ ਹੈ
‘‘ਭਾਰਤ ਇੱਕ ਹੈ ਅਤੇ ਹਮੇਸ਼ਾ ਇੱਕ ਰਹੇਗਾ’’: ਉਪ ਰਾਸ਼ਟਰਪਤੀ
ਗ੍ਰੇਟ ਨਿਕੋਬਾਰ ਵਿਕਾਸ ਪ੍ਰੋਜੈਕਟ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ ਅਤੇ ਵਿਕਾਸ ਦੇ ਨਵੇਂ ਮੌਕੇ ਖੋਲ੍ਹੇਗਾ : ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਹਰ ਨਾਗਰਿਕ ਨੂੰ ਤਿਰੰਗਾ ਮਾਣ ਨਾਲ ਫਹਿਰਾਉਣ ਅਤੇ ਹਿੰਮਤ, ਏਕਤਾ ਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ
Posted On:
09 AUG 2026 12:45PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਅਗਸਤ ਕ੍ਰਾਂਤੀ ਦਿਵਸ ਦੇ ਮੌਕੇ 'ਤੇ, ਜੋ 1942 ਦੇ ਭਾਰਤ ਛੱਡੋ ਅੰਦੋਲਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਸ਼੍ਰੀ ਵਿਜੇਪੁਰਮ ਦੇ ਝੰਡਾ ਪੁਆਇੰਟ 'ਤੇ ਰਾਸ਼ਟਰੀ ਝੰਡਾ ਫਹਿਰਾ ਕੇ ‘ਹਰ ਘਰ ਤਿਰੰਗਾ ਮੁਹਿੰਮ’ ਦਾ ਉਦਘਾਟਨ ਕੀਤਾ।
ਡੀਬੀਆਰਏਟੀ ਆਡੀਟੋਰੀਅਮ ਵਿੱਚ ਵੰਦੇ ਮਾਤਰਮ ਦੇ ਮੌਕੇ 'ਤੇ ਕਰਵਾਏ ਗਏ ਸਰਕਾਰੀ ਸਮਾਗਮ ਅਤੇ ਤਿਰੰਗਾ ਸੰਗੀਤ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਇਨ੍ਹਾਂ ਇਤਿਹਾਸਕ ਟਾਪੂਆਂ ਤੋਂ ਵਧੇਰੇ ਢੁਕਵੀਂ ਥਾਂ ਹੋਰ ਕੋਈ ਨਹੀਂ ਹੋ ਸਕਦੀ, ਜੋ ਭਾਰਤ ਦੀ ਆਜ਼ਾਦੀ ਦੀ ਲੜਾਈ ਅਤੇ ਤਿਰੰਗੇ ਦੇ ਇਤਿਹਾਸ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ।
ਮਹਾਨ ਤਾਮਿਲ ਕਵੀ ਸੁਬ੍ਰਮਣਿਅਮ ਭਾਰਤੀ ਦੇ ਅਮਰ ਸ਼ਬਦਾਂ ਨੂੰ ਯਾਦ ਕਰਦਿਆਂ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤੀ ਵੱਲੋਂ ਮਨਾਇਆ ਜਾਣ ਵਾਲਾ ‘ਮਣੀ ਕੋਡੀ’ ਉਤਸਵ ਭਾਰਤੀ ਭਾਵਨਾ ਦੇ ਸਦੀਵੀ ਹੌਸਲੇ ਅਤੇ ਭਾਰਤ ਮਾਤਾ ਦੇ ਝੰਡੇ ਦੀ ਸ਼ਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ‘ਹਰ ਘਰ ਤਿਰੰਗਾ’ ਮੁਹਿੰਮ ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਨਾਗਰਿਕਾਂ ਨੂੰ ਇੱਕ ਰਾਸ਼ਟਰੀ ਝੰਡੇ, ਇੱਕ ਮਾਤ ਭੂਮੀ ਅਤੇ ਇੱਕ ਸਾਂਝੇ ਭਵਿੱਖ ਹੇਠ ਇਕਜੁੱਟ ਕਰਦੀ ਹੈ।
ਭਿਆਨਕ ਕਾਲੇ ਪਾਣੀ ਦੀਆਂ ਸਜ਼ਾਵਾਂ ਦਾ ਸਾਹਮਣਾ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਭਾਰਤ ਦਾ ਸਿਰਫ਼ ਇੱਕ ਭੂਗੋਲਿਕ ਹਿੱਸਾ ਨਹੀਂ ਹੈ; ਇਹ ਕੁਰਬਾਨੀਆਂ ਦੀ ਇੱਕ ਪਵਿੱਤਰ ਧਰਤੀ ਹੈ। ਉਨ੍ਹਾਂ ਵੀਰ ਵਿਨਾਇਕ ਦਾਮੋਦਰ ਸਾਵਰਕਰ ਅਤੇ ਸੈਲੂਲਰ ਜੇਲ੍ਹ ਵਿੱਚ ਦੁੱਖ-ਦਰਦ ਝੱਲਣ ਵਾਲੇ ਅਣਗਿਣਤ ਹੋਰ ਦੇਸ਼ ਭਗਤਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਹੌਸਲਾ, ਦੇਸ਼ ਭਗਤੀ ਅਤੇ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਪ ਰਾਸ਼ਟਰਪਤੀ ਨੇ ਯਾਦ ਦਿਵਾਇਆ ਕਿ 8 ਅਗਸਤ, 1942 ਨੂੰ ਮਹਾਤਮਾ ਗਾਂਧੀ ਦੇ ‘‘ਕਰੋ ਜਾਂ ਮਰੋ’’ ਦੇ ਸੱਦੇ ਨੇ ਲੱਖਾਂ ਭਾਰਤੀਆਂ ਨੂੰ ਜਗਾਇਆ ਅਤੇ ਆਜ਼ਾਦੀ ਦੀ ਲੜਾਈ ਨੂੰ ਫੈਸਲਾਕੁੰਨ ਮੋੜ ਦਿੱਤਾ। ਉਨ੍ਹਾਂ ਤਿਰੰਗੇ ਦੇ ਇਤਿਹਾਸ ਵਿੱਚ ਟਾਪੂਆਂ ਦੇ ਖਾਸ ਸਥਾਨ 'ਤੇ ਵੀ ਚਾਨਣਾ ਪਾਇਆ ਅਤੇ ਯਾਦ ਦਿਵਾਇਆ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨੇ 30 ਦਸੰਬਰ 1943 ਨੂੰ ਇੱਥੇ ਹੀ ਭਾਰਤੀ ਰਾਸ਼ਟਰੀ ਝੰਡਾ ਫਹਿਰਾਇਆ ਸੀ, ਜੋ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਇੱਕ ਇਤਿਹਾਸਕ ਪਲ ਸੀ।
‘ਹਰ ਘਰ ਤਿਰੰਗਾ’ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਸ਼੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਇੱਕ ਦੇਸ਼-ਵਿਆਪੀ ਜਨ ਅੰਦੋਲਨ ਵਿੱਚ ਬਦਲ ਗਈ। ਉਨ੍ਹਾਂ ਹਰ ਨਾਗਰਿਕ ਨੂੰ ਤਿਰੰਗਾ ਮਾਣ ਨਾਲ ਫਹਿਰਾਉਣ ਅਤੇ ਦੇਸ਼ ਭਗਤੀ, ਏਕਤਾ ਤੇ ਸਾਂਝੀ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ, ‘‘ਭਾਰਤ ਇੱਕ ਹੈ ਅਤੇ ਹਮੇਸ਼ਾ ਇੱਕ ਰਹੇਗਾ।’’
ਉਪ ਰਾਸ਼ਟਰਪਤੀ ਨੇ ਟਾਪੂਆਂ ਨੂੰ ‘ਅਨੇਕਤਾ ਵਿੱਚ ਏਕਤਾ’ ਅਤੇ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਜਿਊਂਦੀ-ਜਾਗਦੀ ਮਿਸਾਲ ਦੱਸਿਆ ਅਤੇ ਉਨ੍ਹਾਂ ਦੀ ਅਮੀਰ ਆਦਿਵਾਸੀ ਵਿਰਾਸਤ ਦੇ ਨਾਲ-ਨਾਲ ਕਨੈਕਟੀਵਿਟੀ, ਸਿਹਤ ਸੰਭਾਲ, ਸਿੱਖਿਆ ਅਤੇ ਬੁਨਿਆਦੀ ਢਾਂਚੇ ਵਿੱਚ ਹਾਲ ਹੀ ਵਿੱਚ ਹੋਈ ਪ੍ਰਗਤੀ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਗ੍ਰੇਟ ਨਿਕੋਬਾਰ ਟਾਪੂ ਵਿਕਾਸ ਪ੍ਰੋਜੈਕਟ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ, ਕਨੈਕਟੀਵਿਟੀ ਅਤੇ ਆਰਥਿਕ ਮੌਕਿਆਂ ਨੂੰ ਹੋਰ ਮਜ਼ਬੂਤ ਕਰੇਗਾ, ਨਾਲ ਹੀ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਵਿਚਾਲੇ ਸੰਤੁਲਨ ਬਣਾ ਕੇ ਰੱਖੇਗਾ।
ਭਾਰਤ ਦੀ ਸ਼ਾਂਤੀ ਅਤੇ ਉਦਾਰਤਾ ਦੀ ਰਵਾਇਤ ਦੇ ਨਾਲ-ਨਾਲ ਰਾਸ਼ਟਰੀ ਤਾਕਤ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ਼੍ਰੀ ਰਾਧਾਕ੍ਰਿਸ਼ਨਨ ਨੇ ਕਿਹਾ, “ਭਾਰਤ ਹਮੇਸ਼ਾ ਤੋਂ ਉਦਾਰ ਰਿਹਾ ਹੈ, ਪਰ ਸਾਡੀ ਉਦਾਰਤਾ ਨੂੰ ਕਦੇ ਵੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਸਾਨੂੰ ਆਪਣੇ ਰਾਸ਼ਟਰੀ ਹਿੱਤਾਂ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।” ਉਨ੍ਹਾਂ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਤਿਰੰਗੇ ਤੋਂ ਪ੍ਰੇਰਨਾ ਲੈ ਕੇ ਹਿੰਮਤ, ਏਕਤਾ ਅਤੇ ਉਮੀਦ ਦਾ ਸੰਚਾਰ ਕਰਨ ਅਤੇ ਇੱਕ ਮਜ਼ਬੂਤ ਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਆਜ਼ਾਦੀ ਘੁਲਾਟੀਆਂ ਦੀ ਵਿਰਾਸਤ ਨੂੰ ਅੱਗੇ ਵਧਾਉਣ।
ਉਪ-ਰਾਸ਼ਟਰਪਤੀ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ ਅਤੇ ‘ਹਰ ਘਰ ਤਿਰੰਗਾ’ ਪ੍ਰਦਰਸ਼ਨੀ ਦਾ ਦੌਰਾ ਕੀਤਾ, ਜਿਸ ਵਿੱਚ ਮੁਹਿੰਮ ਦੀ ਭਾਵਨਾ ਅਤੇ ਰਾਸ਼ਟਰੀ ਏਕਤਾ ਤੇ ਦੇਸ਼ ਭਗਤੀ ਦੇ ਸੰਦੇਸ਼ ਨੂੰ ਦਰਸਾਇਆ ਗਿਆ ਸੀ।
ਇਸ ਪ੍ਰੋਗਰਾਮ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਉਪ ਰਾਜਪਾਲ ਐਡਮਿਰਲ ਡੀ.ਕੇ. ਜੋਸ਼ੀ (ਸੇਵਾਮੁਕਤ), ਮੁੱਖ ਸਕੱਤਰ ਸ਼੍ਰੀਮਤੀ ਚੰਚਲ ਯਾਦਵ, ਸ਼੍ਰੀ ਵਿਜੇਪੁਰਮ ਨਗਰ ਕੌਂਸਲ ਦੀ ਪ੍ਰਧਾਨ ਸ਼੍ਰੀਮਤੀ ਐੱਮ. ਵਸੰਤਾ ਅਤੇ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਪੀ. ਉਮਰ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
************
ਪੀਆਰ/ਏਐਸਐਮ/ਵੀਐਮਜੇ
(Release ID: 2297175)
ਵਿਜ਼ੀਟਰ ਕਾਊਂਟਰ : 56