ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਚਿੱਤਰਕੂਟ ਲਈ ਸਿੱਧੀ ਰੇਲ ਕਨੈਕਟੀਵਿਟੀ ਮਜ਼ਬੂਤ ਕਰਨ ਦੇ ਮਕਸਦ ਨਾਲ ਚਿੱਤਰਕੂਟਧਾਮ ਕਰਵੀ-ਕਾਨਪੁਰ ਸੈਂਟਰਲ ਅਤੇ ਪ੍ਰਤਾਪਗੜ੍ਹ-ਕਾਨਪੁਰ ਸੈਂਟਰਲ ਐਕਸਪ੍ਰੈਸ ਸੇਵਾਵਾਂ ਦੇ ਰਲੇਵੇਂ ਨੂੰ ਮਨਜ਼ੂਰੀ ਦਿੱਤੀ
ਰਲੇਵੇਂ ਵਾਲੀ ਸੇਵਾ ਨਾਲ ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ, ਕਾਨਪੁਰ ਸੈਂਟਰਲ ਅਤੇ ਚਿੱਤਰਕੂਟਧਾਮ ਕਰਵੀ ਵਿਚਕਾਰ ਸਿੱਧੀ ਰੇਲ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ ਯਾਤਰੀ ਸਮਰੱਥਾ 12 ਤੋਂ ਵਧ ਕੇ 24 ਕੋਚ ਹੋ ਜਾਵੇਗੀ
ਰਲੇਵੇਂ ਨਾਲ ਕਾਨਪੁਰ-ਪ੍ਰਤਾਪਗੜ੍ਹ ਰੇਲ ਖੰਡ 'ਤੇ ਭੀੜ-ਭੜੱਕਾ ਘਟਾਉਣ ਅਤੇ ਬਿਹਤਰ ਕਨੈਕਟੀਵਿਟੀ ਉਪਲਬਧ ਕਰਵਾਉਣ ਵਿੱਚ ਮਦਦ ਮਿਲੇਗੀ
Posted On:
08 AUG 2026 4:49PM by PIB Chandigarh
ਭਾਰਤੀ ਰੇਲਵੇ ਨੇ ਯਾਤਰੀ ਸਹੂਲਤ ਵਧਾਉਣ ਅਤੇ ਟ੍ਰੇਨ ਸੰਚਾਲਨ ਨੂੰ ਵਧੇਰੇ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ 14109/14110 ਚਿੱਤਰਕੂਟਧਾਮ ਕਰਵੀ-ਕਾਨਪੁਰ ਸੈਂਟਰਲ ਐਕਸਪ੍ਰੈਸ ਅਤੇ 14123/14124 ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ-ਕਾਨਪੁਰ ਸੈਂਟਰਲ ਐਕਸਪ੍ਰੈਸ ਦੇ ਰਲੇਵੇਂ ਨੂੰ ਮਨਜ਼ੂਰੀ ਦਿੱਤੀ ਹੈ। ਰਲੇਵੇਂ ਤੋਂ ਬਾਅਦ ਇਹ ਸੇਵਾ 14123/14124 ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ-ਚਿੱਤਰਕੂਟਧਾਮ ਕਰਵੀ ਐਕਸਪ੍ਰੈਸ ਦੇ ਰੂਪ ਵਿੱਚ ਚਲਾਈ ਜਾਵੇਗੀ।
ਇਸ ਰਲੇਵੇਂ ਨਾਲ ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ ਅਤੇ ਚਿੱਤਰਕੂਟਧਾਮ ਕਰਵੀ ਵਿਚਕਾਰ ਸਿੱਧੀ ਰੇਲ ਕਨੈਕਟੀਵਿਟੀ ਬਿਹਤਰ ਹੋਵੇਗੀ। ਨਾਲ ਹੀ ਕਾਨਪੁਰ ਸੈਂਟਰਲ, ਲਖਨਊ ਖੇਤਰ ਅਤੇ ਚਿੱਤਰਕੂਟ ਸਮੇਤ ਹੋਰ ਮਹੱਤਵਪੂਰਨ ਮੰਜ਼ਿਲਾਂ ਵਿਚਕਾਰ ਸੰਪਰਕ ਵੀ ਮਜ਼ਬੂਤ ਹੋਵੇਗਾ।
24 ਕੋਚਾਂ ਵਾਲੀ ਟ੍ਰੇਨ ਨਾਲ ਵਧੇਗੀ ਯਾਤਰੀ ਸਮਰੱਥਾ
ਇਸ ਰਲੇਵੇਂ ਨਾਲ ਹੋਣ ਵਾਲੇ ਸੰਚਾਲਨ ਲਾਭਾਂ ਤਹਿਤ ਸੰਯੁਕਤ ਟ੍ਰੇਨ ਸੇਵਾ ਦੀ ਯਾਤਰੀ ਸਮਰੱਥਾ ਵਧਾਈ ਜਾਵੇਗੀ। ਵਰਤਮਾਨ ਵਿੱਚ 12 ਕੋਚਾਂ ਵਾਲੀ ਟ੍ਰੇਨ ਨੂੰ ਵਧਾ ਕੇ 24 ਕੋਚ ਕੀਤਾ ਜਾਵੇਗਾ। ਇਸ ਨਾਲ ਉਪਲਬਧ ਸੀਟਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਕਾਨਪੁਰ-ਪ੍ਰਤਾਪਗੜ੍ਹ ਰੇਲ ਖੰਡ 'ਤੇ ਭੀੜ-ਭੜੱਕੇ ਅਤੇ ਯਾਤਰੀਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਵਧੀ ਹੋਈ ਸਮਰੱਥਾ ਨਾਲ ਕਾਨਪੁਰ, ਬਾਂਦਾ, ਚਿੱਤਰਕੂਟ, ਪ੍ਰਤਾਪਗੜ੍ਹ ਅਤੇ ਰਸਤੇ ਦੇ ਹੋਰ ਸਟੇਸ਼ਨਾਂ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਧੇਰੇ ਸਹੂਲਤ ਮਿਲੇਗੀ।
ਚਿੱਤਰਕੂਟ ਅਤੇ ਪ੍ਰਤਾਪਗੜ੍ਹ/ਲਖਨਊ ਖੇਤਰ ਵਿਚਕਾਰ ਬਿਹਤਰ ਸਿੱਧੀ ਕਨੈਕਟੀਵਿਟੀ
ਰਲੇਵੇਂ ਤੋਂ ਬਾਅਦ ਇਹ ਸੇਵਾ ਚਿੱਤਰਕੂਟ ਅਤੇ ਲਖਨਊ-ਪ੍ਰਤਾਪਗੜ੍ਹ ਖੇਤਰ ਵਿਚਕਾਰ ਸਿੱਧੀ ਰੇਲ ਕਨੈਕਟੀਵਿਟੀ ਨੂੰ ਬਿਹਤਰ ਬਣਾਏਗੀ। ਯਾਤਰੀਆਂ ਨੂੰ ਕਾਨਪੁਰ ਸੈਂਟਰਲ 'ਤੇ ਟ੍ਰੇਨ ਬਦਲਣ ਦੀ ਲੋੜ ਨਹੀਂ ਹੋਵੇਗੀ, ਜਿਸ ਨਾਲ ਯਾਤਰਾ ਵਧੇਰੇ ਸੁਖਾਲੀ ਹੋ ਜਾਵੇਗੀ।
ਇਸ ਨਾਲ ਵਿਸ਼ੇਸ਼ ਤੌਰ 'ਤੇ ਤੀਰਥ ਯਾਤਰਾ, ਸੈਰ-ਸਪਾਟਾ, ਸਿੱਖਿਆ, ਰੋਜ਼ਗਾਰ ਅਤੇ ਹੋਰ ਮਕਸਦਾਂ ਲਈ ਚਿੱਤਰਕੂਟ, ਪ੍ਰਤਾਪਗੜ੍ਹ ਅਤੇ ਲਖਨਊ ਖੇਤਰ ਦੇ ਮਹੱਤਵਪੂਰਨ ਧਾਰਮਿਕ ਅਤੇ ਖੇਤਰੀ ਕੇਂਦਰਾਂ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਫਾਇਦਾ ਮਿਲੇਗਾ।
ਮੁੱਖ ਸਟੇਸ਼ਨਾਂ ਵਿਚਕਾਰ ਬਿਹਤਰ ਸੰਪਰਕ
ਰਲਾਈ ਗਈ ਸੇਵਾ ਰਸਤੇ ਵਿੱਚ ਆਉਣ ਵਾਲੇ ਮਹੱਤਵਪੂਰਨ ਸਟੇਸ਼ਨਾਂ 'ਤੇ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ। ਇਹਨਾਂ ਵਿੱਚ ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ, ਚਿਲਬਿਲਾ, ਮਾਂ ਚੰਦਰਿਕਾ ਦੇਵੀ ਧਾਮ ਅੰਤੂ, ਅਮੇਠੀ, ਗੌਰੀਗੰਜ, ਕਾਸ਼ੀਮਪੁਰ, ਜਾਇਸ, ਫੁਰਸਤਗੰਜ, ਰਾਇਬਰੇਲੀ, ਹਰਚੰਦਪੁਰ, ਬਛਰਾਵਾਂ, ਨਿਗੋਹਾਂ, ਲਖਨਊ, ਮਾਨਕ ਨਗਰ, ਉਨਾਵ, ਕਾਨਪੁਰ ਸੈਂਟਰਲ, ਭੀਮਸੇਨ, ਕਠਾਰਾ ਰੋਡ, ਪਨਾਰਾ, ਘਾਟਮਪੁਰ, ਹਮੀਰਪੁਰ ਰੋਡ, ਯਮੁਨਾ ਸਾਊਥ ਬੈਂਕ, ਭਰੂਆ ਸੁਮੇਰਪੁਰ, ਰਾਗੌਲ, ਬਾਂਦਾ, ਅਤਰਰਾ ਅਤੇ ਚਿੱਤਰਕੂਟਧਾਮ ਕਰਵੀ ਸ਼ਾਮਲ ਹਨ।
ਸਿੱਟਾ
ਨਵੀਂ ਸ਼ਾਮਲ ਸੇਵਾ ਉੱਤਰ ਪ੍ਰਦੇਸ਼ ਵਿੱਚ ਯਾਤਰੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ, ਮਹੱਤਵਪੂਰਨ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਤੱਕ ਪਹੁੰਚ ਬਿਹਤਰ ਬਣਾਉਣ ਅਤੇ ਰੇਲਵੇ ਸਰੋਤਾਂ ਦੀ ਵਧੇਰੇ ਪ੍ਰਭਾਵਸ਼ਾਲੀ ਵਰਤੋਂ ਵਿੱਚ ਮਦਦ ਕਰੇਗੀ। ਇਸ ਨਾਲ ਬੁੰਦੇਲਖੰਡ ਅਤੇ ਅਵਧ ਵਿਚਕਾਰ ਇੱਕ ਨਿਰਵਿਘਨ ਰੇਲ ਲਾਂਘਾ ਸਥਾਪਿਤ ਹੋਵੇਗਾ। ਇਹ ਸੇਵਾ ਚਿੱਤਰਕੂਟ ਨੂੰ ਰਾਜ ਦੀ ਰਾਜਧਾਨੀ ਲਖਨਊ ਅਤੇ ਪ੍ਰਤਾਪਗੜ੍ਹ ਤੋਂ ਸਿੱਧੀ ਰੇਲ ਕਨੈਕਟੀਵਿਟੀ ਪ੍ਰਦਾਨ ਕਰੇਗੀ। ਨਾਲ ਹੀ, ਟ੍ਰੇਨ ਵਿੱਚ ਕੋਚਾਂ ਦੀ ਗਿਣਤੀ 12 ਤੋਂ ਵਧਾ ਕੇ 24 ਕੀਤੇ ਜਾਣ ਨਾਲ ਯਾਤਰੀ ਸਮਰੱਥਾ ਦੁੱਗਣੀ ਹੋ ਜਾਵੇਗੀ ਅਤੇ ਯਾਤਰੀਆਂ ਨੂੰ ਕਿਫਾਇਤੀ ਦਰਾਂ 'ਤੇ ਬਿਹਤਰ ਰੇਲ ਸੇਵਾ ਉਪਲਬਧ ਹੋਵੇਗੀ। ਚਿੱਤਰਕੂਟ ਦੀ ਤੀਰਥ ਯਾਤਰਾ ਅਤੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ, ਇਹ ਸੇਵਾ ਸਿੱਖਿਆ, ਸਿਹਤ ਸੇਵਾਵਾਂ, ਰੋਜ਼ਗਾਰ, ਵਪਾਰ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਯਾਤਰਾ ਕਰਨ ਵਾਲੇ ਲੋਕਾਂ ਲਈ ਵੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗੀ। ਨਾਲ ਹੀ, ਉਪਲਬਧ ਟ੍ਰੇਨ ਸੰਚਾਲਨ ਸਰੋਤਾਂ ਦੀ ਵਧੇਰੇ ਕੁਸ਼ਲ ਵਰਤੋਂ ਯਕੀਨੀ ਹੋਵੇਗੀ।
****
ਧਰਮਿੰਦਰ ਤਿਵਾੜੀ/ਰਿਤੂ ਰਾਜ/ਵੰਸ਼ਿਤਾ ਜੈਸਵਾਲ
(Release ID: 2296940)
ਵਿਜ਼ੀਟਰ ਕਾਊਂਟਰ : 56