ਪੁਲਾੜ ਵਿਭਾਗ
ਡਾ. ਜਿਤੇਂਦਰ ਸਿੰਘ ਨੇ ਰਾਜ ਸਭਾ ਨੂੰ ਗਗਨਯਾਨ ਮਿਸ਼ਨ ਦੀਆਂ ਮੁੱਖ ਪ੍ਰਾਪਤੀਆਂ ਅਤੇ ਭਾਰਤ ਦੇ ਮਨੁੱਖੀ ਪੁਲਾੜ ਖੋਜ ਰੋਡਮੈਪ ਬਾਰੇ ਜਾਣਕਾਰੀ ਦਿੱਤੀ
ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ 'ਗਗਨਯਾਨ' ਮਹੱਤਵਪੂਰਨ ਮਨੁੱਖੀ-ਰੇਟਿੰਗ ਪ੍ਰਾਪਤੀਆਂ ਨਾਲ ਹਕੀਕਤ ਦੇ ਨੇੜੇ ਪਹੁੰਚ ਰਿਹਾ ਹੈ: ਡਾ. ਜਿਤੇਂਦਰ ਸਿੰਘ
"ਵਯੋਮਮਿੱਤਰਾ ਨੂੰ ਲੈ ਕੇ ਜਾਣ ਵਾਲਾ ਪਹਿਲਾ ਮਨੁੱਖ ਰਹਿਤ ਗਗਨਯਾਨ ਮਿਸ਼ਨ 2026 ਦੀ ਚੌਥੀ ਤਿਮਾਹੀ ਲਈ ਟੀਚਾ; ਭਾਰਤੀ ਪੁਲਾੜ ਸਟੇਸ਼ਨ 2035 ਤੱਕ ਤਿਆਰ ਹੋਣ ਦੇ ਰਸਤੇ 'ਤੇ"
Posted On:
06 AUG 2026 5:00PM by PIB Chandigarh
ਵਿਗਿਆਨ ਅਤੇ ਤਕਨਾਲੋਜੀ, ਧਰਤੀ ਵਿਗਿਆਨ, ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਨੂੰ ਦੱਸਿਆ ਕਿ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ, ਗਗਨਯਾਨ ਨੇ ਮਨੁੱਖੀ-ਰੇਟਿੰਗ ਨਾਲ ਸਬੰਧਿਤ ਮਹੱਤਵਪੂਰਨ ਪ੍ਰਣਾਲੀਆਂ ਦੇ ਵਿਕਾਸ ਅਤੇ ਪ੍ਰਮਾਣੀਕਰਣ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਿਲ ਕੀਤੀਆਂ ਹਨ। ਇਹ ਦੇਸ਼ ਦੇ ਪਹਿਲੇ ਸਵਦੇਸ਼ੀ ਮਨੁੱਖੀ ਪੁਲਾੜ ਉਡਾਣ ਮਿਸ਼ਨ ਵੱਲ ਸਥਿਰ ਪ੍ਰਗਤੀ ਨੂੰ ਦਰਸਾਉਂਦਾ ਹੈ।
ਰਾਜ ਸਭਾ ਵਿੱਚ ਬੋਲਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਿਊਮਨ-ਰੇਟਿਡ ਲਾਂਚ ਵ੍ਹੀਕਲ (ਐੱਚਐੱਲਵੀਐੱਮ) ਦੇ ਸਾਰੇ ਪ੍ਰੋਪਲਸ਼ਨ ਪੜਾਵਾਂ ਅਤੇ ਢਾਂਚਿਆਂ ਦਾ ਵਿਕਾਸ ਅਤੇ ਜ਼ਮੀਨੀ ਟੈਸਟਿੰਗ ਪੂਰੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕਰੂ ਮੋਡੀਊਲ ਅਤੇ ਸਰਵਿਸ ਮੋਡੀਊਲ ਦੇ ਪ੍ਰੋਪਲਸ਼ਨ ਸਿਸਟਮ ਵਿਕਸਿਤ, ਟੈਸਟ ਅਤੇ ਪ੍ਰਮਾਣਿਤ ਕੀਤੇ ਗਏ ਹਨ, ਜਦੋਂ ਕਿ ਵਾਤਾਵਰਣ ਨਿਯੰਤਰਣ ਅਤੇ ਜੀਵਨ ਸਹਾਇਤਾ ਪ੍ਰਣਾਲੀ (ਈਸੀਐੱਲਐੱਸਐੱਸ), ਥਰਮਲ ਸੁਰੱਖਿਆ ਪ੍ਰਣਾਲੀ, ਡਿਸੀਲਰੇਸ਼ਨ ਪ੍ਰਣਾਲੀ, ਕਰੂ ਮੋਡੀਊਲ ਅਪ-ਰਾਈਟਿੰਗ ਪ੍ਰਣਾਲੀ ਅਤੇ ਸੰਪੂਰਨ ਐਵੀਓਨਿਕਸ ਨੂੰ ਵੀ ਸਫਲਤਾਪੂਰਵਕ ਵਿਕਸਿਤ ਅਤੇ ਟੈਸਟ ਕੀਤਾ ਗਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲਾੜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ। ਕਰੂ ਐਸਕੇਪ ਸਿਸਟਮ (ਸੀਈਐੱਸ) ਲਈ ਲੋੜੀਂਦੇ ਪੰਜ ਕਿਸਮਾਂ ਦੇ ਮੋਟਰ ਵਿਕਸਿਤ ਕੀਤੇ ਗਏ ਹਨ ਅਤੇ ਸਫਲਤਾਪੂਰਵਕ ਸਥਿਰ ਟੈਸਟ ਕੀਤੇ ਗਏ ਹਨ ਅਤੇ ਸਾਰੇ ਸਬੰਧਿਤ ਢਾਂਚੇ ਤਿਆਰ ਅਤੇ ਯੋਗ ਬਣਾਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮਿਸ਼ਨ ਬੁਨਿਆਦੀ ਢਾਂਚਾ, ਜਿਸ ਵਿੱਚ ਔਰਬਿਟਲ ਮੋਡੀਊਲ ਤਿਆਰੀ ਸਹੂਲਤ, ਗਗਨਯਾਨ ਕੰਟਰੋਲ ਸੈਂਟਰ, ਕਰੂ ਟੈਸਟ ਸਹੂਲਤ ਅਤੇ ਦੂਜੇ ਲਾਂਚ ਪੈਡ ਵਿੱਚ ਸੋਧਾਂ ਸ਼ਾਮਲ ਹਨ, ਆਉਣ ਵਾਲੀਆਂ ਮਿਸ਼ਨ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਸਥਾਪਿਤ ਕੀਤੇ ਗਏ ਹਨ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਟੀਵੀ-ਡੀ1 (ਟੀਵੀ-ਡੀਆਈ) ਲਾਂਚ ਵ੍ਹੀਕਲ ਮਿਸ਼ਨ, ਜਿਸਦਾ ਉਦੇਸ਼ ਉਡਾਣ ਦੌਰਾਨ ਚਾਲਕ ਦਲ ਦੇ ਬਚਣ ਦੇ ਸਿਸਟਮ ਨੂੰ ਪ੍ਰਮਾਣਿਤ ਕਰਨਾ ਸੀ, ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਇਸ ਤੋਂ ਇਲਾਵਾ, ਇੱਕ ਸਿਮੂਲੇਟਡ ਕਰੂ ਮੋਡੀਊਲ ਦੀ ਵਰਤੋਂ ਕਰਕੇ ਕੀਤੇ ਗਏ ਇੰਟੀਗ੍ਰੇਟਿਡ ਏਅਰ ਡ੍ਰੌਪ ਟੈਸਟ-01 ਅਤੇ ਇੰਟੀਗ੍ਰੇਟਿਡ ਏਅਰ ਡ੍ਰੌਪ ਟੈਸਟ-02 ਨੇ ਡਿਸੀਲਰੇਸ਼ਨ ਸਿਸਟਮ ਨੂੰ ਸਫਲਤਾਪੂਰਵਕ ਪ੍ਰਮਾਣਿਤ ਕੀਤਾ। ਅਗਲੇ ਟੈਸਟ ਵ੍ਹੀਕਲ ਮਿਸ਼ਨ (ਟੀਵੀ-ਡੀ2) ਦੀਆਂ ਤਿਆਰੀਆਂ ਇਸ ਸਮੇਂ ਚੱਲ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨੀ ਸੰਚਾਰ ਨੈੱਟਵਰਕ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ, ਆਈਡੀਆਰਐੱਸਐੱਸ-1 ਫੀਡਰ ਸਟੇਸ਼ਨ ਅਤੇ ਟੇਰੇਸਟ੍ਰੀਅਲ ਲਿੰਕ ਸਥਾਪਿਤ ਕੀਤੇ ਗਏ ਹਨ, ਰਿਕਵਰੀ ਸੰਪਤੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਪੁਲਾੜ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਲਈ ਇੱਕ ਯੋਜਨਾ ਵਿਕਸਿਤ ਕੀਤੀ ਗਈ ਹੈ। ਸਮਾਨਾਂਤਰ, ਨਵੇਂ ਵਿਕਸਿਤ ਪ੍ਰਣਾਲੀਆਂ ਦੇ ਵੱਖ-ਵੱਖ ਜ਼ਮੀਨੀ ਯੋਗਤਾ ਟੈਸਟ ਵੀ ਚੱਲ ਰਹੇ ਹਨ।
ਮਿਸ਼ਨ ਰੋਡਮੈਪ ਦੀ ਰੂਪਰੇਖਾ ਦੱਸਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਦੇ ਤਹਿਤ ਪਹਿਲੀ ਵਾਰ ਵਿਕਸਿਤ ਕੀਤੀਆਂ ਜਾ ਰਹੀਆਂ ਤਕਨਾਲੋਜੀਆਂ ਨੂੰ ਪ੍ਰਮਾਣਿਤ ਕਰਨ ਲਈ (ਹਾਫ-ਹਿਊਮਨਾਈਡ) ਵਯੋਮਮਿੱਤਰਾ ਨੂੰ ਲੈ ਕੇ ਜਾਣ ਵਾਲਾ ਪਹਿਲਾ ਮਾਨਵ ਰਹਿਤ ਪ੍ਰਯੋਗਾਤਮਕ ਗਗਨਯਾਨ ਮਿਸ਼ਨ 2026 ਦੀ ਚੌਥੀ ਤਿਮਾਹੀ ਲਈ ਟੀਚਾ ਹੈ। ਇਸ ਤੋਂ ਬਾਅਦ 2027 ਤੱਕ ਭਾਰਤ ਦੇ ਪਹਿਲੇ ਮਨੁੱਖੀ ਔਰਬਿਟਲ ਮਿਸ਼ਨ ਤੋਂ ਪਹਿਲਾਂ, ਤੱਕ ਪਹਿਲੇ ਕਰੂ ਉਡਾਣ ਦੇ ਕੰਨਫੀਗ੍ਰੇਸ਼ਨ ਵਿੱਚ ਦੋ ਵਾਧੂ ਮਾਨਵ ਰਹਿਤ ਮਿਸ਼ਨ ਹੋਣਗੇ।
ਮਨੁੱਖੀ ਪੁਲਾੜ ਖੋਜ ਲਈ ਸਰਕਾਰ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਪੁਲਾੜ ਸਟੇਸ਼ਨ (ਬੀਏਐੱਸ) ਦੇ 2035 ਤੱਕ ਚਾਲੂ ਕਰਨ ਦੀ ਯੋਜਨਾ ਹੈ। ਉਨ੍ਹਾਂ ਦੱਸਿਆ ਕਿ ਇਸਰੋ ਨੇ ਪੰਜ-ਮੌਡਿਊਲ ਸਪੇਸ ਸਟੇਸ਼ਨ ਦੀ ਸਮੁੱਚੀ ਬਣਤਰ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਦੋਂ ਕਿ ਸਰਕਾਰ ਨੇ ਪਹਿਲੇ ਮੌਡਿਊਲ, ਬੀਏਐੱਸ-01 ਦੇ ਵਿਕਾਸ ਅਤੇ ਲਾਂਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮੌਡਿਊਲ ਲਈ ਸਮੁੱਚੀ ਸਿਸਟਮ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਕਾਸ ਗਤੀਵਿਧੀਆਂ ਇਸਰੋ ਦੇ ਵੱਖ-ਵੱਖ ਕੇਂਦਰਾਂ ਅਤੇ ਇਕਾਈਆਂ 'ਤੇ ਚੱਲ ਰਹੀਆਂ ਹਨ।
ਡਾ. ਜਿਤੇਂਦਰ ਸਿੰਘ ਨੇ ਅੱਗੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਸਤੰਬਰ 2024 ਵਿੱਚ ਭਾਰਤ ਦੇ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਦੇ ਤਹਿਤ ਅੱਠ ਮਿਸ਼ਨਾਂ ਨੂੰ ਪੂਰਾ ਕਰਨ ਲਈ 20,193 ਕਰੋੜ ਰੁਪਏ ਦੀ ਬਜਟ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਨੇ ਇਸਰੋ ਦੇ ਪ੍ਰਮੁੱਖ ਅੰਤਰਰਾਸ਼ਟਰੀ ਪੁਲਾੜ ਏਜੰਸੀਆਂ ਨਾਲ ਸਹਿਯੋਗ ਨੂੰ ਵੀ ਉਜਾਗਰ ਕੀਤਾ, ਜਿਨ੍ਹਾਂ ਵਿੱਚ ਨੈੱਟਵਰਕ ਸੰਚਾਲਨ ਸਹਾਇਤਾ ਲਈ ਯੂਰਪੀਅਨ ਪੁਲਾੜ ਏਜੰਸੀ (ਈਐੱਸਏ), ਚਾਲਕ ਦਲ ਅਤੇ ਚਾਲਕ ਦਲ ਦੇ ਮਾਡਿਊਲ ਰਿਕਵਰੀ ਲਈ ਆਸਟ੍ਰੇਲੀਆਈ ਪੁਲਾੜ ਏਜੰਸੀ (ਏਐੱਸਏ), ਫਲਾਈਟ ਸਰਜਨਾਂ ਅਤੇ ਜ਼ਮੀਨੀ ਸਹਾਇਤਾ ਟੀਮਾਂ ਦੀ ਵਿਸ਼ੇਸ਼ ਸਿਖਲਾਈ ਲਈ ਫਰਾਂਸ ਦੇ ਸੀਐੱਨਈਐੱਸ ਅਤੇ ਪੁਲਾੜ ਯਾਤਰੀਆਂ ਦੀ ਸਿਖਲਾਈ ਅਤੇ ਮਹੱਤਵਪੂਰਨ ਮਨੁੱਖੀ ਪੁਲਾੜ ਉਡਾਣ ਪ੍ਰਣਾਲੀਆਂ ਦੀ ਖਰੀਦ ਲਈ ਰੂਸ ਦੇ ਰੋਸਕੋਸਮੋਸ (Roscosmos) ਸ਼ਾਮਲ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗਗਨਯਾਨ ਮਿਸ਼ਨ ਤਹਿਤ ਪ੍ਰਾਪਤ ਪ੍ਰਗਤੀ ਭਾਰਤੀ ਪੁਲਾੜ ਸਟੇਸ਼ਨ ਲਈ ਰੋਡਮੈਪ ਦੇ ਨਾਲ ਭਾਰਤ ਦੀਆਂ ਸਵਦੇਸ਼ੀ ਮਨੁੱਖੀ ਪੁਲਾੜ ਉਡਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੇ ਭਵਿੱਖ ਦੇ ਪੁਲਾੜ ਖੋਜ ਪ੍ਰੋਗਰਾਮ ਲਈ ਤਕਨੀਕੀ ਨੀਂਹ ਰੱਖਣ ਲਈ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।




************
ਐੱਨਕੇਆਰ/ਏਕੇ/ਐੱਨਐੱਮ/ਏਕੇ
(Release ID: 2296081)
ਵਿਜ਼ੀਟਰ ਕਾਊਂਟਰ : 23