ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਖਿਡੌਣਾ ਸੈਕਟਰ ਨੂੰ ਸਹਿਯੋਗ ਦੇਣ ਲਈ ਇੱਕ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਅਤੇ 2032 ਤੱਕ ਆਲਮੀ ਬਜ਼ਾਰ ਵਿੱਚ 5% ਹਿੱਸੇਦਾਰੀ ਦਾ ਟੀਚਾ ਰੱਖਿਆ ਹੈ


ਸ਼ੀ ਪੀਯੂਸ਼ ਗੋਇਲ ਨੇ ਮੈਨੂਫੈਕਚਰਿੰਗ, ਨਵੀਨਤਾ ਅਤੇ ਨਿਰਯਾਤ ਨੂੰ ਮਜ਼ਬੂਤ ਕਰਨ ਲਈ ਖਿਡੌਣਾ ਖੇਤਰ ਦੀ ਪਲੇਬੁੱਕ ਦੀ ਸ਼ੁਰੂਆਤ ਕੀਤੀ

ਭਾਗੀਦਾਰਾਂ ਨੇ ਭਾਰਤ ਦੇ ਖਿਡੌਣਾ ਖੇਤਰ ਵਿੱਚ ਮੈਨੂਫੈਕਚਰਿੰਗ, ਨਵੀਨਤਾ ਅਤੇ ਨਿਰਯਾਤ ਨੂੰ ਵਧਾਉਣ ਲਈ ਰੋਡਮੈਪ ‘ਤੇ ਵਿਚਾਰ-ਵਟਾਂਦਰਾ ਕੀਤਾ

प्रविष्टि तिथि: 27 JUL 2026 9:51PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਖਿਡੌਣਾ ਸੈਕਟਰ ਨੂੰ ਸਹਿਯੋਗ ਦੇਣ ਅਤੇ 2032 ਤੱਕ ਆਲਮੀ ਖਿਡੌਣਾ ਬਜ਼ਾਰ ਵਿੱਚ 5% ਹਿੱਸੇਦਾਰੀ ਹਾਸਲ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਉਪਾਵਾਂ ਦੀ ਪਛਾਣ ਕਰਨ ਦੇ ਮਕਸਦ ਨਾਲ ਇੱਕ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ। ਨਵੀਂ ਦਿੱਲੀ ਸਥਿਤ ਵਾਣਿਜਯ ਭਵਨ (Vanijya Bhawan) ਵਿਖੇ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (DPIIT) ਦੁਆਰਾ ਆਯੋਜਿਤ ਹਿਤਧਾਰਕ ਬੈਠਕ ‘ਟੀਮ ਅੱਪ ਫਾਰ ਟੌਇਜ਼: ਡ੍ਰਾਈਵਿੰਗ ਸਕੇਲ, ਇਨੋਵੇਸ਼ਨ ਐਂਡ ਐਕਸਪੋਰਟਸ’ ਵਿੱਚ ਇਸ ਦਾ ਐਲਾਨ ਕੀਤਾ ਗਿਆ। 

ਟਾਸਕ ਫੋਰਸ ਛੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗਾ ਜਿਸ ਵਿੱਚ ਗਲੋਬਲ ਵੈਲਿਊ ਚੇਨਾਂ ਨਾਲ ਏਕੀਕਰਣ, ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ, ਵੈਲਿਊ ਚੇਨਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ, ਕੁਸ਼ਲ ਕਾਰਜਬਲ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਡਿਜ਼ਾਈਨ ਅਤੇ ਨਵੀਨਤਾ ਨੂੰ ਸਮਰੱਥ ਕਰਨਾ ਅਤੇ ਵਪਾਰ ਕਰਨ ਵਿੱਚ ਅਸਾਨੀ ਨੂੰ ਵਧਾਉਣਾ ਹੈ।

ਇਸ ਪ੍ਰੋਗਰਾਮ ਰਾਹੀਂ ਭਾਰਤ ਦੇ ਖਿਡੌਣਾ ਖੇਤਰ ਦੇ ਭਵਿੱਖ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਟੌਇ ਈਕੋਸਿਸਟਮ ਦੇ ਨੀਤੀ ਨਿਰਮਾਤਾਵਾਂ, ਉਦਯੋਗ ਦੇ ਲੀਡਰਜ਼, ਨਿਰਮਾਤਾਵਾਂ, ਸਟਾਰਟਅੱਪਸ, ਨਿਵੇਸ਼ਕਾਂ, ਕਾਰੀਗਰਾਂ, ਡਿਜ਼ਾਈਨਰਾਂ ਅਤੇ ਹੋਰ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠੇ ਲਿਆਏਗਾ ਅਤੇ ਇਸੇ ਦੌਰਾਨ ‘ਟੌਇ ਸੈਕਟਰ ਪਲੇਬੁੱਕ’ ਨੂੰ ਵੀ  ਲਾਂਚ ਕੀਤਾ ਗਿਆ।

ਆਪਣੇ ਸੰਬੋਧਨ ਵਿੱਚ, ਸ਼੍ਰੀ ਪੀਯੂਸ਼ ਗੋਇਆ ਨੇ ਕਿਹਾ ਕਿ ਭਾਰਤ ਦੇ ਖਿਡੌਣਾ ਉਦਯੋਗ ਦੀ ਜ਼ਿਕਰਯੋਗ ਤਰੱਕੀ ‘ਵਿਕਸਿਤ ਭਾਰਤ’ ਦੀ ਦਿਸ਼ਾ ਵਿੱਚ ਦੇਸ਼ ਦੀ ਵਿਆਪਕ ਯਾਤਰਾ ਨੂੰ ਦਰਸਾਉਂਦੀ ਹੈ। ਮੈਨੂਫੈਕਚਰਿੰਗ ਉੱਤਮਤਾ, ਰਚਨਾਤਮਕਤਾ, ਨਵੀਨਤਾ ਅਤੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਸੁਮੇਲ ਕਰਨ ਦੀ ਇਸ ਖੇਤਰ ਦੀ ਵਿਲੱਖਣ ਸਮਰੱਥਾ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਤਿਆਰ ਹੋਏ ਖਿਡੌਣੇ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਤੇਜ਼ੀ ਨਾਲ ਪਹੁੰਚ ਰਹੇ ਹਨ। ਮੰਤਰੀ ਨੇ ਉਦਯੋਗ ਜਗਤ ਦੇ ਭਾਗੀਦਾਰਾਂ ਦੁਆਰਾ ਉੱਨਤ ਤਕਨਾਲੋਜੀ, ਆਲਮੀ ਪੱਧਰ ‘ਤੇ ਮੁਕਾਬਲੇ ਵਾਲੇ ਗੁਣਵੱਤਾ ਮਿਆਰਾਂ, ਵੱਡੇ ਪੱਧਰ ‘ਤੇ ਲੋਕਲਾਈਜ਼ੇਸ਼ਨ, ਮਜ਼ਬੂਤ ਬ੍ਰਾਂਡਿੰਗ ਅਤੇ ਗਲੋਬਲ ਵੈਲਿਊ ਚੇਨਾਂ ਨਾਲ ਬਿਹਤਰ ਏਕੀਕਰਣ ਦੁਆਰਾ ਸਮਰਥਿਤ ਇੱਕ ਪੂਰਨ ਘਰੇਲੂ ਮੈਨੂਫੈਕਚਰਿੰਗ ਈਕੋਸਿਸਟਮ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ।

ਇਸ ਤੋਂ ਬਾਅਦ ਸ਼੍ਰੀ ਪੀਯੂਸ਼ ਗੋਇਲ ਨੇ ‘ਟੌਇ ਸੈਕਟਰ ਪਲੇਬੁੱਕ’ ਲਾਂਚ ਕੀਤਾ। ਨਿਰਮਾਤਾਵਾਂ, ਸਟਾਰਟਅੱਪਸ, ਐੱਮਐੱਸਐੱਮਈਜ਼, ਨਿਵੇਸ਼ਕਾਂ ਅਤੇ ਉੱਦਮੀਆਂ ਲਈ ਇੱਕ ਵਿਆਪਕ ਰੋਡਮੈਪ ਵਜੋਂ ਵਿਕਸਿਤ ਇਹ ਪਲੇਬੁੱਕ ਮੈਨੂਫੈਕਚਰਿੰਗ ਈਕੋਸਿਸਟਮ, ਵੈਲਿਊ ਚੇਨ, ਮਿਆਰਾਂ ਅਤੇ ਅਨੁਪਾਲਣ ਜ਼ਰੂਰਤਾਂ, ਕੌਸ਼ਲ ਵਿਕਾਸ, ਉਤਪਾਦ ਨਵੀਨਤਾ, ਬੌਧਿਕ ਸੰਪਦਾ, ਨਿਰਯਾਤ ਅਤੇ ਉਭਰ ਰਹੇ ਬਜ਼ਾਰ ਦੇ ਮੌਕਿਆਂ ‘ਤੇ ਕਾਰਵਾਈ ਯੋਗ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ। ਇਸ ਦਾ ਮਕਸਦ ਉਨ੍ਹਾਂ ਭਾਗੀਦਾਰਾਂ ਲਈ ਇੱਕ ਵਿਵਹਾਰਕ ਸੰਸਾਧਨ ਦੇ ਤੌਰ ‘ਤੇ ਕੰਮ ਕਰਨਾ ਹੈ, ਜੋ ਕਿ ਘਰੇਲੂ ਅਤੇ ਅੰਤਰਰਾਸ਼ਟਰੀ, ਦੋਵੇਂ ਬਜ਼ਾਰਾਂ ਵਿੱਚ ਆਪਣੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨਾ ਅਤੇ ਆਪਣੀ ਮੌਜੂਦਗੀ ਦਾ ਵਿਸਥਾਰ ਕਰਨਾ ਚਾਹੁੰਦੇ ਹਨ।

ਮੰਤਰੀ ਨੇ ਬੀਆਈਐੱਸ ਪ੍ਰਮਾਣਨ, ਕਲਸਟਰ ਵਿਕਾਸ ਪ੍ਰੋਗਰਾਮਾਂ ਅਤੇ ਐੱਮਐੱਸਐੱਮਈਜ਼ ਅਤੇ ਸਟਾਰਟਅੱਪਸ ਲਈ ਸਮਰਥਨ ਉਪਾਵਾਂ ਰਾਹੀਂ ਕੁਆਲਿਟੀ ਰੈਗੂਲੇਸ਼ਨ ਸਮੇਤ ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਦੇ ਸਕਾਰਾਤਮਕ ਪ੍ਰਭਾਵ ਬਾਰੇ ਚਾਨਣਾ ਪਾਇਆ। ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਨਿਰਯਾਤ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਸਥਾਪਿਤ ਕਰਨ ਲਈ ਨਵੀਨਤਾ, ਡਿਜ਼ਾਈਨ ਐਕਸੀਲੈਂਸ, ਸਥਿਰਤਾ, ਵੱਡੇ ਪੱਧਰ ‘ਤੇ ਉਤਪਾਦਨ ਅਤੇ ਨਿਰਯਾਤ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ।

ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਦਾ ਸੁਆਗਤ ਕਰਦੇ ਹੋਏ DPIIT, ਦੇ ਸਥਾਨਕ ਪੱਧਰ ‘ਤੇ ਵੈਲਿਊ ਐਡੀਸ਼ਨ ਅਤੇ ਰੁਜ਼ਗਾਰ ਨੂੰ ਹੁਲਾਰਾ ਦੇਣ ਲਈ ਸੰਚਾਲਨ ਕਮੇਟੀ ਦੀ ਸੰਯੁਕਤ ਸਕੱਤਰ ਡਾ. ਕਾਜਲ ਨੇ ‘ਆਤਮ-ਨਿਰਭਰ ਭਾਰਤ’ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿੱਚ ‘ਸਟੀਅਰਿੰਗ ਕਮੇਟੀ ਫਾਰ ਐਡਵਾਂਸਿੰਗ ਲੋਕਲ ਵੈਲਿਊ ਐਡੀਸ਼ਨ ਐਂਡ ਇੰਪਲੌਇਮੈਂਟ’ (SCALE) ਅਤੇ ਰੈਪਿਡ ਯੂਨਿਟ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਪੱਧਰ ‘ਤੇ ਵੈਲਿਊ ਐਡੀਸ਼ਨ, ਰੁਜ਼ਗਾਰ ਪੈਦਾ ਕਰਨ ਅਤੇ ਐਕਸਪੋਰਟ ਵਧਾਉਣ ਦੀ ਮਜ਼ਬੂਤ ਸਮਰੱਥਾ ਦੇ ਕਾਰਨ ਖਿਡੌਣਾ ਖੇਤਰ ਨੂੰ ਖਾਸ ਤੌਰ ‘ਤੇ ਧਿਆਨ ਦੇਣ ਲਈ ਸਭ ਤੋਂ ਪਹਿਲਾਂ ਚੁਣੇ ਗਏ ਖੇਤਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਅੱਗੇ ਭਾਰਤ ਦੇ ਟੌਇ ਈਕੋਸਿਸਟਮ ਦੇ ਤੇਜ਼ੀ ਨਾਲ ਵਿਸਥਾਰ ‘ਤੇ ਚਾਨਣਾ ਪਾਇਆ, ਜਿਸ ਵਿੱਚ 21,000 ਤੋਂ ਵੱਧ ਐੱਮਐੱਸਐੱਮਈਜ਼, 770 ਤੋਂ ਜ਼ਿਆਦਾ ਡੀਪੀਆਈਆਈਟੀ-ਮਾਨਤਾ ਪ੍ਰਾਪਤ ਖਿਡੌਣਾ ਸਟਾਰਟਅੱਪਸ, ਲਗਭਗ 50 ਖਿਡੌਣਾ ਸਮੂਹ (ਕਲਸਟਰ) ਅਤੇ 1800 ਤੋਂ ਵੱਧ ਬੀਆਈਐੱਸ ਲਾਈਸੈਂਸਧਾਰੀ ਸ਼ਾਮਲ ਹਨ। 

ਚਰਚਾ ਦਾ ਪਿਛੋਕੜ ਤਿਆਰ ਕਰਦੇ ਹੋਏ ਐੱਸਸੀਏਐੱਲਈ ਦੇ ਚੇਅਰਮੈਨ ਡਾ. ਪਵਨ ਗੋਇਨਕਾ ਨੇ ਭਾਰਤ ਨੂੰ ਖਿਡੌਣਾ ਬਣਾਉਣ ਦਾ ਗਲੋਬਲ ਪਾਵਰ ਹਾਊਸ ਬਣਾਉਣ ਦੇ ਵਿਜ਼ਨ ਦੀ ਰੂਪ-ਰੇਖਾ ਪੇਸ਼ ਕੀਤੀ। ਉਨ੍ਹਾਂ ਨੇ ਤੇਜ਼ੀ ਨਾਲ ਵਧ ਰਹੇ ਆਲਮੀ ਖਿਡੌਣਾ ਉਦਯੋਗ ਤੋਂ ਮਿਲਣ ਵਾਲੇ ਵੱਡੇ ਮੌਕਿਆਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਇੱਕ ਭਰੋਸੇਯੋਗ ਮੈਨੂਫੈਕਚਰਿੰਗ ਅਤੇ ਨਿਰਯਾਤ ਮੰਜ਼ਿਲ ਵਜੋਂ ਉਭਰਣ ਲਈ ਚੰਗੀ ਸਥਿਤੀ ਵਿੱਚ ਹੈ ਕਿਉਂਕਿ ਗਲੋਬਲ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਆ ਰਹੀ ਹੈ। ਘਰੇਲੂ ਬਜ਼ਾਰ ਦੀ ਮਜ਼ਬੂਤ ਵਿਕਾਸ ਸਮਰੱਥਾ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਵੱਡੇ ਪੱਧਰ ‘ਤੇ ਕੰਮ ਕਰਨ, ਨਵੀਨਤਾ, ਡਿਜ਼ਾਈਨ ਸਮਰੱਥਾਵਾਂ ਅਤੇ ਨਿਰਯਾਤ ਮੁਕਾਬਲੇ ਰਾਹੀਂ 2032 ਤੱਕ ਆਲਮੀ ਖਿਡੌਣਾ ਬਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ 5% ਤੱਕ ਵਧਾਉਣ ਦੀ ਇੱਛਾ ‘ਤੇ ਜ਼ੋਰ ਦਿੱਤਾ।

ਲਾਂਚ ਤੋਂ ਬਾਅਦ, ਭਾਗੀਦਾਰਾਂ ਨੇ ਵਿਆਪਕ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਇਸ ਦੌਰਾਨ ਮੈਨੂਫੈਕਚਰਿੰਗ ਨੂੰ ਵਧਾਉਣ, ਸਥਾਨਕ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ, ਡਿਜ਼ਾਈਨ ਅਤੇ ਨਵੀਨਤਾ ਸਮਰੱਥਾਵਾਂ ਨੂੰ ਵਧਾਉਣ, ਗੁਣਵੱਤਾ ਮਿਆਰਾਂ ਵਿੱਚ ਸੁਧਾਰ, ਕੁਸ਼ਲ ਕਿਰਤ ਸ਼ਕਤੀ ਵਿਕਸਿਤ ਕਰਨ, ਨਿਰਯਾਤ ਨੂੰ ਹੁਲਾਰਾ ਦੇਣ, ਨਿਵੇਸ਼ ਆਕਰਸ਼ਿਤ ਕਰਨ ਅਤੇ ਗਲੋਬਲ ਟੌਇ ਵੈਲਿਊ ਚੇਨਾਂ ਵਿੱਚ ਭਾਰਤ ਦੀ ਭਾਗੀਦਾਰੀ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

DPIIT ਦੇ ਸੰਯੁਕਤ ਸਕੱਤਰ ਡਾ. ਸੁਮਿਤ ਜਰੰਗਲ ਦੁਆਰਾ ਧੰਨਵਾਦ ਮਤੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਨਾਲ ਹੀ, ਸਰਕਾਰ ਅਤੇ ਉਦਯੋਗ ਜਗਤ ਦੀ ਇਸ ਸਾਂਝੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ ਗਿਆ ਕਿ ਭਵਿੱਖ ਦੇ ਖਿਡੌਣੇ ਨਾ ਸਿਰਫ਼ ‘ਮੇਡ ਇਨ ਇੰਡੀਆ’ ਹੋਣ, ਸਗੋਂ ‘ਡਿਜ਼ਾਈਨਡ ਇਨ ਇੰਡੀਆ’, ‘ਇਨੋਵੇਟਿਡ ਇਨ ਇੰਡੀਆ’ ਅਤੇ ‘ਬ੍ਰਾਂਡਿਡ ਇਨ ਇੰਡੀਆ’ ਵੀ ਹੋਣ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੀ ਸ਼ਲਾਘਾ ਵੀ ਹੋਵੇ।

************

ਅਭਿਸ਼ੇਕ ਦਿਆਲ/ ਅਭਿਜੀਤ ਨਾਰਾਇਣਨ / ਇਸ਼ੀਤਾ ਬਿਸਵਾਸ/ਬਲਜੀਤ ਸਿੰਘ


(रिलीज़ आईडी: 2290502) आगंतुक पटल : 2
इस विज्ञप्ति को इन भाषाओं में पढ़ें: Tamil , English , Urdu , हिन्दी , Marathi