ਸੈਰ ਸਪਾਟਾ ਮੰਤਰਾਲਾ
azadi ka amrit mahotsav

“ਏਅਰ ਇੰਡੀਆ ਦੇ ਨਾਲ ਸਾਂਝੇਦਾਰੀ ਨਾਲ ਭਾਰਤੀ ਸੈਰ-ਸਪਾਟੇ ਨੂੰ ਨਵੀਂ ਗਤੀ ਮਿਲੇਗੀ ਅਤੇ ਸੈਲਾਨੀਆਂ ਨੂੰ ਵਧੇਰੇ ਸੁਖਾਲਾ ਅਨੁਭਵ ਮਿਲੇਗਾ”: ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ


ਸੈਰ-ਸਪਾਟਾ ਮੰਤਰਾਲੇ ਨੇ ਭਾਰਤ ਨੂੰ ਇੱਕ ਪਸੰਦੀਦਾ ਵਿਸ਼ਵ-ਪੱਧਰੀ ਸੈਰ-ਸਪਾਟਾ ਸਥਾਨ ਕੇਂਦਰ ਵਜੋਂ ਉਤਸ਼ਾਹਿਤ ਕਰਨ ਲਈ ਏਅਰ ਇੰਡੀਆ ਨਾਲ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ

ਇਹ ਸਹਿਯੋਗ ‘ਇੰਕ੍ਰੇਡੀਬਲ ਇੰਡੀਆ’ ਬ੍ਰਾਂਡ ਦੇ ਤਹਿਤ ਸੈਰ-ਸਪਾਟਾ ਸਥਾਨਾਂ ਦੇ ਪ੍ਰਚਾਰ, ਸੈਰ-ਸਪਾਟੇ ਨਾਲ ਜੁੜੇ ਜਨ-ਸੰਪਰਕ ਅਤੇ ਸੈਲਾਨੀਆਂ ਦੀ ਸ਼ਮੂਲੀਅਤ ਨੂੰ ਮਜ਼ਬੂਤ ​​ਕਰੇਗਾ

Posted On: 27 JUL 2026 6:01PM by PIB Chandigarh

 

ਸੈਰ-ਸਪਾਟਾ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਏਅਰ ਇੰਡੀਆ ਲਿਮਟਿਡ ਨਾਲ ਇੱਕ ਸਮਝੌਤਾ ਪੱਤਰ (ਐੱਮ.ਓ.ਯੂ.) ’ਤੇ ਦਸਤਖ਼ਤ ਕੀਤੇ ਜਿਸ ਦਾ ਉਦੇਸ਼ ‘ਇੰਕ੍ਰੇਡੀਬਲ ਇੰਡੀਆ’ ਬ੍ਰਾਂਡ ਦੇ ਤਹਿਤ ਭਾਰਤ ਨੂੰ ਇੱਕ ਪਸੰਦੀਦਾ ਗਲੋਬਲ ਸੈਰ-ਸਪਾਟਾ ਕੇਂਦਰ ਵਜੋਂ ਉਤਸ਼ਾਹਿਤ ਕਰਨ ਲਈ ਇੱਕ ਰਣਨੀਤਕ ਢਾਂਚਾ ਸਥਾਪਤ ਕਰਨਾ ਹੈ।

ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿੱਚ ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ ਸ਼੍ਰੀ ਭੁਵਨੇਸ਼ ਕੁਮਾਰ, ਵਧੀਕ ਸਕੱਤਰ ਅਤੇ ਡਾਇਰੈਕਟਰ ਜਨਰਲ (ਸੈਰ-ਸਪਾਟਾ) ਸ਼੍ਰੀ ਸੁਮਨ ਬਿੱਲਾ, ਸੰਯੁਕਤ ਸਕੱਤਰ ਸ਼੍ਰੀ ਹਰੀਕਿਸ਼ੋਰ ਐੱਸ, ਏਅਰ ਇੰਡੀਆ ਦੇ ਮੁੱਖ ਵਪਾਰਕ ਅਧਿਕਾਰੀ ਸ਼੍ਰੀ ਨਿਪੁਣ ਅਗਰਵਾਲ ਅਤੇ ਏਅਰ ਇੰਡੀਆ ਦੇ ਗਰੁੱਪ ਹੈੱਡ, ਸ਼੍ਰੀ ਪੀ. ਬਾਲਾਜੀ ਸਮੇਤ ਸੈਰ-ਸਪਾਟਾ ਮੰਤਰਾਲੇ ਅਤੇ ਏਅਰ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਇਸ ਸਹਿਯੋਗ ਦਾ ਉਦੇਸ਼ ਸੈਰ-ਸਪਾਟਾ ਮੰਤਰਾਲੇ ਦੀਆਂ ਸੈਰ-ਸਪਾਟਾ ਸਥਾਨ ਪ੍ਰਚਾਰ ਪਹਿਲਕਦਮੀਆਂ ਅਤੇ ਏਅਰ ਇੰਡੀਆ ਦੇ ਵਿਆਪਕ ਘਰੇਲੂ ਅਤੇ ਅੰਤਰਰਾਸ਼ਟਰੀ ਨੈੱਟਵਰਕ ਦਾ ਲਾਭ ਉਠਾ ਕੇ ਭਾਰਤ ਦੀ ਸੈਰ-ਸਪਾਟਾ ਦ੍ਰਿਸ਼ਟੀ  ਨੂੰ ਵਧਾਉਣਾ, ਵਿਦੇਸ਼ੀ ਸੈਰ-ਸਪਾਟੇ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਨੂੰ ਇੱਕ ਗਲੋਬਲ ਟ੍ਰਾਂਜ਼ਿਟ ਅਤੇ ਯਾਤਰਾ ਕੇਂਦਰ ਵਜੋਂ ਸਥਾਪਿਤ ਕਰਨਾ ਹੈ। ਇਹ ਭਾਈਵਾਲੀ ਗੈਰ-ਵਪਾਰਕ, ਗੈਰ-ਬੰਧਨਕਾਰੀ (ਬਿਨਾਂ ਕਿਸੇ ਲਾਜ਼ਮੀ ਸ਼ਰਤ) ਅਤੇ ਗੈਰ- ਨਿਵੇਕਲੀ ਹੈ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਕੋਈ ਵਿੱਤੀ ਵਚਨਬੱਧਤਾ ਨਹੀਂ ਹੈ। 

ਇਸ ਮੌਕੇ ’ਤੇ ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, “ਇਸ ਸਾਂਝੇਦਾਰੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਭਾਰਤ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਦੇਸ਼ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਬਾਰੇ ਜਾਣਕਾਰੀ ਮਿਲੇ ਅਤੇ ਉਹਨਾਂ ਨੂੰ ਆਪਣੀ ਯਾਤਰਾ ਦੌਰਾਨ ਭਾਰਤ ਨੂੰ ਬਿਹਤਰ ਢੰਗ ਨਾਲ ਜਾਣਨ ਦੇ ਵਧੇਰੇ ਮੌਕੇ ਮਿਲਣ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਭਾਰਤੀ ਸੈਰ-ਸਪਾਟੇ ਨੂੰ ਨਵੀਂ ਰਫ਼ਤਾਰ ਪ੍ਰਦਾਨ ਕਰਨਗੀਆਂ ਅਤੇ ਸੈਲਾਨੀਆਂ ਨੂੰ ਇੱਕ ਸੁਚਾਰੂ ਅਤੇ ਸਹਿਜ ਯਾਤਰਾ ਅਨੁਭਵ ਪ੍ਰਦਾਨ ਕਰਨਗੀਆਂ।"

ਇਸ ਸਮਝੌਤਾ ਪੱਤਰ ਦੇ ਤਹਿਤ ਸੈਰ-ਸਪਾਟਾ ਮੰਤਰਾਲੇ ਅਤੇ ਏਅਰ ਇੰਡੀਆ ਵਿਚਕਾਰ ਸੈਰ-ਸਪਾਟੇ ਨੂੰ ਉਤਸ਼ਾਹ, ਸਥਾਨ ਬ੍ਰਾਂਡਿੰਗ, ਸਮਗਰੀ ਵਿਕਾਸ , ਅੰਤਰਰਾਸ਼ਟਰੀ ਮਾਰਕੀਟਿੰਗ ਅਤੇ ਹਿੱਸੇਦਾਰਾਂ ਨਾਲ ਜੁੜਾਅ ਵਰਗੇ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਢਾਂਚਾ ਤਿਆਰ ਕੀਤਾ ਗਿਆ ਹੈ। ਉਹ ਭਾਰਤ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਵਜੋਂ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਗਿਣਤੀ ਵਧਾਉਣ ਵਿੱਚ ਯੋਗਦਾਨ ਪਾਉਣ ਲਈ ਆਪਣੇ ਡਿਜੀਟਲ ਪਲੇਟਫ਼ਾਰਮਾਂ, ਗਲੋਬਲ ਨੈੱਟਵਰਕ ਅਤੇ ਪਹੁੰਚ ਸਮਰੱਥਾਵਾਂ ਦਾ ਲਾਭ ਉਠਾਉਣਗੇ।

ਇਸ ਸਹਿਯੋਗ ਦੇ ਤਹਿਤ, ਸੈਰ-ਸਪਾਟਾ ਮੰਤਰਾਲਾ ਅਤੇ ਏਅਰ ਇੰਡੀਆ "ਇਨਕ੍ਰੇਡੀਬਲ ਇੰਡੀਆ" ਬ੍ਰਾਂਡ ਦੇ ਤਹਿਤ ਸੰਯੁਕਤ ਗਲੋਬਲ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ ਅਤੇ ਡਿਜੀਟਲ ਅਤੇ ਆਫ਼ਲਾਈਨ ਪਲੇਟਫ਼ਾਰਮਾਂ 'ਤੇ ਸਹਿ-ਬ੍ਰਾਂਡਿਡ ਮਾਰਕੀਟਿੰਗ ਅਤੇ ਮੰਜ਼ਿਲ ਕਹਾਣੀ ਸੁਣਾਉਣ ਦੇ ਤਰੀਕਿਆਂ ਤੇ ਕੰਮ ਕਰਨਗੇ। ਸੈਰ-ਸਪਾਟੇ ਨਾਲ ਸਬੰਧਿਤ ਸਮਗਰੀ ਵਿਕਸਤ ਕੀਤੀ ਜਾਵੇਗੀ ਅਤੇ ਏਅਰ ਇੰਡੀਆ ਦੇ ਗਾਹਕ ਸੰਪਰਕ ਕੇਂਦਰਾਂ ਰਾਹੀਂ ਪ੍ਰਸਾਰਿਤ ਕੀਤੀ ਜਾਵੇਗੀ, ਜਿਸ ਵਿੱਚ ਫਲਾਈਟ ਵਿੱਚ ਮਨੋਰੰਜਨ ਪਲੇਟਫ਼ਾਰਮ ਵੀ ਸ਼ਾਮਲ ਹਨ।

ਸਾਂਝੇਦਾਰੀ ਦੇ ਤਹਿਤ ਅੰਤਰਰਾਸ਼ਟਰੀ ਯਾਤਰੀਆਂ ਲਈ ਸਾਂਝੇ ਤੌਰ ’ਤੇ “ਵਿਜ਼ਿਟ ਇੰਡੀਆ ਪਾਸ” ਸ਼ੁਰੂ ਕਰਨ ਦੇ ਨਾਲ-ਨਾਲ ਟ੍ਰਾਂਜ਼ਿਟ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਰਾਹੀਂ ਲੰਘਣ ਵਾਲੇ ਯਾਤਰੀਆਂ ਨੂੰ ਦੇਸ਼ ਦੇ ਸੈਰ-ਸਪਾਟਾ ਸਥਾਨਾਂ ਦਾ ਤਜਰਬਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਸਟਾਪਓਵਰ ਪਹਿਲਕਦਮੀ ਦੀ ਕਲਪਨਾ ਕੀਤੀ ਗਈ ਹੈ। ਦੋਵੇਂ ਸੰਗਠਨ ਅੰਤਰਰਾਸ਼ਟਰੀ ਯਾਤਰਾ ਮੇਲਿਆਂ, ਰੋਡ ਸ਼ੋਅ, ਜਾਣ-ਪਛਾਣ ਵਾਲੇ ਦੌਰਿਆਂ (ਫੈਮ ਟੂਰ) ਅਤੇ ਵਪਾਰ ਸਮਾਗਮਾਂ ਵਿੱਚ ਵੀ ਸਾਂਝੇ ਤੌਰ ’ਤੇ ਹਿੱਸਾ ਲੈਣਗੇ।

ਸੈਰ-ਸਪਾਟਾ ਮੰਤਰਾਲਾ ਅਤੇ ਏਅਰ ਇੰਡੀਆ ਦੇਸ਼ ਭਰ ਦੇ ਸੈਰ-ਸਪਾਟਾ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ਰਾਜ ਸੈਰ-ਸਪਾਟਾ ਬੋਰਡਾਂ ਅਤੇ ਹੋਰ ਸੈਰ-ਸਪਾਟਾ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਗੇ। ਉਹ ਵਿਵਹਾਰਕਤਾ ਅਤੇ ਆਪਸੀ ਸਹਿਮਤੀ ਦੇ ਅਧੀਨ, ਹਵਾਈ ਜਹਾਜ਼ ਦੀ ਬਾਹਰੀ ਸਜਾਵਟ, ਬੋਰਡਿੰਗ ਪਾਸ ਅਤੇ ਉਡਾਣ ਦੌਰਾਨ ਮੀਡੀਆ ਸਮੇਤ ਏਅਰ ਇੰਡੀਆ ਦੇ ਸਾਰੇ ਪਲੇਟਫ਼ਾਰਮਾਂ ’ਤੇ ਬ੍ਰਾਂਡਿੰਗ ਦੇ ਮੌਕਿਆਂ ਦੀ ਵੀ ਭਾਲ ਕਰਨਗੇ।

ਸੈਰ-ਸਪਾਟਾ ਮੰਤਰਾਲੇ ਅਤੇ ਏਅਰ ਇੰਡੀਆ ਦੇ ਨੁਮਾਇੰਦਿਆਂ ਨੂੰ ਮਿਲਾ ਕੇ ਬਣਾਇਆ ਗਿਆ ਇੱਕ ਸਾਂਝਾ ਕਾਰਜ ਸਮੂਹ ਸਹਿਮਤੀ ਪੱਤਰ  ਨੂੰ ਲਾਗੂ ਕਰਨ ਦੀ ਨਿਗਰਾਨੀ ਕਰੇਗਾ, ਸਹਿਯੋਗ ਦੇ ਸੰਭਾਵੀ ਖੇਤਰਾਂ ਦੀ ਪਛਾਣ ਕਰੇਗਾ ਅਤੇ ਪ੍ਰਸਤਾਵਿਤ ਗਤੀਵਿਧੀਆਂ ਦੀ ਪ੍ਰਗਤੀ ਦੀ ਸਮੇਂ-ਸਮੇਂ ’ਤੇ ਜਾਂਚ ਕਰੇਗਾ ।

ਇਸ ਸਹਿਮਤੀ ਪੱਤਰ ਵਿੱਚ ਦੋਵਾਂ ਪਾਸਿਆਂ ਤੋਂ ਕੋਈ ਵਿੱਤੀ ਵਚਨਬੱਧਤਾ ਸ਼ਾਮਲ ਨਹੀਂ ਹੈ। ਹਰੇਕ ਸੰਗਠਨ ਆਪਣੇ-ਆਪਣੇ ਖ਼ਰਚੇ ਖ਼ੁਦ ਚੁੱਕੇਗਾ, ਜਦੋਂ ਕਿ ਖ਼ਾਸ ਸਹਿਯੋਗੀ ਪਹਿਲਕਦਮੀਆਂ ਨੂੰ ਲੋੜ ਅਨੁਸਾਰ ਵੱਖਰੀਆਂ ਪ੍ਰਵਾਨਗੀਆਂ ਅਤੇ ਪ੍ਰਬੰਧਾਂ ਰਾਹੀਂ ਲਾਗੂ ਕੀਤਾ ਜਾਵੇਗਾ।

ਇਹ ਸਹਿਮਤੀ ਪੱਤਰ  ਲਾਗੂ ਹੋਣ ਦੀ ਮਿਤੀ ਤੋਂ ਸ਼ੁਰੂ ਵਿੱਚ ਦੋ ਸਾਲਾਂ ਦੀ ਮਿਆਦ ਲਈ ਵੈਧ (ਲਾਗੂ) ਰਹੇਗਾ ਅਤੇ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਇਸ ਨੂੰ ਇੱਕ ਸਾਲ ਦੀ ਹੋਰ ਮਿਆਦ ਲਈ ਵਧਾਇਆ ਜਾ ਸਕਦਾ ਹੈ।

ਇਸ ਸਾਂਝੇਦਾਰੀ ਤੋਂ ਭਾਰਤ ਦੀ ਵਿਸ਼ਵ-ਵਿਆਪੀ ਸੈਰ-ਸਪਾਟਾ ਪਹੁੰਚ ਨੂੰ ਮਜ਼ਬੂਤ ਕਰਨ, ਸੈਰ-ਸਪਾਟਾ ਸਥਾਨਾਂ ਦੀ ਪਛਾਣ ਵਧਾਉਣ ਅਤੇ ਤਾਲਮੇਲ ਵਾਲੇ ਪ੍ਰਚਾਰ ਯਤਨਾਂ ਰਾਹੀਂ ਅੰਤਰਰਾਸ਼ਟਰੀ ਯਾਤਰੀਆਂ ਨੂੰ ਦੇਸ਼ ਨੂੰ ਜਾਣਨ ਦੇ ਹੋਰ ਮੌਕੇ ਪ੍ਰਦਾਨ ਕਰਨ ਲਈ ਇੱਕ ਸੁਚੱਜਾ ਪਲੇਟਫ਼ਾਰਮ ਮਿਲਣ ਦੀ ਉਮੀਦ ਹੈ।

*******

ਆਰ.ਕੇ.


(Release ID: 2290388) ਵਿਜ਼ੀਟਰ ਕਾਊਂਟਰ : 44