ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਭਵਿੱਖ ਦੀ ਰਫ਼ਤਾਰ ਨਾਲ ਜੁੜਦਾ ਦਿੱਲੀ ਦਾ ਭੂਮੀਗਤ ਸੰਪਰਕ: ਰਾਜਧਾਨੀ ਦੀ ਕਨੈਕਟੀਵਿਟੀ ਨੂੰ ਨਵਾਂ ਰੂਪ ਦੇਣ ਵਾਲੀ ਸੁਰੰਗ

प्रविष्टि तिथि: 25 JUL 2026 5:37PM by PIB Chandigarh

ਹਰ ਸਾਲ ਭਾਰਤ ਦੀ ਰਾਜਧਾਨੀ ਆਉਣ ਵਾਲੇ ਲੱਖਾਂ ਲੋਕਾਂ ਲਈ ਦਿੱਲੀ ਦੀ ਪਹਿਲੀ ਤਸਵੀਰ ਅਕਸਰ ਹਵਾਈ ਅੱਡੇ ਤੱਕ ਪਹੁੰਚਣ ਵਾਲੇ ਭੀੜ-ਭੜੱਕੇ ਵਾਲੇ ਰਸਤਿਆਂ, ਟ੍ਰੈਫਿਕ ਜਾਮਾਂ ਅਤੇ ਪ੍ਰਮੁੱਖ ਵਪਾਰਕ, ਰਣਨੀਤਕ ਤੇ ਸਭਿਆਚਾਰਕ ਖੇਤਰਾਂ ਵਿਚਕਾਰ ਲੰਬੀ ਯਾਤਰਾ ਤੋਂ ਬਣਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਵੱਲੋਂ ਮੰਜ਼ੂਰ ਕੀਤਾ ਗਿਆ (ਐੱਨਐੱਚ-148ਏਈ) NH-148AE 'ਤੇ 6-ਲੇਨ ਦਵਾਰਕਾ ਰੋਡ ਸੁਰੰਗ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸ਼ਹਿਰੀ ਆਵਾਜਾਈ ਨੂੰ ਨਵੀਂ ਪਰਿਭਾਸ਼ਾ ਦੇਣ ਲਈ ਤਿਆਰ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੇ ਅਧੀਨ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਵੱਲੋਂ ਲਾਗੂ ਕੀਤੀ ਜਾਣ ਵਾਲੀ 8.1 ਕਿੱਲੋਮੀਟਰ ਲੰਬੀ, ਛੇ-ਮਾਰਗੀ ਦੀ ਇਸ ਪ੍ਰੋਜੈਕਟ ਨੂੰ ਐੱਨਐੱਚ(ਓ) ਯੋਜਨਾ ਦੇ ਤਹਿਤ ਹਾਈਬ੍ਰਿਡ ਐਨੂਅਟੀ ਮੋਡ (ਐੱਚਏਐੱਮ) 'ਤੇ ₹6,969.67 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਇਹ ਪ੍ਰੋਜੈਕਟ ਦਵਾਰਕਾ ਐਕਸਪ੍ਰੈਸਵੇਅ (ਐੱਨਐੱਚ-248ਬੀਬੀ) 'ਤੇ ਸਥਿਤ ਸ਼ਿਵ ਮੂਰਤੀ ਇੰਟਰਚੇਂਜ ਨੂੰ ਵਸੰਤ ਕੁੰਜ ਸਥਿਤ ਨੇਲਸਨ ਮੰਡੇਲਾ ਮਾਰਗ ਨਾਲ ਜੋੜੇਗਾ। ਇਹ ਲਾਂਘਾ ਪੱਛਮੀ ਅਤੇ ਦੱਖਣੀ ਦਿੱਲੀ ਵਿਚਕਾਰ ਇੱਕ ਉੱਚ-ਗਤੀ, ਕੰਟਰੋਲ-ਪ੍ਰਵੇਸ਼ ਵਾਲਾ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਵਿਸ਼ੇਸ਼ ਤੌਰ 'ਤੇ ਗੁਰੂਗ੍ਰਾਮ, ਦਵਾਰਕਾ, ਆਈਜੀਆਈ ਹਵਾਈ ਅੱਡੇ ਅਤੇ ਪੱਛਮੀ ਦਿੱਲੀ ਤੋਂ ਆਉਣ-ਜਾਣ ਵਾਲੇ ਟ੍ਰੈਫਿਕ ਨੂੰ ਲਾਭ ਹੋਵੇਗਾ। ਇਸ ਦੀ ਸਭ ਤੋਂ ਮੁੱਖ ਵਿਸ਼ੇਸ਼ਤਾ 3.14 ਕਿੱਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ ਹੈ, ਜਿਸ ਵਿੱਚ ਸਦਰਨ ਰਿਜ ਦੇ ਹੇਠਾਂ 1.98 ਕਿੱਲੋਮੀਟਰ ਲੰਬਾ ਹਿੱਸਾ ਸ਼ਾਮਲ ਹੈ, ਜੋ ਦਿੱਲੀ ਦੇ ਸਭ ਤੋਂ ਵੱਧ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਵਿੱਚੋਂ ਇੱਕ ਨੂੰ ਸੁਰੱਖਿਅਤ ਰੱਖਦੇ ਹੋਏ ਬਿਨਾਂ ਕਿਸੇ ਰੁਕਾਵਟ ਦੇ ਆਵਾਜਾਈ ਯਕੀਨੀ ਬਣਾਏਗਾ।

ਸ਼ਹਿਰੀ ਆਵਾਜਾਈ ਦੀ ਨਵੀਂ ਕਲਪਨਾ

ਦਵਾਰਕਾ ਸੁਰੰਗ ਲਾਂਘਾ ਦਵਾਰਕਾ ਐਕਸਪ੍ਰੈਸਵੇਅ ਅਤੇ ਦੱਖਣੀ ਦਿੱਲੀ ਵਿਚਕਾਰ ਸਿੱਧਾ ਤੇ ਬਿਨਾਂ ਕਿਸੇ ਰੁਕਾਵਟ ਦੇ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਧੌਲਾ ਕੁਆਂ–ਆਈਜੀਆਈ ਹਵਾਈ ਅੱਡਾ–ਮਹੀਪਾਲਪੁਰ, ਛਤਰਪੁਰ–ਮਹੀਪਾਲਪੁਰ ਅਤੇ ਰੰਗਪੁਰੀ ਵਰਗੇ ਬਹੁਤ ਭੀੜ-ਭੜੱਕੇ ਵਾਲੇ ਰਸਤਿਆਂ 'ਤੇ ਨਿਰਭਰਤਾ ਘਟੇਗੀ। ਆਵਾਜਾਈ ਦੇ ਵਹਾਅ ਵਿੱਚ ਸੁਧਾਰ ਅਤੇ ਯਾਤਰਾ ਵਿੱਚ ਹੋਣ ਵਾਲੀ ਦੇਰੀ ਨੂੰ ਘਟਾ ਕੇ ਇਹ ਪ੍ਰੋਜੈਕਟ ਰਿਹਾਇਸ਼ੀਆਂ, ਹਵਾਈ ਅੱਡੇ ਦੇ ਵਰਤੋਂਕਾਰਾਂ ਅਤੇ ਵਪਾਰਕ ਆਵਾਜਾਈ ਲਈ ਰੋਜ਼ਾਨਾ ਆਉਣ-ਜਾਣ ਨੂੰ ਵਧੇਰੇ ਤੇਜ਼, ਸੁਰੱਖਿਅਤ ਅਤੇ ਭਰੋਸੇਮੰਦ ਬਣਾਏਗਾ।

ਇਹ ਲਾਂਘਾ ਦਿੱਲੀ ਅਤੇ ਗੁਰੂਗ੍ਰਾਮ ਵਿਚਕਾਰ ਏਕੀਕਰਨ ਨੂੰ ਵੀ ਮਜ਼ਬੂਤ ਕਰੇਗਾ, ਜਿਸ ਨਾਲ ਪ੍ਰਮੁੱਖ ਰਿਹਾਇਸ਼ੀ ਖੇਤਰਾਂ, ਵਪਾਰਕ ਕੇਂਦਰਾਂ, ਸੰਸਥਾਗਤ ਕੇਂਦਰਾਂ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚ ਬਿਹਤਰ ਹੋਵੇਗੀ। ਐੱਨਐੱਜਏਆਈ ਦੇ ਪ੍ਰਸਤਾਵਿਤ ਏਮਜ਼–ਮਹੀਪਾਲਪੁਰ ਐਲੀਵੇਟਿਡ ਕੌਰੀਡੋਰ, ਜੋ ਇਸ ਸੁਰੰਗ ਨੂੰ ਬਾਰਾਪੁਲਾ ਐਲੀਵੇਟਿਡ ਰੋਡ ਨਾਲ ਜੋੜੇਗਾ, ਦੇ ਨਾਲ ਮਿਲ ਕੇ ਇਹ ਪ੍ਰੋਜੈਕਟ ਪੂਰੇ ਸ਼ਹਿਰ ਵਿੱਚ ਬਿਨਾਂ ਰੁਕਾਵਟ ਪੂਰਬ-ਪੱਛਮ ਸੰਪਰਕ ਸਥਾਪਿਤ ਕਰੇਗਾ, ਜਿਸ ਨਾਲ ਪੂਰਬੀ ਦਿੱਲੀ, ਗਾਜ਼ੀਆਬਾਦ ਅਤੇ ਨੋਇਡਾ ਦੀ ਯਾਤਰਾ ਨੂੰ ਲਾਭ ਹੋਵੇਗਾ ਅਤੇ ਇੱਕ ਵਧੇਰੇ ਕੁਸ਼ਲ ਸ਼ਹਿਰੀ ਆਵਾਜਾਈ ਨੈੱਟਵਰਕ ਦਾ ਨਿਰਮਾਣ ਹੋਵੇਗਾ।

ਸੈਰ-ਸਪਾਟਾ ਅਤੇ ਯਾਤਰੀ ਤਜਰਬੇ ਨੂੰ ਬਿਹਤਰ ਬਣਾਉਣਾ

ਦਿੱਲੀ ਹਰ ਸਾਲ ਲੱਖਾਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦਾ ਸਵਾਗਤ ਕਰਦੀ ਹੈ, ਅਤੇ ਉਨ੍ਹਾਂ ਦੀ ਯਾਤਰਾ ਦੇ ਤਜਰਬੇ ਵਿੱਚ ਕੁਸ਼ਲ ਸੰਪਰਕ ਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਦਵਾਰਕਾ ਸੁਰੰਗ ਕੌਰੀਡੋਰ ਹਵਾਈ ਅੱਡੇ ਅਤੇ ਦਵਾਰਕਾ ਐਕਸਪ੍ਰੈਸਵੇਅ ਤੋਂ ਰਾਜਧਾਨੀ ਦੇ ਕਈ ਪ੍ਰਸਿੱਧ ਸਥਾਨਾਂ ਤੱਕ ਪਹੁੰਚ ਨੂੰ ਬਿਹਤਰ ਬਣਾਏਗਾ, ਜਿਨ੍ਹਾਂ ਵਿੱਚ ਕੁਤਬ ਮੀਨਾਰ, ਮਹਰੌਲੀ ਪੁਰਾਤੱਤਵ ਪਾਰਕ, ਹੌਜ਼ ਖ਼ਾਸ ਹੈਰੀਟੇਜ ਕੰਪਲੈਕਸ, ਹੁਮਾਯੂੰ ਦਾ ਮਕਬਰਾ, ਲੋਧੀ ਗਾਰਡਨ ਅਤੇ ਛਤਰਪੁਰ ਮੰਦਰ ਸ਼ਾਮਲ ਹਨ। ਇਹ ਭਾਰਤ ਮੰਡਪਮ, ਇੰਡੀਆ ਗੇਟ ਅਤੇ ਅੰਤਰਰਾਸ਼ਟਰੀ ਸੰਮੇਲਨਾਂ, ਪ੍ਰਦਰਸ਼ਨੀਆਂ ਤੇ ਸਭਿਆਚਾਰਕ ਸਮਾਗਮਾਂ ਦੀ ਮੇਜ਼ਬਾਨੀ ਕਰਨ ਵਾਲੇ ਹੋਰ ਪ੍ਰਮੁੱਖ ਸਥਾਨਾਂ ਤੱਕ ਵਧੇਰੇ ਸੁਚਾਰੂ ਯਾਤਰਾ ਵੀ ਯਕੀਨੀ ਬਣਾਏਗਾ।

ਹਵਾਈ ਅੱਡਾ ਕੌਰੀਡੋਰ ਅਤੇ ਪ੍ਰਮੁੱਖ ਟ੍ਰੈਫਿਕ ਜਾਮਾਂ ਦੇ ਆਲ਼ੇ-ਦੁਆਲੇ ਭੀੜ-ਭੜੱਕੇ ਨੂੰ ਘਟਾ ਕੇ ਇਹ ਪ੍ਰੋਜੈਕਟ ਯਾਤਰੀਆਂ ਨੂੰ ਵਧੇਰੇ ਤੇਜ਼ ਅਤੇ ਆਰਾਮਦਾਇਕ ਯਾਤਰਾ ਦਾ ਤਜਰਬਾ ਪ੍ਰਦਾਨ ਕਰੇਗਾ, ਨਾਲ ਹੀ ਦਿੱਲੀ ਦੇ ਮਹਿਮਾਨਨਿਵਾਜ਼ੀ, ਸੈਰ-ਸਪਾਟਾ ਅਤੇ ਮੀਟਿੰਗਾਂ, ਇਨਸੈਂਟਿਵ, ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ (ਐੱਮਆਈਸੀਈ) ਈਕੋਸਿਸਟਮ ਨੂੰ ਵੀ ਮਜ਼ਬੂਤ ਕਰੇਗਾ।

ਦਿੱਲੀ ਦੇ ਗਲੋਬਲ ਗੇਟਵੇਅ ਨੂੰ ਮਜ਼ਬੂਤ ਬਣਾਉਣਾ

ਰਾਸ਼ਟਰੀ ਰਾਜਧਾਨੀ ਦੇ ਪ੍ਰਮੁੱਖ ਪ੍ਰਵੇਸ਼ ਦੁਆਰ ਵਜੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਹਰ ਸਾਲ ਲੱਖਾਂ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਨਵਾਂ ਕੌਰੀਡੋਰ ਹਵਾਈ ਅੱਡੇ ਅਤੇ ਦਿੱਲੀ ਦੇ ਕੂਟਨੀਤਕ ਖੇਤਰ, ਵਪਾਰਕ ਜ਼ਿਲ੍ਹਿਆਂ, ਕਨਵੈੱਨਸ਼ਨ ਕੇਂਦਰਾਂ ਅਤੇ ਸੰਸਥਾਗਤ ਕੇਂਦਰਾਂ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਏਗਾ, ਜਿਸ ਨਾਲ ਅੰਤਰਰਾਸ਼ਟਰੀ ਨੁਮਾਇੰਦਿਆਂ , ਵਪਾਰਕ ਯਾਤਰੀਆਂ ਅਤੇ ਨਿਵੇਸ਼ਕਾਂ ਲਈ ਯਾਤਰਾ ਵਧੇਰੇ ਤੇਜ਼ ਅਤੇ ਸਮੇਂ ਦੇ ਪੱਖੋਂ ਵਧੇਰੇ ਨਿਸ਼ਚਿਤ ਹੋਵੇਗੀ। ਹਵਾਈ ਅੱਡੇ, ਦਵਾਰਕਾ, ਗੁਰੂਗ੍ਰਾਮ ਅਤੇ ਦੱਖਣੀ ਦਿੱਲੀ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰਕੇ ਇਹ ਪ੍ਰੋਜੈਕਟ ਵਾਪਾਰ, ਕੂਟਨੀਤੀ ਅਤੇ ਆਲਮੀ ਭਾਗੀਦਾਰੀ ਦੇ ਪ੍ਰਮੁੱਖ ਕੇਂਦਰ ਵਜੋਂ ਦਿੱਲੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।

ਟਿਕਾਊ ਬੁਨਿਆਦੀ ਢਾਂਚੇ ਦਾ ਨਿਰਮਾਣ

ਇਸ ਪ੍ਰੋਜੈਕਟ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਇਸ ਦਾ ਵਾਤਾਵਰਨ ਦੇ ਪ੍ਰਤੀ ਸੰਵੇਦਨਸ਼ੀਲ ਡਿਜ਼ਾਈਨ ਹੈ। 3.14 ਕਿੱਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ, ਜਿਸ ਵਿੱਚ ਸਦਰਨ ਰਿਜ ਦੇ ਹੇਠਾਂ ਦਾ 1.98 ਕਿੱਲੋਮੀਟਰ ਲੰਬਾ ਹਿੱਸਾ ਸ਼ਾਮਲ ਹੈ, ਦਿੱਲੀ ਦੇ ਕੀਮਤੀ ਹਰੇ-ਭਰੇ ਖੇਤਰ ਸੁਰੱਖਿਅਤ ਰੱਖਦੇ ਹੋਏ ਅਤੇ ਜ਼ਮੀਨੀ ਸਤਹ 'ਤੇ ਹੋਣ ਵਾਲੀ ਰੁਕਾਵਟ ਨੂੰ ਘੱਟ ਤੋਂ ਘੱਟ ਰੱਖਦੇ ਹੋਏ ਮਹੱਤਵਪੂਰਨ ਆਵਜਾਈ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸੰਭਵ ਬਣਾਉਂਦੀ ਹੈ। ਇਹ ਪਹੁੰਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਸੰਤੁਲਨ ਸਥਾਪਿਤ ਕਰਨ ਪ੍ਰਤੀ ਐੱਮਓਆਰਟੀਐੱਚ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਦਵਾਰਕਾ ਸੁਰੰਗ ਕੌਰੀਡੋਰ ਕੇਵਲ ਇੱਕ ਸ਼ਹਿਰੀ ਸੜਕ ਪ੍ਰੋਜੈਕਟ ਨਹੀਂ ਹੈ, ਬਲਕਿ ਭਵਿੱਖ ਦੀਆਂ ਲੋੜਾਂ ਦੇ ਅਨੁਕੂਲ ਆਵਾਜਾਈ ਵਿੱਚ ਇੱਕ ਰਣਨੀਤਕ ਨਿਵੇਸ਼ ਦੀ ਨੁਮਾਇੰਦਗੀ ਕਰਦਾ ਹੈ। ਸੰਪਰਕ ਵਿਵਸਥਾ ਵਿੱਚ ਸੁਧਾਰ, ਟ੍ਰੈਫਿਕ ਦੀ ਭੀੜ-ਭੜੱਕੇ ਵਿੱਚ ਕਮੀ ਅਤੇ ਪ੍ਰਮੁੱਖ ਆਵਾਜਾਈ ਕੌਰੀਡੋਰਾਂ ਦੇ ਏਕੀਕਰਨ ਦੇ ਮਾਧਿਅਮ ਨਾਲ ਇਹ ਸ਼ਹਿਰੀ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਏਗਾ, ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਕਰੇਗਾ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਨਿਰੰਤਰ ਵਿਕਾਸ ਨੂੰ ਸਮਰਥਨ ਪ੍ਰਦਾਨ ਕਰੇਗਾ।

https://www.youtube.com/channel/UClyuu3--aKGTA6C9QhbKKFw

****

ਜੀਡੀਐੱਚ/ਡੀਐੱਸ


(रिलीज़ आईडी: 2290274) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Tamil