ਪ੍ਰਮਾਣੂ ਊਰਜਾ ਵਿਭਾਗ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਭੁਵਨੇਸ਼ਵਰ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਸਾਇੰਸ, ਐਜੂਕੇਸ਼ਨ ਐਂਡ ਰਿਸਰਚ (ਐੱਨਆਈਐੱਸਈਆਰ) ਦੇ 15ਵੇਂ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ; ਹੋਮੀ ਭਾਭਾ ਦੇ ਯੋਗਦਾਨ ਨੂੰ ਯਾਦ ਕੀਤਾ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਡਿਗਰੀਆਂ ਪ੍ਰਦਾਨ ਕਰਕੇ, ਅਸੀਂ ਸਵਰਗਵਾਸੀ ਹੋਮੀ ਭਾਭਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਅਗਲੀ ਪੀੜ੍ਹੀ ਨੂੰ ਸੌਂਪ ਰਹੇ ਹਾਂ
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਡਾ. ਹੋਮੀ ਭਾਭਾ ਦੁਆਰਾ ਸ਼ਾਂਤੀਪੂਰਨ ਉਦੇਸ਼ਾਂ ਲਈ ਕਲਪਿਤ ਭਾਰਤ ਦੀ ਪਰਮਾਣੂ ਯਾਤਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਨਵੀਆਂ ਉਚਾਈਆਂ 'ਤੇ ਪਹੁੰਚ ਗਈ ਹੈ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 260 ਗ੍ਰੈਜੂਏਟ ਵਿਦਿਆਰਥੀ 'ਵਿਕਸਿਤ ਭਾਰਤ' ਅਤੇ ‘ਨੈੱਟ ਜ਼ੀਰੋ’ਦੀ ਦਿਸ਼ਾ ਵੱਲ ਭਾਰਤ ਦੀ ਤਰੱਕੀ ਵਿੱਚ ਭਾਈਵਾਲ ਬਣਨਗੇ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਵਿਗਿਆਨ ਅਤੇ ਨਵੀਨਤਾ ਰਾਸ਼ਟਰ ਨਿਰਮਾਣ ਦੇ ਮੁੱਖ ਥੰਮ੍ਹ ਹਨ: ਡਾ. ਜਿਤੇਂਦਰ ਸਿੰਘ
प्रविष्टि तिथि:
09 JUL 2026 6:38PM by PIB Chandigarh
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਦਾ ਪਰਮਾਣੂ ਪ੍ਰੋਗਰਾਮ ਵਿਕਾਸ ਦੇ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਉਨ੍ਹਾਂ ਨੇ ਨੌਜਵਾਨ ਵਿਗਿਆਨੀਆਂ ਨੂੰ ਡਾ. ਹੋਮੀ ਜਹਾਂਗੀਰ ਭਾਭਾ ਦੁਆਰਾ ਕਲਪਿਤ ਵਿਗਿਆਨਕ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਵਿਕਸਿਤ ਭਾਰਤ 2047 ਅਤੇ ਨੈੱਟ ਜ਼ੀਰੋ ਦੇ ਰਾਸ਼ਟਰੀ ਟੀਚਿਆਂ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਭੁਵਨੇਸ਼ਵਰ ਵਿੱਚ ਨੈਸ਼ਨਲ ਇੰਸਟੀਟਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਐੱਨਆਈਐੱਸਈਆਰ) ਦੇ 15ਵੇਂ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਰਮਾਣੂ ਊਰਜਾ ਵਿਭਾਗ ਦੇ ਤਹਿਤ ਕਿਸੇ ਵੀ ਸੰਸਥਾਨ ਵਿੱਚ ਗ੍ਰੈਜੂਏਸ਼ਨ ਸਮਾਰੋਹ ਦਾ ਮਤਲਬ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਹੀ ਨਹੀਂ ਹੈ, ਸਗੋਂ ਵਿਗਿਆਨਕ ਉੱਤਮਤਾ, ਨਵੀਨਤਾ ਅਤੇ ਰਾਸ਼ਟਰੀ ਜ਼ਿੰਮੇਵਾਰੀ ਦੀ ਵਿਰਾਸਤ ਨੂੰ ਨਵੀਂ ਪੀੜ੍ਹੀ ਨੂੰ ਸੌਂਪਣਾ ਹੈ।
ਇਸ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਸੀ. ਪੀ.ਰਾਧਾਕ੍ਰਿਸ਼ਣਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਓਡੀਸ਼ਾ ਦੇ ਰਾਜਪਾਲ ਡਾ. ਹਰੀ ਬਾਬੂ ਕੰਭਮਪਤੀ; ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਝੀ; ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ; ਐੱਨਆਈਐੱਸਈਆਰ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਪ੍ਰੋ. ਅਜੀਤ ਕੁਮਾਰ ਮੋਹੰਤੀ; ਐੱਨਆਈਐੱਸਈਆਰ ਦੇ ਡਾਇਰੈਕਟਰ ਅਤੇ ਅਕਾਦਮਿਕ ਕੌਂਸਲ ਦੇ ਚੇਅਰਮੈਨ ਪ੍ਰੋ. ਹਿਰੇਂਦਰ ਨਾਥ ਘੋਸ਼; ਨਾਲ ਹੀ ਉੱਘੇ ਵਿਗਿਆਨੀ, ਫੈਕਲਟੀ ਮੈਂਬਰ, ਮਾਪੇ ਅਤੇ ਵਿਦਿਆਰਥੀ ਵੀ ਮੌਜੂਦ ਸਨ। ਇੰਟੀਗ੍ਰੇਟਿਡ ਐੱਮ.ਐੱਸਸੀ., ਇੰਟੀਗ੍ਰੇਟਿਡ ਐੱਮ.ਐੱਸਸੀ-ਪੀਐੱਚਡੀ, ਐੱਮ.ਐੱਸਸੀ ਅਤੇ ਪੀਐੱਚਡੀ ਪ੍ਰੋਗਰਾਮਾਂ ਦੇ ਤਹਿਤ 260 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ।
ਡਾ. ਜਿਤੇਂਦਰ ਸਿੰਘ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਉਪ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਦੀ ਮੌਜੂਦਗੀ ਨੇ ਨਾ ਸਿਰਫ਼ ਸੰਸਥਾਨ ਲਈ ਸਨਮਾਨ ਵਧਾਇਆ ਸਗੋਂ ਆਪਣੇ ਵਿਗਿਆਨਕ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੈਂਕੜੇ ਨੌਜਵਾਨ ਪ੍ਰਤਿਭਾਵਾਂ ਨੂੰ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਇਸ ਯਾਦਗਾਰੀ ਮੌਕੇ ਨੂੰ ਜੀਵਨ ਭਰ ਲਈ ਯਾਦ ਰੱਖਣਗੇ ਅਤੇ ਇਸ ਸਮਾਗਮ ਦੀਆਂ ਤਸਵੀਰਾਂ ਨੂੰ ਆਪਣੀ ਅਕਾਦਮਿਕ ਯਾਤਰਾ ਦੇ ਅਹਿਮ ਪਲਾਂ ਵਿੱਚੋਂ ਇੱਕ ਵਜੋਂ ਮਾਣ ਨਾਲ ਸੰਭਾਲ ਕੇ ਰੱਖਣਗੇ।
ਡਾ. ਜਿਤੇਂਦਰ ਸਿੰਘ ਨੇ ਐੱਨਆਈਐੱਸਈਆਰ ਨੂੰ ਪਰਮਾਣੂ ਊਰਜਾ ਵਿਭਾਗ ਦੇ ਤਹਿਤ ਕੰਮ ਕਰਨ ਵਾਲਾ ਇੱਕ ਪ੍ਰਮੁੱਖ ਸੰਸਥਾਨ ਦੱਸਿਆ, ਜੋ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਸਥਾਨ ਭਾਰਤ ਦੀ ਵਿਗਿਆਨਕ ਵਿਰਾਸਤ ਦੇ ਰਖਵਾਲੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੰਸਥਾਨਾਂ ਵਿੱਚ ਗ੍ਰੈਜੂਏਸ਼ਨ ਸਮਾਰੋਹ ਦਾ ਮਤਲਬ ਹੈ ਵਿਗਿਆਨੀਆਂ ਦੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪਣਾ, ਜਿਸ ਨਾਲ ਦੇਸ਼ ਵਿਗਿਆਨਕ ਉੱਤਮਤਾ ਅਤੇ ਆਤਮ-ਨਿਰਭਰਤਾ ਦੀ ਆਪਣੀ ਪੁਰਾਣੀ ਪਰੰਪਰਾ ਨੂੰ ਕਾਇਮ ਰੱਖ ਸਕੇ।
ਭਾਰਤ ਦੇ ਪਰਮਾਣੂ ਪ੍ਰੋਗਰਾਮ ਦੇ ਪਿਤਾਮਾ ਡਾ. ਹੋਮੀ ਜਹਾਂਗੀਰ ਭਾਭਾ ਦੇ ਦ੍ਰਿਸ਼ਟੀਕੋਣ ਨੂੰ ਯਾਦ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦਾ ਪਰਮਾਣੂ ਪ੍ਰੋਗਰਾਮ ਸ਼ੁਰੂ ਹੋਇਆ ਸੀ, ਤਾਂ ਭਾਰਤ ਦੀਆਂ ਵਿਗਿਆਨਕ ਸਮਰੱਥਾਵਾਂ ਨੂੰ ਲੈ ਕੇ ਸ਼ੰਕਾ ਸੀ। ਇਨ੍ਹਾਂ ਸ਼ੰਕਾਵਾਂ ਦੇ ਬਾਵਜੂਦ, ਡਾ. ਭਾਭਾ ਨੇ ਦ੍ਰਿੜ੍ਹਤਾ ਨਾਲ ਐਲਾਨ ਕੀਤਾ ਕਿ ਭਾਰਤ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਉਦੇਸ਼ਾਂ ਲਈ ਸਮਰਪਿਤ ਰਹੇਗਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਵਿਜ਼ਨ ਸਮੇਂ ਦੀ ਕਸੌਟੀ 'ਤੇ ਖਰਾ ਉਤਰਿਆ ਹੈ ਅਤੇ ਭਾਰਤ ਦੀ ਵਿਗਿਆਨਕ ਯਾਤਰਾ ਨੂੰ ਦਿਸ਼ਾ ਦੇ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਰਮਾਣੂ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਕੇ ਇਸ ਵਿਜ਼ਨ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ ਕੀਤੇ ਗਏ ਸੁਧਾਰਾਂ ਨਾਲ ਮੌਕੇ ਵਧੇ ਹਨ, ਸਵਦੇਸ਼ੀ ਸਮਰੱਥਾਵਾਂ ਮਜ਼ਬੂਤ ਹੋਈਆਂ ਹਨ ਅਤੇ ਪਰਮਾਣੂ ਖੇਤਰ ਵਿੱਚ ਵਿਆਪਕ ਭਾਗੀਦਾਰੀ ਲਈ ਨਵੇਂ ਰਸਤੇ ਖੁੱਲ੍ਹੇ ਹਨ, ਜਿਸ ਨਾਲ ਰਣਨੀਤਕ ਤਕਨੀਕਾਂ ਵਿੱਚ ਆਤਮ-ਨਿਰਭਰਤਾ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ।
ਦੇਸ਼ ਦੇ ਪਰਮਾਣੂ ਊਰਜਾ ਪ੍ਰੋਗਰਾਮ ਵਿੱਚ ਹਾਲੀਆ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰੋਟੋਟਾਈਪ ਫਾਸਟ ਬਰੀਡਰ ਰਿਐਕਟਰ ਦੇ ਵਿਕਾਸ ਦੇ ਨਾਲ ਭਾਰਤ ਆਪਣੇ ਪਰਮਾਣੂ ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਇਹ ਪ੍ਰਾਪਤੀ ਭਾਰਤ ਦੀਆਂ ਸਵਦੇਸ਼ੀ ਵਿਗਿਆਨਕ ਸਮਰੱਥਾਵਾਂ ਦੇ ਵਾਧੇ ਨੂੰ ਦਰਸਾਉਂਦੀ ਹੈ ਅਤੇ ਦੇਸ਼ ਦੀ ਲੰਬੇ ਸਮੇਂ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ।
ਗ੍ਰੈਜੂਏਟ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 260 ਨੌਜਵਾਨ ਗ੍ਰੈਜੂਏਟਾਂ ਦੇ ਇਸ ਬੈਚ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੋ ਰਾਸ਼ਟਰੀ ਸੰਕਲਪਾਂ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਹੈ: ਵਿਗਿਆਨ-ਅਧਾਰਿਤ ਵਿਕਾਸ ਰਾਹੀਂ 'ਵਿਕਸਿਤ ਭਾਰਤ' ਦਾ ਨਿਰਮਾਣ ਕਰਨਾ ਅਤੇ 'ਨੈੱਟ ਜ਼ੀਰੋ' ਦੇ ਟੀਚੇ ਨੂੰ ਪ੍ਰਾਪਤ ਕਰਨਾ। ਉਨ੍ਹਾਂ ਕਿਹਾ ਕਿ ਦੇਸ਼ ਨਾ ਸਿਰਫ਼ ਤਕਨੀਕੀ ਤਰੱਕੀ ਲਈ, ਸਗੋਂ ਉੱਭਰ ਰਹੀਆਂ ਵਿਸ਼ਵ ਚੁਣੌਤੀਆਂ ਦੇ ਟਿਕਾਊ ਹੱਲ ਲੱਭਣ ਲਈ ਵੀ ਆਪਣੇ ਨੌਜਵਾਨ ਵਿਗਿਆਨੀਆਂ 'ਤੇ ਨਿਰਭਰ ਕਰਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਭਾਰਤ ਨੇ ਆਪਣੇ ਵਿਗਿਆਨਕ ਅਤੇ ਤਕਨੀਕੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਕੇਂਦਰੀ ਬਜਟ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੇ ਚਾਰ ਰੇਅਰ ਅਰਥ ਕੌਰੀਡੋਰ ਵਿਕਾਸਿਤ ਕਰਨ ਦਾ ਐਲਾਨ ਕੀਤਾ ਹੈ; ਇਨ੍ਹਾਂ ਵਿੱਚੋਂ ਇੱਕ ਓਡੀਸ਼ਾ ਵਿੱਚ ਹੋਵੇਗਾ, ਜਦੋਂ ਕਿ ਬਾਕੀ ਤਿੰਨ ਤਮਿਲ ਨਾਡੂ, ਆਂਧਰ ਪ੍ਰਦੇਸ਼ ਅਤੇ ਕੇਰਲ ਵਿੱਚ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਭਾਰਤ ਦਾ ਰਣਨੀਤਕ ਖਣਿਜ ਈਕੋਸਿਸਟਮ ਬਹੁਤ ਮਜ਼ਬੂਤ ਹੋਵੇਗਾ ਅਤੇ ਭਵਿੱਖ ਦੀਆਂ ਨਵੀਆਂ ਤਕਨੀਕਾਂ ਨੂੰ ਮਦਦ ਮਿਲੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਕੋਲ ਵਰਤਮਾਨ ਵਿੱਚ 8,780 ਮੈਗਾਵਾਟ ਦੀ ਸਥਾਪਿਤ ਪਰਮਾਣੂ ਊਰਜਾ ਉਤਪਾਦਨ ਸਮਰੱਥਾ ਹੈ ਅਤੇ 2032 ਤੱਕ ਇਸ ਸਮਰੱਥਾ ਨੂੰ 22,380 ਮੈਗਾਵਾਟ ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਰੱਥਾ ਵਿੱਚ ਇਹ ਵਾਧਾ ਸਵੱਛ ਅਤੇ ਟਿਕਾਊ ਊਰਜਾ ਸਰੋਤਾਂ ਨੂੰ ਅਪਣਾ ਕੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸੰਕਲਪ ਨੂੰ ਦਰਸਾਉਂਦਾ ਹੈ।
ਕੇਂਦਰੀ ਮੰਤਰੀ ਨੇ ਮੌਜੂਦਾ ਦੌਰ ਨੂੰ ਭਾਰਤ ਦੇ ਵਿਗਿਆਨ ਖੇਤਰ ਲਈ ਸਭ ਤੋਂ ਵੱਧ ਉਮੀਦਾਂ ਵਾਲੇ ਦੌਰ ਵਿੱਚੋਂ ਇੱਕ ਦੱਸਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਵਿਗਿਆਨੀਆਂ ਕੋਲ ਬੇਮਿਸਾਲ ਪੱਧਰ ਅਤੇ ਵਿਭਿੰਨਤਾ ਵਾਲੇ ਮੌਕੇ ਹਨ। ਉਨ੍ਹਾਂ ਕਿਹਾ ਕਿ ਖੋਜ, ਨਵੀਨਤਾ, ਅਤਿ-ਆਧੁਨਿਕ ਤਕਨਾਲੋਜੀ ਅਤੇ ਉੱਭਰ ਰਹੇ ਵਿਗਿਆਨਕ ਖੇਤਰ ਦੇਸ਼ ਦੇ ਨੌਜਵਾਨਾਂ ਲਈ ਨਵੇਂ ਰਸਤੇ ਖੋਲ੍ਹ ਰਹੇ ਹਨ, ਜਿਸ ਨਾਲ ਵਿਗਿਆਨਕ ਕਰੀਅਰ ਬਣਾਉਣ ਲਈ ਇਹ ਇੱਕ ਬਿਹਤਰੀਨ ਸਮਾਂ ਬਣ ਗਿਆ ਹੈ।
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦਾ ਜ਼ਿਕਰ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਨੀਤੀ ਨੇ ਯੋਗਤਾ-ਅਧਾਰਿਤ ਅਤੇ ਅੰਤਰ-ਅਨੁਸ਼ਾਸਨੀ ਸਿੱਖਿਆ ਨੂੰ ਉਤਸ਼ਾਹਿਤ ਕਰਕੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪਹਿਲਾਂ ਦੀਆਂ ਪੀੜ੍ਹੀਆਂ ਅਕਸਰ ਰਵਾਇਤੀ ਪੜ੍ਹਾਈ ਤੱਕ ਸੀਮਤ ਰਹਿੰਦੀਆਂ ਸਨ, ਪਰ ਅੱਜ ਦੇ ਵਿਦਿਆਰਥੀਆਂ ਕੋਲ ਆਪਣੀਆਂ ਰੁਚੀਆਂ, ਯੋਗਤਾਵਾਂ ਅਤੇ ਇੱਛਾਵਾਂ ਦੇ ਅਨੁਸਾਰ ਵਿਸ਼ਿਆਂ ਦੀ ਚੋਣ ਕਰਨ ਦੀ ਸੁਵਿਧਾ ਹੈ। ਉਨ੍ਹਾਂ ਕਿਹਾ ਕਿ ਐੱਨਆਈਐੱਸਈਆਰ ਵਰਗੇ ਸੰਸਥਾਨਾਂ ਨੇ ਅਕਾਦਮਿਕ ਢਾਂਚੇ ਵਿੱਚ ਅੰਤਰ-ਅਨੁਸ਼ਾਸਨੀ ਸਿੱਖਿਆ, ਨਵੀਨਤਾ ਅਤੇ ਖੋਜ ਨੂੰ ਸ਼ਾਮਲ ਕਰਕੇ ਇਸ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ, ਜੋ ਕਿ ਐੱਨਈਪੀ 2020 ਦੀ ਭਾਵਨਾ ਦੇ ਅਨੁਸਾਰ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਐੱਨਆਈਐੱਸਈਆਰ ਨੇ ਬਹੁਤ ਘੱਟ ਸਮੇਂ ਵਿੱਚ ਵਿਗਿਆਨ ਦੀ ਸਿੱਖਿਆ ਅਤੇ ਖੋਜ ਲਈ ਭਾਰਤ ਦੇ ਪ੍ਰਮੁੱਖ ਕੇਂਦਰਾਂ ਵਿੱਚੋਂ ਇੱਕ ਵਜੋਂ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਸ਼ਾਨਦਾਰ ਵਿਗਿਆਨਕ ਪ੍ਰਤਿਭਾ ਨੂੰ ਨਿਖਾਰਨ ਵਿੱਚ ਸੰਸਥਾਨ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦੇ ਸਾਬਕਾ ਵਿਦਿਆਰਥੀ ਪਹਿਲਾਂ ਤੋਂ ਹੀ ਭਾਰਤ ਅਤੇ ਵਿਦੇਸ਼ਾਂ ਵਿੱਚ ਖੋਜ ਸੰਸਥਾਨਾਂ, ਅਕਾਦਮਿਕ, ਰਣਨੀਤਕ ਸੰਗਠਨਾਂ ਅਤੇ ਹੋਰ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ, ਜਿਸ ਨਾਲ ਵਿਸ਼ਵ ਪੱਧਰ 'ਤੇ ਦੇਸ਼ ਦੀ ਵਿਗਿਆਨਕ ਸਾਖ ਮਜ਼ਬੂਤ ਹੋ ਰਹੀ ਹੈ।
ਗ੍ਰੈਜੂਏਟ ਦੀ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਵਧਾਈ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਹ ਸੰਸਥਾਨ ਤੋਂ ਨਾ ਸਿਰਫ਼ ਅਕਾਦਮਿਕ ਡਿਗਰੀਆਂ ਲੈ ਕੇ ਜਾ ਰਹੇ ਹਨ, ਸਗੋਂ ਵਿਗਿਆਨ ਰਾਹੀਂ ਦੇਸ਼ ਦੀ ਸੇਵਾ ਕਰਨ ਲਈ ਜ਼ਰੂਰੀ ਆਤਮਵਿਸ਼ਵਾਸ, ਉਤਸੁਕਤਾ ਅਤੇ ਵਚਨਬੱਧਤਾ ਵੀ ਨਾਲ ਲੈ ਕੇ ਜਾ ਰਹੇ ਹਨ। ਉਨ੍ਹਾਂ ਦੀਆਂ ਯੋਗਤਾਵਾਂ ਵਿੱਚ ਭਰੋਸਾ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਗ੍ਰੈਜੂਏਟ ਹੋਣ ਵਾਲਾ ਬੈਚ ਭਾਰਤ ਦੀ ਸਮ੍ਰਿੱਧ ਵਿਗਿਆਨਕ ਪਰੰਪਰਾ ਨੂੰ ਅੱਗੇ ਵਧਾਏਗਾ ਅਤੇ ਇੱਕ ਨਵੀਨਤਾਕਾਰੀ, ਆਤਮਨਿਰਭਰ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।



*****
ਐੱਨਕੇਆਰ/ਏਕੇ/ਐੱਨਐੱਮ/ਏਕੇ
(रिलीज़ आईडी: 2284153)
आगंतुक पटल : 7