ਲੋਕ ਸਭਾ ਸਕੱਤਰੇਤ
ਨਾਅਰੇਬਾਜ਼ੀ ਅਤੇ ਵਿਘਨ ਪਾਉਣ ਨਾਲ ਕੋਈ ਨੇਤਾ ਨਹੀਂ ਬਣਦਾ; ਤੱਥ, ਤਰਕ ਅਤੇ ਵਿਚਾਰ ਹੀ ਲੀਡਰਸ਼ਿਪ ਦੀ ਪਛਾਣ ਹਨ: ਲੋਕ ਸਭਾ ਸਪੀਕਰ
ਜਨਤਕ ਪ੍ਰਤੀਨਿਧੀਆਂ ਨੂੰ ਸਮਾਜ ਦੇ ਆਖਰੀ ਵਿਅਕਤੀ ਦੀ ਆਵਾਜ਼ ਬਣਨਾ ਚਾਹੀਦਾ ਹੈ: ਲੋਕ ਸਭਾ ਸਪੀਕਰ
ਜਨਤਕ ਵਿਸ਼ਵਾਸ ਲੋਕਤੰਤਰੀ ਸੰਸਥਾਵਾਂ ਦੀ ਸਭ ਤੋਂ ਵੱਡੀ ਤਾਕਤ ਹੈ: ਲੋਕ ਸਭਾ ਸਪੀਕਰ
ਅਧਿਐਨ, ਸੰਵਾਦ ਅਤੇ ਸੇਵਾ ਪ੍ਰਭਾਵਸ਼ਾਲੀ ਲੀਡਰਸ਼ਿਪ ਦੀ ਨੀਂਹ ਹਨ: ਲੋਕ ਸਭਾ ਸਪੀਕਰ
ਪੱਛਮ ਬੰਗਾਲ ਨੂੰ ਇੱਕ ਵਾਰ ਫਿਰ ਦੇਸ਼ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ: ਲੋਕ ਸਭਾ ਸਪੀਕਰ
ਲੋਕ ਸਭਾ ਸਪੀਕਰ ਨੇ ਪੱਛਮ ਬੰਗਾਲ ਵਿਧਾਨ ਸਭਾ ਦੇ ਮੈਂਬਰਾਂ ਦੇ ਗਿਆਨ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਨੂੰ ਕੀਤਾ ਸੰਬੋਧਨ
प्रविष्टि तिथि:
04 JUL 2026 8:33PM by PIB Chandigarh
ਕੋਲਕਾਤਾ, 4 ਜੁਲਾਈ, 2026 : ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਕਿਹਾ ਕਿ ਸਾਰਥਕ ਲੋਕਤੰਤਰੀ ਸੰਵਾਦ ਹੀ ਪ੍ਰਭਾਵਸ਼ਾਲੀ ਵਿਧਾਨਿਕ ਕਾਰਜ ਪ੍ਰਣਾਲੀ ਦਾ ਮੂਲ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਲੀਡਰਸ਼ਿਪ ਦਾ ਨਿਰਮਾਣ ਤਰਕਸ਼ੀਲ ਵਿਚਾਰ-ਵਟਾਂਦਰੇ, ਤੱਥਾਂ ਅਤੇ ਰਚਨਾਤਮਕ ਵਿਚਾਰਾਂ ਨਾਲ ਹੁੰਦਾ ਹੈ, ਨਾ ਕਿ ਨਾਅਰੇਬਾਜ਼ੀ, ਵਿਘਨ ਜਾਂ ਵਿਧਾਨਿਕ ਰੁਕਾਵਟਾਂ ਰਾਹੀਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚਰਚਾ, ਵਿਚਾਰ-ਵਟਾਂਦਰੇ ਅਤੇ ਹੱਲ ਦਾ ਮੰਚ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਸੰਸਦੀ ਸੰਵਾਦ ਦੀ ਗੁਣਵੱਤਾ ਨੂੰ ਵਧਾਉਣ ਅਤੇ ਸਦਨ ਵਿੱਚ ਹੋਣ ਵਾਲੀਆਂ ਚਰਚਾਵਾਂ ਨੂੰ ਲੋਕ ਹਿਤ ਦੇ ਮੁੱਦਿਆਂ ਦੇ ਹੱਲ ਅਤੇ ਸੂਬੇ ਦੇ ਵਿਕਾਸ ਨਾਲ ਜੋੜਨ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰੀ ਸੰਸਥਾਵਾਂ ਦੀ ਸ਼ਕਤੀ ਸਾਰਥਕ ਸੰਵਾਦ, ਆਪਸੀ ਸਨਮਾਨ ਅਤੇ ਲੋਕ ਭਲਾਈ ਪ੍ਰਤੀ ਸਾਂਝੀ ਵਚਨਬੱਧਤਾ ਵਿੱਚ ਹੈ।
ਸ਼੍ਰੀ ਬਿਰਲਾ ਨੇ ਇਹ ਵਿਚਾਰ ਲੋਕ ਸਭਾ ਸਕੱਤਰੇਤ ਦੇ ਪਾਰਲੀਆਮੈਂਟਰੀ ਰਿਸਰਚ ਐਂਡ ਟ੍ਰੇਨਿੰਗ ਇੰਸਟੀਟਿਊਟ ਫਾਰ ਡੈਮੋਕ੍ਰੇਸਿਜ਼ (ਪ੍ਰਾਈਡ) ਵੱਲੋਂ ਪੱਛਮ ਬੰਗਾਲ ਵਿਧਾਨ ਸਭਾ ਦੇ ਸਹਿਯੋਗ ਨਾਲ ਆਯੋਜਿਤ 18ਵੀਂ ਪੱਛਮ ਬੰਗਾਲ ਵਿਧਾਨ ਸਭਾ ਦੇ ਮੈਂਬਰਾਂ ਲਈ ਦੋ-ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਗਟ ਕੀਤੇ। ਪ੍ਰੋਗਰਾਮ ਦੇ ਸਮਾਪਤੀ ਸੈਸ਼ਨ ਵਿੱਚ ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ ਨੇ ਸਮਾਪਤੀ ਭਾਸ਼ਣ ਦਿੱਤਾ।
ਸ਼੍ਰੀ ਬਿਰਲਾ ਨੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਸਮਾਜ ਦੇ ਅੰਤਿਮ ਵਿਅਕਤੀ ਦੀ ਆਵਾਜ਼ ਬਣਨ ਅਤੇ ਜਨਤਾ ਦੀਆਂ ਉਮੀਦਾਂ, ਇੱਛਾਵਾਂ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦਿਆਂ ਦੀ ਸਭ ਤੋਂ ਵੱਡੀ ਸ਼ਕਤੀ ਜਨਤਾ ਵੱਲੋਂ ਉਨ੍ਹਾਂ ’ਤੇ ਕੀਤਾ ਗਿਆ ਭਰੋਸਾ ਹੈ। ਚੁਣੇ ਹੋਏ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਨਤਾ ਦੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਇੱਛਾਵਾਂ ਨੂੰ ਸਦਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਣ ਅਤੇ ਲੋਕਤੰਤਰੀ ਸੰਸਥਾਵਾਂ ਰਾਹੀਂ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਮੈਂਬਰ ਸਮਰਪਿਤ ਜਨਤਕ ਸੇਵਾ ਅਤੇ ਜ਼ਿੰਮੇਵਾਰ ਆਚਰਣ ਰਾਹੀਂ ਪੱਛਮ ਬੰਗਾਲ ਦੇ ਲੋਕਾਂ ਵੱਲੋਂ ਦਿੱਤੇ ਗਏ ਭਰੋਸੇ 'ਤੇ ਖਰੇ ਉਤਰਨਗੇ।
ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਵਿਧਾਨ ਸਭਾ ਦੇ ਮੈਂਬਰ ਆਪਣੇ ਚੋਣ ਹਲਕਿਆਂ ਦੇ ਨੁਮਾਇੰਦੇ ਹੀ ਨਹੀਂ ਸਗੋਂ ਸਮੁੱਚੇ ਰਾਜ ਦੇ ਵਿਕਾਸ ਅਤੇ ਭਵਿੱਖ ਦੇ ਹਿੱਸੇਦਾਰ ਵੀ ਹਨ। ਉਨ੍ਹਾਂ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਿਆਪਕ ਅਤੇ ਸਮਾਵੇਸ਼ੀ ਪਹੁੰਚ ਨਾਲ ਨਿਭਾਉਣ ਅਤੇ ਅਜਿਹੀਆਂ ਨੀਤੀਆਂ, ਕਾਨੂੰਨਾਂ ਅਤੇ ਵਿਕਾਸ ਮੁਖੀ ਪਹਿਲਕਦਮੀਆਂ ਦੇ ਨਿਰਮਾਣ ਵਿੱਚ ਸਮੂਹਿਕ ਤੌਰ ‘ਤੇ ਯੋਗਦਾਨ ਦੇਣ, ਜੋ ਕਿ ਪੱਛਮ ਬੰਗਾਲ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ।
ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ, ਉਨ੍ਹਾਂ ਦੇ ਆਦਰਸ਼ ਅਤੇ ਉਨ੍ਹਾਂ ਦੀ ਅਧਿਆਤਮਿਕ ਦ੍ਰਿਸ਼ਟੀ ਅੱਜ ਵੀ ਪੀੜ੍ਹੀਆਂ ਨੂੰ ਪ੍ਰੇਰਨਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਵਿਚਾਰ ਨੌਜਵਾਨਾਂ ਅਤੇ ਲੀਡਰਸ਼ਿਪ, ਦੋਵਾਂ ਲਈ ਮਾਰਗ ਦਰਸ਼ਕ ਹਨ ਅਤੇ ਇਹ ਦੱਸਦੇ ਹਨ ਕਿ ਸਮਰਪਣ, ਚਰਿੱਤਰ ਅਤੇ ਸਮਾਜ ਪ੍ਰਤੀ ਵਚਨਬੱਧਤਾ ਨਾਲ ਪਰਿਵਰਤਨਸ਼ੀਲ ਤਬਦੀਲੀ ਸੰਭਵ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਸਮ੍ਰਿੱਧ ਅਧਿਆਤਮਿਕ, ਬੌਧਿਕ ਅਤੇ ਸੱਭਿਆਚਾਰਕ ਵਿਰਾਸਤ ਨੇ ਹਮੇਸ਼ਾ ਰਾਸ਼ਟਰ ਦਾ ਮਾਰਗਦਰਸ਼ਨ ਕੀਤਾ ਹੈ ਅਤੇ ਅੱਜ ਵੀ ਭਾਰਤ ਦੀ ਲੋਕਤੰਤਰੀ ਅਤੇ ਵਿਕਾਸ ਯਾਤਰਾ ਨੂੰ ਪ੍ਰੇਰਨਾ ਪ੍ਰਦਾਨ ਕਰ ਰਿਹਾ ਹੈ।
ਦੋ-ਦਿਨਾਂ ਪ੍ਰੋਗਰਾਮ ਵਿੱਚ ਮੈਂਬਰਾਂ ਦੀ ਉਤਸ਼ਾਹਪੂਰਨ ਸ਼ਮੂਲੀਅਤ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਜਨਤਕ ਜੀਵਨ ਵਿੱਚ ਸਿੱਖਣਾ, ਅਨੁਭਵ ਸਾਂਝੇ ਕਰਨਾ ਅਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਇੱਕ ਨਿਰੰਤਰ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖਣ ਦੀ ਪ੍ਰਕਿਰਿਆ ਕਦੇ ਖਤਮ ਨਹੀਂ ਹੁੰਦੀ ਅਤੇ ਤੇਜ਼ ਤਕਨੀਕੀ ਅਤੇ ਡਿਜੀਟਲ ਬਦਲਾਅ ਦੇ ਇਸ ਦੌਰ ਵਿੱਚ ਜਨ ਪ੍ਰਤੀਨਿਧੀਆਂ ਨੂੰ ਨਿਰੰਤਰ ਆਪਣੇ ਆਪ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਤੋਂ ਪ੍ਰਾਪਤ ਗਿਆਨ ਅਤੇ ਤਜ਼ਰਬੇ ਦੀ ਵਰਤੋਂ ਆਪਣੀ ਵਿਧਾਨਕ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਿੱਚ ਕਰਨ।
ਉਨ੍ਹਾਂ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਜਨਤਾ ਦੀਆਂ ਚਿੰਤਾਵਾਂ ਅਤੇ ਉਮੀਦਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਦਨ ਵਿੱਚ ਚੁੱਕਣ ਲਈ ਆਪਣੇ ਵਿਧਾਨਕ ਪਲੈਟਫਾਰਮਾਂ ਦੀ ਪੂਰੀ ਵਰਤੋਂ ਕਰਨ। ਉਨ੍ਹਾਂ ਨੇ ਕਿਹਾ ਕਿ ਸਦਨ ਵਿੱਚ ਚੁੱਕੀ ਗਈ ਹਰ ਆਵਾਜ਼ ਨਾਗਰਿਕਾਂ ਦੀਆਂ ਇੱਛਾਵਾਂ ਅਤੇ ਚੁਣੌਤੀਆਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਇਸ ਨੂੰ ਚੰਗੇ ਸ਼ਾਸਨ ਅਤੇ ਸਕਾਰਾਤਮਕ ਸਮਾਜਿਕ ਤਬਦੀਲੀ ਦਾ ਇੱਕ ਮੌਕਾ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਜਨਤਕ ਪ੍ਰਤੀਨਿਧੀਆਂ ਦੁਆਰਾ ਦਿੱਤੇ ਗਏ ਰਚਨਾਤਮਕ ਸੁਝਾਵਾਂ ਅਤੇ ਚੁੱਕੀਆਂ ਗਈਆਂ ਚਿੰਤਾਵਾਂ 'ਤੇ ਸਕਾਰਾਤਮਕ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਸੁਣਨ ਅਤੇ ਉਨ੍ਹਾਂ ‘ਤੇ ਵਿਚਾਰ ਕਰਨ ਨਾਲ ਹੀ ਪ੍ਰਭਾਵਸ਼ਾਲੀ ਹੱਲ ਨਿਕਲਦੇ ਹਨ।
ਸ਼੍ਰੀ ਬਿਰਲਾ ਨੇ ਵਿਧਾਇਕਾਂ ਨੂੰ ਜੀਵਨ ਵਿੱਚ ਸਾਦਗੀ, ਵਿਵਹਾਰ ਵਿੱਚ ਨਿਮਰਤਾ ਅਤੇ ਜਨਤਕ ਕੰਮਾਂ ਵਿੱਚ ਪਾਰਦਰਸ਼ਿਤਾ ਬਣਾਈ ਰੱਖਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਲੋਕਤੰਤਰੀ ਸੰਸਥਾਵਾਂ ਦੀ ਸਭ ਤੋਂ ਵੱਡੀ ਸ਼ਕਤੀ ਜਨਤਾ ਦਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਜਨਤਕ ਜੀਵਨ ਵਿੱਚ ਸਨਮਾਨ ਅਤੇ ਪ੍ਰਸਿੱਧੀ ਅਹੁਦੇ ਜਾਂ ਅਧਿਕਾਰ ਦੁਆਰਾ ਨਹੀਂ, ਸਗੋਂ ਇਮਾਨਦਾਰੀ, ਸੱਚਾਈ, ਅਸਾਨ ਪਹੁੰਚਯੋਗਤਾ ਅਤੇ ਜਨਤਕ ਸੇਵਾ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਨੈਤਿਕ ਆਚਰਣ ਅਤੇ ਜਵਾਬਦੇਹ ਜਨਤਕ ਸੇਵਾ ਦੁਆਰਾ ਜਨਤਾ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਧਾਨ ਸਭਾ ਦੇ ਮੈਂਬਰ ਸਦਨ ਵਿੱਚ ਹੋਣ ਵਾਲੀਆਂ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣਗੇ ਅਤੇ ਵਿਧਾਨ ਸਭਾ ਦੀਆਂ ਸਮ੍ਰਿੱਧ ਲੋਕਤੰਤਰੀ ਪਰੰਪਰਾਵਾਂ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਵਿਧਾਨਕ ਸੰਸਥਾਵਾਂ ਦੀ ਪ੍ਰਤਿਸ਼ਠਾ ਉਨ੍ਹਾਂ ਦੇ ਮੈਂਬਰਾਂ ਦੀਆਂ ਚਰਚਾਵਾਂ ਦੀ ਗੁਣਵੱਤਾ, ਵਿਚਾਰਾਂ ਦੀ ਵਿਭਿੰਨਤਾ ਅਤੇ ਸਮੂਹਿਕ ਬੁੱਧੀ 'ਤੇ ਅਧਾਰਿਤ ਹੁੰਦੀ ਹੈ। ਉਨ੍ਹਾਂ ਨੇ ਵਿਧਾਇਕਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਕਾਨੂੰਨਾਂ ਅਤੇ ਨੀਤੀਆਂ 'ਤੇ ਜਨਤਕ ਸੁਝਾਅ ਪ੍ਰਾਪਤ ਕਰਨ ਅਤੇ ਸ਼ਾਸਨ ਨੂੰ ਵਧੇਰੇ ਜਵਾਬਦੇਹ, ਪਾਰਦਰਸ਼ੀ ਅਤੇ ਲੋਕ-ਕੇਂਦ੍ਰਿਤ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ।
ਵਿਕਸਿਤ ਭਾਰਤ@2047 ਦੇ ਟੀਚੇ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਭਾਰਤ ਦਾ ਵਿਕਾਸ ਇਸ ਦੇ ਰਾਜਾਂ ਦੇ ਵਿਕਾਸ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੱਛਮ ਬੰਗਾਲ ਨੇ ਇਤਿਹਾਸ ਵਿੱਚ ਕਈ ਖੇਤਰਾਂ ਵਿੱਚ ਦੇਸ਼ ਦੀ ਅਗਵਾਈ ਅਤੇ ਮਾਰਗਦਰਸ਼ਨ ਕੀਤਾ ਹੈ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਜ ਇੱਕ ਵਾਰ ਫਿਰ ਭਾਰਤ ਦੀ ਵਿਕਾਸ ਯਾਤਰਾ ਵਿੱਚ ਮੋਹਰੀ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਮੈਂਬਰਾਂ ਨੂੰ ਆਪਣੀ ਊਰਜਾ, ਪ੍ਰਤਿਭਾ ਅਤੇ ਵਚਨਬੱਧਤਾ ਨੂੰ ਸਮ੍ਰਿੱਧ, ਪ੍ਰਗਤੀਸ਼ੀਲ ਅਤੇ ਵਿਕਸਿਤ ਪੱਛਮ ਬੰਗਾਲ ਦੇ ਨਿਰਮਾਣ ਲਈ ਸਮਰਪਿਤ ਕਰਨ ਦਾ ਸੱਦਾ ਦਿੱਤਾ।
ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਜਨਤਕ ਜੀਵਨ ਨਿਰੰਤਰ ਸਿੱਖਣ, ਸੇਵਾ ਕਰਨ ਅਤੇ ਖੁਦ ਨੂੰ ਬਿਹਤਰ ਬਣਾਉਣ ਦੀ ਯਾਤਰਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਮੈਂਬਰ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨਗੇ, ਸੰਸਦੀ ਪਰੰਪਰਾਵਾਂ ਨੂੰ ਮਜ਼ਬੂਤ ਕਰਨਗੇ ਅਤੇ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਨਗੇ। ਉਨ੍ਹਾਂ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਜਨਤਕ ਸੇਵਾ ਲਈ ਸਮਰਪਿਤ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਸ਼ਾਸਨ ਦਾ ਲਾਭ ਸਮਾਜ ਦੇ ਹਰੇਕ ਵਰਗ ਖਾਸ ਕਰਕੇ ਆਖਰੀ ਕਤਾਰ ਵਿੱਚ ਖੜ੍ਹੇ ਅੰਤਿਮ ਵਿਅਕਤੀ ਤੱਕ ਪਹੁੰਚੇ।
ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ, ਵਿਧਾਨਕ ਕਾਰਜਪ੍ਰਣਾਲੀ, ਸੰਸਦੀ ਪਰੰਪਰਾਵਾਂ ਅਤੇ ਸ਼ਿਸ਼ਟਾਚਾਰ, ਕਾਰਜਪਾਲਿਕਾ ਦੀ ਜਵਾਬਦੇਹੀ, ਕਮੇਟੀ ਪ੍ਰਣਾਲੀ, ਵਿਧਾਨਕ ਪ੍ਰਕਿਰਿਆ, ਵਿੱਤੀ ਅਤੇ ਬਜਟ ਪ੍ਰਕਿਰਿਆਵਾਂ, ਸੰਸਦੀ ਵਿਸ਼ੇਸ਼ ਅਧਿਕਾਰ ਅਤੇ ਨੈਤਿਕਤਾ ਅਤੇ ਡਿਜੀਟਲ ਵਿਧਾਨਕ ਪਹਿਲਕਦਮੀਆਂ ਨਾਲ ਸਬੰਧਿਤ ਵਿਸ਼ਿਆਂ 'ਤੇ ਡੂੰਘਾਈ ਨਾਲ ਸੈਸ਼ਨ ਆਯੋਜਿਤ ਕੀਤੇ ਗਏ। ਦੇਸ਼ ਭਰ ਦੇ ਉੱਘੇ ਪ੍ਰੀਜ਼ਾਈਡਿੰਗ ਅਫਸਰਾਂ, ਸੰਸਦ ਮੈਂਬਰਾਂ ਅਤੇ ਸੰਸਦੀ ਮਾਹਰਾਂ ਨੇ ਇਨ੍ਹਾਂ ਸੈਸ਼ਨਾਂ ਦਾ ਮਾਰਗਦਰਸ਼ਨ ਕੀਤਾ।
ਸਮਾਪਤੀ ਸੈਸ਼ਨ ਵਿੱਚ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼, ਪੱਛਮ ਬੰਗਾਲ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਥਿੰਦਰ ਬੋਸ, ਪੱਛਮ ਬੰਗਾਲ ਸਰਕਾਰ ਦੇ ਮੰਤਰੀ, ਸਾਂਸਦ, ਪੱਛਮ ਬੰਗਾਲ ਵਿਧਾਨ ਸਭਾ ਦੇ ਮੈਂਬਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਵੀ ਸ਼ਾਮਲ ਸਨ।



*
***
ਏਐੱਮ/ਏਕੇ
(रिलीज़ आईडी: 2281527)
आगंतुक पटल : 44