ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਨੇ ਦਿੱਲੀ ਸਰਕਾਰ ਨਾਲ ਟੀਬੀ ਮੁਕਤ ਭਾਰਤ ਅਭਿਆ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
"ਲਾਗੂਕਰਨ ਸਹਿਯੋਗ ਅਤੇ ਸਮਾਵੇਸ਼ 'ਤੇ ਅਧਾਰਿਤ ਹੋਣਾ ਚਾਹੀਦਾ ਹੈ": ਸ਼੍ਰੀ ਜੇਪੀ ਨੱਡਾ
ਸ਼੍ਰੀ ਨੱਡਾ ਨੇ ਜਨਤਕ ਪ੍ਰਤੀਨਿਧੀਆਂ ਨੂੰ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਟੀਬੀ ਮੁਕਤ ਭਾਰਤ ਅਭਿਆਨ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ
ਕੇਂਦਰੀ ਸਿਹਤ ਮੰਤਰੀ ਨੇ ਹਾਲ ਹੀ ਵਿੱਚ ਹੋਈ ਪ੍ਰਗਤੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਮਾਰਗਦਰਸ਼ਨ ਦੇ ਅਨੁਸਾਰ ਮੇਰਾ ਯੁਵਾ ਭਾਰਤ ਵਲੰਟੀਅਰਾਂ ਦੀ ਵਧੇਰੇ ਭਾਗੀਦਾਰੀ 'ਤੇ ਜ਼ੋਰ ਦਿੱਤਾ
ਦਿੱਲੀ ਵਿੱਚ ਇਸ ਅਭਿਆਨ ਤਹਿਤ, 28.83 ਲੱਖ ਲੋਕਾਂ ਦੀ ਜਾਂਚ ਕੀਤੀ ਗਈ, 21.67 ਲੱਖ ਛਾਤੀ ਦੇ ਐਕਸ-ਰੇ ਅਤੇ 3.65 ਲੱਖ ਮੌਲਕਿਊਲਰ ਟੈਸਟ ਕੀਤੇ ਗਏ ਅਤੇ 1.75 ਲੱਖ ਟੀਬੀ ਦੇ ਮਰੀਜ਼ਾਂ ਦੀ ਰਿਪੋਰਟ ਕੀਤੀ ਗਈ
ਸਮੀਖਿਆ ਮੀਟਿੰਗ ਵਿੱਚ, ਦਿੱਲੀ ਦੇ ਚੁਣੇ ਹੋਏ ਨੁਮਾਇੰਦਿਆਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਵਾਰਡ ਕਮੇਟੀਆਂ ਨੂੰ ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਦੀ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੱਤਾ ਗਿਆ
प्रविष्टि तिथि:
01 JUL 2026 6:03PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ 100 ਦਿਨਾਂ ਦੇ ਅਭਿਆਨ 'ਤੇ ਦਿੱਲੀ ਸਰਕਾਰ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਮਹੱਤਵਪੂਰਨ ਯਤਨ ਕੀਤੇ ਗਏ ਹਨ, ਪਰ ਯਤਨਾਂ ਅਤੇ ਨਤੀਜਿਆਂ ਵਿਚਕਾਰ ਪਾੜੇ ਨੂੰ ਸਿਰਫ਼ ਜਨਤਕ ਭਾਗੀਦਾਰੀ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਬੀ ਦਾ ਖਾਤਮਾ ਸਿਰਫ਼ ਸਿਹਤ ਪ੍ਰਣਾਲੀ ਦੁਆਰਾ ਇੱਕਲਿਆਂ ਹੀ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੇ ਭਾਈਚਾਰਿਆਂ, ਜਨਤਕ ਪ੍ਰਤੀਨਿਧੀਆਂ ਅਤੇ ਸਿਵਿਲ ਸਮਾਜ ਦੀ ਸਰਗਰਮ ਭਾਗੀਦਾਰੀ ਨਾਲ ਇੱਕ ਜਨਤਕ ਅੰਦੋਲਨ ਦਾ ਸੱਦਾ ਦਿੱਤਾ।
ਸ਼੍ਰੀ ਨੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਨਗਰ ਕੌਂਸਲਰਾਂ ਨੂੰ ਸਿਹਤ ਅਧਿਕਾਰੀਆਂ ਦੁਆਰਾ ਉਨ੍ਹਾਂ ਦੇ ਸਬੰਧਿਤ ਹਲਕਿਆਂ ਵਿੱਚ ਟੀਬੀ ਦੀ ਸਥਿਤੀ, ਦਰਪੇਸ਼ ਚੁਣੌਤੀਆਂ, ਲਾਗੂ ਕੀਤੇ ਜਾ ਰਹੇ ਸਮਾਧਾਨਾਂ ਅਤੇ ਕੇਸਾਂ ਦੀ ਪਛਾਣ ਕਰਨ ਵਿੱਚ ਤੇਜ਼ੀ ਲਿਆਉਣ, ਇਲਾਜ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਭਾਈਚਾਰਕ ਸਹਾਇਤਾ ਜੁਟਾਉਣ ਵਿੱਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਬਾਰੇ ਨਿਯਮਿਤ ਤੌਰ 'ਤੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਨਤਕ ਪ੍ਰਤੀਨਿਧੀ ਸਰਕਾਰ ਅਤੇ ਜਨਤਾ ਵਿਚਕਾਰ ਇੱਕ ਮਹੱਤਵਪੂਰਨ ਕੜੀ ਹਨ ਅਤੇ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਜ਼ਮੀਨੀ ਪੱਧਰ 'ਤੇ ਮੁਹਿੰਮ ਨੂੰ ਲਾਗੂ ਕਰਨ ਨੂੰ ਕਾਫ਼ੀ ਮਜ਼ਬੂਤ ਕਰ ਸਕਦੀ ਹੈ।

ਪ੍ਰਗਤੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਸ੍ਰੀ ਨੱਡਾ ਨੇ ਕਿਹਾ ਕਿ ਲਾਗੂਕਰਨ ਇੱਕ-ਇੱਕ ਕਰਕੇ ਕਾਰਵਾਈ ਕਰਨ ਦੀ ਬਜਾਏ ਸਹਿਯੋਗ ਅਤੇ ਸ਼ਮੂਲੀਅਤ 'ਤੇ ਅਧਾਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮੁਹਿੰਮ ਦੀ ਪ੍ਰਗਤੀ ਦੀ ਨਿਗਰਾਨੀ ਲਈ ਹਰੇਕ ਵਾਰਡ ਵਿੱਚ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੀ ਨਿਯੁਕਤੀ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਲਾਮਬੰਦੀ ਅਤੇ ਭਾਈਚਾਰਕ ਪਹੁੰਚ ਨੂੰ ਮਜ਼ਬੂਤ ਕਰਨ ਲਈ ਮੇਰਾ ਯੁਵਾ ਭਾਰਤ ਵਲੰਟੀਅਰਾਂ ਦੀ ਵਧੇਰੇ ਸ਼ਮੂਲੀਅਤ ਦਾ ਵੀ ਸੱਦਾ ਦਿੱਤਾ। ਟੀਬੀ ਦੇ ਕੇਸਾਂ ਦੀ ਪਛਾਣ ਵਿੱਚ ਤਕਨਾਲੋਜੀ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਨੱਡਾ ਨੇ ਕਿਹਾ ਕਿ ਸ਼ੁਰੂਆਤੀ ਨਿਦਾਨ ਅਤੇ ਕੇਸਾਂ ਦੀ ਪਛਾਣ ਨੂੰ ਬਿਹਤਰ ਬਣਾਉਣ ਲਈ ਵੱਡੀ ਗਿਣਤੀ ਵਿੱਚ ਏਆਈ-ਏਕੀਕ੍ਰਿਤ ਹੈਂਡਹੈਲਡ ਐਕਸ-ਰੇ ਮਸ਼ੀਨਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਸ਼੍ਰੀ ਨੱਡਾ ਨੇ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਮੰਤਰਾਲੇ, ਰਾਜ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਸੰਸਥਾਵਾਂ ਅਤੇ ਫਰੰਟਲਾਈਨ ਵਰਕਰਾਂ ਵਿਚਕਾਰ ਨਜ਼ਦੀਕੀ ਤਾਲਮੇਲ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਨੱਡਾ ਨੇ ਕਿਹਾ ਕਿ ਮੁਹਿੰਮ ਨਾਲ ਸਬੰਧਿਤ ਸਾਰੇ ਸੰਚਾਰ ਸਰਲ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਵਿਆਪਕ ਜਨਤਕ ਪਹੁੰਚ ਅਤੇ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਸ਼੍ਰੀ ਨੱਡਾ ਨੇ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨ, ਲਾਗੂਕਰਨ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਵਧੀਆ ਅਭਿਆਸਾਂ ਦੇ ਤੁਰੰਤ ਅਦਾਨ-ਪ੍ਰਦਾਨ ਦੀ ਸਹੂਲਤ ਲਈ ਹਸਪਤਾਲਾਂ, ਰਾਜ ਸਿਹਤ ਅਧਿਕਾਰੀਆਂ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਸ਼ਾਮਲ ਕਰਕੇ ਨਿਯਮਿਤ ਸਾਂਝੀਆਂ ਸਮੀਖਿਆ ਮੀਟਿੰਗਾਂ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਟੀਬੀ-ਮੁਕਤ ਭਾਰਤ ਦੇ ਸਾਂਝੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਤਾਲਮੇਲ, ਸਮੂਹਿਕ ਜ਼ਿੰਮੇਵਾਰੀ ਅਤੇ ਜਨਤਕ ਭਾਗੀਦਾਰੀ ਮਹੱਤਵਪੂਰਨ ਹੋਵੇਗੀ।
ਪ੍ਰੋਗਰਾਮ ਦੀ ਸਮੀਖਿਆ ਪੇਸ਼ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ, ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਦਿੱਲੀ ਵਿੱਚ ਮੁਹਿੰਮ ਰਣਨੀਤੀ ਬਾਰੇ ਦੱਸਿਆ, ਇਹ ਨੋਟ ਕਰਦੇ ਹੋਏ ਕਿ 30 ਤੋਂ ਵੱਧ ਖੇਤਰ-ਵਿਸ਼ੇਸ਼ ਸੂਚਕਾਂ ਦੀ ਵਰਤੋਂ ਕਰਦੇ ਹੋਏ ਏਆਈ-ਅਧਾਰਿਤ ਕਮਜ਼ੋਰੀ ਮੈਪਿੰਗ ਦੁਆਰਾ ਰਾਸ਼ਟਰੀ ਪੱਧਰ 'ਤੇ 1.58 ਲੱਖ ਉੱਚ-ਜੋਖਮ ਵਾਲੇ ਪਿੰਡਾਂ ਅਤੇ ਵਾਰਡਾਂ ਦੀ ਪਛਾਣ ਕੀਤੀ ਗਈ ਹੈ। ਦਿੱਲੀ ਲਈ, 11 ਜ਼ਿਲ੍ਹਿਆਂ ਦੇ 38 ਵਾਰਡਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ, ਜੋ ਕਿ ਮਿਲ ਕੇ ਸ਼ਹਿਰ ਦੇ 80 ਪ੍ਰਤੀਸ਼ਤ ਤੋਂ ਵੱਧ ਉੱਚ-ਜੋਖਮ ਵਾਲੇ ਖੇਤਰਾਂ ਨੂੰ ਕਵਰ ਕਰਦੇ ਹਨ, ਜਿਸ ਨਾਲ ਸਟੀਕ ਨਿਸ਼ਾਨਾਬੱਧ ਯਤਨਾਂ ਨੂੰ ਸਮਰੱਥ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਿੱਚ 28.83 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ, 21.67 ਲੱਖ ਛਾਤੀ ਦੇ ਐਕਸ-ਰੇ ਅਤੇ 3.65 ਲੱਖ ਅਣੂ (ਐੱਨਏਏਟੀ) ਟੈਸਟ ਕੀਤੇ ਗਏ ਹਨ ਅਤੇ 1.75 ਲੱਖ ਟੀਬੀ ਦੇ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਉਨ੍ਹਾਂ ਨੇ ਆਸ਼ਾ ਵਰਕਰਾਂ, ਕਮਿਊਨਿਟੀ ਹੈਲਥ ਅਫਸਰਾਂ, ਲੈਬ ਟੈਕਨੀਸ਼ੀਅਨਾਂ ਅਤੇ ਫੀਲਡ ਟੀਮਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਡੇਟਾ ਇਕੱਠਾ ਕਰਨ ਲਈ ਹਰੇਕ ਵਾਰਡ ਦਾ ਦੌਰਾ ਕੀਤਾ।
ਸ਼੍ਰੀਮਤੀ ਪਟਨਾਇਕ ਨੇ ਦਿੱਲੀ ਸਰਕਾਰ ਨੂੰ ਸਾਰੇ ਸ਼ੱਕੀ ਅਤੇ ਡਰੱਗ-ਰੋਧਕ ਟੀਬੀ ਮਾਮਲਿਆਂ ਲਈ ਐਕਸ-ਰੇ ਸਕ੍ਰੀਨਿੰਗ ਦੇ ਨਾਲ-ਨਾਲ ਜਲਦੀ ਐੱਨਏਏਟੀ (NAAT) ਟੈਸਟਿੰਗ ਉਪਲਬਧ ਕਰਵਾਉਣ ਲਈ ਕੰਮ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ 100% ਟੀਬੀ ਮਰੀਜ਼ਾਂ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਖਾਸ ਇਲਾਜ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ; ਨਵੇਂ ਮਾਮਲਿਆਂ ਨੂੰ ਰੋਕਣ ਲਈ ਟੀਬੀ ਰੋਕਥਾਮ ਇਲਾਜ ਨੂੰ ਘਰੇਲੂ ਸੰਪਰਕਾਂ ਅਤੇ ਹੋਰ ਯੋਗ ਕਮਜ਼ੋਰ ਸਮੂਹਾਂ ਤੱਕ ਵਧਾਇਆ ਜਾਣਾ ਚਾਹੀਦਾ ਹੈ ਅਤੇ ਇਲਾਜ ਪ੍ਰਤੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਵਾਲੇ ਮਨੋਵਿਗਿਆਨਕ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਲਈ ਨਿਕਸ਼ੈ ਮਿੱਤਰਾਂ ਅਤੇ ਮੇਰਾ ਯੁਵਾ ਭਾਰਤ ਵਲੰਟੀਅਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦਿੱਲੀ ਨੂੰ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਵਾਰਡ ਕਮੇਟੀਆਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਭਰੋਸਾ ਦਿੱਤਾ ਕਿ ਦਿੱਲੀ ਸਰਕਾਰ ਨੂੰ ਹਰ ਕਦਮ 'ਤੇ ਸਮਰਥਨ ਦਿੱਤਾ ਜਾਵੇਗਾ।

ਇਸ ਮੀਟਿੰਗ ਵਿੱਚ ਸੜਕੀ ਆਵਾਜਾਈ ਅਤੇ ਰਾਜਮਾਰਗ ਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ ਅਤੇ ਪੂਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਡਾ. ਹਰਸ਼ ਮਲਹੋਤਰਾ; ਐੱਨਸੀਟੀ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਪੰਕਜ ਕੁਮਾਰ ਸਿੰਘ; ਦਿੱਲੀ ਨਗਰ ਨਿਗਮ ਦੇ ਮੇਅਰ ਸ਼੍ਰੀ ਪਰਵੇਸ਼ ਵਾਹੀ; ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ; ਐੱਨਸੀਟੀ ਸਰਕਾਰ ਦੇ ਸ਼ਹਿਰੀ ਵਿਕਾਸ ਦੇ ਵਿਸ਼ੇਸ਼ ਸਕੱਤਰ ਸ਼੍ਰੀ ਮਨੋਜ ਕੁਮਾਰ ਦ੍ਵਿਵੇਦੀ; ਏਮਸ ਨਵੀਂ ਦਿੱਲੀ, ਸਫ਼ਦਰਜੰਗ ਹਸਪਤਾਲ, ਰਾਮ ਮਨੋਹਰ ਲੋਹੀਆ (ਆਰਐੱਮਐੱਲ) ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਆਰਮੀ ਹਸਪਤਾਲ ਦੇ ਡਾਇਰੈਕਟਰ; ਐੱਨਡੀਐੱਮਸੀ ਦੇ ਪ੍ਰਤੀਨਿਧੀ ਅਤੇ ਰਾਜ ਸਿਹਤ ਮੰਤਰਾਲੇ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
*************
ਐੱਸਆਰ/ਬਲਜੀਤ ਸਿੰਘ
HFW/HFM chaired Review meeting on TB with Govt. of NCT/1 July 2026/2
(रिलीज़ आईडी: 2280477)
आगंतुक पटल : 5