ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਚਾਰਧਾਮ ਹੈਲੀਕਾਪਟਰ ਸੰਚਾਲਨ 2026 ਦਾ ਪਹਿਲਾ ਪੜਾਅ ਸਫਲਤਾਪੂਰਵਕ ਸੰਪੰਨ ਹੋਇਆ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ, ਇਹ ਸੰਚਾਲਨ ਬਿਨਾਂ ਕਿਸੇ ਘਟਨਾ ਦੇ ਪੂਰਾ ਹੋਇਆ
प्रविष्टि तिथि:
27 JUN 2026 8:14PM by PIB Chandigarh
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਚਾਰਧਾਮ ਯਾਤਰਾ 2026 ਦੇ ਪਹਿਲੇ ਪੜਾਅ ਦੌਰਾਨ ਹੈਲੀਕਾਪਟਰ ਸੰਚਾਲਨ ਦੇ ਸੁਰੱਖਿਅਤ ਅਤੇ ਸਫਲ ਸੰਚਾਲਨ 'ਤੇ ਤਸੱਲੀ ਪ੍ਰਗਟ ਕੀਤੀ ਹੈ। ਇਹ ਪ੍ਰਾਪਤੀ ਸ਼ਰਧਾਲੂਆਂ ਲਈ ਸੁਰੱਖਿਅਤ, ਨਿਰਵਿਘਨ ਅਤੇ ਭਰੋਸੇਮੰਦ ਹਵਾਈ ਸੰਪਰਕ ਯਕੀਨੀ ਬਣਾਉਣ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਹੈਲੀਕਾਪਟਰ ਸੰਚਾਲਨ ਦਾ ਪਹਿਲਾ ਪੜਾਅ ਅਪ੍ਰੈਲ 2026 ਵਿੱਚ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਨਾਲ ਸ਼ੁਰੂ ਹੋਇਆ ਅਤੇ 26 ਜੂਨ, 2026 ਨੂੰ ਸਮਾਪਤ ਹੋਇਆ। ਇਸ ਸਮੇਂ ਦੌਰਾਨ, ਰੋਜ਼ਾਨਾ ਲਗਭਗ 400 ਹੈਲੀਕਾਪਟਰ ਉਡਾਣਾਂ ਦਾ ਸੰਚਾਲਨ ਕੀਤਾ ਗਿਆ । ਕੁੱਲ 12,032 ਸ਼ਟਲ ਉਡਾਣਾਂ ਨੇ 67,064 ਸ਼ਰਧਾਲੂਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਇਆ, ਜਦੋਂ ਕਿ 2,065 ਵਾਧੂ ਚਾਰਟਰ ਉਡਾਣਾਂ ਨੇ 11,715 ਸ਼ਰਧਾਲੂਆਂ ਨੂੰ ਸੇਵਾਵਾਂ ਦਿੱਤੀਆਂ, ਜਿਸ ਨਾਲ ਪੂਰੇ ਚਾਰ ਧਾਮ ਖੇਤਰ ਵਿੱਚ ਸੁਰੱਖਿਅਤ, ਭਰੋਸੇਮੰਦ ਅਤੇ ਕੁਸ਼ਲ ਸੰਪਰਕ ਪ੍ਰਦਾਨ ਹੋਇਆ।
ਇਸ ਸਾਲ ਦੇ ਸੰਚਾਲਨਾਂ ਦੇ ਸਫਲ ਸੰਚਾਲਨ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਸਾਡੀ ਸਰਕਾਰ ਨੇ ਇਹ ਯਕੀਨੀ ਬਣਾਉਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ ਕਿ ਚਾਰਧਾਮ ਯਾਤਰਾ ਕਰਨ ਵਾਲਾ ਹਰ ਸ਼ਰਧਾਲੂ ਪੂਰੀ ਸਹੂਲਤ, ਆਰਾਮ ਅਤੇ ਸੁਰੱਖਿਆ ਨਾਲ ਯਾਤਰਾ ਕਰ ਸਕੇ। ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਹਰ ਸ਼ਰਧਾਲੂ ਇਸ ਪਵਿੱਤਰ ਯਾਤਰਾ ਨੂੰ ਪੂਰੀ ਸੁਰੱਖਿਆ ਅਤੇ ਪੂਰੇ ਵਿਸ਼ਵਾਸ ਨਾਲ ਕਰੇ। ਇਸ ਸਾਲ ਦੀ ਯਾਤਰਾ ਸ਼ੁਰੂ ਹੋਣ ਤੋਂ ਬਹੁਤ ਪਹਿਲਾਂ, ਡੀਜੀਸੀਏ, ਹੈਲੀਕਾਪਟਰ ਆਪਰੇਟਰਾਂ ਅਤੇ ਯੂਕੇਡੀਏ ਸਮੇਤ ਸਾਰੇ ਹਿੱਤਧਾਰਕਾਂ ਦੇ ਤਾਲਮੇਲ ਵਿੱਚ ਵੱਖ-ਵੱਖ ਪੱਧਰਾਂ 'ਤੇ ਨਿਰੰਤਰ ਸਮੀਖਿਆਵਾਂ ਕੀਤੀਆਂ ਗਈਆਂ ਸਨ। ਵਿਆਪਕ ਤਿਆਰੀਆਂ ਨੂੰ ਯਕੀਨੀ ਬਣਾਉਣ ਵਿੱਚ ਮੈਂ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ ਦੇ ਸਰਗਰਮ ਸਹਿਯੋਗ ਲਈ ਮੈਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ।"
ਚਾਰਧਾਮ ਹੈਲੀਕਾਪਟਰ ਸੰਚਾਲਨ ਦੇਸ਼ ਦੇ ਸਭ ਤੋਂ ਚੁਣੌਤੀਪੂਰਨ ਹਵਾਬਾਜ਼ੀ ਖੇਤਰਾਂ ਵਿੱਚੋਂ ਇੱਕ ਵਿੱਚ ਕੀਤਾ ਜਾਂਦਾ ਹੈ, ਜਿੱਥੇ ਸਖ਼ਤ ਪਹਾੜੀ ਖੇਤਰ, ਤੇਜ਼ੀ ਨਾਲ ਬਦਲਦੇ ਮੌਸਮ, ਤੰਗ ਵਾਦੀਆਂ, ਸੀਮਤ ਸੰਚਾਲਨ ਘੰਟੇ ਅਤੇ ਉੱਚ ਹੈਲੀਕਾਪਟਰ ਆਵਾਜਾਈ ਲਈ ਬਹੁਤ ਸਾਵਧਾਨੀ, ਮਜ਼ਬੂਤ ਸੰਚਾਲਨ ਯੋਜਨਾਬੰਦੀ ਅਤੇ ਸਖ਼ਤ ਰੈਗੂਲੇਟਰੀ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ।
ਹਿਮਾਲਿਅਨ ਖੇਤਰ ਵਿੱਚ ਹੈਲੀਕਾਪਟਰ ਸੇਵਾਵਾਂ ਨਾਲ ਜੁੜੀਆਂ ਵਿਲੱਖਣ ਸੰਚਾਲਨ ਚੁਣੌਤੀਆਂ ਨੂੰ ਪਛਾਣਦੇ ਹੋਏ, ਮੰਤਰਾਲੇ ਨੇ ਇਸ ਸਾਲ ਦੇ ਤੀਰਥ ਯਾਤਰਾ ਸੀਜ਼ਨ ਦੀ ਸ਼ੁਰੂਆਤ ਤੋਂ ਬਹੁਤ ਪਹਿਲਾਂ ਵਿਆਪਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।
ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਸੰਚਾਲਨ ਤਤਪਰਤਾ ਅਤੇ ਸੁਰੱਖਿਆ ਤਿਆਰੀਆਂ ਦਾ ਵਿਆਪਕ ਮੁਲਾਂਕਣ ਕਰਨ ਦੇ ਲਈ ਵਿਅਕਤੀਗਤ ਤੌਰ 'ਤੇ ਕਈ ਉੱਚ-ਪੱਧਰੀ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ । ਇਨ੍ਹਾਂ ਮੀਟਿੰਗਾਂ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ), ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ), ਉਤਰਾਖੰਡ ਸ਼ਹਿਰੀ ਹਵਾਬਾਜ਼ੀ ਵਿਕਾਸ ਅਥਾਰਟੀ (ਯੂਕਾਡਾ), ਭਾਰਤ ਮੌਸਮ ਵਿਭਾਗ (ਆਈਐਮਡੀ), ਹੈਲੀਕਾਪਟਰ ਆਪਰੇਟਰ ਅਤੇ ਉੱਤਰਾਖੰਡ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮੀਟਿੰਗਾਂ ਨੇ ਸੰਚਾਲਨ ਪ੍ਰਕਿਰਿਆਵਾਂ, ਸੁਰੱਖਿਆ ਪ੍ਰੋਟੋਕੋਲ, ਮੌਸਮ ਨਾਲ ਸਬੰਧਿਤ ਤਿਆਰੀ ਅਤੇ ਐਮਰਜੈਂਸੀ ਪ੍ਰਤੀਕਿਰਿਆ ਵਿਧੀਆਂ 'ਤੇ ਪੂਰਾ ਤਾਲਮੇਲ ਯਕੀਨੀ ਬਣਾਇਆ।
ਸ਼੍ਰੀ ਸਮੀਰ ਕੁਮਾਰ ਸਿਨਹਾ, ਸਕੱਤਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸ਼੍ਰੀ ਆਨੰਦ ਬਰਧਨ, ਮੁੱਖ ਸਕੱਤਰ, ਉੱਤਰਾਖੰਡ ਸਰਕਾਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਯਾਤਰਾ ਲਈ ਵਿਆਪਕ ਸੁਰੱਖਿਆ ਢਾਂਚੇ ਨੂੰ ਅੰਤਿਮ ਰੂਪ ਦਿੱਤਾ ਗਿਆ । ਤੀਰਥਯਾਤਰਾ ਦੇ ਪੂਰੇ ਸੀਜ਼ਨ ਦੌਰਾਨ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ, ਉਨ੍ਹਾਂ ਦੀ ਅਗਵਾਈ ਹੇਠ ਹਫਤਾਵਾਰੀ ਸਮੀਖਿਆ ਮੀਟਿੰਗਾਂ ਦੀ ਇੱਕ ਵਿਧੀ ਨੂੰ ਸੰਸਥਾਗਤ ਬਣਾਇਆ ਗਿਆ, ਜਿਸ ਨਾਲ ਸੰਚਾਲਨ ਸੰਬੰਧੀ ਮੁੱਦਿਆਂ ਦਾ ਸਮੇਂ ਸਿਰ ਹੱਲ ਸੰਭਵ ਹੋ ਸਕਿਆ।
ਸ਼੍ਰੀ ਰਾਮ ਮੋਹਨ ਨਾਇਡੂ ਨੇ ਕਿਹਾ, "ਪਿਛਲੇ ਸਾਲਾਂ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਾਅਦ, ਅਸੀਂ ਹੈਲੀਕਾਪਟਰ ਸੰਚਾਲਨ ਦੇ ਹਰ ਪਹਿਲੂ ਦੀ ਇੱਕ ਵਿਆਪਕ ਸਮੀਖਿਆ ਕੀਤੀ। ਮੂਲ ਕਾਰਨਾਂ ਦੀ ਪਛਾਣ ਕੀਤੀ ਗਈ, ਰੈਗੂਲੇਟਰੀ ਨਿਗਰਾਨੀ ਨੂੰ ਮਜ਼ਬੂਤ ਕੀਤਾ ਗਿਆ, ਹਵਾਈ ਆਵਾਜਾਈ ਤਾਲਮੇਲ ਵਿੱਚ ਸੁਧਾਰ ਕੀਤਾ ਗਿਆ, ਸੰਚਾਲਨ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਗਿਆ ਅਤੇ ਸਾਰੇ ਹਿੱਤਧਾਰਕਾਂ ਨੂੰ ਇੱਕ ਸਾਂਝੇ ਉਦੇਸ਼, ਹਵਾਬਾਜ਼ੀ ਸੁਰੱਖਿਆ ਦੇ ਨਾਲ ਜੋੜਿਆ ਗਿਆ।"
ਮੰਤਰਾਲੇ ਨੇ ਇੱਕ ਬਹੁ-ਪੱਖੀ ਸੁਰੱਖਿਆ ਰਣਨੀਤੀ ਅਪਣਾਈ ਜਿਸ ਵਿੱਚ ਹਵਾਈ ਆਵਾਜਾਈ ਪ੍ਰਬੰਧਨ, ਨਿਗਰਾਨੀ, ਸੰਚਾਰ, ਮੌਸਮ ਨਿਗਰਾਨੀ, ਪਾਇਲਟ ਯੋਗਤਾ, ਬੁਨਿਆਦੀ ਢਾਂਚੇ ਵਿੱਚ ਵਾਧਾ ਅਤੇ ਸੰਚਾਲਨ ਨਿਗਰਾਨੀ ਨਿਰੀਖਣ ਸ਼ਾਮਲ ਸਨ ।
ਇਸ ਬਿਹਤਰ ਸੁਰੱਖਿਆ ਢਾਂਚੇ ਦੇ ਹਿੱਸੇ ਵਜੋਂ, ਭਾਰਤੀ ਹਵਾਬਾਜ਼ੀ ਅਥਾਰਟੀ ਨੇ ਘਾਟੀ ਵਿੱਚ ਹੈਲੀਕਾਪਟਰਾਂ ਦੀ ਯੋਜਨਾਬੱਧ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸਮਰਪਿਤ ਕੇ-ਰੂਟਸ ਦੇ ਪ੍ਰਕਾਸ਼ਨ ਨੂੰ ਤੇਜ਼ ਕੀਤਾ। ਏਏਆਈ ਨੇ ਹਵਾਈ ਆਵਾਜਾਈ ਨਿਯੰਤਰਣ (ਏਟੀਸੀ) ਅਤੇ ਸੰਚਾਰ, ਨੈਵੀਗੇਸ਼ਨ ਅਤੇ ਨਿਗਰਾਨੀ (ਸੀਐਨਐਨ) ਕਰਮਚਾਰੀਆਂ ਨੂੰ ਰਣਨੀਤਕ ਤੌਰ 'ਤੇ ਤਾਇਨਾਤ ਕਰਕੇ ਸਹਸ੍ਰਧਾਰਾ ਅਤੇ ਸੇਰਸੀ ਵਿਖੇ ਹਵਾਈ ਆਵਾਜਾਈ ਨਿਯੰਤਰਣ ਸੇਵਾਵਾਂ ਸ਼ੁਰੂ ਕੀਤੀਆਂ। ਬਦਰੀਨਾਥ ਅਤੇ ਕੇਦਾਰਨਾਥ ਵਿਖੇ ਸਥਾਈ ਏਟੀਸੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜ਼ਮੀਨ ਦੀ ਵੀ ਪਛਾਣ ਕੀਤੀ ਗਈ ਹੈ, ਜਦੋਂ ਕਿ ਹੈਲੀਕਾਪਟਰ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਅੰਤਰਿਮ ਸੰਚਾਲਨ ਸਹੂਲਤਾਂ ਸਥਾਪਤ ਕੀਤੀਆਂ ਗਈਆਂ ਹਨ।
ਸੰਚਾਲਨ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ, ਯੂਕਾਡਾ ਨੇ ਰਣਨੀਤਕ ਸਥਾਨਾਂ 'ਤੇ 33 ਪੀਟੀਜ਼ੈੱਡ (ਪੈਨ-ਟਿਲਟ-ਜ਼ੂਮ) ਕੈਮਰੇ ਲਗਾਏ। ਸਹਸ੍ਰਧਾਰਾ ਅਤੇ ਸੀਤਾਪੁਰ ਵਿਖੇ ਦੋ ਏਕੀਕ੍ਰਿਤ ਕਮਾਂਡ, ਕੰਟਰੋਲ, ਸੰਚਾਰ ਅਤੇ ਤਾਲਮੇਲ ਕੇਂਦਰ (ਆਈਸੀਸੀਸੀਸੀਸ) ਸਥਾਪਤ ਕੀਤੇ ਗਏ ਹਨ, ਜਿੱਥੋਂ ਹੈਲੀਪੈਡ ਸੰਚਾਲਨ, ਹੈਲੀਕਾਪਟਰ ਟਰੈਕਿੰਗ ਅਤੇ ਮੌਸਮ ਦੀ ਕੇਂਦਰੀ ਤੌਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਭਾਰਤੀ ਮੌਸਮ ਵਿਭਾਗ ਨਾਲ ਨੇੜਲੇ ਤਾਲਮੇਲ ਰਾਹੀਂ ਮੌਸਮ ਨਿਗਰਾਨੀ ਸਮਰੱਥਾਵਾਂ ਵਿੱਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ। ਮੌਸਮ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ ਸੀਤਾਪੁਰ, ਕੇਦਾਰਨਾਥ, ਬਦਰੀਨਾਥ, ਝਾਲਾ ਅਤੇ ਖਰਸਾਲੀ ਵਿਖੇ ਪੰਜ ਆਟੋਮੈਟਿਕ ਮੌਸਮ ਨਿਗਰਾਨੀ ਪ੍ਰਣਾਲੀਆਂ (ਏਡਬਲਿਊਓਐਸ) ਅਤੇ ਸੀਲੋਮੀਟਰ ਸਥਾਪਿਤ ਕੀਤੇ ਗਏ। ਹਵਾਈ ਆਵਾਜਾਈ ਨਿਯੰਤਰਣ ਅਧਿਕਾਰੀਆਂ ਨੇ ਸਾਰੇ ਹੈਲੀਕਾਪਟਰ ਆਪਰੇਟਰਾਂ ਨੂੰ ਮੌਜੂਦਾ ਅਤੇ ਪੂਰਵ ਅਨੁਮਾਨ ਮੌਸਮ ਜਾਣਕਾਰੀ ਦੀ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਇਆ।
ਚਾਰਧਾਮ ਯਾਤਰਾ ਦੌਰਾਨ ਸੰਚਾਲਿਤ ਹਰੇਕ ਹੈਲੀਕਾਪਟਰ ਵਿੱਚ ਹੈਲੀਕਾਪਟਰ ਟਰੈਕਿੰਗ ਡਿਵਾਇਸ ਲਗਾਏ ਗਏ , ਜਿਸ ਨਾਲ ਆਈਸੀਸੀਸੀਸੀ ਰਾਹੀਂ ਨਿਰੰਤਰ ਨਿਗਰਾਨੀ ਸੰਭਵ ਹੋ ਸਕੀ। ਸੰਚਾਰ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਤਿੰਨ ਵਾਧੂ ਵੀਐੱਚਐੱਫ (ਵੈਰੀ ਹਾਈ ਫ੍ਰੀਕੁਐਂਸੀ) ਸੰਚਾਰ ਸੈੱਟ ਵੀ ਖਰੀਦੇ ਗਏ ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਮਹੱਤਵਪੂਰਨ ਹੈਲੀਪੈਡਾਂ 'ਤੇ ਵਿਸ਼ੇਸ਼ ਫਲਾਈਟ ਓਪਰੇਸ਼ਨ ਅਤੇ ਏਅਰਵਰਥਿਨੈਸ ਟੀਮਾਂ ਤਾਇਨਾਤ ਕਰਕੇ ਰੈਗੂਲੇਟਰੀ ਨਿਗਰਾਨੀ ਨੂੰ ਮਜ਼ਬੂਤ ਕੀਤਾ। ਇਨ੍ਹਾਂ ਟੀਮਾਂ ਨੇ ਨਿਰੰਤਰ ਨਿਗਰਾਨੀ, ਅਚਾਨਕ ਨਿਰੀਖਣ ਅਤੇ ਸੁਰੱਖਿਆ ਆਡਿਟ ਕੀਤੇ। ਪਾਇਲਟਾਂ ਦੀ ਫਲਾਈਟ ਡਿਊਟੀ ਸਮਾਂ ਸੀਮਾਵਾਂ (ਐੱਫਡੀਟੀਐਲ) ਦੀ ਵੀ ਰੋਜ਼ਾਨਾ ਨਿਗਰਾਨੀ ਕੀਤੀ ਗਈ ਤਾਂ ਜੋ ਥਕਾਵਟ ਨਾਲ ਸਬੰਧਿਤ ਜੋਖਮਾਂ ਨੂੰ ਖਤਮ ਕੀਤਾ ਜਾ ਸਕੇ ।
ਹਿਮਾਲਿਅਨ ਖੇਤਰ ਵਿੱਚ ਹੈਲੀਕਾਪਟਰ ਸੰਚਾਲਨ ਦੀਆਂ ਕਠਿਨ ਸਥਿਤੀਆਂ ਨੂੰ ਦੇਖਦੇ ਹੋਏ, ਡੀਜੀਸੀਏ ਨੇ ਪਾਇਲਟਾਂ ਲਈ ਯੋਗਤਾ ਮਾਪਦੰਡਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ । ਚਾਰਧਾਮ ਯਾਤਰਾ ਦੌਰਾਨ ਉਡਾਣ ਭਰਨ ਵਾਲੇ ਹਰੇਕ ਪਾਇਲਟ ਨੂੰ ਘੱਟੋ-ਘੱਟ 750 ਘੰਟੇ ਪਹਾੜੀ ਉਡਾਣ ਦਾ ਤਜਰਬਾ, ਜਿਸ ਵਿੱਚ ਪਿਛਲੇ ਇੱਕ ਸਾਲ ਘੱਟੋ-ਘੱਟ 100 ਘੰਟੇ ਉਡਾਣ ਅਤੇ ਕੇਦਾਰਨਾਥ ਵਿੱਚ ਘੱਟੋ-ਘੱਟ 10 ਟੇਕਆਫ ਅਤੇ ਲੈਂਡਿੰਗ ਦਾ ਅਨੂਭਵ ਲਾਜ਼ਮੀ ਕੀਤਾ ਗਿਆ ।
ਸੁਰੱਖਿਆ ਨੂੰ ਵਧਾਉਣ ਲਈ ਕਈ ਵਾਧੂ ਸੰਚਾਲਨ ਉਪਾਅ ਵੀ ਲਾਗੂ ਕੀਤੇ ਗਏ ਸਨ। ਹੈਲੀਕਾਪਟਰ ਯਾਤਰੀਆਂ ਦੀ ਗਿਣਤੀ ਵੱਧ ਤੋਂ ਵੱਧ ਆਗਿਆ ਪ੍ਰਾਪਤ ਸਮਰੱਥਾ ਦੇ 70 ਪ੍ਰਤੀਸ਼ਤ ਤੱਕ ਸੀਮਤ ਕੀਤੀ ਗਈ ਸੀ। ਚਾਰਟਰ ਉਡਾਣਾਂ ਦੀ ਗਿਣਤੀ 'ਤੇ ਵੀ ਵਾਜਬ ਸੀਮਾਵਾਂ ਤੈਅ ਕੀਤੀਆਂ ਗਈਆਂ । ਹਾਈ-ਟੈਂਸ਼ਨ ਪਾਵਰ ਲਾਈਨਾਂ 'ਤੇ ਹਵਾਬਾਜ਼ੀ ਸੁਰੱਖਿਆ ਚਿੰਨ੍ਹ ਅਤੇ ਚੇਤਾਵਨੀ ਗੁਬਾਰੇ ਲਗਾਏ ਗਏ ਤਾਂਕਿ ਪਾਇਲਟਾਂ ਨੂੰ ਬਿਹਤਰ ਦ੍ਰਿਸ਼ਟੀ ਪ੍ਰਦਾਨ ਹੋ ਸਕੇ । ਨਾਲ ਹੀ ਸਾਰੇ ਹੈਲੀਪੈਡਾਂ 'ਤੇ ਇਕਸਾਰ ਜ਼ਮੀਨੀ ਪ੍ਰਬੰਧਨ ਅਤੇ ਭੀੜ ਪ੍ਰਬੰਧਨ ਪ੍ਰਬੰਧ ਲਾਗੂ ਕੀਤੇ ਗਏ , ਜਿਸ ਕਾਰਨ ਯਾਤਰੀਆਂ ਦੀ ਆਵਾਜਾਈ ਹੋਰ ਸੁਚਾਰੂ ਹੋ ਸਕੀ ।
ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਅੱਗੇ ਕਿਹਾ, "ਹਵਾਬਾਜ਼ੀ ਵਿੱਚ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਸੀਂ ਸੁਰੱਖਿਆ ਉਲੰਘਣਾਵਾਂ ਪ੍ਰਤੀ ਜ਼ੀਰੋ-ਟੌਲਰੈਂਸ ਦਾ ਦ੍ਰਿਸ਼ਟੀਕੋਣ ਅਪਣਾਇਆ ਹੈ। ਇਸ ਤੋਂ ਇਲਾਵਾ, ਜਦੋਂ ਗੱਲ ਪਵਿੱਤਰ ਚਾਰ ਧਾਮ ਯਾਤਰਾ ‘ਤੇ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਨਾਲ ਜੁੜੀ ਹੋਵੇ, ਤਾਂ ਸੁਰੱਖਿਆ ਪੂਰੀ ਤਰ੍ਹਾਂ ਗੈਰ-ਸਮਝੌਤਾਯੋਗ ਹੋ ਜਾਂਦੀ ਹੈ।"
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇਸ਼ ਭਰ ਵਿੱਚ ਹੈਲੀਕਾਪਟਰ ਸੁਰੱਖਿਆ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਦੇਸ਼ ਦੇ ਸਭ ਤੋਂ ਚੁਣੌਤੀਪੂਰਨ ਹਵਾਬਾਜ਼ੀ ਖੇਤਰਾਂ ਵਿੱਚੋਂ ਇੱਕ ਚਾਰ ਧਾਮ ਯਾਤਰਾ 2026 ਦੇ ਪਹਿਲੇ ਪੜਾਅ ਦਾ ਸਫਲ ਸੰਚਾਲਨ, ਸੁਰੱਖਿਆ ਮਾਪਦੰਡਾਂ ਪ੍ਰਤੀ ਮੰਤਰਾਲੇ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ।
***
ਦਿਵਯਾਂਸ਼ੂ ਕੁਮਾਰ/ਬਲਜੀਤ ਸਿੰਘ
(रिलीज़ आईडी: 2279715)
आगंतुक पटल : 20