ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਪ੍ਰੀਸ਼ਦ ਦੀ 16ਵੀਂ ਕਾਨਫਰੰਸ ਵਿੱਚ ‘ਸਮੱਗਰ ਸ਼ਿਸ਼ੂ ਬਾਲ ਸਵਾਸਥਯ ਕਾਰਯਕ੍ਰਮ’ ਸ਼ੁਰੂ ਕਰਨਗੇ


ਇਹ ਏਕੀਕ੍ਰਿਤ ਪ੍ਰੋਗਰਾਮ “ਪਹਿਲੇ ਤਿੰਨ ਸਾਲ ਸੰਪੂਰਨ ਦੇਖਭਾਲ” ਦੇ ਵਿਜ਼ਨ ਤਹਿਤ ‘ਘਰ ਵਿੱਚ ਨਵਜੰਮੇ ਸ਼ਿਸ਼ੂ ਦੀ ਦੇਖਭਾਲ’ ਅਤੇ ‘ਛੋਟੇ ਬੱਚਿਆਂ ਦੀ ਘਰ ਵਿੱਚ ਦੇਖਭਾਲ’ ਨੂੰ ਏਕੀਕ੍ਰਿਤ ਕਰੇਗਾ

ਇਸ ਪ੍ਰੋਗਰਾਮ ਵਿੱਚ ਜ਼ੋਖਮ-ਅਧਾਰਿਤ ਦੇਖਭਾਲ, ਜ਼ਿਆਦਾ ਸਮੇਂ ਤੱਕ ਘਰ ਵਿੱਚ ਜਾ ਕੇ ਦੇਖਭਾਲ, ਸ਼ੁਰੂਆਤੀ ਬਚਪਨ ਦੇ ਵਿਕਾਸ ਲਈ ਬਿਹਤਰ ਦੇਖਭਾਲ, ਮਾਂ ਦੀ ਮਾਨਸਿਕ ਸਿਹਤ ਦੀ ਜਾਂਚ ਅਤੇ ਹਰ ਬੱਚੇ ਦੀ ਡਿਜੀਟਲ ਟ੍ਰੈਕਿੰਗ ਵਰਗੀਆਂ ਸੁਵਿਧਾਵਾਂ ਸ਼ਾਮਲ ਹੋਣਗੀਆਂ

Posted On: 28 JUN 2026 7:12PM by PIB Chandigarh

ਸਰਕਾਰ ਦੇਸ਼ ਵਿੱਚ ਨਵਜੰਮੇ ਸ਼ਿਸ਼ੂ ਅਤੇ ਬੱਚਿਆਂ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਪ੍ਰੀਸ਼ਦ ਦੀ 16ਵੀਂ ਕਾਨਫਰੰਸ ਦੌਰਾਨ ‘ਸਮੱਗਰ ਸ਼ਿਸ਼ੂ ਬਾਲ ਸਵਾਸਥਯ ਕਾਰਯਕ੍ਰਮ’ ਸ਼ੁਰੂ ਕਰਨਗੇ। 

ਇਹ ਹਰ ਬੱਚੇ ਲਈ ਵਿਆਪਕ, ਅਸਾਨ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਯਕੀਨੀ ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਅੱਗੇ ਵਧਾਉਣ ਵਿੱਚ ਵੱਡੀ ਉਪਲਬਧੀ ਹੋਵੇਗੀ। ਇਸ ਤਹਿਤ ਜਨਮ ਤੋਂ ਲੈ ਕੇ 36 ਮਹੀਨਿਆਂ ਦੀ ਉਮਰ ਤੱਕ ਘਰ ਅਤੇ ਭਾਈਚਾਰਾ-ਅਧਾਰਿਤ ਦੇਖਭਾਲ ਦੀ ਨਿਰਵਿਘਨ ਵਿਵਸਥਾ ਪ੍ਰਦਾਨ ਕੀਤੀ ਜਾਵੇਗੀ। ‘ਸਮੱਗਰ ਸ਼ਿਸ਼ੂ ਬਾਲ ਸਵਾਸਥਯ ਕਾਰਯਕ੍ਰਮ’ “ਪਹਿਲੇ ਤਿੰਨ ਸਾਲ ਸੰਪੂਰਨ ਦੇਖਭਾਲ” ਦੇ ਵਿਜ਼ਨ ਨੂੰ ਅੱਗੇ ਵਧਾਏਗਾ, ਜੋ ਬੱਚੇ ਦੇ ਜਿਊਂਦੇ ਰਹਿਣ, ਵਿਕਾਸ, ਪੋਸ਼ਣ ਅਤੇ ਸ਼ੁਰੂਆਤੀ ਦਿਮਾਗੀ ਵਿਕਾਸ ਲਈ ਜੀਵਨ ਦੇ ਪਹਿਲੇ ਤਿੰਨ ਵਰ੍ਹਿਆਂ ਦੇ ਮਹੱਤਵ ਨੂੰ ਚਿਨ੍ਹਿਤ ਕਰਦਾ ਹੈ। 

‘ਸਮੱਗਰ ਸ਼ਿਸ਼ੂ ਬਾਲ ਸਵਾਸਥਯ ਕਾਰਯਕ੍ਰਮ’ ਏਕੀਕ੍ਰਿਤ ਰਾਸ਼ਟਰੀ ਪ੍ਰੋਗਰਾਮ ਹੋਵੇਗਾ ਜੋ ਭਾਈਚਾਰਾ-ਅਧਾਰਿਤ ਦੋ ਪ੍ਰਮੁੱਖ ਪ੍ਰੋਗਰਾਮਾਂ-‘ਘਰ ਵਿੱਚ ਨਵਜੰਮੇ ਸ਼ਿਸ਼ੂ ਦੀ ਦੇਖਭਾਲ’ ਅਤੇ ‘ਛੋਟੇ ਬੱਚਿਆਂ ਦੀ ਘਰ ਵਿੱਚ ਦੇਖਭਾਲ’- ਨੂੰ ਇੱਕ ਹੀ ਵਿਆਪਕ ਢਾਂਚੇ ਵਿੱਚ ਮਿਲਾ ਦੇਵੇਗਾ। ਇਨ੍ਹਾਂ ਪ੍ਰੋਗਰਾਮਾਂ ਨੂੰ ਏਕੀਕ੍ਰਿਤ ਕਰਕੇ, ‘ਸਮੱਗਰ ਸ਼ਿਸ਼ੂ ਬਾਲ ਸਵਾਸਥਯ ਕਾਰਯਕ੍ਰਮ’ ਜਨਮ ਤੋਂ ਲੈ ਕੇ ਜੀਵਨ ਦੇ ਪਹਿਲੇ ਤਿੰਨ ਵਰ੍ਹਿਆਂ ਤੱਕ ਦੇਖਭਾਲ ਦੀ ਨਿਰੰਤਰਤਾ ਯਕੀਨੀ ਬਣਾਏਗਾ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਰਾਹੀਂ ਬੱਚੇ ਦੇ ਜਿਊਂਦੇ ਰਹਿਣ, ਪੋਸ਼ਣ, ਸਿਹਤ ਵਿਕਾਸ ਅਤੇ ਸ਼ੁਰੂਆਤੀ ਬਚਪਨ ਦੇ ਵਿਕਾਸ ਨੂੰ ਮਜ਼ਬੂਤ ਕਰੇਗਾ। 

ਪਹਿਲੀ ਵਾਰ, ਇਹ ਪ੍ਰੋਗਰਾਮ ਉਨ੍ਹਾਂ ਨਵਜੰਮੇ ਸ਼ਿਸ਼ੂਆਂ ਅਤੇ ਬੱਚਿਆਂ ਲਈ ਜ਼ੋਖਮ-ਅਧਾਰਿਤ ਤਰੀਕਾ ਅਪਣਾਏਗਾ ਜਿਨ੍ਹਾਂ ਦੀ ਪਹਿਚਾਣ ‘ਜ਼ੋਖਮ ਵਾਲੇ’ ਬੱਚਿਆਂ ਵਜੋਂ ਕੀਤੀ ਗਈ ਹੈ। ਇਨ੍ਹਾਂ ਬੱਚਿਆਂ ਦੇ ਜ਼ੋਖਮ ਪੱਧਰ ਦੇ ਅਧਾਰ ‘ਤੇ ਵਧੇਰੇ ਹੋਮ ਵਿਜ਼ਿਟ ਰਾਹੀਂ ਜ਼ਿਆਦਾ ਗਹਿਣ ਫਾਲੋ-ਅੱਪ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਤਹਿਤ, ‘ਜ਼ੋਖਮ ਵਾਲੇ’ ਨਵਜੰਮੇ ਸ਼ਿਸ਼ੂਆਂ ਨੂੰ ਸ਼ੁਰੂਆਤੀ 42 ਦਿਨਾਂ ਵਿੱਚ 9 ਵਾਰ ਤੱਕ ਹੋਮ ਵਿਜ਼ਿਟ ਮਿਲਣਗੀਆਂ, ਜਦੋਂ ਕਿ ‘ਜ਼ੋਖਮ ਵਾਲੇ’ ਬੱਚਿਆਂ ਨੂੰ 36 ਮਹੀਨਿਆਂ ਦੀ ਉਮਰ ਤੱਕ 8 ਵਾਰ ਤੱਕ ਹੋਮ ਵਿਜ਼ਿਟ ਮਿਲਣਗੀਆਂ। 

ਇਹ ਪ੍ਰੋਗਰਾਮ ਆਸ਼ਾ, ਏਐੱਨਐੱਮ, ਸੀਐੱਚਓ ਅਤੇ ਆਂਗਨਵਾੜੀ ਵਰਕਰਾਂ ਦੀ ਸਾਂਝੀ ਹੋਮ ਵਿਜ਼ਿਟ ਰਾਹੀਂ ਦੇਖਭਾਲ ਦੀ ਨਿਰੰਤਰਤਾ ਨੂੰ ਹੋਰ ਮਜ਼ਬੂਤ ਕਰੇਗਾ। ਇਹ ‘ਜ਼ੋਖਮ ਵਾਲੇ’ ਬੱਚਿਆਂ ਦੀ ਸ਼ੁਰੂਆਤੀ ਪਹਿਚਾਣ, ਮੁਲਾਂਕਣ ਅਤੇ ਪ੍ਰਬੰਧਨ ਲਈ ਹਰ ‘ਪੇਂਡੂ ਸਿਹਤ, ਸਵੱਛਤਾ ਅਤੇ ਪੋਸ਼ਣ ਦਿਵਸ’ (ਵੀਐੱਚਐੱਸਐੱਨਜਡੀ) ‘ਤੇ Well-Baby ਸੈਸ਼ਨ ਅਤੇ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਹਰ ਮਹੀਨੇ ‘ਸ਼ਿਸ਼ੂ ਸ਼ਿਵਿਰ’ ਵੀ ਸ਼ੁਰੂ ਕਰਨਗੇ। 

‘ਸਮੱਗਰ ਸ਼ਿਸ਼ੂ ਬਾਲ ਸਵਾਸਥਯ ਕਾਰਯਕ੍ਰਮ’ ਵਿੱਚ ਭਾਈਚਾਰਾ-ਅਧਾਰਿਤ ਦੇਖਭਾਲ ਦੇ ਸੰਗਠਿਤ ਹਿੱਸੇ ਵਜੋਂ ਜਨੇਪੇ ਤੋਂ ਬਾਅਦ ਮਾਂ ਦੀ ਮਾਨਸਿਕ ਸਿਹਤ ਦੀ ਸਕ੍ਰੀਨਿੰਗ ਸ਼ਾਮਲ ਹੋਵੇਗੀ। ਨਾਲ ਹੀ, ਇਹ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਦੇ ਸਹੀ ਵਿਵਹਾਰ, ਸ਼ੁਰੂਆਤੀ ਸਿੱਖਣ, ਉਮਰ ਦੇ ਹਿਸਾਬ ਨਾਲ ਖੇਡਣਾ, ਬੱਚਿਆਂ ਦੀ ਸੁਰੱਖਿਆ ਅਤੇ ਪਰਿਵਾਰ ਦੀ ਭਾਗੀਦਾਰੀ ਨੂੰ ਹੁਲਾਰਾ ਦੇ ਕੇ ਸਾਰੇ ਹੋਮ ਵਿਜ਼ਿਟ ਅਤੇ ਭਾਈਚਾਰਕ ਸੰਪਰਕਾਂ ਵਿੱਚ ਸ਼ੁਰੂਆਤੀ ਬਚਪਨ ਦੇ ਵਿਕਾਸ (ਈਸੀਡੀ) ਲਈ ਜ਼ਰੂਰੀ ਦੇਖਭਾਲ ਨੂੰ ਵੀ ਸ਼ਾਮਲ ਕਰੇਗਾ। 

ਇਹ ਪ੍ਰੋਗਰਾਮ ਨਿਗਰਾਨੀ ਅਤੇ ਦੇਖਭਾਲ ਦੀ ਨਿਰੰਤਰਤਾ ਨੂੰ ਮਜ਼ਬੂਤ ਕਰਨ ਲਈ ਡਿਸੀਜਨ-ਸਪੋਰਟ ਸਿਸਟਮ (ਡੀਐੱਸਐੱਸ), ਚਾਈਲਡ ਟ੍ਰੈਕਿੰਗ ਐਪਲੀਕੇਸ਼ਨ, ਰੈਫਰਲ ਲੂਪ ਅਤੇ ਅਲਰਟ ਮੈਕੇਨਿਜ਼ਮ ਵਰਗੀਆਂ ਡਿਜੀਟਲ ਤਕਨੀਕਾਂ ਦੀ ਵਰਤੋਂ ਕਰੇਗਾ। ਇਹ ਡਿਜੀਟਲ ਸਿਸਟਮ ਜਨਨੀ ਪੋਰਟਲ, U-WIN ਪੋਰਟਲ, ਐੱਮਪੀਸੀਡੀਐੱਸਆਰ ਪੋਰਟਲ, ਆਰਬੀਐੱਸਕੇ 2.0 ਪੋਰਟਲ ਅਤੇ ਪੋਸ਼ਣ ਟ੍ਰੈਕਰ ਨਾਲ ਜੁੜੇ ਹੋਣਗੇ, ਜਿਸ ਨਾਲ ਆਭਾ ਅਤੇ ਬਾਲ-ਆਭਾ ਆਈਡੀ ਰਾਹੀਂ ਅਸਾਨੀ ਨਾਲ ਡੇਟਾ ਦਾ ਅਦਾਨ-ਪ੍ਰਦਾਨ ਅਤੇ ਸੇਵਾਵਾਂ ਦੀ ਨਿਰੰਤਰਤਾ ਬਣੀ ਰਹੇਗੀ। ਇਹ ਝੁੱਗੀ-ਬਸਤੀਆਂ, ਪ੍ਰਵਾਸੀ ਅਤੇ ਘੱਟ ਸੁਵਿਧਾ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵਿਸ਼ੇਸ਼ ਰਣਨੀਤੀਆਂ ਰਾਹੀਂ ਸ਼ਹਿਰੀ ਇਲਾਕਿਆਂ ਵਿੱਚ ਘਰ ‘ਤੇ ਦਿੱਤੀ ਜਾਣ ਵਾਲੀ ਦੇਖਭਾਲ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰੇਗਾ। 

ਪ੍ਰੋਗਰਾਮ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ ਡਿਜੀਟਲ ਯੁੱਗ ਦੀਆਂ ਨਵੀਂਆਂ ਚੁਣੌਤੀਆਂ ਦਾ ਵੀ ਸਮਾਧਾਨ ਕਰੇਗਾ। ਇਸ ਦੇ ਤਹਿਤ ਜੀਵਨ ਦੇ ਸ਼ੁਰੂਆਤੀ ਤਿੰਨ ਵਰ੍ਹਿਆਂ ਵਿੱਚ ਉਮਰ ਦੇ ਹਿਸਾਬ ਨਾਲ ਖੇਡਣ, ਸਰੀਰਕ ਗਤੀਵਿਧੀ ਅਤੇ ਮਾਨਸਿਕ ਵਿਕਾਸ ਨੂੰ ਹੁਲਾਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜ਼ਿਆਦਾ ਸਕ੍ਰੀਨ ਟਾਈਮ ਅਤੇ ਘੱਟ ਸਰੀਰਕ ਮੇਲ-ਜੋਲ ਦਾ ਦਿਮਾਗ ਦੇ ਵਿਕਾਸ, ਭਾਵਨਾਤਮਕ ਸਿਹਤ ਅਤੇ ਸਮਾਜਿਕ ਕੌਸ਼ਲ ‘ਤੇ ਪੈਣ ਵਾਲੇ ਬੁਰੇ ਅਸਰ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। 

‘ਸਮੱਗਰ ਸ਼ਿਸ਼ੂ ਬਾਲ ਸਵਾਸਥਯ ਕਾਰਯਕ੍ਰਮ’ ਦੀ ਸ਼ੁਰੂਆਤ ‘ਵਿਕਸਿਤ ਭਾਰਤ’ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਮਾਂ ਅਤੇ ਬੱਚੇ ਲਈ ਅਸਾਨ, ਸਮਾਨ ਅਤੇ ਚੰਗੀ ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਦੇ ਸਰਕਾਰ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ। 

*****

ਐੱਸਆਰ/ ਏਕੇ


(Release ID: 2278925) ਵਿਜ਼ੀਟਰ ਕਾਊਂਟਰ : 56